kālēsannāकालेसंङा
ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਨੰਦਚੰਦ ਡਰੋਲੀ ਨਿਵਾਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਵਾਨ, ਜਦ ਉਦਾਸੀ ਸਾਧਾਂ ਦਾ ਗ੍ਰੰਥ- ਸਾਹਿਬ ਚੁਰਾਉਣ ਕਰਕੇ ਆਨੰਦਪੁਰੋਂ ਚੋਰੀਂ ਨੱਠਾ, ਤਦ ਕਰਤਾਰਪੁਰ ਧੀਰਮੱਲ ਜੀ ਪਾਸ ਆ ਠਹਿਰਿਆ. ਧੀਰਮੱਲ ਜੀ ਨੇ ਉਸ ਨੂੰ ਦਸ਼ਮੇਸ਼ ਜੀ ਦਾ ਜਾਸੂਸ ਸਮਝਕੇ ਧੋਖੇ ਨਾਲ ਗੋਲੀ ਮਾਰਕੇ ਮਰਵਾ ਦਿੱਤਾ ਅਤੇ ਉਸ ਦਾ ਸਰੀਰ ਕਾਲੇਸੰਙੇ ਸਸਕਾਰਿਆ ਗਿਆ. "ਕਾਲੇਸੰਙਾ ਫੂਕ੍ਯੋ ਜਾਇ। ਮ੍ਰਿਤਕ ਭਯੋ ਇਮ ਧਰਮ ਗਵਾਇ." (ਗੁਪ੍ਰਸੂ) ਦੇਖੋ, ਨੰਦਚੰਦ.
भाई संतोख सिंघ जी ने लिखिआ है कि नंदचंद डरोली निवासी, गुरू गोबिंद सिंघ साहिब दा दीवान, जद उदासी साधां दा ग्रंथ- साहिब चुराउण करके आनंदपुरों चोरीं नॱठा, तद करतारपुर धीरमॱल जी पास आ ठहिरिआ. धीरमॱल जी ने उस नूं दशमेश जी दा जासूस समझके धोखे नाल गोली मारके मरवा दिॱता अते उस दा सरीर कालेसंङे ससकारिआ गिआ. "कालेसंङा फूक्यो जाइ। म्रितक भयो इम धरम गवाइ." (गुप्रसू) देखो, नंदचंद.
