brahamachaju, brahamacharajaब्रहमचजु, ब्रहमचरज
ਬ੍ਰਹਮਚਰ੍ਯ. ਵੇਦ ਪੜ੍ਹਨ ਲਈ ਫਿਰਨਾ. ਕਾਮਾਦਿ ਵਿਕਾਰ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨਾ. "ਬ੍ਰਹਮਚਾਰਿ ਬ੍ਰਹਮਚਜੁ ਕੀਨਾ." (ਮਾਰੂ ਮਃ ੫) ੨. ਚਾਰ ਆਸ਼੍ਰਮਾਂ ਵਿੱਚੋਂ ਪਹਿਲਾ ਆਸ਼੍ਰਮ. ਦੇਖੋ, ਚਾਰ ਆਸ਼੍ਰਮ.
ब्रहमचर्य. वेद पड़्हन लई फिरना. कामादि विकार रोकके विद्या दा अभ्यास करना. "ब्रहमचारि ब्रहमचजु कीना." (मारू मः ५) २. चार आश्रमां विॱचों पहिला आश्रम. देखो, चार आश्रम.
ਸੰ. ਸੰਗ੍ਯਾ- ਗਿਆਨ. ਇ਼ਲਮ. ਦੇਖੋ, ਵਿਦ੍ਰ ਧਾ. "ਵੇਦ ਨ ਜਾਣੈ ਵੇਦੁ ਕਿਹੁ." (ਭਾਗੁ) ੨. ਹਿੰਦੂਧਰਮ ਦੇ ਗਿਆਨਦਾਤਾ ਮੁੱਖ ਗ੍ਰੰਥ, ਜਿਨ੍ਹਾਂ ਦੀ ਗਿਣਤੀ ਪਹਿਲਾਂ ਤਿੰਨ ਸੀ ਅਤੇ ਪਿੱਛੋਂ ਅਥਰਵ ਮਿਲਾਕੇ ਚਾਰ ਕੀਤੀ ਗਈ. ਪੂਰਵ ਕਾਲ ਵਿੱਚ ਇਹ ਲਿਖਤ ਅੰਦਰ ਨਹੀਂ ਆਏ, ਇੱਕ ਦੂਜੇ ਤੋਂ ਸੁਣਕੇ ਵੇਦ ਕੰਠ ਕੀਤਾ ਜਾਂਦਾ ਸੀ, ਇਸੇ ਕਾਰਣ "ਸ੍ਰੁਤਿ" ਸੰਗ੍ਯਾ ਹੋਈ, ਅਰ ਵੇਦ ਕੰਠ ਕਰਨ ਵਾਲਾ "ਸ਼੍ਰੋਤ੍ਰਿਯ" ਪ੍ਰਸਿੱਧ ਹੋਇਆ.#ਵੇਦ ਕਿਸੇ ਇੱਕ ਦੇ ਰਚੇ ਹੋਏ ਨਹੀਂ, ਇਨ੍ਹਾਂ ਵਿੱਚ ਵਸ਼ਿਸ੍ਟ, ਵਿਸ਼੍ਵਾਮਿਤ੍ਰ, ਭਰਦ੍ਵਾਜ ਆਦਿ ਅਨੇਕ ਰਿਖੀਆਂ ਦੇ ਬਣਾਏ ਹੋਏ ਮੰਤ੍ਰ ਹਨ, ਜਿਨ੍ਹਾਂ ਵਿੱਚ ਸੂਰਯ, ਅਗਨਿ, ਵਾਯੁ, ਇੰਦ੍ਰ ਆਦਿ ਦੇਵਤਿਆਂ ਦੀ ਮਹਿਮਾ ਹੈ. ਅਨੇਕ ਗ੍ਰੰਥਾਂ ਵਿੱਚ ਵੇਦਾਂ ਨੂੰ ਈਸ਼੍ਹਰ ਦੇ ਸ੍ਵਾਸ ਲਿਖਿਆ ਹੈ. ਮਨੁ ਨੇ ਅਗਨਿ ਵਾਯੁ ਅਤੇ ਸੂਰਯ ਤੋ, ਵੇਦਾਂ ਦਾ ਪ੍ਰਾਪਤ ਹੋਣਾ ਦੱਸਿਆ ਹੈ.