shivanagara, shivanagarīशिवनगर, शिवनगरी
ਕਾਸ਼ੀ। ਤੁਰੀਯ (ਤੁਰੀਆ) ਪਦਵੀ. ਨਿਰਵਾਣ ਅਵਸਥਾ."ਸ਼ਿਵ ਨਗਰੀ ਮਹਿ ਆਸਣ ਬੈਸਣ." (ਆਸਾ ਮਃ ੧)
काशी। तुरीय (तुरीआ) पदवी. निरवाण अवसथा."शिव नगरी महि आसण बैसण." (आसा मः १)
ਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗੰਗਾ ਦੇ ਖੱਬੇ ਪਾਸੇ ਆਬਾਦ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ੧੯੮੪੪੭ ਸੀ. "ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ." (ਗੂਜ ਮਃ ੩)#ਹਿੰਦੁਸਤਾਨ ਵਿੱਚ ਕਾਸ਼ੀ ਦੀ ਮਹਿਮਾ ਚਿਰ ਕਾਲ ਤੋਂ ਹੈ. ਹਰੇਕ ਮਤ ਦੇ ਹਿੰਦੂ ਨੇ ਇਸ ਦੀ ਸ਼ੋਭਾ ਵਧਾਉਣ ਦਾ ਯਤਨ ਕੀਤਾ ਹੈ. ਔਰੰਗਜ਼ੇਬ ਨੇ ਕਾਸ਼ੀ ਦਾ ਨਾਉਂ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼੍ਵੇਸ਼੍ਵਰ ਨਾਥ ਦਾ ਪ੍ਰਸਿੱਧ ਮੰਦਿਰ ਤੋੜਕੇ ਇੱਕ ਵੱਡੀ ਮਸੀਤ ਚਿਣਵਾਈ, ਜੋ ਹੁਣ ਭੀ ਦੇਖੀ ਜਾਂਦੀ ਹੈ.#ਇਸ ਸ਼ਹਿਰ ਵਿੱਚ ਹੇਠ ਲਿਖੇ ਗੁਰਦ੍ਵਾਰੇ ਹਨ-#(ੳ) ਮਹੱਲਾ ਆਸਭੈਰੋ ਵਿੱਚ "ਵਡੀ ਸੰਗਤਿ" ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਸੰਮਤ ੧੭੨੨ ਵਿੱਚ ਪਧਾਰੇ ਹਨ ਅਤੇ ਸੱਤ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ ਹੈ. ਜਿਸ ਗੁਫਾ ਵਿੱਚ ਏਕਾਂਤ ਧ੍ਯਾਨਪਰਾਇਣ ਰਹਿੰਦੇ ਸਨ, ਉਹ ਵਿਦ੍ਯਮਾਨ ਹੈ. ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਇਸ ਥਾਂ ਵਿਰਾਜੇ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਚੋਲਾ ਅਤੇ ਨੌਵੇਂ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇੱਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਸੰਕ੍ਰਾਂਤਿ ਵਾਲੇ ਦਿਨ ਕਰਾਇਆ ਜਾਂਦਾ ਹੈ. ਪੋਹ ਸੁਦੀ ੭, ਅੱਸੂ ਵਦੀ ੧੦. ਅਤੇ ਵੈਸਾਖੀ ਦੇ ਮੇਲੇ ਹੁੰਦੇ ਹਨ.