lankāलंका
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ.
सं. लङ्का. सिंहलदीप (Ceylon) अते उस दी इतिहास प्रसिॱध राजधानी. इह विश्वकरमा ने कुबेर दे रहिण लई मनोहर पुरी रची सी. रावण ने कुबेर तों खोहके आपणी राजधानी बणाई. इस दा नाम "ताम्रपरणी" भी है. "लंका गढ सोने का भइआ." (भैर कबीर) २. दुरगा दी अड़दल विॱच रहिण वाली इॱक शाकिनी। ३. वेश्या. कंचनी। ४. शाखा. टहणी। ५. लंका नाम दी इॱक राखसी, जो लंका नगर दी रखवाली करदी सी. नगर विॱच दाख़िल होण समे हनूमान दी इस नाल मुठभेड़ होई सी.
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਇਤਿ- ਹ- ਆਸ. ਐਸਾ ਪ੍ਰਸਿੱਧ ਥਾਂ. ਅਰਥਾਤ- ਅਜੇਹਾ ਗ੍ਰੰਥ ਜਿਸ ਵਿੱਚ ਬੀਤੀ ਹੋਈ ਘਟਨਾ ਦਾ ਕ੍ਰਮ ਅਨੁਸਾਰ ਜਿਕਰ ਹੋਵੇ. ਤਵਾਰੀਖ਼. ਹਿਸਟਰੀ (History)....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਸੰ. विश्वकर्मन्. ਸੰਸਾਰ ਰਚਣ ਵਾਲਾ ਕਰਤਾਰ. ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ. ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। ੨. ਬ੍ਰਹਮਾ। ੩. ਸੂਰਜ। ੪. ਇੱਕ ਦਵੇਤਾ, ਜਿਸ ਨੂੰ ਮਹਾਭਾਰਤ ਅਤੇ ਪੁਰਾਣਾਂ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ (Chief Engineer) ਦੱਸਿਆ ਹੈ. ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਕਿੰਤੁ ਦੇਵਤਿਆਂ ਦੇ ਸ਼ਸਤ੍ਰ ਅਸਤ੍ਰਾਂ ਨੂੰ ਭੀ ਇਹੀ ਬਣਾਉਂਦਾ ਹੈ. ਸ੍ਥਾਪਤ੍ਯ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ. ਮਹਾਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ- "ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਿਵੀ ਖੜੀ ਹੈ, ਅਤੇ ਜਿਸ ਦੀ ਸਦੀਵ ਪੂਜਾ ਕੀਤਾ ਜਾਂਦੀ ਹੈ"#ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨ੍ਯਮਤੀ (ਯੋਗ- ਸਿੱਧਾ) ਦੇ ਪੇਟੋਂ ਹੋਇਆ. ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾਂ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ. ਸੂਰਜ ਦੇ ਛਿੱਲੜ ਤੋਂ ਵਿਸ਼੍ਵਕਰਮਾਂ ਨੇ ਵਿਸਨੁ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ. ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ. ਦੇਖੋ, ਜਗੰਨਾਥ....
