saudhāसउदा
ਤੁ. [سودا] ਸੌਦਾ. ਸੰਗ੍ਯਾ- ਲੈਣ ਦੇਣ. ਖ਼ਰੀਦ ਫ਼ਰੋਖ਼ਤ. ਕ੍ਰਯਵਿਕ੍ਰਯ. "ਸਚ ਸਉਦਾ ਵਾਪਾਰ." (ਸ੍ਰੀ ਮਃ ੧) "ਬੰਧਨ ਸਉਦਾ ਅਣਵੀਚਾਰੀ." (ਆਸਾ ਅਃ ਮਃ ੧) ੨. ਖਰੀਦਣ ਯੋਗ੍ਯ ਵਸਤੁ. ਜਿਸ ਵਸਤੁ ਦਾ ਵਪਾਰ ਕਰੀਏ. "ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈਦੇ ਗੁਰਮੁਖਿ ਸਉਦਾ ਜੀਉ." (ਮਾਝ ਮਃ ੪) ੩. ਅ਼. [سودا] ਸੌਦਾ. ਇੱਕ ਤੱਤ, ਜਿਸ ਦਾ ਰੰਗ ਸਿਆਹ ਹੈ. ਵਾਤ. ਵਾਯੁ। ੪. ਫ਼ਾ. ਸੌਦਾ ਤੱਤ ਦੀ ਅਧਿਕਤਾ ਕਰਕੇ ਹੋਇਆ ਇੱਕ ਦਿਮਾਗ ਦਾ ਰੋਗ. ਸਿਰੜ. ਦੇਖੋ, ਉਦਮਾਦ। ੫. ਦੇਖੋ, ਸਉਂਦਾ.
तु. [سودا] सौदा. संग्या- लैण देण. ख़रीद फ़रोख़त. क्रयविक्रय. "सच सउदा वापार." (स्री मः १) "बंधन सउदा अणवीचारी." (आसा अः मः १) २. खरीदण योग्य वसतु. जिस वसतु दा वपार करीए. "नानक हट पटण विचि काइआ हरि लैदे गुरमुखि सउदा जीउ." (माझ मः ४) ३. अ़. [سودا] सौदा. इॱक तॱत, जिस दा रंग सिआह है. वात. वायु। ४. फ़ा. सौदा तॱत दी अधिकता करके होइआ इॱक दिमाग दा रोग. सिरड़. देखो, उदमाद। ५. देखो, सउंदा.
ਦੇਖੋ, ਸਉਦਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਫ਼ਾ. [خریِد] ਸੰਗ੍ਯਾ- ਮੁੱਲ ਲੈਣ ਦੀ ਕ੍ਰਿਯਾ. ਕ੍ਰਯ....
ਫ਼ਾ. [فروخت] ਸੰਗ੍ਯਾ- ਵੇਚਣਾ ਦੀ ਕ੍ਰਿਯਾ, ਵਿਕ੍ਰਯ। ੨. ਵਿ- ਵੇਚ ਦਿੱਤਾ....
ਤੁ. [سودا] ਸੌਦਾ. ਸੰਗ੍ਯਾ- ਲੈਣ ਦੇਣ. ਖ਼ਰੀਦ ਫ਼ਰੋਖ਼ਤ. ਕ੍ਰਯਵਿਕ੍ਰਯ. "ਸਚ ਸਉਦਾ ਵਾਪਾਰ." (ਸ੍ਰੀ ਮਃ ੧) "ਬੰਧਨ ਸਉਦਾ ਅਣਵੀਚਾਰੀ." (ਆਸਾ ਅਃ ਮਃ ੧) ੨. ਖਰੀਦਣ ਯੋਗ੍ਯ ਵਸਤੁ. ਜਿਸ ਵਸਤੁ ਦਾ ਵਪਾਰ ਕਰੀਏ. "ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈਦੇ ਗੁਰਮੁਖਿ ਸਉਦਾ ਜੀਉ." (ਮਾਝ ਮਃ ੪) ੩. ਅ਼. [سودا] ਸੌਦਾ. ਇੱਕ ਤੱਤ, ਜਿਸ ਦਾ ਰੰਗ ਸਿਆਹ ਹੈ. ਵਾਤ. ਵਾਯੁ। ੪. ਫ਼ਾ. ਸੌਦਾ ਤੱਤ ਦੀ ਅਧਿਕਤਾ ਕਰਕੇ ਹੋਇਆ ਇੱਕ ਦਿਮਾਗ ਦਾ ਰੋਗ. ਸਿਰੜ. ਦੇਖੋ, ਉਦਮਾਦ। ੫. ਦੇਖੋ, ਸਉਂਦਾ....