#ਮਹਾਰਾਜਾ ਨਰੇਂਦ੍ਰ ਸਿੰਘ ਪਟਿਆਲਾਪਤਿ ਨੇ ਸੰਮਤ ੧੯੧੧ ਵਿੱਚ ਬਹੁਤ ਧੰਨ ਖਰਚਕੇ ਇੱਕ ਸ਼ੀਸ਼ਮਹਿਲ ਬਣਵਾਇਆ ਅਤੇ ਦੋ ਰੁਪਯੇ ਰੋਜ ਦਾ ਲੰਗਰ ਲਗਾਇਆ. ਗੁਰਦ੍ਵਾਰੇ ਨੂੰ ਆਮਦਨ ਕੁਝ ਮਕਾਨਾਂ ਦੇ ਕਿਰਾਏ ਦੀ ਅਤੇ ਕੁਝ ਲੇਢੂਪੁਰਾ ਪਿੰਡ ਵਿੱਚੋਂ ਆਉਂਦੀ ਹੈ. ਪੁਜਾਰੀ ਭਾਈ ਈਸਰ ਸਿੰਘ ਜੀ ਨਿਹੰਗ ਹਨ, ਜਿਨ੍ਹਾਂ ਨੇ ਉੱਦਮ ਕਰਕੇ ਲੋਕਾਂ ਦੇ ਹੱਥ ਗਈ ਗੁਰਦ੍ਵਾਰੇ ਦੀ ਜਾਯਦਾਦ ਨੂੰ, ਮੁੜ ਸਤਿਗੁਰੂ ਦੇ ਨਾਉਂ ਵਡੇ ਯਤਨ ਨਾਲ ਅਦਾਲਤ ਤੋਂ ਕਰਵਾਇਆ ਹੈ.#(ਅ) ਲਕਸਾ ਮਹਾਲ ਵਿੱਚ ਗੁਰੂ ਕਾ ਬਾਗ ਗੁਰਦ੍ਵਾਰਾ ਹੈ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ ਅਤੇ ਗੋਪਾਲ ਪਾਂਡੇ ਨੂੰ ਉੱਤਮ ਉਪਦੇਸ਼ ਦਿੱਤਾ ਹੈ.#(ੲ) ਜਗਤ ਗੰਜ ਵਿੱਚ "ਛਟੀ ਸੰਗਤਿ" ਗੁਰਦ੍ਵਾਰਾ ਹੈ। ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਕੁਝ ਸਮਾਂ ਵਿਰਾਜੇ ਹਨ. ਇਸ ਦੀ ਹਾਲਤ ਬਹੁਤ ਢਿੱਲੀ ਹੈ.#(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜਾਪੁਰ ਦੀ ਜ਼ਮੀਨ ਵਿੱਚ ਸੋਲਾਂ ਵਿੱਘੇ ਦਾ ਗੁਰੂ ਕਾ ਬਾਗ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਡੀ ਸੰਗਤਿ ਵਿੱਚ ਵਿਰਾਜਣ ਸਮੇਂ ਇੱਕ ਵਾਰ ਪਧਾਰੇ ਹਨ. ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ ਤਿੰਨ ਮੀਲ ਉੱਤਰ ਹੈ.#ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਕਾਸ਼ੀ ਵਿੱਚ ਅਜਿਹੇ ਹਨ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।#੨. ਕਾਂਸ੍ਯ. ਕੈਂਹਾਂ। ੩. ਕਾਂਸ੍ਯ (ਕਾਂਸੀ) ਦਾ ਵਾਜਾ. "ਕਾਸੀ ਫੂਟੀ ਪੰਡਿਤਾ! ਧੁਨਿ ਕਹਾ ਸਮਾਈ?" (ਬਿਲਾ ਕਬੀਰ) ੪. ਵਿ- ਚਮਤਕਾਰੀ. ਦੇਖੋ, ਕਾਸ ੩. "ਕਾਸੀ ਕ੍ਰਿਸਨ ਚਰਾਵਤ ਗਾਊ ਮਿਲਿ ਹਰਿਜਨ ਸੋਭਾ ਪਾਈ." (ਮਲਾ ਮਃ ੪)...
ਸੰ. ਵਿ- ਚੌਥਾ. ਚਤੁਰਥ. ਤੁਰ੍ਯ। ੨. ਪਾਰਬ੍ਰਹਮ, ਜੋ ਵਿਸ੍ਟ, ਤੈਜਸ ਅਤੇ ਪ੍ਰਾਗ੍ਯ ਤੋਂ ਪਰੇ ਹੈ। ੩. ਦੇਖੋ, ਤੁਰੀਆਪਦ। ੪. ਵੈਖਰੀ ਵਾਣੀ ਜੋ ਚੌਥੀ ਹੈ. ਦੇਖੋ, ਚਾਰ ਬਾਣੀਆਂ....