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਡਰੋਲੀ ਨਿਵਾਸੀ ਉਮਰਸ਼ਾਹ ਦਾ ਪੋਤਾ, ਜੋ ਡਰੋਲੀ ਦੇ ਇਲਾਕੇ ਦਾ ਮਸੰਦ ਸੀ. ਗੁਰੂ ਗੋਬਿੰਦਸਿੰਘ ਸਾਹਿਬ ਨੇ ਇਸ ਨੂੰ ਆਪਣਾ ਦੀਵਾਨ ਅਤੇ ਸੈਨਾਨੀ ਥਾਪਿਆ. ਇਸ ਨੇ ਭੰਗਾਣੀ ਦੇ ਯੁੱਧ ਵਿੱਚ ਵਡੀ ਵੀਰਤਾ ਦਿਖਾਈ, ਜਿਸ ਦਾ ਜ਼ਿਕਰ ਵਿਚਿਤ੍ਰ ਨਾਟਕ ਦੇ ੮. ਵੇਂ ਅਧ੍ਯਾਯ ਵਿੱਚ ਹੈ, ਯਥਾ- "ਤਹਾਂ ਨੰਦਚੰਦੰ ਕਿਯੋ ਕੋਪ ਭਾਰੋ। ਲਗਾਈ ਬੱਰਛੀ ਕ੍ਰਿਪਾਣੰ ਸਁਭਾਰੋ। ਤੁਟੀ ਤੇਗ ਤ੍ਰਿੱਖੀ ਕਢੇ ਜੰਮਦੱਢੰ। ਹਠੀ ਰਾਖਿਯੰ ਲੱਜ ਬੰਸੰ ਸਨੱਢੰ."#ਇੱਕ ਵੇਰ ਉਦਾਸੀ ਸਾਧੂ ਗ੍ਰੰਥਸਾਹਿਬ ਲਿਖਕੇ ਕਲਗੀਧਰ ਦੇ ਦਸ੍ਤਖ਼ਤ ਲਈ ਆਨੰਦਪੁਰ ਲਿਆਏ.¹ ਨੰਦਚੰਦ ਨੇ ਇਹ ਕਾਪੀ ਘਰ ਰੱਖਲਈ ਅਰ ਉਦਾਸੀਆਂ ਨੂੰ ਵਾਪਿਸ ਦੇਣੋਂ ਇਨਕਾਰ ਕੀਤਾ. ਜਦ ਸਾਧਾਂ ਨੇ ਦਸ਼ਮੇਸ਼ ਪਾਸ ਸ਼ਕਾਇਤ ਕੀਤੀ, ਤਦ ਨੰਦਚੰਦ ਡਰਦਾ ਮਾਰਿਆ ਆਨੰਦਪੁਰੋਂ ਚੋਰੀ ਨੱਠਕੇ ਧੀਰਮੱਲ ਪਾਸ ਕਰਤਾਰਪੁਰ ਚਲਾਗਿਆ. ਉਸ ਨੇ ਦਸ਼ਮੇਸ਼ ਦਾ ਜਾਸੂਸ ਸਮਝਕੇ ਮਰਵਾਦਿੱਤਾ. ਨੰਦਚੰਦ ਦਾ ਸਸਕਾਰ ਕਾਲੇਸੰਙਾ ਹੋਇਆ.#ਉਦਾਸੀਆਂ ਤੋਂ ਖੋਹੀਹੋਈ ਗ੍ਰੰਥਸਾਹਿਬ ਜੀ ਦੀ ਬੀੜ ਹੁਣ ਡਰੋਲੀ ਵਿੱਚ ਹੈ....
ਫ਼ਿਰੋਜ਼ਪੁਰ ਦੇ ਜਿਲੇ, ਤਸੀਲ ਥਾਣਾ ਮੋਗਾ ਦਾ ਇੱਕ ਪਿੰਡ, ਜਿੱਥੇ ਮਾਈ ਰਾਮੋ ਦਾ ਪਤਿ ਭਾਈ ਸਾਂਈਦਾਸ ਗੁਰੂ ਹਰਿਗੋਬਿੰਦ ਸਾਹਿਬ ਦਾ ਸਾਢੂ ਰਹਿੰਦਾ ਸੀ. ਇਹ ਪਤਿ ਪਤਨੀ ਗੁਰੂ ਸਾਹਿਬ ਦੇ ਅਨੰਨ ਭਗਤ ਅਤੇ ਸੇਵਕ ਸਨ. ਇਨ੍ਹਾਂ ਦੇ ਪ੍ਰੇਮ ਵਸ਼ ਹੋ ਕੇ ਛੀਵੇਂ ਗੁਰੂ ਸਾਹਿਬ ਕਈ ਵਾਰ ਡਰੋਲੀ ਆਕੇ ਚਿਰਕਾਲ ਰਹਿੰਦੇ ਰਹੇ.