¹#ਸਭ ਤੋਂ ਪੁਰਾਣਾ ਰਿਗਵੇਦ ਹੈ. ਰਿਚ੍ ਨਾਮ ਉਸਤਤਿ ਦਾ ਹੈ. ਇਸੇ ਧਾਤੁ ਤੋਂ ਰਿਗ ਸ਼ਬਦ ਬਣਿਆ ਹੈ. ਜਿਸ ਵਿੱਚ ਦੇਵਤਿਆਂ ਦੀ ਉਸਤਤਿ ਹੋਵੇ ਸੋ ਰਗਿਵੇਦ ਹੈ. ਇਸ ਵੇਦ ਦੇ ਦਸ਼ ਮੰਡਲ, ੧੦੨੮ ਸੂਕ੍ਤ ਅਤੇ ੧੫੩੮੨੬ ਸ਼ਬਦ ਹਨ.#ਯਜ੍ ਧਾਤੁ ਦਾ ਅਰਥ ਹੈ ਯਗ੍ਯ ਕਰਨਾ. ਪੂਜਨ ਕਰਨਾ, ਸੋ ਜਿਸ ਵਿੱਚ ਬਲਿਦਾਨ ਅਤੇ ਜੱਗ ਹੋਮ ਦਾ ਵਰਣਨ ਹੈ, ਉਹ ਯਜੁਰਵੇਦ ਹੈ. ਇਸ ਵੇਦ ਦੀਆਂ ਦੋ ਸੰਹਿਤਾ ਹਨ, ਇੱਕ "ਤੈੱਤਿਰਯ"- ਦੂਜੀ ਵਾਜਸਨੇਯੀ." ਵਿਸਨੁਪੁਰਾਣ ਵਿੱਚ ਕਥਾ ਹੈ ਕਿ ਵੈਸ਼ੰਪਾਯਨ ਨੇ ਯਾਗ੍ਯਵਲਕ੍ਯ ਨੂੰ ਯਜੁਰਵੇਦ ਪੜ੍ਹਾਇਆ. ਇੱਕ ਵਾਰ ਵੈਸ਼ੰਪਾਯਨ ਤੋਂ ਆਪਣਾ ਭਾਣਜਾ ਅਚਾਨਕ ਲੱਤ ਮਾਰਨ ਤੋਂ ਮਰ ਗਿਆ, ਇਸ ਪੁਰ ਪ੍ਰਾਯਸ਼੍ਚਿਤ ਕਰਨ ਲਈ ਵੈਸ਼ੰਪਾਯਨ ਨੇ ਸਾਰੇ ਚੇਲਿਆਂ ਨੂੰ ਸ਼ਾਮਿਲ ਹੋਣ ਦੀ ਆਗ੍ਯਾ ਕੀਤੀ. ਯਾਗ੍ਯਵਲਕ੍ਯ ਨੇ ਆਖਿਆ ਸੀ ਕਿ ਮੈ ਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹਾਂ. ਇਹ ਸੁਣਕੇ ਵੈਸ਼ੰਪਾਯਨ ਨੂੰ ਗੁੱਸਾ ਆਇਆ ਅਰ ਆਖਿਆ ਕਿ ਤੂੰ ਵਡਾ ਹੰਕਾਰੀ ਹੈਂ. ਇਸ ਲਈ ਮੇਰੀ ਪੜ੍ਹਾਈ ਵਿਦ੍ਯਾ ਉਗਲਦੇ. ਯਾਗ੍ਯਵਲਕ੍ਯ ਨੇ ਯਜੁਰਵੇਦ ਦੇ ਪੜ੍ਹੇ ਮੰਤ੍ਰ ਕ਼ਯ ਕਰਕੇ ਸਿੱਟ ਦਿੱਤੇ, ਜਿਨ੍ਹਾਂ ਨੂੰ ਵੈਸ਼ੰਪਾਯਨ ਦੇ ਚੇਲਿਆਂ ਨੇ ਤਿੱਤਿਰ ਬਣਕੇ ਚੁਗ ਲਿਆ. ਇਸ ਲਈ ਉਹ ਸ਼ਾਖਾ ਤੈੱਤਿਰੀਯ ਕਹਾਈ, ਅਰ ਯਾਗ੍ਯਵਲਕ੍ਯ ਨੇ ਵੇਦ ਵਿਦ੍ਯਾ ਸਿੱਖਣ ਲਈ ਸੂਰਯ ਦੀ ਆਰਾਧਨਾ ਕੀਤੀ. ਜਿਸ ਪੁਰ ਸੂਰਯ ਨੇ ਘੋੜੇ ਦਾ ਰੂਪ ਧਾਰਕੇ ਵੇਦਮੰਤ੍ਰ ਪੜ੍ਹਾਏ. ਇਸ ਲਈ ਦੂਜੀ ਸ਼ਾਖਾ ਦਾ ਨਾਮ "ਵਾਜਸਨੇਯੀ" ਹੋਇਆ. ਤੈੱਤਿਰਯਾ ਦਾ ਨਾਮ ਕ੍ਰਿਸ੍ਨ ਅਤੇ ਵਾਜਸਨੇਯੀ ਦਾ ਸ਼ੁਕਲ ਯਜੁਰਵੇਦ ਹੈ. ਕਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਤਿੱਤਿਰ ਅਤੇ ਵਾਜਸਨੇਯ ਨਾਮ ਰਿਸੀਆਂ ਦੇ ਨਾਮ ਤੋਂ, ਇਹ ਸੰਗ੍ਯਾ ਹੈ. ਕ੍ਰਿਸ੍ਨ ਯਜੁਰ ਦੀਆਂ ੨੧੯੮ ਕੰਡਿਕਾ ਅਤੇ ਸ਼ੁਕਲ ਦੀਆਂ ੧੯੭੫ ਹਨ.#ਸਾਮਨ ਦਾ ਅਰਥ ਹੈ ਤੁਲ੍ਯ (ਸਮਾਨ), ਜਿਸ ਦੇ ਮੰਤ੍ਰ ਗਾਉਣ ਲਈ ਸਮਾਨ ਵਜ਼ਨ ਦੇ ਹੋਣ, ਉਹ ਸਾਮਵੇਦ ਹੈ. ਗਾਯਕ ਬ੍ਰਾਹਮਣ ਸਾਮਵੇਦ ਨੂੰ ਯੱਗ ਆਦਿ ਮੰਗਲ ਕਰਮਾਂ ਵਿੱਚ ਗਾਉਂਦੇ ਹਨ, ਇਸ ਦੇ ਸਾਰੇ ਮੰਤ੍ਰ ੧੫੪੯ ਹਨ.#ਅਥਰ੍ਵਨ ਦਾ ਅਰਥ ਹੈ ਹਵਨ ਕਰਨ ਵਾਲਾ. ਜਿਸ ਵਿੱਚ ਹੋਤ੍ਰਿ ਦੇ ਕਰਮ ਅਤੇ ਹਵਨ ਦੇ ਪ੍ਰਕਾਰ ਹੋਣ, ਉਹ ਅਥਰ੍ਵਵੇਦ ਹੈ. ਇਸ ਵੇਦ ਵਿੱਚ ਮੰਤ੍ਰ ਟੂਣੇ ਜਾਦੂ ਆਦਿ ਦਾ ਬਹੁਤ ਜਿਕਰ ਹੈ. ਇਸ ਦੇ ਮੰਤ੍ਰ ੭੬੦ ਹਨ.#ਯਗ੍ਯ ਵਿੱਚ ਰਿਗਵੇਦ ਦੇ ਮੰਤ੍ਰਾਂ ਦਾ ਪਾਠਕ "ਹੋਤ੍ਰਿ" ਯਜੁਰ ਦੇ ਮੰਤ੍ਰ ਪੜ੍ਹਨ ਵਾਲਾ "ਅਧ੍ਵਰਯੁ" ਸਾਮਵੇਦ ਦੇ ਮੰਤ੍ਰ ਗਾਉਣ ਵਾਲਾ "ਉਦਗਾਤ੍ਰਿ" ਅਤੇ ਸਾਰੇ ਵੇਦਾਂ ਦੇ ਮੰਤ੍ਰ ਪੜ੍ਹਨ ਵਾਲਾ ਅਰ ਸਭ ਨੂੰ ਕਰਮਵਿਧਿ ਦੱਸਣ ਵਾਲਾ "ਬ੍ਰਹਮਾ" ਆਖਿਆ ਜਾਂਦਾ ਹੈ.#ਸਾਰੇ ਵੇਦਾਂ ਦੇ ਤਿੰਨ ਭਾਗ ਹਨ- ਇੱਕ "ਮੰਤ੍ਰ", ਦੂਜਾ "ਬ੍ਰਾਹ੍ਮਣ", ਤੀਜਾ "ਆਰਣ੍ਯਕ" ਮੰਤ੍ਰਭਾਗ ਉਹ ਹੈ, ਜੋ ਪੁਰਾਣੇ ਮੂਲਰੂਪ ਮੰਤ੍ਰ ਹਨ. ਬ੍ਰਾਹਮਣਭਾਗ ਉਹ ਹੈ, ਜਿਸ ਵਿੱਚ ਮੰਤ੍ਰਾਂ ਦੀ ਵਿ੍ਯਾਖ੍ਯਾ, ਮੰਤ੍ਰਾਂ ਨੂੰ ਯੋਗ੍ਯ ਸਮੇਂ ਪੁਰ ਵਰਤਣ ਦੀ ਵਿਧਿ ਅਤੇ ਯੱਗ ਆਦਿ ਕਰਮਾਂ ਦਾ ਪ੍ਰਕਾਰ ਰਿਖੀਆਂ ਨੇ ਦੱਸਿਆ ਹੈ. ਉਪਨਿਸਦ ਭਾਗ ਦੀ ਆਰਣ੍ਯਕ ਸੰਗ੍ਯਾ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਛਤ੍ਰੀ ਅਤੇ ਵੈਸ਼੍ਯ ਨੂੰ ਹੈ. ਸ਼ੂਦ੍ਰ ਅਤੇ ਨੀਚ ਜਾਤਿ ਦੇ ਲੋਕ, ਵੇਦ ਪੜ੍ਹਨਾ ਤਾਂ ਇਕ ਪਾਸੇ ਰਿਹਾ, ਸੁਣਨ ਦੇ ਭੀ ਅਧਿਕਾਰੀ ਨਹੀਂ.² "ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ." (ਮਃ ੧. ਵਾਰ ਮਾਝ)#ਗਾਯਤ੍ਰੀਤੰਤ੍ਰ ਦੇ ਪੰਜਵੇਂ ਪਟਲ ਵਿੱਚ ਵੇਦਾਂ ਦੇ ਰੰਗ ਲਿਖੇ ਹਨ- ਹੀਰੇ ਜੇਹਾ ਸਾਮ, ਪਿਲੱਤਣ ਨਾਲ ਗੋਰਾ ਰਿਗ, ਲਾਲਰੰਗ ਯਜੁਰ ਅਤੇ ਪੀਠੇ ਹੋਏ ਸੁਰਮੇ ਜੇਹਾ ਅਥਰਵਵੇਦ. ਇਹੀ ਖਿਆਲ ਵੇਦਾਂ ਦੇ ਰੰਗਾਂ ਬਾਬਤ ਕਾਤ੍ਯਾਯਨ ਰਿਖੀ ਕ੍ਰਿਤ "ਚਰਣਵ੍ਯੂਹ" ਵਿੱਚ ਪਾਇਆ ਜਾਂਦਾ ਹੈ.#ਮਹਾਭਾਰਤ ਦੇ ਵਨ ਪਰਵ ਦੇ ੧੮੯ ਵੇਂ ਅਧ੍ਯਾਯ ਵਿੱਚ ਭਗਵਾਨ ਨੇ ਯੁਗਾਂ ਅਨੁਸਾਰ ਆਪਣੇ ਰੰਗ ਦੱਸੇ ਹਨ- ਸਤਯੁਗ ਵਿੱਚ ਚਿੱਟਾ, ਤ੍ਰੇਤੇ ਵਿੱਚ ਪੀਲਾ, ਦ੍ਵਾਪਰ ਵਿੱਚ ਲਾਲ ਅਤੇ ਕਲਿਯੁਗ ਵਿੱਚ ਕਾਲਾ.³ "ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ. (ਮਃ ੧. ਵਾਰ ਮਾਝ)#ਇਨ੍ਹਾਂ ਰੰਗਾਂ ਨੂੰ ਕਈ ਵਿਦ੍ਵਾਨਾਂ ਨੇ ਹੋਰ ਢੰਗ ਨਾਲ ਲਿਖਿਆ ਹੈ, ਜੇਹਾਕਿ ਭਾਈ ਗੁਰੁਦਾਸ ਜੀ ਦੇ ਵਾਕ ਤੋਂ ਸਿੱਧ ਹੁੰਦਾ ਹੈ. "ਰਿਗਨੀਲੰਬਰ ਜੁਜਰ ਪੀਤ ਸ੍ਵੇਤੰਬਰ ਕਰ ਸਾਮ ਸੁਧਾਰਾ." (ਭਾਗੁ) ੩. ਪਾਰਬ੍ਰਹਮ. ਕਰਤਾਰ। ੪. ਰੜਕਾ. ਮੋਟੀਆਂ ਤੀਲੀਆਂ ਦਾ ਝਾੜੂ. ਖਾਸ ਕਰਕੇ ਕੁਸ਼ਾ ਦੀਆਂ ਤੀਲੀਆਂ ਦੀ ਬੁਹਾਰੀ....
