bidhēhīबिदेही
विदेहिन्- ਵਿ- ਵਿਦੇਹੀ. ਦੇਹ ਰਹਿਤ, ਪਾਰਬ੍ਰਹਮ. ਕਰਤਾਰ. "ਦੇਹੀ ਗੁਪਤ ਬਿਦੇਹੀ ਦੀਸੈ." (ਰਾਮ ਮਃ ੫) ੨. ਸੰ. ਵੈਦੇਹੀ ਵਿਦੇਹ ਦੇਸ਼ ਅਥਵਾ ਵਿਦੇਹ (ਜਨਕ) ਨਾਲ ਹੈ ਜਿਸਦਾ ਸੰਬੰਧ, ਸੀਤਾ. ਜਨਕਪੁਤ੍ਰੀ.
विदेहिन्- वि- विदेही. देह रहित, पारब्रहम. करतार. "देही गुपत बिदेही दीसै." (राम मः ५) २. सं. वैदेही विदेह देश अथवा विदेह (जनक) नाल है जिसदा संबंध, सीता. जनकपुत्री.
ਦੇਖੋ, ਬਿਦੇਹੀ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਦੇਹ ਤਨ. ਸ਼ਰੀਰ. "ਇਸ ਦੇਹੀ ਕਉ ਸਿਮਰਹਿ ਦੇਵ." (ਭੈਰ ਕਬੀਰ) ੨. ਦੇਹੀਂ. ਦੇਵੇਂ। ੩. ਸੰ. देहिन्. ਜੀਵਾਤਮਾ. "ਮਨ ਕਾ ਜੀਉ ਪਵਨ, ਪਤਿਦੇਹੀ, ਦੇਹੀ ਮਹਿ ਦੇਉ ਸਮਾਗਾ." (ਸੋਰ ਮਃ ੧) ਮਨ ਕਾ ਜੀਵਨ ਪ੍ਰਾਣ, ਪ੍ਰਾਣਾਂ ਦਾ ਪਤਿ ਜੀਵਾਤਮਾ, ਦੇਹੀ (ਜੀਵਾਤਮਾ) ਵਿੱਚ ਦੇਉ (ਪਾਰਬ੍ਰਹਮ) ਸਮਾਇਆ ਹੋਇਆ ਹੈ। ੪. ਦੇਹ ਵਾਲਾ....
ਸੰ. गुप्त ਵਿ- ਰਕ੍ਸ਼ਿਤ. ਹ਼ਿਫ਼ਾਜਤ ਕੀਤਾ ਹੋਇਆ। ੨. ਲੁਕਿਆ ਹੋਇਆ. ਪੋਸ਼ੀਦਾ. "ਗੁਪਤ ਕਰਤਾ ਸੰਗਿ ਸੋ ਪ੍ਰਭੁ." (ਮਾਰੂ ਮਃ ੫) ੩. ਸੰਗ੍ਯਾ- ਵੈਸ਼੍ਯ ਜਾਤਿ ਦੀ ਉਪਾਧਿ. ਇਹ ਸ਼ਬਦ ਵੈਸ਼ਾਂ ਦੇ ਨਾਉਂ ਪਿੱਛੇ ਲਗਦਾ ਹੈ। ੪. ਇੱਕ ਪ੍ਰਤਾਪੀ ਪੁਰਖ, ਜਿਸ ਤੋਂ ਵੰਸ਼ ਦੀ ਅੱਲ ਗੁਪਤ ਹੋਈ. ਇਸ ਦਾ ਪੁਤ੍ਰ ਘਟੋਤਕਚ ਬਲਵਾਨ ਅਤੇ ਵਡਾ ਉੱਦਮੀ ਸੀ. ਘਟੋਤਕਚ ਦਾ ਬੇਟਾ ਚੰਦ੍ਰਗੁਪਤ ਹੋਇਆ, ਜੋ ਆਪਣੀ ਇਸਤ੍ਰੀ ਕੁਮਾਰਦੇਵੀ ਦੀ ਸਹਾਇਤਾ ਨਾਲ ਸਨ ੩੨੦ ਵਿੱਚ ਮਗਧ ਦਾ ਰਾਜਾ ਹੋਕੇ ਨੀਤਿਬਲ ਨਾਲ ਭਾਰਤ ਦਾ ਮਹਾਰਾਜਾ ਬਣਿਆ. ਇਸ ਦੀ ਰਾਜਧਾਨੀ ਪਾਟਲੀਪੁਤ੍ਰ ਸੀ. ਇਸ ਦਾ ਪੁਤ੍ਰ ਸਮੁਦ੍ਰਗੁਪਤ ਭੀ ਵਡਾ ਪ੍ਰਸਿੱਧ ਮਹਾਰਾਜਾ ਸਨ ੩੩੦ ਵਿੱਚ ਹੋਇਆ, ਜਿਸ ਨੇ ਪਾਟਲੀਪੁਤ੍ਰ ਤੋਂ ਛੁੱਟ ਆਪਣੀ ਰਾਜਧਾਨੀ ਅਯੋਧ੍ਯਾ ਭੀ ਥਾਪੀ.