ਸੰ. तुर्य्या- ਤੁਰ੍ਯਾ. ਸੰਗ੍ਯਾ- ਚੌਥੀ ਅਵਸਥਾ. ਉਹ ਹਾਲਤ, ਜੋ ਜਾਗ੍ਰਤ ਸ੍ਵਪਨ ਸੁਖੁਪਤਿ ਤੋਂ ਪਰੇ ਹੈ. ਅਰਥਾਤ- ਗ੍ਯਾਨਦਸ਼ਾ. "ਤੁਰੀਆ ਸੁਖ ਪਾਇਆ." (ਵਾਰ ਗੂਜ ੧. ਮਃ ੩) "ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ." (ਗਉ ਥਿਤੀ ਮਃ ੫)...
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਦੇਖੋ, ਨਿਰਬਾਣ....
ਸੰ. ਅਵਸ੍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਸੰ. ਆਸਨ. ਸੰਗ੍ਯਾ- ਸ੍ਥਿਤਿ (ਇਸਥਿਤ). ਬੈਠਕ। ੨. ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ। ੩. ਯੋਗ ਦਾ ਤੀਜਾ ਅੰਗ, ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਯੋਗਸ਼ਾਸਤ੍ਰ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ, ਉਨ੍ਹਾਂ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ-#(ੳ) ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਪੁਰ, ਸੱਜੇ ਪੈਰ ਦੀ ਅੱਡੀ ਲਿੰਗ ਪੁਰ ਰੱਖਕੇ ਬੈਠਣਾ.#(ਅ) ਪਦਮਾਸਨ. ਸੱਜੇ ਪੱਟ ਤੇ ਖੱਬਾ ਪੈਰ, ਖੱਬੇ ਪੱਟ ਤੇ ਸੱਜਾ ਪੈਰ ਰੱਖਕੇ, ਪਿੱਠ ਪਿੱਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ. ਛਾਤੀ ਤੋਂ ਚਾਰ ਉਂਗਲ ਦੀ ਵਿੱਥ ਤੇ ਠੋਡੀ ਰੱਖਕੇ ਨੱਕ ਦੀ ਨੋਕ ਉੱਪਰ ਨਜਰ ਜਮਾਉਣੀ.#(ੲ) ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ, ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.#(ਸ) ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ "ਭਦ੍ਰਾਸਨ" ਬਣ ਜਾਂਦਾ ਹੈ. "ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ." (ਸੋਰ ਅਃ ਮਃ ੫) ੪. ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ, ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw....
ਬੈਠਣਾ, ਆਸੀਨ ਹੋਣਾ। "ਊਠਉ ਬੈਸਉ ਰਹਿ ਭਿ ਨ ਸਾਕਉ." (ਆਸਾ ਮਃ ੫) ੨. ਵਸਣਾ. ਨਿਵਾਸ ਕਰਨਾ. "ਕੂੜੁ ਮੰਡਪ ਕੂੜੁ ਮਾੜੀ, ਕੂੜੁ ਬੈਸਣਹਾਰੁ." (ਵਾਰ ਆਸਾ) ੩. ਜਿਸ ਉੱਪਰ ਬੈਠਾਇਆ ਜਾਵੇ, ਆਸਨ. "ਸੀਸੁ ਵਢੇ ਕਰਿ ਬੈਸਣੁ ਦੀਜੈ." (ਵਡ ਮਃ ੧) ੪. ਬਹਸਨ. ਬਹਸ ਕਰਨੀ. ਚਰਚਾ. "ਤੁਝੁ ਕਿਆ ਬੈਸਣੁ ਦੀਜੈ?" (ਸਿਧਗੋਸਟਿ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...