hājīहाजी
ਹੱਜ ਕਰਨ ਵਾਲਾ. ਦੇਖੋ, ਹੱਜ. "ਜੋ ਦਿਲ ਸੋਧੈ ਸੋਈ ਹਾਜੀ." (ਮਾਰੂ ਸੋਲਹੇ ਮਃ ੫) ੨. ਹਜਵ (ਨਿੰਦਾ) ਕਰਨ ਵਾਲਾ. ਨਿੰਦਕ.
हॱज करन वाला. देखो, हॱज. "जो दिल सोधै सोई हाजी." (मारू सोलहे मः ५) २. हजव (निंदा) करन वाला. निंदक.
ਅ਼. [حّج] ਹ਼ੱਜ. ਕਾਬੇ ਦੀ ਯਾਤ੍ਰਾ, ਜੋ ਮੁਸਲਮਾਨ ਲਈ ਧਰਮ ਦਾ ਉਸੂਲ (ਨਿਯਮ) ਜਾਣਕੇ ਕਰਨੀ ਜ਼ਰੂਰੀ ਹੈ.#ਇਹ ਹਿਜਰੀ ਸਾਲ ਦੇ ਬਾਰ੍ਹਵੇਂ ਮਹੀਨੇ "ਜੁਲਹ਼ਿਜਹ" [ذُل حجہ] ਵਿੱਚ ਹੁੰਦੀ ਹੈ. ਇਸ ਦੇ ਕਰਨ ਦੀ ਰੀਤਿ ਇਹ ਹੈ-#ਜਦ ਮੱਕਾ ਇੱਕ ਪੜਾਉ ਰਹਿ ਜਾਵੇ, ਤਦ ਯਾਤ੍ਰੀ ਇਸਨਾਨ ਕਰਕੇ "ਏਹ਼ਰਾਮ" [ایحرام] ਬੰਨ੍ਹੇ, ਅਰਥਾਤ ਪਹਿਲੇ ਵਸਤ੍ਰ ਤਿਆਗਕੇ ਕੇਵਲ ਦੋ ਚਾਦਰਾਂ ਰੱਖੇ, ਇੱਕ ਤੇੜ ਅਤੇ ਦੂਜੀ ਸਰੀਰ ਉੱਤੇ. ਜੁੱਤੀ ਦਾ ਤਿਆਗ ਕਰੇ. ਖੜਾਵਾਂ ਪਹਿਰਨ ਦੀ ਰੋਕ ਨਹੀਂ. ਗੀਤ "ਤਲਬੀਯਾ" [تلبیہ] ਗਾਉਂਦਾ ਹੋਇਆ ਮੱਕੇ ਪਹੁੰਚੇ. ਗੀਤ ਦਾ ਅਰਥ ਇਹ ਹੈ- "ਮੈ ਤੇਰੀ ਸੇਵਾ ਲਈ ਖੜਾ ਹਾਂ, ਤੇਰਾ ਸ਼ਰੀਕ ਕੋਈ ਨਹੀਂ, ਨਿਸਚੇ ਕਰਕੇ ਤੇਰੀ ਹੀ ਉਸਤਤਿ ਹੈ, ਤੇਰੀ ਹੀ ਬਾਦਸ਼ਾਹਤ ਹੈ."#ਕਾਬੇ ਮੰਦਿਰ ਪਾਸ ਜਾਕੇ ਇਸਨਾਨ ਕਰੇ ਅਤੇ "ਸੰਗ ਅਸਵਦ" [سنگ اسود] ਨੂੰ ਚੁੰਮੇ. ਸੱਤ "ਤ਼ਵਾਫ਼" [طواف] (ਪਰਿਕ੍ਰਮਾ) ਕਾਬੇ ਦੀਆਂ ਕਰੇ, ਤਿੰਨ ਤੇਜ ਚਾਲ ਨਾਲ ਅਤੇ ਚਾਰ ਹੌਲੀ ਹੌਲੀ. ਕਾਬੇ ਨੂੰ ਆਪਣੇ ਖੱਬੇ ਹੱਥ ਰੱਖੇ. ਹਰ ਪਰਿਕ੍ਰਮਾ ਕਰਦਾ ਕਾਲੇ ਪੱਥਰ ਨੂੰ ਚੁੰਮੇ. ਫੇਰ ਇਬਰਾਹੀਮ ਦੇ ਮਕਾਮ ਪੁਰ ਜਾਵੇ ਅਤੇ ਉੱਥੇ ਪ੍ਰਾਰਥਨਾ ਕਰੇ. ਉੱਥੋਂ ਹਟਕੇ ਪਹਾੜੀ "ਸਫ਼ਾ ਮਰੂਹ" [مروُہ-صفا] ਉੱਪਰ ਜਾਕੇ ਕਾਬੇ ਵੱਲ ਮੂੰਹ ਕਰਕੇ ਪ੍ਰਾਰਥਨਾ ਕਰੇ, ਫੇਰ ਮਰਵਾ ਚੋਟੀ ਤੇ ਜਾਕੇ ਪ੍ਰਾਰਥਨਾ ਕਰੇ, ਫੇਰ ਕਾਬੇ ਵਿੱਚ ਆਕੇ "ਖ਼ੁਤ਼ਬਾ" [خطبہ] ਸੁਣੇ, ਫੇਰ ਮਕਾਮ "ਮਿਨਾ" [مِنےٰ] ਪੁਰ ਜਾਕੇ ਰਾਤ ਰਹੇ. ਉੱਥੋਂ ਪਹਾੜੀ "ਅ਼ਰਫ਼ਾਤ" [عرفات] ਨੂੰ ਜਾਵੇ. ਉੱਥੇ ਪ੍ਰਾਰਥਨਾ ਕਰੇ. ਅਤੇ ਖ਼ੁਤਬਾ ਸੁਣੇ. ਇਥੋਂ "ਮੁਜ਼ਦਲਿਫ਼ਾ" [مُزدلفہ] ਮਕਾਮ ਪੁਰ ਸੰਝ ਦੀ ਨਮਾਜ਼ ਪੜ੍ਹੇ.#ਉੱਪਰ ਦੱਸੀ ਸਾਰੀ ਕ੍ਰਿਯਾ ਨੌਵੀਂ ਤਿਥਿ ਤੀਕ ਸਮਾਪਤ ਕਰਕੇ ਦਸਵੀਂ ਜੋ "ਨਹ਼ਰ" [نہر] ਕੁਰਬਾਨੀ ਦਾ ਦਿਨ ਹੈ, ਉਸ ਵਿੱਚ ਮੁਜ਼ਦਲਿਫ਼ਾ ਮਕਾਮ ਪੁਰ ਨਮਾਜ਼ ਪੜ੍ਹਕੇ ਸ਼ੈਤ਼ਾਨ ਦੇ (ਥੰਮ) ਪਾਸ ਜਾਕੇ ਸੱਤ ਪੱਥਰ ਸੁੱਟੇ. ਫੇਰ ਮਿਨਾ ਪਹੁੰਚਕੇ ਕੁਰਬਾਨੀ ਦੇਵੇ. ਬਕਰਾ, ਦੁੰਬਾ, ਗਾਂ, ਅਥਵਾ ਉੱਠ ਨੂੰ ਕਾਬੇ ਵੱਲ ਸਿਰ ਕਰਕੇ ਲਿਟਾਵੇ, ਪਸੂ ਦੇ ਸੱਜੇ ਪਾਸੇ ਖੜਾ ਹੋਕੇ "ਅੱਲਾਹੂ ਅਕਬਰ" ਕਹਿਕੇ ਗਲ ਤੇ ਛੁਰੀ ਚਲਾਵੇ. ਇਸ ਪਿੱਛੋਂ ਹਾਜੀ "ਏਹਰਾਮ" ਤਿਆਗਕੇ ਮਨ ਭਾਉਂਦੇ ਵਸਤ੍ਰ ਪਹਿਰੇ, ਮੁੰਡਨ ਕਰਾਵੇ, ਨਹੁੰ ਲੁਹਾਵੇ, ਅਰ ਤਿੰਨ ਦਿਨ ਮੱਕੇ ਹੋਰ ਠਹਿਰੇ, ਮੱਕੇ ਤੋਂ ਤੁਰਨ ਵੇਲੇ ਕਾਬੇ ਦੀ ਫੇਰ ਪਰਿਕ੍ਰਮਾ ਕਰੇ ਅਤੇ ਸ਼ੈਤਾਨ ਦੇ ਥੰਮ ਤੇ ਸੱਤ ਵੱਟੀਆਂ ਸੁੱਟੇ, ਅਤੇ ਜ਼ਮਜ਼ਮ [زمزم] ਖੂਹ ਦਾ ਪਾਣੀ ਪੀਵੇ.#ਬਹੁਤੇ ਮੁਸਲਮਾਨ ਮੱਕੇ ਦੀ ਯਾਤ੍ਰਾ ਪਿੱਛੋਂ ਹਜਰਤ ਮੁਹ਼ੰਮਦ ਦੀ ਕ਼ਬਰ ਦੀ ਯਾਤ੍ਰਾ ਲਈ ਮਦੀਨੇ ਜਾਂਦੇ ਹਨ ਅਤੇ ਇਸ ਬਿਨਾ ਹੱਜ ਪੂਰਣ ਨਹੀਂ ਸਮਝਦੇ, ਪਰ "ਵਹਾਬੀ" ਲੋਕ ਕਬਰ ਦਾ ਸਨਮਾਨ ਧਰਮ ਵਿਰੁੱਧ ਮੰਨਦੇ ਹਨ, ਇਸ ਲਈ ਉਹ ਮਦੀਨੇ ਦੀ ਯਾਤ੍ਰਾ ਨਹੀਂ ਕਰਦੇ.#ਜੋ ਉੱਪਰ ਲਿੱਖੀ ਰੀਤੀ ਨਾਲ ਹੱਜ ਕਰਦਾ ਹੈ ਉਹ ਹਾਜੀ ਸੱਦੀਦਾ ਹੈ. "ਕਿਆ ਹਜ ਕਾਬੈ ਜਾਂਏ." (ਪ੍ਰਭਾ ਕਬੀਰ) ਦੇਖੋ, ਮੱਕਾ ਸ਼ਬਦ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਹੱਜ ਕਰਨ ਵਾਲਾ. ਦੇਖੋ, ਹੱਜ. "ਜੋ ਦਿਲ ਸੋਧੈ ਸੋਈ ਹਾਜੀ." (ਮਾਰੂ ਸੋਲਹੇ ਮਃ ੫) ੨. ਹਜਵ (ਨਿੰਦਾ) ਕਰਨ ਵਾਲਾ. ਨਿੰਦਕ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਦੇਖੋ, ਹਜੋ....
ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩....
ਸੰਗ੍ਯਾ- ਨਿੰਦਾ ਕਰਨ ਵਾਲਾ. ਗੁਣਾਂ ਨੂੰ ਦੋਸ ਕਹਿਣ ਵਾਲਾ. "ਨਿੰਦਕ ਕਉ ਫਿਟਕੇ ਸੰਸਾਰੁ। ਨਿੰਦਕ ਕਾ ਝੂਠਾ ਬਿਉਹਾਰ." (ਭੈਰ ਮਃ ੫) "ਨਿੰਦਕੁ ਗੁਰਕਿਰਪਾ ਤੇ ਹਾਟਿਓ." (ਟੋਡੀ ਮਃ ੫)...