biravāबिरवा
ਸੰਗ੍ਯਾ- ਵਿਟਪ. ਬਿਰਛ. ਪੌਧਾ. ਬੂਟਾ. "ਚੰਦਨ ਕਾ ਬਿਰਵਾ ਭਲਾ." (ਸ. ਕਬੀਰ) "ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲ ਹਰੁ ਸੋਖਿਆ." (ਰਾਮ ਕਬੀਰ) ਸ਼ਾਂਤਿ ਅਵਸਥਾ ਵਿੱਚ ਬ੍ਰਹਮਗਿਆਨ ਰੂਪ ਬੂਟਾ ਪੈਦਾ ਹੋਇਆ, ਜਿਸ ਨੇ ਧਰਤੀ ਦਾ ਪਾਣੀ (ਸੰਸਾਰ ਦੀ ਵਾਸਨਾ) ਨੂੰ ਖਿੱਚਕੇ ਸੁਕਾਦਿੱਤਾ। ੨. ਵਿ- ਖਾਲੀ. ਵੰਚਿਤ.
संग्या- विटप. बिरछ. पौधा. बूटा. "चंदन का बिरवा भला." (स. कबीर) "सहज सुंनि इकु बिरवा उपजिआ धरती जल हरु सोखिआ." (राम कबीर) शांति अवसथा विॱच ब्रहमगिआन रूप बूटा पैदा होइआ, जिस ने धरती दापाणी (संसार दी वासना) नूं खिॱचके सुकादिॱता। २. वि- खाली. वंचित.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬਿਰਛ. ਬੂਟਾ. ਦੇਖੋ, ਬਿਟਪ....
ਦੇਖੋ, ਬਿਰਖ ੧....
ਸੰ. ਪੋਤ ਦੇਖੋ, ਪੌਦ ਅਤੇ ਪੌਦਾ....
ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ....
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ....
ਸੰਗ੍ਯਾ- ਵਿਟਪ. ਬਿਰਛ. ਪੌਧਾ. ਬੂਟਾ. "ਚੰਦਨ ਕਾ ਬਿਰਵਾ ਭਲਾ." (ਸ. ਕਬੀਰ) "ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲ ਹਰੁ ਸੋਖਿਆ." (ਰਾਮ ਕਬੀਰ) ਸ਼ਾਂਤਿ ਅਵਸਥਾ ਵਿੱਚ ਬ੍ਰਹਮਗਿਆਨ ਰੂਪ ਬੂਟਾ ਪੈਦਾ ਹੋਇਆ, ਜਿਸ ਨੇ ਧਰਤੀ ਦਾ ਪਾਣੀ (ਸੰਸਾਰ ਦੀ ਵਾਸਨਾ) ਨੂੰ ਖਿੱਚਕੇ ਸੁਕਾਦਿੱਤਾ। ੨. ਵਿ- ਖਾਲੀ. ਵੰਚਿਤ....
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. सहज ਵਿ- ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। ੨. ਸੰਗ੍ਯਾ- ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। ੩. ਸ੍ਵਭਾਵ. ਖ਼ੋ. ਆਦਤ. ਫ਼ਿਤਰਤ. ਅਸਲ ਪ੍ਰਕ੍ਰਿਤਿ. "ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਿਤ ਕਬੀਰ ਉਆ ਕੋ ਸਹਜੁ ਨ ਜਾਈ।।" (ਆਸਾ) ੪. ਵਿਚਾਰ. ਵਿਵੇਕ. "ਸਹਜੇ ਗਾਵਿਆ ਥਾਇ ਪਵੈ." (ਸ੍ਰੀ ਅਃ ਮਃ ੩) ੫. ਗ੍ਯਾਨ. "ਕਰਮੀ ਸਹਜ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਗੁਰੁ ਬਿਨ ਸਹਜ ਨ ਊਪਜੈ ਭਾਈ, ਪੂਛਹੁ ਗਿਆਨੀਆ ਜਾਇ." (ਸੋਰ ਅਃ ਮਃ ੩) ੬. ਆਨੰਦ. ਸ਼ੋਕ ਦਾ ਅਭਾਵ. "ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ." (ਸ੍ਰੀ ਅਃ ਮਃ ੩) ੭. ਸੁਸ਼ੀਲ. ਪਤਿਵ੍ਰਤ। ੮. ਪਾਰਬ੍ਰਹਮ. ਕਰਤਾਰ. "ਸਹਜ ਸਾਲਾਹੀ ਸਦਾ ਸਦਾ." (ਸ੍ਰੀ ਅਃ ਮਃ ੩) ੯. ਸਨਮਾਨ. ਆਦਰ। ੧੦. ਕ੍ਰਿ. ਵਿ- ਨਿਰਯਤਨ. "ਸਤਿਗੁਰੁ ਤ ਪਾਇਆ ਸਹਜ ਸੇਤੀ." (ਅਨੰਦੁ) ੧੧. ਸ੍ਵਾਭਾਵਿਕ. "ਜੋ ਕਿਛੁ ਹੋਇ ਸੁ ਸਹਜੇ ਹੋਇ." (ਵਾਰ ਬਿਲਾ ਮਃ ੩) "ਸਹਜੇ ਜਾਗੈ ਸਹੇਜੇ ਸੋਵੈ." (ਵਾਰ ਸੋਰ ਮਃ ੩) ੧੨. ਆਸਾਨੀ ਨਾਲ. "ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ." (ਸ. ਕਬੀਰ) ੧੩. ਸਿੰਧੀ. ਸੰਗ੍ਯਾ- ਘੋਟੀ ਹੋਈ ਭੰਗ....
ਸੁੰਨ ਵਿੱਚ. ਸ਼ੂਨ੍ਯ ਮੇ. ਭਾਵ- ਸ਼ੁੱਧ ਬ੍ਰਹਮ ਵਿੱਚ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ." (ਆਸਾ ਕਬੀਰ)...
ਏਕ. ਦੇਖੋ, ਇਕ "ਇਕੁ ਖਿਨੁ ਤਿਸੁ ਬਿਨ ਜੀਵਣਾ." (ਮਾਝ ਬਾਰਹਮਾਹਾ)...
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਸੰਗ੍ਯਾ- ਸੀਤਲਤਾ। ੨. ਮਨ ਦਾ ਠਹਿਰਾਉ। ੩. ਵਿਸ਼੍ਰਾਮ। ੪. ਅਮਨ. ਚੈਨ. "ਸ਼ਾਂਤਿ ਪਾਈ ਗੁਰਿ ਸਤਿਗੁਰਿ ਪੂਰੇ." (ਬਿਲਾ ਮਃ ੫).¹ ੫. ਦੇਖੋ, ਸ਼ਾਂਤ ੭....
ਸੰ. ਅਵਸ੍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ....
ਬ੍ਰਹ੍ਮਗ੍ਯਾਨ (ज्ञान). ਆਤਮਗਿਆਨ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਇੱਛਾ. ਖ਼੍ਵਾਹਿਸ਼. ਦੇਖੋ, ਬਾਸਨਾ. "ਵਾਸਨਾ ਸਮਾਣੀ." (ਅਨੰਦੁ)...
ਅ਼. [خالی] ਵਿ- ਛੂਛਾ। ੨. ਥੋਥਾ। ੩. ਬਿਨਾ ਪ੍ਰਾਪਤੀ. "ਖਾਲੀ ਚਲੇ ਧਣੀ ਸਿਉ." (ਸ. ਫਰੀਦ) ੪. ਛੋਟਾ ਖਾਲ, ਜੋ ਪਾਣੀ ਦੇ ਵਹਿਣ ਲਈ ਹੋਵੇ। ੫. ਸੰਗੀਤ ਅਨੁਸਾਰ ਤਾਲ ਦੀ ਉਹ ਮਾਤ੍ਰਾ ਜਿਸ ਤੇ ਜਰਬ (ਆਘਾਤ) ਨਾ ਆਵੇ....
ਦੇਖੋ, ਬੰਚਿਤ....