#ਇਸੇ ਥਾਂ ਤੋਂ ਜਾ ਕੇ ਸਤਿਗੁਰੂ ਨੇ ਭਾਈ ਰੂਪਚੰਦ ਦਾ ਸੀਤਲ ਜਲ ਛਕਿਆ ਸੀ. ਬਾਬਾ ਗੁਰਦਿੱਤਾ ਜੀ ਦਾ ਜਨਮ ਇਸੇ ਪਿੰਡ ਹੋਇਆ ਹੈ. ਜਨਮਅਸਥਾਨ ਤੇ ਦਮਦਮਾ ਬਣਿਆ ਹੋਇਆ ਹੈ. ਇੱਥੇ ਨੰਦਚੰਦ ਵਾਲਾ ਗੁਰੂ ਗ੍ਰੰਥਸਾਹਿਬ ਹੈ, ਜੋ ਉਸ ਨੇ ਉਦਾਸੀ ਸਾਧਾਂ ਤੋਂ ਖੋਹ ਲਿਆ ਸੀ. ਦੇਖੋ, ਨੰਦਚੰਦ.#ਗੁਰੂ ਹਰਿਗੋਬਿੰਦ ਸਾਹਿਬ ਦਾ ਲਗਵਾਇਆ ਇੱਥੇ ਇੱਕ ਖੂਹ ਹੈ. ਮਾਤਾ ਦਮੋਦਰੀ ਜੀ ਦਾ ਇੱਥੇ ਹੀ ਦੇਹਾਂਤ ਹੋਇਆ ਸੀ. ਦੇਹਰਾ ਬਣਿਆ ਹੋਇਆ ਹੈ.#ਪਿੰਡ ਤੋਂ ਬਾਹਰ ਜਿਥੇ ਗੁਰੂਸਾਹਿਬ ਦੀਵਾਨ ਲਗਾਇਆ ਕਰਦੇ ਸਨ, ਉੱਥੇ ਸੁੰਦਰ ਦਰਬਾਰ ਹੈ. ਇਸ ਨੂੰ ੧੮੦ ਘੁਮਾਉਂ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੀ ਦਿੱਤੀ ਹੋਈ ਹੈ. ਇਕਵੰਜਾ ਰੁਪਯੇ ਰਿਆਸਤ ਨਾਭੇ ਤੋਂ ਮਿਲਦੇ ਹਨ. ਦੋ ਸੌ ਰੁਪਯੇ ਸਾਲਾਨਾ ਪਿੰਡ ਅੰਗੀਆਂ ਜਿਲਾ ਅੰਬਾਲਾ ਵਿੱਚੋਂ ਜਾਗੀਰ ਹੈ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਡਗਰੂ ਤੋਂ ਡੇਢ ਮੀਲ ਦੱਖਣ ਪੱਛਮ ਹੈ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਦੀਬਾਨ. "ਸਭਨਾ ਦੀਵਾਨ ਦਇਆਲਾ." (ਵਡ ਮਃ ੩) ੨. ਗ਼ਜ਼ਲਾਂ ਦਾ ਸਮੁਦਾਯ ਹੋਵੇ ਜਿਸ ਪੁਸ੍ਤਕ ਵਿੱਚ. ਗ਼ਜ਼ਲਾਂ ਦਾ ਗ੍ਰੰਥ. ਦੇਖੋ, ਦੀਵਾਨ ਗੋਯਾ....