ਸੰ. ਵ੍ਯਾਪਾਰ. ਸੰਗ੍ਯਾ- ਵਣਜ. ਲੈਣਦੇਣ. "ਸਾਚਾ ਵਾਪਾਰਾ." (ਵਡ ਅਃ ਮਃ ੩)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬਾਂਧਨਾ। ੨. ਉਹ ਵਸਤੁ, ਜਿਸ ਨਾਲ ਬੰਨ੍ਹੀਏ, ਬੇੜੀ ਰੱਸੀ ਆਦਿ. "ਬੰਧਨ ਤੋੜਿ ਬੁਲਾਵੈ ਰਾਮ." (ਗਉ ਮਃ ੫) ੩. ਉਲਝਾਉ. ਜੰਜਾਲ. "ਬੰਧਨ ਸਉਦਾ ਅਣਵੀਚਾਰੀ." (ਆਸਾ ਮਃ ੧)...
ਵਿ- ਬਿਨਾ ਵੀਚਾਰ. ਵਿਚਾਰਸ਼ਕਤਿ ਰਹਿਤ। ੨. ਕ੍ਰਿ. ਵਿ- ਵਿਚਾਰ ਤੋਂ ਬਿਨਾ. "ਬੰਧਨ ਸਉਦਾ ਅਣਵੀਚਾਰੀ." (ਆਸਾ ਅਃ ਮਃ ੧)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਵ੍ਯਾਪਾਰ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. ਪੱਟਨ ਅ. ਪੱਤਨ. ਸੰਗਯਾ- ਨਗਰ. ਸ਼ਹਰ. "ਹਟ ਪਟਣ ਬਿਜ ਮੰਦਰ ਭੰਨੈ." (ਗਉ ਮਃ ੧)...
ਬੀਚ. ਭੀਤਰ. ਅੰਦਰ. "ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ." (ਮਃ ੪. ਵਾਰ ਕਾਨ) "ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ." (ਮਃ ੨. ਵਾਰ ਰਾਮ ੧) ੨. ਸੰ. ਲਹਰ. ਤਰੰਗ. ਮੌਜ. ਇਸ ਦਾ ਰੂਪਾਂਤਰ ਵੀਚੀ ਭੀ ਹੈ....
ਸੰ. ਕਾਯ. ਸੰਗ੍ਯਾ- ਦੇਹ. ਸ਼ਰੀਰ. "ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਊਪਰਿ ਛਾਰੋ." (ਗਉ ਮਃ ੧) "ਜਬ ਲਗੁ ਕਾਲ ਗ੍ਰਸੀ ਨਹਿ ਕਾਂਇਆ." (ਭੈਰ ਕਬੀਰ)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਗੁਰੂ ਦੇ ਮੁਖ ਵਿੱਚ. ਭਾਵ- ਗੁਰੂ ਦੇ ਉਪਦੇਸ਼ ਅਤੇ ਬਾਣੀ ਵਿੱਚ. "ਗੁਰਮੁਖਿ ਨਾਦੰ ਗੁਰਮੁਖਿ ਵੇਦੰ." (ਜਪੁ) ੨. ਗੁਰਮੁਖਤਾ ਕਰਕੇ. "ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ." (ਮਾਝ ਅਃ ਮਃ ੫) ੩. ਦੇਖੋ, ਗੁਰਮੁਖੀ। ੪. ਦੇਖੋ, ਗੁਰਮੁਖ. "ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ." (ਮਾਝ ਅਃ ਮਃ ੫) ੫. ਪ੍ਰਧਾਨ ਗੁਰੂ ਨੇ. ਆਦਿ ਗੁਰੂ ਨੇ. "ਓਅੰ ਗੁਰਮੁਖਿ ਕੀਓ ਅਕਾਰਾ." (ਬਾਵਨ) ਓਅੰ (ਬ੍ਰਹਮ) ਆਦਿਗੁਰੂ ਨੇ। ੬. ਗੁਰਮੁਖ ਨੂੰ. "ਗੁਰਮੁਖਿ ਸਦਾ ਹਜੂਰਿ." (ਸ੍ਰੀ ਮਃ ੧)...
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਦੇਖੋ, ਤਤੁ। ੨. ਵਿ- ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. "ਚੜ੍ਯੋ ਤੱਤ ਤਾਜੀ." (ਪਾਰਸਾਵ)...
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਕਾਲਾ. ਦੇਖੋ, ਸਿਆਉ. "ਸਿਆਹਉ ਹੋਆ ਸੇਤ." (ਮਾਝ ਬਾਰਹਮਾਹਾ) ਜਵਾਨ ਤੋਂ ਬੁੱਢਾ ਹੋ ਗਿਆ....
ਸੰ. ਵਾਦਿਤ੍ਰ. ਵਾਜਾ. "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) ੨. ਵਾਰ੍ਤਾ. ਗੱਲ. "ਤ ਵਾਤ ਨ ਪੁਛੈ ਕੇ." (ਜਪੁ) ੩. ਮੁਖ. ਮੂੰਹ. ਦੇਖੋ, ਵਾਤਿ ਅਤੇ ਵਾਤੁ। ੪. ਸੰ. वात्. ਧਾ- ਸੁਖੀ ਹੋਣਾ, ਇਕੱਠਾ ਕਰਨਾ, ਸੇਵਾ ਕਰਨਾ। ੫. ਸੰਗ੍ਯਾ- ਸਪਰਸ਼ ਗੁਣ ਵਾਲਾ ਤਤ੍ਵ. ਵਾਯੁ. ਪੌਣ। ੬. ਸ਼ਰੀਰ ਦਾ ਇੱਕ ਧਾਤੁ। ੭. ਦੇਖੋ, ਬਾਤ। ੮. ਦੇਖੋ, ਵ੍ਯਾੱਤ....
ਸੰ. ਸੰਗ੍ਯਾ- ਜੋ ਚਲਦਾ ਰਹਿੰਦਾ ਹੈ, ਪਵਨ. ਪੌਣ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਾਯੁ ਦੇ ਸੱਤ ਭੇਦ ਕਲਪੇ ਹਨ. ਜਮੀਨ ਉੱਤੇ ਅਤੇ ਜਮੀਨ ਤੋਂ ਬਾਰਾਂ ਯੋਜਨ ਤੀਕ ਅਕਾਸ ਵਿੱਚ ਫੈਲਣ ਵਾਲਾ, ਜਿਸ ਵਿੱਚ ਬਿਜਲੀ ਅਤੇ ਬੱਦਲ ਆਸਰਾ ਲੈਂਦੇ ਹਨ "ਭੂਵਾਯੁ" ਹੈ. ਇਸ ਤੋਂ ਉੱਪਰ ਆਵਹ, ਉਸ ਉੱਪਰ ਪ੍ਰਵਹ, ਉਸ ਤੋਂ ਪਰੇ ਉਦਵਹ, ਇਸੇ ਤਰਾਂ ਸੁਵਹ, ਪਰਿਵਹ ਅਤੇ ਪਰਾਵਹੁ ਹੈ.#ਸ਼ਕੁੰਤਲਾ ਨਾਟਕ ਅੰਗ ੭. ਦੀ ਟਿੱਪਣੀ ਵਿੱਚ ਲਿਖਿਆ ਹੈ ਕਿ ਬੱਦਲ ਬਿਜਲੀ ਨੂੰ ਪ੍ਰੇਰਣ ਵਾਲਾ ਆਵਹ, ਸੂਰਜ ਨੂੰ ਚਲਾਉਣ ਵਾਲਾ ਪ੍ਰਵਹ, ਚੰਦ੍ਰਮਾਂ ਨੂੰ ਘੁਮਾਉਣ ਵਾਲਾ ਸੰਵਹ, ਨਛਤ੍ਰਾਂ (ਤਾਰਿਆਂ) ਨੂੰ ਪ੍ਰੇਰਣ ਵਾਲਾ ਉਦਵਹ, ਸੱਤਗ੍ਰਹਾਂ ਨੂੰ ਘੁਮਾਉਣ ਵਾਲਾ ਸੁਵਹ, ਸੱਤ ਰਿਖੀਆਂ ਅਤੇ ਸੁਰਗ ਨੂੰ ਧਾਰਨ ਕਰਨ ਵਾਲਾ ਵਿਵਹ ਅਤੇ ਪ੍ਰਣ ਨੂੰ ਧਾਰਨ ਕਰਨ ਵਾਲਾ ਪਰਿਵਹ ਵਾਯੁ ਹੈ। ੨. ਸਰੀਰ ਦਾ ਇੱਕ ਧਾਤੁ, ਜੋ ਦਸ ਪ੍ਰਾਣਰੂਪ ਹੋਕੇ ਵਿਆਪਿਆ ਹੋਇਆ ਹੈ. ਦੇਖੋ, ਦਸਪ੍ਰਾਣ....