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਸੰ. ਸੰਗ੍ਯਾ- ਜੋ ਆਦਮੀਆਂ ਦੀ ਆਬਾਦੀ ਅਤੇ ਧਨ ਸੰਪਦਾ ਵਿੱਚ ਵਧੀ ਹੋਈ ਹੈ. ਨਗਰੀ. ਸ਼ਹਰ. "ਕਰੋ ਬਸਾਵਨ ਸੁੰਦਰ ਪੁਰੀ." (ਗੁਪ੍ਰਸੂ) ੨. ਭਾਵ- ਸ੍ਵਰਗ ਲੋਕ. ਦੇਵਪੁਰੀ. "ਪਾਤਾਲ ਪੁਰੀ ਜੈਕਾਰਧੁਨੀ." (ਸਵੈਯੇ ਮਃ ੧. ਕੇ) "ਪਾਤਾਲ ਅਤੇ ਆਕਾਸ਼ ਲੋਕ ਵਿੱਚ ਜੈਕਾਰ ਧੁਨਿ. ੩. ਦਸ਼ ਭੇਦ ਸੰਨ੍ਯਾਸੀਆਂ ਵਿੱਚੋਂ ਇੱਕ ਜਮਾਤ, ਜਿਸ ਦੇ ਨਾਮ ਅੰਤ ਪੁਰੀ ਸ਼ਬਦ ਲਗਦਾ ਹੈ. "ਪੁਰ ਜਾਸ ਸਿੱਖ ਕੀਨੇ ਅਪਾਰ। ਪੁਰੀ ਨਾਮ ਤੌਨ ਜਾਨੋ ਵਿਚਾਰ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੪. ਪੁਰੁਸੋਤਮਪੁਰੀ ਦਾ ਸੰਖੇਪ, ਉੜੀਸੇ ਵਿੱਚ ਪੁਰੀ ਨਾਮ ਤੋਂ ਪ੍ਰਸਿੱਧ ਨਗਰੀ. ਦੇਖੋ, ਜਗੰਨਾਥ। ੫. ਦੇਖੋ, ਪੁੜੀ. ਪੁਟਿਕਾ. "ਪੁਰੀ ਏਕ ਦੀਨੀ ਤਿਨ ਪਾਨੇ." (ਨਾਪ੍ਰ) ੬. ਪਾਨਾਂ ਦੀ ਬੀੜੀ. ਗਿਲੌਰੀ. "ਪਾਨ ਖਾਇਕਰ ਪੁਰੀ ਬਨਾਈ." (ਚਰਿਤ੍ਰ ੬੬) ੭. ਪੂਰਣ ਹੋਈ. "ਨਾਹਿ ਪੁਰੀ ਮਨ ਭਾਵਨਾ." (ਗੁਪ੍ਰਸੂ) ੮. ਪੂਰਿਤ ਹੋਈ. ਭਰੀ ਹੋਈ. "ਗੁਰੁਕੀਰਤਿ ਸੇ ਹੈ ਪੁਰੀ." (ਗੁਪ੍ਰਸੂ) ੯. ਖਤ੍ਰੀਆਂ ਦੀ ਇੱਕ ਜਾਤਿ ਜੋ ਛੀ ਜਾਤਾਂ ਵਿੱਚ ਗਿਣੀਦੀ ਹੈ. ਦੇਖੋ, ਖਤ੍ਰੀ ਸ਼ਬਦ. "ਘੰਮੂ ਪੁਰੀ ਗੁਰੂ ਕਾ ਪਿਆਰਾ." (ਭਾਗੁ) ੧੦. ਅੰਤੜੀ. ਆਦਿ। ੧੧. ਦੇਹ. ਸ਼ਰੀਰ। ੧੨. ਨਦੀ....