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ ਵਿੱਚ ਗੁਰੂ ਨਾਨਕ ਦੇਵ ਦਾ ਸੰਮਤ ੧੫੬੧ ਵਿੱਚ ਵਸਾਇਆ ਇੱਕ ਨਗਰ, ਜਿਸ ਥਾਂ ਦੇਸ਼ਦੇਸ਼ਾਂਤਰਾਂ ਵਿੱਚ ਸਿੱਖ ਧਰਮ ਦਾ ਉਪਦੇਸ਼ ਕਰਨ ਪਿੱਛੋਂ ਜਗਤਗੁਰੂ ਨੇ ਸੰਮਤ ੧੫੭੯ ਵਿੱਚ ਰਹਾਇਸ਼ ਕੀਤੀ.#ਭਾਈ ਗੁਰਦਾਸ ਜੀ ਲਿਖਦੇ ਹਨ-#"ਬਾਬਾ ਆਇਆ ਕਰਤਾਰਪੁਰ#ਭੇਖ ਉਦਾਸੀ ਸਗਲ ਉਤਾਰਾ।#ਪਹਿਰ ਸੰਸਾਰੀ ਕੱਪੜੇ#ਮੰਜੀ ਬੈਠ ਕੀਆ ਅਵਤਾਰਾ." (ਵਾਰ ੧)#ਇਸ ਨਗਰ ਦੇ ਵਸਾਉਣ ਵਿੱਚ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮੱਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾਕੇ ਧਰਮਸਾਲਾ ਬਣਵਾਈ. ਇਸੇ ਨਗਰ ਸ਼੍ਰੀ ਗੁਰੂ ਨਾਨਕ ਦੇਵ ਸੰਮਤ ੧੫੯੬ ਵਿੱਚ ਜੋਤੀਜੋਤਿ ਸਮਾਏ ਹਨ. ਕਰਤਾਰਪੁਰ ਨੂੰ ਚਿਰੋਕਣਾ ਰਾਵੀ ਨੇ ਆਪਣੇ ਵਿੱਚ ਲੀਨ ਕਰ ਲਿਆ ਹੈ, ਹੁਣ ਜੋ ਗ੍ਰਾਮ 'ਦੇਹਰਾ ਬਾਬਾ ਨਾਨਕ' ਅਥਵਾ (ਡੇਰਾ ਨਾਨਕ) ਦੇਖਿਆ ਜਾਂਦਾ ਹੈ, ਇਹ ਬਾਬਾ ਸ਼੍ਰੀਚੰਦ ਅਤੇ ਲਖਮੀ ਦਾਸ ਜੀ ਨੇ ਵਸਾਇਆ ਹੈ. ਗੁਰੂ ਨਾਨਕ ਸ੍ਵਾਮੀ ਦੀ ਸਮਾਧਿ (ਦੇਹਰਾ) ਭੀ ਨਵਾਂ ਬਣਾਇਆ ਗਿਆ ਹੈ.#ਗੁਰਦ੍ਵਾਰੇ ਨੂੰ ੩੭੫ ਰੁਪਯੇ ਸਾਲਾਨਾ ਜਾਗੀਰ ਪਿੰਡ ਕੋਹਲੀਆਂ ਤੋਂ ਮਿਲਦੀ ਹੈ ਅਤੇ ੭੦ ਘੁਮਾਉਂ ਜ਼ਮੀਨ ਕਈ ਪਿੰਡਾਂ ਵਿੱਚ ਹੈ.#ਇਹ ਅਸਥਾਨ ਬਟਾਲੇ ਤੋਂ ੨੧. ਮੀਲ ਵਾਯਵੀ ਕੋਣ ਹੈ ਅਤੇ ਨਾਰਥ ਵੈਸਟਰਨ ਰੇਲਵੇ ਲਾਈਨ "ਅੰਮ੍ਰਿਤਸਰ ਵੇਰਕਾ ਡੇਰਾ ਬਾਬਾ ਨਾਨਕ" ਦਾ ਸਟੇਸ਼ਨ ਹੈ, ਜੋ ਅੰਮ੍ਰਿਤਸਰੋਂ ੩੪ ਮੀਲ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਭੀ ਦੇਹਰੇ ਦੀ ਯਾਤ੍ਰਾ ਲਈ ਇਸ ਥਾਂ ਆਏ ਹਨ, ਜਦੋਂ ਬਾਬਾ ਸ਼੍ਰੀਚੰਦ ਜੀ ਨੂੰ ਮਿਲੇ ਸਨ.#ਇਸ ਥਾਂ ਇਤਨੇ ਗੁਰਦ੍ਵਾਰੇ ਹਨ-#(੧) ਚੋਲਾ ਸਾਹਿਬ.#(੨ ਬਾਬਾ ਸ਼੍ਰੀਚੰਦ ਜੀ ਦੇ ਵਿਰਾਜਣ ਦੀਆਂ#(੩ ਟਾਲ੍ਹੀਆਂ.#(੪) ਦੇਹਰਾ ਸਾਹਿਬ, ਜਿੱਥੇ ਸਮਾਧਿ ਹੈ.#(੫) ਧਰਮਸਾਲਾ ਗਰੂ ਨਾਨਕ ਦੇਵ ਜੀ. ਇਸ ਥਾਂ ਪਹਿਲਾਂ ਗੁਰੂ ਸਾਹਿਬ ਆਕੇ ਵਿਰਾਜੇ ਹਨ ਅਤੇ ਧਰਮ ਪ੍ਰਚਾਰ ਕਰਦੇ ਰਹੇ ਹਨ.#(B) ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਲੰਧਰ ਦੇ ਜ਼ਿਲੇ ਵਿੱਚ ਸੰਮਤ ੧੬੫੧ (ਸਨ ੧੫੯੩) ਵਿੱਚ ਵਸਾਇਆ ਨਗਰ, ਜੋ ਰੇਲਵੇ ਸਟੇਸ਼ਨ ਕਰਤਾਰਪੁਰ ਤੋਂ ਅੱਧ ਮੀਲ ਪੂਰਵ ਹੈ. ਅਕਬਰ ਦੇ ਜ਼ਮਾਨੇ ਸ਼ਾਹਜਾਦਾ ਸਲੀਮ (ਜਹਾਂਗੀਰ) ਨੇ ਇਸ ਦੀ ਮੁਆਫ਼ੀ ਦਾ ਪੱਟਾ ਧਰਮਸਾਲਾ ਦੇ ਨਾਉਂ ਸੰਮਤ ੧੬੫੫ ਵਿੱਚ ਦਿੱਤਾ, ਜਿਸ ਵਿੱਚ ਰਕਬਾ ੮੯੪੬ ਘੁਮਾਉਂ, ੭. ਕਨਾਲ, ੧੫. ਮਰਲੇ ਦਰਜ ਹੈ. ਇਸ ਨਗਰ ਦੇ ਮਾਲਿਕ ਸੋਢੀ ਸਾਹਿਬ ਰਈਸ ਕਰਤਾਰਪੁਰ ਹਨ, ਜੋ ਬਾਬਾ ਧੀਰਮੱਲ ਜੀ ਦੀ ਵੰਸ਼ ਵਿੱਚੋਂ ਹਨ.#ਕਰਤਾਰਪੁਰ ਵਿੱਚ ਹੇਠ ਲਿਖੇ ਅਸਥਾਨ ਦਰਸ਼ਨ ਯੋਗ ਹਨ-#(੧) ਸ਼ੀਸ਼ ਮਹਲ. ਇਹ ਮਕਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੁੰਦਰ ਸਜਾਇਆ. ਇਸ ਵਿੱਚ ਇਹ ਗੁਰੁਵਸਤੂਆਂ ਹਨ-#(ੳ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਭਾਈ ਗੁਰੁਦਾਸ ਤੋਂ ਲਿਖਵਾਇਆ. ਦੇਖੋ, ਗ੍ਰੰਥਸਾਹਿਬ ਸ਼ਬਦ.#(ਅ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਖੜਗ, ਜੋ ਛੀ ਸੇਰ ਪੱਕੇ ਤੋਲ ਦਾ ਹੈ. ਇਸੇ ਨਾਲ ਪੈਂਦਾ ਖ਼ਾਨ ਮਾਰਿਆ ਸੀ.