ਸੰਗ੍ਯਾ- ਜ਼੍ਯਾਦਤੀ. ਵਿਸ਼ੇਸਤਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਝੱਲਾਪਨ. ਇਹ ਉਨਮਾਦ ਦਾ ਹੀ ਇੱਕ ਭੇਦ ਹੈ. ਜਨੂਨ. Insanity. ਇਸ ਦੇ ਕਾਰਣ ਦੇਖੋ, ਉਦਮਾਦ ਸ਼ਬਦ ਵਿੱਚ.#ਇਸ ਰੋਗ ਵਿੱਚ ਦੁੱਧ, ਬਦਾਮਾ ਦੀ ਸਰਦਾਈ, ਸੰਦਲ ਅਨਾਰ ਆਦਿ ਸ਼ਰਬਤ, ਅਧਰਿੜਕ, ਸੰਗਤਰੇ, ਅੰਗੂਰ ਆਦਿ ਫਲ ਵਰਤਣੇ ਗੁਣਕਾਰੀ ਹਨ. ਰੋਗੀ ਨੂੰ ਫੁੱਲਾਂ ਦੇ ਬਾਗਾਂ ਵਿੱਚ ਫਿਰਨਾ, ਨਦੀ ਅਤੇ ਸਮੁੰਦਰ ਕਿਨਾਰੇ ਦੀ ਹਵਾ ਖਾਣੀ ਲਾਭਦਾਇਕ ਹੈ. ਸਿਰ ਤੇ ਕੱਦੂ ਅਤੇ ਕਾਹੂ ਦਾ ਤੇਲ ਮਲਨਾ, ਗੁਣਕਾਰੀ ਹੈ. ਸਿਰੜੀ ਨੂੰ ਬ੍ਰਾਹਮੀ ਘ੍ਰਿਤ ਦਾ ਸੇਵਨ ਬਹੁਤ ਫਾਇਦਾ ਕਰਦਾ ਹੈ ਇਸ ਘੀ ਦੇ ਬਣਾਉਣ ਦੀ ਜੁਗਤ ਇਹ ਹੈ-#ਘੀ ਚਾਰ ਸੇਰ, ਬ੍ਰਾਹਮੀ ਬੂਟੀ ਦਾ ਰਸ ਸੋਲਾਂ ਸੇਰ, ਇਨ੍ਹਾਂ ਦੋਹਾਂ ਨੂੰ ਕੜਾਹੀ ਵਿੱਚ ਪਾਕੇ ਕਾੜੇ, ਅਰ ਹੇਠ ਲਿਖੀ ਦਵਾਈਆਂ ਦਾ ਨੁਗਦਾ ਬਣਾਕੇ ਵਿੱਚ ਪਾਵੇ. ਬ੍ਰਹਮੀ ਬੂਟੀ, ਬਚ, ਜਵਾਹਾਂ, ਧਮਾਹਾ, ਕੁਠ, ਸੰਖਾਹੋਲੀ, ਸਭ ਸਮਾਨ ਲੈ ਕੇ ਇੱਕ ਸੇਰ ਨੁਗਦਾ ਤਿਆਰ ਕਰੇ. ਜਦ ਸਾਰਾ ਰਸ ਜਲਕੇ ਘੀ ਬਾਕੀ ਰਹਿ ਜਾਵੇ, ਤਾਂ ਉਸ ਨੂੰ ਛਾਣਕੇ ਸਾਫ ਭਾਂਡੇ ਵਿੱਚ ਪਾਕੇ ਰੱਖੇ. ਇਹ ਬ੍ਰਾਹਮੀ ਘ੍ਰਿਤ ਇੱਕ ਤੋਲੇ ਤੋਂ ਚਾਰ ਤੋਲੇ ਤੀਕ ਉਮਰ ਅਤੇ ਬਲ ਅਨੁਸਾਰ ਨਿੱਤ ਖਾਵੇ।#੨. ਗਰਮ ਚੀਜਾਂ ਖਾਣ, ਜਾਦਾ ਕ੍ਰੋਧ ਕਰਨ ਤੋਂ, ਚਿੜਚਿੜਾ ਅਤੇ ਜਿੱਦੀ ਸੁਭਾਉ ਹੋ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਭੀ "ਸਿਰੜ" ਆਖਦੇ ਹਨ....
