ērandaएरंड
ਸੰ. एरणड. ਸੰਗ੍ਯਾ- ਇਰੰਡ. ਰੇਂਡ. ਇੱਕ ਬੂਟਾ, ਜਿਸ ਦੇ ਬੀਜਾਂ ਦਾ ਤੇਲ ਜਲਾਉਂਣ, ਕਲਾਂ ਦੇ ਲਾਉਣ ਅਤੇ ਜੁਲਾਬ ਆਦਿ ਲਈ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਇਹ ਸੂਲ, ਜੋੜਾਂ ਦਾ ਦਰਦ ਅਤੇ ਕਫ ਨਾਸ਼ ਕਰਨ ਵਾਲਾ ਹੈ. ਇਸ ਦੇ ਪੱਤੇ ਸੋਜ ਅਤੇ ਫੋੜੇ ਤੇ ਬੱਧੇ ਗੁਣਕਾਰੀ ਹਨ. L. Ricinus Communis । ੨. ਸਕੰਦ ਪੁਰਾਣ ਅਨੁਸਾਰ ਇੱਕ ਤੀਰਥ.
सं. एरणड. संग्या- इरंड. रेंड. इॱक बूटा, जिस दे बीजां दा तेल जलाउंण, कलां दे लाउण अते जुलाब आदि लई वरतीदा है. इस दी तासीर गरम तर है. इह सूल, जोड़ां दा दरद अते कफ नाश करन वाला है. इस दे पॱते सोज अते फोड़े ते बॱधे गुणकारी हन. L. Ricinus Communis । २. सकंद पुराण अनुसार इॱक तीरथ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਏਰੰਡ. "ਤੁਮ ਚੰਦਨ ਹਮ ਇਰੰਡ ਬਾਪੁਰੇ." (ਆਸਾ ਰਵਿਦਾਸ)...
ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਫ਼ਾ. [کلاں] ਵਿ- ਵੱਡਾ. ਬੜਾ। ੨. ਕਈ ਅਞਾਣ ਕਲਾ ਦਾ ਬਹੁ ਵਚਨ ਕਲਾਂ ਲਿਖ ਦਿੰਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [جُّلاب] ਜੁੱਲਾਬ. ਸੰਗ੍ਯਾ- ਇਸ ਦਾ ਮੂਲ ਗੁਲ- ਆਬ ਹੈ. ਗੁਲਾਬ ਦਾ ਅ਼ਰਕ਼. ਗੁਲਾਬ ਦਾ ਅ਼ਰਕ਼ ਦਸ੍ਤਾਵਰ ਹੈ, ਇਸ ਲਈ ਦ੍ਰਾਵਕ ਦਵਾਈਆਂ ਲਈ ਇਹ ਸ਼ਬਦ ਆਮ ਹੋ ਗਿਆ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਸੰ. ਸ਼ੂਲ. ਤ੍ਰਿਸੂਲ। ੨. ਨੇਜ਼ਾ. ਭਾਲਾ. "ਤੁਹੀ ਸੂਲ ਸੈਥੀ ਤਬਰ, ਤੂੰ ਨਿਖੰਗ ਅਰੁ ਬਾਨ." (ਸਨਾਮਾ) ੩. ਸ਼ੂਲ (ਨੇਜ਼ੇ) ਵਾਂਙ ਚੁਭਣ ਵਾਲੀ ਢਿੱਡਪੀੜ. [بجع المعدہ] Gastralgia. "ਦੁਸਟ ਬ੍ਰਾਹਮਣ ਮੂਆ ਹੋਇਕੈ ਸੂਲ." (ਭੈਰ ਮਃ ੫)#ਇਹ ਰੋਗ ਬਹੁਤਾ ਰੁੱਖਾ, ਕੱਚਾ, ਬੇਹਾ, ਭਾਰੀ ਅਤੇ ਲੇਸਦਾਰ ਅੰਨ ਖਾਣ ਤੋਂ, ਮਲਮੂਤ੍ਰ ਰੋਕਕੇ ਘੋੜੇ ਆਦਿ ਦੀ ਅਸਵਾਰੀ ਕਰਨ ਤੋਂ, ਬਹੁਤ ਚਾਇ ਅਤੇ ਤਮਾਖੂ ਪੀਣ ਤੋਂ ਹੁੰਦਾ ਹੈ. ਸੂਲ ਦੇ ਅਨੰਤ ਭੇਦ ਅਤੇ ਕਾਰਣ ਹਨ. ਉਨ੍ਹਾਂ ਅਨੁਸਾਰ ਹੀ ਸਿਆਣੇ ਹਕੀਮ ਦੀ ਰਾਇ ਨਾਲ ਇਲਾਜ ਹੋਣਾ ਚਾਹੀਏ, ਪਰ ਸਾਧਾਰਣ ਸੂਲ ਲਈ ਹੇਠ ਲਿਖੇ ਉੱਤਮ ਉਪਾਉ ਹਨ-#ਸੁੰਢ, ਸੁਹਾਗੇ ਦੀ ਖਿੱਲ, ਹਿੰਗ, ਇਨ੍ਹਾਂ ਤੇਹਾਂ ਨੂੰ ਅਦਰਕ ਦੇ ਰਸ ਵਿੱਚ ਪੀਸਕੇ ਮੋਟੇ ਛੋਲੇ ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇਕ ਤੋਂ ਚਾਰ ਗੋਲੀਆਂ ਤੀਕ ਖਵਾਓ.#ਸੌਂਫ ਅਤੇ ਪੋਦੀਨੇ ਦਾ ਅਰਕ ਪਿਆਓ.#ਪੇਟ ਉੱਪਰ ਸੇਕ ਕਰੋ. ਤੁੰਮੇ ਦੀ ਜਵਾਇਨ¹ ਦੇਓ.#ਗਰਮ ਜਲ ਦੀ ਪਿਚਕਾਰੀ ਕਰੋ. ਕਬਜ ਦੂਰ ਕਰਨ ਲਈ ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਪਾਕੇ ਪਿਆਓ.#ਸੁੰਢ, ਕਾਲਾ ਲੂਣ, ਭੁੰਨੀ ਹੋਈ ਹਿੰਗ, ਤਿੰਨੇ ਸਮਾਨ ਲੈ ਕੇ ਸੁਹਾਂਜਨੇ ਦੇ ਰਸ ਵਿੱਚ ਕੋਕਨ ਬੇਰ (ਝਾੜੀ ਬੇਰ) ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇੱਕ ਗੋਲੀ ਦੇਓ। ੪. ਕੰਡਾ. "ਸੂਲ ਨੇ ਸੰਕਟ ਦੀਯੋ ਸੂਲ ਜ੍ਯੋਂ ਚੁਭੈ ਹੈ ਤਨ." (ਗੁਪ੍ਰਸੂ)...
ਸੰ. ਵਿ- ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ। ੨. ਸੰਗ੍ਯਾ- ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। ੩. ਸ਼ਿੰਗਰਫ. ਹਿੰਗੁਲ। ੪. ਫ਼ਾ. [درد] ਦੁੱਖ. ਪੀੜ. "ਦਰਦ ਨਿਵਾਰਹਿ ਜਾਕੇ ਆਪੇ." (ਬਾਵਨ)...
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....
ਸੰ. स्कन्द् ਧਾ- ਕੁੱਦਣਾ. ਉਛਲਨਾ. ਹੱਲਾ ਕਰਨਾ. ੨. ਸੰਗ੍ਯਾ- ਸ਼ਿਵ ਦਾ ਪੁਤ੍ਰ ਕਾਰ੍ਤਿਕੇਯ, ਜੋ ਉਛਲਕੇ ਚਲਦਾ ਅਤੇ ਵੈਰੀਆਂ ਉੱਤੇ ਹੱਲਾ ਕਰਦਾ ਹੈ. ਇਹ ਦੇਵਤਿਆਂ ਦਾ ਸੈਨਾਪਤੀ (ਸਿਪਹਸਾਲਾਰ) ਹੈ. ਇਸ ਦੇ ਛੀ ਮੁਖ ਪੁਰਾਣਾਂ ਵਿੱਚ ਲਿਖੇ ਹਨ. ਦੇਖੋ, ਕਾਰਤਿਕੇਯ। ੩. ਦੇਖੋ, ਸਕੰਧ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....