#(ੲ) ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਖੰਡਾ, ਜਿਸ ਤੇ ਲਿਖਿਆ ਹੈ- "ਗੁਰੂ ਨਾਨਕ ਜੀ ਸਹਾਇ ਗੁਰੂ ਹਰਿਰਾਇ ਜੀ ੧੬੯੪. "#(ਸ) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਠ ਦਾ ਗੁਟਕਾ.#(ਹ) ਸੇਲੀ ਅਤੇ ਟੋਪੀ ਬਾਬਾ ਸ਼੍ਰੀ ਚੰਦ ਜੀ ਦੀ, ਜੋ ਬਾਬਾ ਗੁਰੁਦਿੱਤਾ ਜੀ ਨੂੰ ਬਖਸ਼ੀ ਸੀ.#(ਕ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਿਸ਼ਾਨ (ਝੰਡਾ).#(ਖ) ਬਾਬਾ ਗੁਰੁਦਿੱਤਾ ਜੀ ਦੀ ਦਸਤਾਰ.#(ਗ) ਬਾਬਾ ਗੁਰੁਦਿੱਤਾ ਜੀ ਦੇ ਬੈਠਣ ਦੀ ਸੋਜ਼ਨੀ.#(ਘ) ਬਾਬਾ ਗੁਰੁਦਿੱਤਾ ਜੀ ਦੇ ਓਢਣ ਦਾ ਸ਼ਾਲ.#(ਙ) ਬਾਬਾ ਜੀ ਦੀ ਗੋਦੜੀ (ਕੰਥਾ)#(੨) ਖੂਹ ਮੱਲੀਆਂ. ਇੱਥੇ ਭਾਈ ਗੁਰੁਦਾਸ ਜੀ ਵਿਰਾਜਿਆ ਕਰਦੇ ਸਨ. ਏਕਾਂਤ ਬੈਠਕੇ ਕਾਵ੍ਯਰਚਨਾ ਕਰਦੇ ਹੁੰਦੇ ਸਨ.#(੩) ਗੁਰੂ ਕੇ ਮਹਲ ਅਤੇ ਥੰਮ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਨੇ ਇਕ ਦੀਵਾਨਖਾਨਾ ਬਣਵਾਇਆ ਸੀ, ਜਿਸ ਦੇ ਵਿਚਕਾਰ ਪੱਕੇ ਸਤੂਨ ਦੀ ਥਾਂ ਟਾਲ੍ਹੀ ਦਾ ਥੰਮ ਸੀ, ਜਿਸ ਤੋਂ ਨਾਉਂ ਥੰਮ ਸਾਹਿਬ ਹੋ ਗਿਆ. ਹੁਣ ਇਸ ਥਾਂ ਬਹੁਤ ਉੱਚੀ ਕਈ ਮੰਜ਼ਿਲੀ ਇਮਾਰਤ ਹੈ, ਜੋ ਦੂਰੋਂ ਨਜ਼ਰ ਆਉਂਦੀ ਹੈ.#(੪) ਗੰਗਸਰ ਕੂਆ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੫੬ ਵਿੱਚ ਲਗਵਾਇਆ.#(੫) ਟਾਹਲੀ ਸਾਹਿਬ. ਸ਼ਹਿਰ ਤੋਂ ਡੇਢ ਮੀਲ ਨੈਰਤ ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਅਸਥਾਨ, ਜਿਸ ਥਾਂ ਆਪ ਵਿਰਾਜਿਆ ਕਰਦੇ ਸਨ.