ਸੰਗ੍ਯਾ- ਰਵਣ (ਉੱਚਾਰਣ) ਦੀ ਕ੍ਰਿਯਾ. ਸ਼ਬਦ ਕਰਨਾ। ੨. ਰਮਣ. ਭੋਗਣਾ. ਆਨੰਦ ਲੈਣਾ. "ਹਉ ਕਿਉ ਸਹੁ ਰਾਵਣਿ ਜਾਉ ਜੀਉ?" (ਸੂਹੀ ਮਃ ੧. ਕੁਚਜੀ) ੩. ਸੰ. ਵਿ- ਰਆ ਦੇਣ ਵਾਲਾ। ੪. ਸੰਗ੍ਯਾ- ਵੈਰੀਆਂ ਨੂੰ ਰੁਆਦੇਣ ਵਾਲਾ ਵਿਸ਼੍ਰਵਾ ਦਾ ਪੁਤ੍ਰ, ਜੋ ਕੈਕਸੀ (ਕੇਸ਼ਿਨੀ ਅਥਵਾ ਨਿਕਸ਼ਾ) ਦੇ ਉਦਰ ਤੋਂ ਜਨਮਿਆ. ਰਾਮਾਯਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਖਸ ਦੀ ਪੁਤ੍ਰੀ ਵਿਸ਼੍ਰਵਾ ਨੂੰ ਵਰਣ ਲਈ ਸੰਝ ਸਮੇਂ ਪਹੁਚੀ. ਵਿਸ਼੍ਰਵਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸੰਝ ਦਾ ਵੇਲਾ ਹੋਣ ਕਰਕੇ ਭਯੰਕਰ ਪੁਤ੍ਰ ਰਾਵਣ ਅਤੇ ਕੁੰਭਕਰਣ ਹੋਏ, ਇਨ੍ਹਾਂ ਪਿੱਛੋਂ ਕ੍ਰੂਰ ਸੁਭਾਉ ਵਾਲੀ ਸੂਰਪਣਖਾ ਜਨਮੀ. ਕੈਕਸੀ ਦੀ ਪ੍ਰਾਰਥਨਾ ਪੁਰ ਵਿਸ਼੍ਰਵਾ ਨੇ ਇੱਕ ਸ਼ਾਂਤ ਸੁਭਾਉ ਵਾਲਾ ਪੁਤ੍ਰ ਵਿਭੀਸਣ ਭੀ ਉਸ ਨੂੰ ਬਖ਼ਸ਼ਿਆ. ਰਾਵਣ ਦੇ ਦਸ ਸਿਰ ਅਤੇ ਵੀਹ ਬਾਹਾਂ ਸਨ. ਇਸ ਨੇ ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗਤ ਜਿੱਤਣ ਦਾ ਵਰ ਲਿਆ ਸੀ, ਅਰ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਤੋਂ ਕੱਢਕੇ ਆਪ ਰਾਜਾ ਬਣਿਆ, ਅਰ ਉਸ ਤੋਂ ਪੁਸਪਕ ਵਿਮਾਨ ਖੋਹ ਲਿਆ. ਰਾਵਣ ਨੇ ਬਹੁਤ ਇਸਤ੍ਰੀਆਂ ਵਿਆਹੀਆਂ, ਪਰ ਮਯ ਦਾਨਵ ਦੀ ਪ੍ਰਤ੍ਰੀ ਮੰਦੋਦਰੀ ਸਭ ਤੋਂ ਸ਼ਿਰੋਮਣਿ ਮੀ, ਜਿਸ ਤੋਂ ਇੰਦ੍ਰਜਿਤ (ਮੇਘਨਾਦ) ਜਨਮਿਆ.#ਰਾਮਾਯਣ ਵਿੱਚ ਰਾਵਣ ਦੀ ਫੌਜ ਦਸ ਖਰਬ, ਛਿਆਲੀ ਹਜਾਰ ਅਤੇ ਇੱਕ ਸੌ ਲਿਖੀ ਹੈ. ਰਾਵਣ ਸੰਸਕ੍ਰਿਤ ਦਾ ਪੰਡਿਤ ਅਤੇ ਜਾਤਿ ਕਰਕੇ ਬ੍ਰਾਹਮਣ ਸੀ. ਕ੍ਰੂਰ ਸੁਭਾਉ ਹੋਣ ਕਰਕੇ ਰਾਖਸ ਪ੍ਰਸਿੱਧ ਹੋਇਆ. ਸੀਤਾ ਹਰਣ ਦੇ ਅਪਰਾਧ ਵਿੱਚ ਸ਼੍ਰੀ ਰਾਮ ਨੇ ਇਸ ਨੂੰ ਮਾਰਕੇ ਵਿਭੀਖਣ ਨੂੰ ਲੰਕਾ ਦਾ ਰਾਜਾ ਥਾਪਿਆ.#"ਰਘੁਪਤਿ ਰਾਵਣ ਸੋਂ ਕਹ੍ਯੋ ਸੁਭਟ ਸਚੇਤ ਸਁਭਾਰ."#(ਹਨੂ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਲੰਕਾ. ਰਾਵਣ ਦੀ ਰਾਜਧਾਨੀ. ਦੇਖੋ, ਲੰਕਾ। ੨. ਟਿਨੇ ਵੈਲੀ ਦੀ ਇੱਕ ਨਦੀ ਜੋ ਅਗਸਤਿਕੂਟ ਤੋਂ ਨਿਕਲਦੀ ਹੈ. ਇਸ ਵਿੱਚੋਂ ਮੋਤੀ ਕਢਦੇ ਹਨ. ਕਿਸੇ ਸਮੇਂ ਇਸ ਦਾ ਕੋਲਕੈ ਬੰਦਰ ਬਹੁਤ ਮਸ਼ਹੂਰ ਸੀ....