#ਧ੍ਰੁਵਦੇਵੀ ਦੇ ਉਦਰ ਤੋਂ ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ ਦੂਜਾ, (ਜਿਸ ਦਾ ਨਾਉਂ ਵਿਕ੍ਰਮਾਦਿਤ੍ਯ ਭੀ ਹੈ) ਮਹਾ ਤੇਜਸ੍ਵੀ ਮਹਾਰਾਜਾ ਸਨ ੩੮੦ ਵਿੱਚ ਹੋਇਆ, ਇਸ ਨੇ ਉੱਜਯਨ ਮਾਲਵਾ, ਗੁਜਰਾਤ ਤੇ ਸੁਰਾਸ੍ਟ੍ਰ ਨੂੰ ਫ਼ਤੇ ਕੀਤਾ. ਬਹੁਤ ਸਾਰੀ ਸਾਖੀਆਂ ਜੋ ਮਸ਼ਹੂਰ ਰਾਜਾ ਬਿਕ੍ਰਮਾਜੀਤ ਨਾਲ ਸੰਬੰਧ ਰਖਦੀਆਂ ਹਨ, ਉਹ ਇਸੇ ਪ੍ਰਤਾਪੀ ਰਾਜੇ ਦੇ ਜੀਵਨ ਤੋਂ ਲਈਆਂ ਗਈਆਂ ਹਨ. ਇਸ ਦੇ ਵੇਲੇ ਸੰਸਕ੍ਰਿਤ ਦੀ ਭਾਰੀ ਤਰੱਕੀ ਹੋਈ. ਬਹੁਤਿਆਂ ਨੇ ਕਾਲੀਦਾਸ ਮਹਾਂ ਕਵੀ ਇਸੇ ਦੇ ਸਮੇਂ ਹੋਣਾ ਮੰਨਿਆ ਹੈ. ਇਸ ਦਾ ਪੁਤ੍ਰ ਕੁਮਾਰਗੁਪਤ ਸਨ ੪੧੩ ਅਥਵਾ ੪੧੫ ਵਿੱਚ ਗੱਦੀ ਪੁਰ ਬੈਠਾ, ਪਰ ਇਸ ਦੇ ਸਮੇਂ ਤੋਂ ਗੁਪਤਵੰਸ਼ ਦਾ ਪ੍ਰਤਾਪ ਘਟਣ ਲੱਗ ਪਿਆ.#ਕੁਮਾਰਗੁਪਤ ਦਾ ਪੁਤ੍ਰ ਸਕੰਦਗੁਪਤ ਸਨ ੪੫੫ ਵਿੱਚ ਹੂਨ ਜਾਤਿ ਤੋਂ ਜਿੱਤਿਆ ਗਿਆ. ਇਸ ਨੂੰ ਗੁਪਤਵੰਸ਼ ਦਾ ਅਖ਼ੀਰੀ ਮਹਾਰਾਜਾ ਸਮਝਣਾ ਚਾਹੀਏ. ਭਾਵੇਂ ਇਸ ਕੁਲ ਦੇ, ਛੋਟੇ ਛੋਟੇ ਰਾਜੇ ਅਰ ਸਰਦਾਰ ਨਰਸਿੰਹਗੁਪਤ, ਕੁਮਾਰਗੁਪਤ ਦੂਜਾ ਆਦਿਕ ਹੋਏ, ਜਿਨ੍ਹਾਂ ਵਿੱਚੋਂ ਭਾਨੁਗੁਪਤ ਸਨ ੫੧੦ ਵਿੱਚ ਅਖ਼ੀਰੀ ਹੋਇਆ, ਪਰ ਇਸ ਗੁਪਤਵੰਸ਼ ਦਾ ਰਾਜ ਪੂਰੇ ਪ੍ਰਤਾਪ ਵਿੱਚ ਸਨ ੩੨੦ ਤੋਂ ੪੫੫ ਤੀਕ ਰਿਹਾ.#ਗੁਪਤ ਸੰਮਤ ਜੋ ਸਨ ੩੨੦ ਤੋਂ ਆਰੰਭ ਹੋਇਆ ਸੀ, ਉਹ ਭੀ ਇਸ ਕੁਲ ਦੇ ਰਾਜ ਨਾਲ ਹੀ ਲੋਪ ਹੋ ਗਿਆ। ੫. ਰਾਜਾ ਦਾ ਅੰਤਹਪੁਰ. ਰਾਣੀਆਂ ਦੇ ਰਹਿਣ ਦਾ ਮਹਿਲ। ੬. ਜੇਲਖ਼ਾਨਾ. ਕੈਦੀਆਂ ਦਾ ਘਰ। ੭. ਭੂਤ ਪ੍ਰੇਤ. "ਸੰਗਤ ਗੁਪਤਨ ਕੀ ਹੈ ਜੇਤੀ। ਲਾਲੋ ਕੇ ਪਗ ਪੂਜਹਿ ਤੇਤੀ." (ਗੁਪ੍ਰਸੂ)...