#(੬) ਥੰਮ ਸਾਹਿਬ. ਦੇਖੋ, ਅੰਗ ੩.#(੭) ਦਮਦਮਾ ਸਾਹਿਬ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੈਠਣ ਦਾ ਉੱਚਾ ਅਸਥਾਨ, ਜਿਸ ਥਾਂ ਬੈਠਕੇ ਯੁੱਧ ਦੀਆਂ ਵਾਰਾਂ ਸੁਣਦੇ ਅਤੇ ਫੌਜ ਦੇ ਕਰਤਬ ਦੇਖਦੇ. ਪੈਂਦੇ ਖਾਨ ਨੂੰ ਮਾਰਕੇ ਭੀ ਇੱਥੇ ਵਿਰਾਜੇ ਹਨ.#(੮) ਦਮਦਮਾ ਸਾਹਿਬ ੨. ਇੱਥੇ ਕਈ ਵਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜਿਆ ਕਰਦੇ ਸਨ.#(੯) ਨਾਨਕੀਆਣਾ. ਸ਼ਹਿਰ ਤੋਂ ਦੱਖਣ ਅੱਧ ਮੀਲ ਜਰਨੈਲੀ ਸੜਕ ਦੇ ਕਿਨਾਰੇ ਮਾਤਾ ਜੀ ਦਾ ਅਸਥਾਨ. ਲੋਕ ਆਖਦੇ ਹਨ ਕਿ ਇਹ ਮਾਤਾ ਜੀ ਦੀ ਸਮਾਧਿ ਹੈ. ਪਰੰਤੂ ਮਾਤਾ ਜੀ ਦਾ ਦੇਹਾਂਤ ਕੀਰਤਪੁਰ ਹੋਇਆ ਹੈ. ਕੋਈ ਅਚਰਜ ਨਹੀਂ ਕਿ ਕਰਤਾਰਪੁਰ ਦੇ ਸੋਢੀ ਸਾਹਿਬਾਨ ਨੇ ਉਸ ਥਾਂ ਤੋਂ ਭਸਮ ਲਿਆਕੇ ਸਮਾਧਿ ਬਣਾਈ ਹੋਵੇ.#(੧੦) ਬੇਰਸਾਹਿਬ. ਸ਼ਹਿਰ ਤੋਂ ਇੱਕ ਮੀਲ ਅਗਨਿ ਕੋਣ ਇੱਕ ਬੇਰੀ, ਜਿਸ ਹੇਠ ਬਾਬਾ ਗੁਰੁਦਿੱਤਾ ਜੀ ਕਈ ਵਾਰ ਵਿਰਾਜੇ ਅਤੇ ਇੱਕ ਵਾਰ ਬਾਬਾ ਸ਼੍ਰੀਚੰਦ ਜੀ ਭੀ ਮਿਲਣ ਆਏ ਠਹਿਰੇ ਹਨ.#(੧੧) ਮਾਤਾ ਕੌਲਾਂ ਜੀ ਦੀ ਸਮਾਧਿ. ਰਾਮਗੜ੍ਹੀਆਂ ਦੇ ਮਹੱਲੇ ਪਾਸ ਪੱਕੇ ਬਾਗ ਅੰਦਰ ਹੈ.#(੧੨) ਵਿਵਾਹ ਅਸਥਾਨ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼੍ਰੀਮਤੀ ਗੁਜਰੀ ਜੀ ਨਾਲ ਸ਼ਾਦੀ ਹੋਈ. ਇਹ ਗੁਰਦ੍ਵਾਰਾ ਰਬਾਬੀਆਂ ਦੇ ਮਹੱਲੇ ਹੈ.#ਕਰਤਾਰਪੁਰ ਨੂੰ ਸੰਮਤ ੧੮੧੪ (ਸਨ ੧੭੫੬) ਵਿੱਚ ਅਹਮਦਸ਼ਾਹ ਨੇ ਅੱਗ ਲਾਕੇ ਭਾਰੀ ਨੁਕਸਾਨ ਪਹੁੰਚਾਇਆ ਸੀ.#(C) ਸਤਿਸੰਗ. ਵਾਹਗੁਰੂ ਦੇ ਨਿਵਾਸ ਦਾ ਅਸਥਾਨ. ਦੇਖੋ, ਕਰਤਾਰਪੁਰਿ....