ਸੰ. उन्माद- ਉਨਮਾਦ. ਸੰਗ੍ਯਾ- ਮਸਤੀ. ਖ਼ੁਮਾਰੀ. "ਮਾਇਆ ਮਦ ਚਾਖਿ ਭਏ ਉਦਮਾਤੇ." (ਮਾਰੂ ਮਃ ੫) ਮਾਇਆ ਦੇ ਨਸ਼ੇ ਵਿੱਚ ਉਨਮੱਤ (ਗਲਤਾਨ) ਹੋ ਗਏ।#੨. ਦਿਮਾਗ ਦਾ ਇੱਕ ਰੋਗ [مالیِخوَلیا] ਮਾਲੀਖ਼ੌਲੀਆ. Melancholia ਪਾਗਲਪਣਾ. ਸੁਦਾ. ਇਹ ਰੋਗ ਗਰਮ ਖ਼ੁਸ਼ਕ ਚੀਜ਼ਾਂ ਖਾਣ, ਬਹੁਤ ਸ਼ਰਾਬ ਪੀਣ ਅਤੇ ਹੋਰ ਨਸ਼ੇ ਵਾਲੀਆਂ ਚੀਜ਼ਾਂ ਦੇ ਵਰਤਣ, ਬਹੁਤ ਮੈਥੁਨ, ਬਹੁਤ ਜਾਗਣ, ਚਿੰਤਾ, ਕ੍ਰੋਧ, ਸ਼ੋਕਾਦਿ ਦੇ ਕਰਨ, ਤੋਂ ਹੁੰਦਾ ਹੈ. ਪਰ ਕਦੇ ਕਦੇ ਬਵਾਸੀਰ ਦਾ ਲਹੂ ਬੰਦ ਹੋਣ ਤੋਂ, ਕੱਚਾ ਪਾਰਾ ਖਾਣ ਤੋਂ, ਸਿਰ ਤੇ ਸੱਟ ਲੱਗਣ ਤੋਂ, ਮਾਲੀ ਨੁਕਸਾਨ ਤੋਂ, ਸਭਾ ਵਿੱਚ ਅਪਮਾਨ ਹੋਣ ਤੋਂ, ਗਰਮੀ ਖੁਸ਼ਕੀ ਦੀ ਅਧਿਕਤਾ ਤੋਂ ਭੀ ਹੋ ਜਾਂਦਾ ਹੈ.#ਉਨਮਾਦ ਦਾ ਰੋਗੀ ਬਕਵਾਦ ਕਰਦਾ ਹੈ, ਸ਼ਰਮ ਤਿਆਗ ਦਿੰਦਾ ਹੈ, ਕਦੇ ਹੱਸਦਾ ਤੇ ਕਦੇ ਰੋਂਦਾ ਹੈ, ਕਿਸੇ ਦਾ ਅਦਬ ਨਹੀਂ ਕਰਦਾ, ਲੋਕਾਂ ਤੋਂ ਡਰਦਾ ਅਤੇ ਸੰਕੋਚ ਕਰਦਾ ਹੈ. ਇਹ ਰੋਗ ਬਾਲਕਾਂ ਨੂੰ ਨਹੀਂ ਹੁੰਦਾ. ਇਸਤ੍ਰੀਆਂ ਨੂੰ ਘੱਟ ਹੁੰਦਾ ਹੈ. ਜੇ ਇਸ ਰੋਗ ਦੀ ਤੁਰੰਤ ਖਬਰ ਲਈ ਜਾਵੇ ਅਤੇ ਸਿਆਣੇ ਵੈਦ ਦਾ ਇਲਾਜ ਹੋਵੇ ਤਾਂ ਆਰਾਮ ਛੇਤੀ ਹੁੰਦਾ ਹੈ. ਜੇ ਰੋਗ ਪੁਰਾਣਾ ਹੋ ਜਾਵੇ ਤਾਂ ਔਖਾ ਹਟਦਾ ਹੈ.