ਦੇਖੋ, ਫਿਰਣਾ....
ਦੇਖੋ, ਬਿਕਾਰ. "ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ." (ਸ੍ਰੀ ਮਃ ੧)...
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਦੇਖੋ, ਅਭਿਆਸ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਬ੍ਰਹਮਚਾਰੀ (चारिन). ਵੇਦ ਪੜ੍ਹਨ ਲਈ ਫਿਰਨ ਵਾਲਾ। ੨. ਮਨ ਇੰਦ੍ਰਿਯ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨ ਵਾਲਾ....
ਬ੍ਰਹਮਚਰ੍ਯ. ਵੇਦ ਪੜ੍ਹਨ ਲਈ ਫਿਰਨਾ. ਕਾਮਾਦਿ ਵਿਕਾਰ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨਾ. "ਬ੍ਰਹਮਚਾਰਿ ਬ੍ਰਹਮਚਜੁ ਕੀਨਾ." (ਮਾਰੂ ਮਃ ੫) ੨. ਚਾਰ ਆਸ਼੍ਰਮਾਂ ਵਿੱਚੋਂ ਪਹਿਲਾ ਆਸ਼੍ਰਮ. ਦੇਖੋ, ਚਾਰ ਆਸ਼੍ਰਮ....
ਕੀਤਾ. ਕਰਿਆ."ਸੋ ਪਾਏ ਜੋ ਕਿਛੁ ਕੀਨਾ#ਹੇ." (ਮਾਰੂ ਸੋਲਹੇ ਮਃ ੧) ੨. ਫ਼ਾ. [کیِنہ] ਵੈਰ. ਬੁਗ਼ਜ. ਦੇਖੋ, ਕੀਨ ੪. ਇਹ ਸ਼ਬਦ ਕੀਨ ਭੀ ਉਹੀ ਅਰਥ ਰਖਦਾ ਹੈ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਸੰ. ਆਸ਼੍ਰਮ. ਸੰਗ੍ਯਾ- ਨਿਵਾਸ ਦਾ ਥਾਂ. ਰਹਿਣ ਦਾ ਟਿਕਾਣਾ. "ਚਰਨ ਕਮਲ ਗੁਰੁ ਆਸ੍ਰਮ ਦੀਆ." (ਬਿਲਾ ਮਃ ੫) ੨. ਹਿੰਦੂਮਤ ਅਨੁਸਾਰ ਜੀਵਨ ਦੀ ਅਵਸਥਾ, ਜਿਸ ਦੇ ਚਾਰ ਭੇਦ ਹਨ- ਬ੍ਰਹਮਚਰਯ, ਗ੍ਰਿਹਸ੍ਥ, ਵਾਨਪ੍ਰਸ੍ਥ, ਅਤੇ ਸੰਨ੍ਯਾਸ. "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪) ਦੇਖੋ, ਚਾਰ ਆਸ੍ਰਮ....