ਬਾਬਾ ਗੁਰਦਿੱਤਾ ਜੀ ਦਾ ਮਾਤਾ ਅਨੰਤੀ ਦੇ ਉਦਰ ਤੋਂ ਜਨਮਿਆ ਪੁਤ੍ਰ. ਇਸ ਦਾ ਜਨਮ ਕਰਤਾਰ ਪੁਰ ੧੩. ਮਾਘ ਸੰਮਤ ੧੬੮੩ ਨੂੰ ਹੋਇਆ. ਇਸੇ ਦੀ ਸੰਤਾਨ ਕਰਤਾਰਪੁਰ ਦੇ ਸੋਢੀ ਸਾਹਿਬ ਹਨ. ਦੇਖੋ, ਕਰਤਾਰਪੁਰ ਨੰਃ ੨....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਅ਼. [جسوُس] ਸੰਗ੍ਯਾ- ਜਸ (ਤਲਾਸ਼) ਕਰਨ ਵਾਲਾ. ਭੇਤ ਲੈਣ ਵਾਲਾ। ੨. ਮੁਖ਼ਬਰ. ਖ਼ਬਰ ਲੈਣ ਅਤੇ ਦੇਣ ਵਾਲਾ....
ਦੇਖੋ, ਨਰਦੇਵ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਛੋਟਾ ਗੋਲਾ. ਗੁਲਿਕਾ। ੨. ਦਵਾਈ ਦੀ ਵੱਟੀ। ੩. ਦਾਸੀ. ਮੁੱਲ ਲਈ ਟਹਿਲਣ. ਗੋੱਲੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਨੰਦਚੰਦ ਡਰੋਲੀ ਨਿਵਾਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਵਾਨ, ਜਦ ਉਦਾਸੀ ਸਾਧਾਂ ਦਾ ਗ੍ਰੰਥ- ਸਾਹਿਬ ਚੁਰਾਉਣ ਕਰਕੇ ਆਨੰਦਪੁਰੋਂ ਚੋਰੀਂ ਨੱਠਾ, ਤਦ ਕਰਤਾਰਪੁਰ ਧੀਰਮੱਲ ਜੀ ਪਾਸ ਆ ਠਹਿਰਿਆ. ਧੀਰਮੱਲ ਜੀ ਨੇ ਉਸ ਨੂੰ ਦਸ਼ਮੇਸ਼ ਜੀ ਦਾ ਜਾਸੂਸ ਸਮਝਕੇ ਧੋਖੇ ਨਾਲ ਗੋਲੀ ਮਾਰਕੇ ਮਰਵਾ ਦਿੱਤਾ ਅਤੇ ਉਸ ਦਾ ਸਰੀਰ ਕਾਲੇਸੰਙੇ ਸਸਕਾਰਿਆ ਗਿਆ. "ਕਾਲੇਸੰਙਾ ਫੂਕ੍ਯੋ ਜਾਇ। ਮ੍ਰਿਤਕ ਭਯੋ ਇਮ ਧਰਮ ਗਵਾਇ." (ਗੁਪ੍ਰਸੂ) ਦੇਖੋ, ਨੰਦਚੰਦ....
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਸੰ. मृतक. ਸੰਗ੍ਯਾ- ਮੁਰਦਾ. ਲੋਥ। ੨. ਮਰਣ ਸਮੇਂ ਦੀ ਅਪਵਿਤ੍ਰਤਾ. ਪਾਤਕ। ੩. ਇੱਕ ਕਾਵ੍ਯ ਦੋਸ, ਅਰਥਾਤ ਐਸੇ ਪਦਾਂ ਦਾ ਵਰਤਣਾ, ਜੋ ਕੇਵਲ ਅਨੁਪ੍ਰਾਸ ਅਤੇ ਤੁਕਬੰਦੀ ਤੋਂ ਛੁੱਟ ਹੋਰ ਕੁਝ ਅਰਥ ਨਾ ਦੇਣ, ਯਥਾ- "ਆਨਨ ਮਾਨਨ ਸੋਹਤੋ ਤਾਨਨ ਭਾਨਨ ਜਾਨ."...
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਕ੍ਰਿ. ਵਿ- ਗਾਇਨ ਕਰਾਕੇ। ੨. ਗਵਾ (ਖੋ) ਕੇ. ਦੇਖੋ, ਗਵਾਉਣਾ....