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ....
ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰਗ੍ਯਾ- ਅਰਦਲੀ (Orderly) ਚਪਰਾਸੀ ਸਵਾਰ ਆਦਿ ਦਾ ਸਮੂਹ। ੨. ਕਿਸੇ ਅਫਸਰ ਦੀ ਹਜੂਰੀ. ਜਿਵੇਂ- "ਮੈਂ ਆਪ ਦੀ ਅੜਦਲ ਵਿੱਚ ਹਾਂ." (ਲੋਕੋ)...
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. शाकिनी ਸੰਗ੍ਯਾ- ਸ਼ਾਕ (ਸਾਗ) ਵਾਲੀ ਪ੍ਰਿਥਿਵੀ. ਜਿਸ ਤੋਂ ਸਾਗ ਪੈਦਾ ਹੁੰਦੇ ਹਨ। ੨ਦੇਵੀ ਦੀ ਅੜਦਲ ਵਿੱਚ ਰਹਿਣ ਵਾਲੀ ਯੋਗਿਨੀ, ਜੋ ਲਹੂ ਮਿੰਜ (ਮੱਜਾ) ਦਾ ਆਹਾਰ ਕਰਦੀ ਹੈ. ਸਕੰਦ ਪੁਰਾਣ ਵਿੱਚ ਲੇਖ ਹੈ ਕਿ ਦਕ੍ਸ਼੍ ਦਾ ਜੱਗ ਨਾਸ ਕਰਨ ਲਈ ਵੀਰਭਦ੍ਰ ਨਾਲ ਸ਼ਾਕਿਨੀ ਭੀ ਗਈ ਸੀ....
ਕੰਚਨੀ, ਜੋ ਅਨੇ ਵੇਸਾਂ ਨਾਲ ਸ਼ਰੀਰ ਨੂੰ ਸਿੰਗਾਰਦੀ ਹੈ. ਸਾਮਾਨ੍ਯਾ. ਗਣਿਕਾ. ਕੰਜਰੀ....
ਸੰਗ੍ਯਾ- ਕੰਚਨ ਜਾਤਿ ਦੀ ਇਸਤ੍ਰੀ. ਸੁਵਰਣ ਦੀ ਉਪਾਸਿਕਾ ਇਸਤ੍ਰੀ. ਵੇਸ਼੍ਯਾ. ਕੰਜਰੀ....