#ਉਨਮਾਦੀ ਨੂੰ ਬਹੁਤ ਚਿੜਾਉਣਾ ਅਤੇ ਛੇੜਨਾ ਹੱਛਾ ਨਹੀਂ, ਸਗੋਂ ਉਸ ਪਾਸ ਪ੍ਰੇਮ ਦੀਆਂ ਬਾਤਾਂ, ਰਾਗ ਰੰਗ ਅਤੇ ਆਨੰਦ ਕਰਨ ਵਾਲੇ ਖੇਲ ਹੋਣੇ ਉੱਤਮ ਹਨ. ਰੋਗੀ ਨੂੰ ਦੁੱਧ, ਮੱਖਣ, ਮਲਾਈ, ਬਦਾਮਰੌਗਨ, ਹਲਕੇ ਫਲ ਅਤੇ ਹਲਕੀ ਗਿਜਾ ਦੇਣੀ ਚਾਹੀਏ. ਬਦਾਮ, ਇਲਾਇਚੀ, ਮਗਜ ਕੱਦੂ ਅਤੇ ਖੀਰੇ ਦੇ ਘੋਟਕੇ ਮਿਸ਼ਰੀ ਨਾਲ ਮਿਲਾਕੇ ਸਰਦਾਈ ਦੇਣੀ ਹੱਛੀ ਹੈ. ਮੱਥੇ ਤੇ ਚੰਦਨ ਦਾ ਲੇਪ, ਬਦਾਮਰੌਗਨ ਦੀ ਸਿਰ ਤੇ ਮਾਲਿਸ਼ ਕਰਨੀ ਗੁਣਕਾਰੀ ਹੈ. ਸੰਦਲ ਅਨਾਰ ਅਤੇ ਨਿੰਬੂ ਦਾ ਸ਼ਰਬਤ ਸੇਵਨ ਕਰਨਾ ਚੰਗਾ ਹੈ. ਬਚ ਦਾ ਚੂਰਨ ਇੱਕ ਮਾਸ਼ੇ ਤੋਂ ਤਿੰਨ ਮਾਸ਼ੇ ਤੀਕ ਸ਼ਹਿਦ ਵਿੱਚ ਮਿਲਾਕੇ ਰੋਜ ਚਟਾਉਣਾ ਬਹੁਤ ਹੱਛਾ ਹੈ. ਇਸ ਰੋਗ ਵਾਲੇ ਨੂੰ ਕਦੇ ਕਬਜੀ ਨਹੀਂ ਹੋਣ ਦੇਣੀ ਚਾਹੀਏ ਅਤੇ ਜਿਨ੍ਹਾਂ ਕਾਰਣਾਂ ਤੋਂ ਇਹ ਰੋਗ ਪੈਦਾ ਹੁੰਦਾ ਹੈ ਉਨ੍ਹਾਂ ਤੋਂ ਬਹੁਤ ਪਰਹੇਜ ਕਰਨਾ ਚਾਹੀਦਾ ਹੈ। ੩. ਸਿੰਧੀ ਵਿੱਚ ਉਦਮਾਦ ਦਾ ਅਰਥ ਚਿੰਤਾ ਅਤੇ ਫਿਕਰ ਹੈ....
ਸ਼੍ਯਨ ਕਰਦਾ. ਸੌਂਦਾ. "ਸਉਂਦੇ ਵਾਹੁ ਵਾਹੁ ਉਚਰਹਿ." (ਵਾਰ ਗਉ ੧. ਮਃ ੪)...