ਸੰ. ਸ਼ਾਖਾ. ਸੰਗ੍ਯਾ- ਬਿਰਛ ਦੀ ਟਾਹਣੀ. ਸ਼ਾਖ। ੨. ਭੁਜਾ, ਬਾਂਹ, ਉਂਗਲ, ਪੈਰ ਆਦਿਕ ਸ਼ਰੀਰ ਦੇ ਅੰਗ। ੩. ਗੋਤ੍ਰ. ਵੰਸ਼. ਕਿਸੇ ਵਡੀ ਜਾਤਿ ਦਾ ਇੱਕ ਭਾਗ। ੪. ਸੰਪ੍ਰਦਾਯ. ਕਿਸੇ ਧਰਮ ਤੋਂ ਨਿਕਲਿਆ ਹੋਇਆ ਫਿਰਕਾ. "ਸਿਖ ਸਾਖਾ ਬਹੁਤੇ ਕੀਏ." (ਸ. ਕਬੀਰ) ੫. ਵੇਦ ਦੇ ਭਾਗ. ਅਨੇਕ ਰਿਖੀਆਂ ਨੇ ਆਪਣੇ ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ ਜੁਦੀ ਜੁਦੀ ਰੀਤਿ ਨਾਲ ਪੜ੍ਹਾਏ, ਜਿਸਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋ ਗਈਆਂ "ਸਾਖਾ ਤੀਨਿ ਕਹੈ ਨਿਤ ਬੇਦੁ." (ਆਸਾ ਮਃ ੧) "ਸਾਖਾ ਤੀਨ ਨਿਵਾਰੀਆ ਏਕ ਸਬਦਿ ਲਿਵ ਲਾਇ." (ਸ੍ਰੀ ਅਃ ਮਃ ੩) ਇਸ ਥਾਂ ਤਿੰਨ ਸ਼ਾਖਾ ਤੋਂ ਭਾਵ ਤ੍ਰਿਗੁਣਾਤਮਕ ਵਿਦ੍ਯਾ ਹੈ.¹ ਦੇਖੋ, ਤ੍ਰੈਗੁਣ ੩....
ਸੰਗ੍ਯਾ- ਕਾਂਡ, ਟਾਂਸ. ਬਿਰਛ ਦੀ ਮੋਟੀ ਅਤੇ ਪਤਲੀ ਸ਼ਾਖਾ. ਟਾਹਣਾ. ਟਾਹਣੀ. "ਉਤਰ੍ਯੋ ਤਰੇ ਛੋਰਕਰ ਟਹਣੇ." (ਨਾਪ੍ਰ) "ਇਕ ਟਹਨੋ ਪ੍ਰਭੁ ਕੀ ਦਿਸਾ, ਇਕ ਸਿੱਧਨ ਦਿਸਿ ਆਹਿ." (ਨਾਪ੍ਰ)...
ਰੱਖੇਗਾ. ਰਕ੍ਸ਼ਾ ਕਰੇਗਾ। ੨. ਰਾਖਸ ਦੀ ਇਸਤ੍ਰੀ ਰਾਕ੍ਸ਼੍ਸੀ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਰਖ੍ਯਾ. ਰੱਛਾ. ਦੇਖੋ, ਰਖਵਾਰੀ. "ਹੋਈ ਰਾਜੇ ਰਾਮ ਕੀ ਰਖਵਾਲੀ." (ਸੋਰ ਮਃ ੫) ੨. ਰਾਜਪੂਤਾਨੇ ਵਿੱਚ ਇੱਕ ਸਾਲਾਨਾ ਰਕਮ, ਜੋ ਮੀਣੇ ਆਦਿਕ ਚੋਰੀਪੇਸ਼ਾ ਲੋਕਾਂ ਨੂੰ ਇਸ ਲਈ ਦਿੱਤੀ ਜਾਂਦੀ ਹੈ, ਕਿ ਉਹ ਰਖਵਾਲੀ ਅਦਾ ਕਰਨ ਵਾਲਿਆਂ ਦੇ ਇਲਾਕੇ ਚੋਰੀ ਨਾ ਹੋਣ ਦੇਣ। ੩. ਰਖ੍ਯਾ ਕਰਨ ਵਾਲੀ....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਅ਼. [داخل] ਵਿ- ਪ੍ਰਵੇਸ਼ ਹੋਇਆ. ਸਾਥ ਮਿਲਿਆ....
ਦੇਖੋ, ਹਣਵੰਤਰੁ. "ਹਨੂਮਾਨ ਸਰਿ ਗਰੁੜ ਸਮਾਨਾ." (ਧਨਾ ਕਬੀਰ) ਦੇਖੋ, ਸਰਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....