विदेहिन्- ਵਿ- ਵਿਦੇਹੀ. ਦੇਹ ਰਹਿਤ, ਪਾਰਬ੍ਰਹਮ. ਕਰਤਾਰ. "ਦੇਹੀ ਗੁਪਤ ਬਿਦੇਹੀ ਦੀਸੈ." (ਰਾਮ ਮਃ ੫) ੨. ਸੰ. ਵੈਦੇਹੀ ਵਿਦੇਹ ਦੇਸ਼ ਅਥਵਾ ਵਿਦੇਹ (ਜਨਕ) ਨਾਲ ਹੈ ਜਿਸਦਾ ਸੰਬੰਧ, ਸੀਤਾ. ਜਨਕਪੁਤ੍ਰੀ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਵਿਦੇਹ (ਜਨਕ) ਦੀ ਪੁਤ੍ਰੀ, ਸੀਤਾ. ਜਾਨਕੀ. ਦੇਖੋ, ਵੈਦੇਹ....
ਦੇਖੋ, ਬਿਦੇਹ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਵ੍ਯ- ਯਾ. ਵਾ. ਕਿੰਵਾ. ਜਾਂ....
ਕ੍ਰਿ. ਵਿ- ਜਨੁ. ਜਾਣੀਓ. ਮਾਨੋ. ਗੋਯਾ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੨. ਵਿ- ਜਾਣਨ ਵਾਲਾ. ਗ੍ਯਾਤਾ. ਗਿਆਨੀ. "ਜਨਕੁ ਸੋਇ ਜਿਨ੍ਹਿ ਜਾਣਿਆ." (ਸਵੈਯੇ ਮਃ ੪. ਕੇ) "ਹਰਿ ਕਾ ਨਾਮ ਜਨਕ ਉਧਾਰੈ." (ਗਉ ਮਃ ੫) "ਜਨਕ ਜਨਕ ਬੈਠੇ ਸਿੰਘਾਸਨਿ." (ਕਾਨ ਅਃ ਮਃ ੪) ਗਿਆਨੀ ਜਨਕ ਸਿੰਘਾਸਨ ਤੇ ਬੈਠੇ। ੩. ਸੰ. जनक ਵਿ- ਜਨਮਦਾਤਾ. ਜਣਨ ਵਾਲਾ. ਉਤਪੰਨ ਕਰਤਾ। ੪. ਸੰਗ੍ਯਾ- ਪਿਤਾ. ਬਾਪ. ਲੈਕਰ ਦੁਤਾਰਾ ਗਾਵੈ ਸੰਗਤਿ ਮੇਂ ਵਾਰ ਆਸਾ.#ਪਕੜ ਦੁਧਾਰਾ ਵਾਹੈ ਸਤ੍ਰੁ ਸਿਰ ਆਰਾ ਹੈ,#ਕੜਛਾ ਲੈ ਹਾਥ ਬਰਤਾਵਤ ਅਤੁੱਟ ਦੇਗ#ਕਠਿਨ ਕੋਦੰਡ ਵਾਣ ਵੇਧ ਕਰੈ ਪਾਰਾ ਹੈ,#ਭਕ੍ਤਿ ਗ੍ਯਾਨ ਪ੍ਰੇਮ ਔ ਵੈਰਾਗ ਕੀ ਸੁਨਾਵੈ ਕਥਾ#ਚੜ੍ਹਕੈ ਤੁਰੰਗ ਜੰਗ ਦੇਵੈ ਲਲਕਾਰਾ ਹੈ,#ਤਤ੍ਵਗ੍ਯਾਨੀ ਦਾਨੀ ਯੋਧਾ ਗ੍ਰਿਹੀ ਤ੍ਯਾਗੀ ਗੁਰੂਚੇਲਾ#ਵਾਹ ਵਾਹ! ਧਨ੍ਯ ਧਨ੍ਯ! "ਜਨਕ" ਹਮਾਰਾ ਹੈ. ੫. ਰਾਮਚੰਦ੍ਰ ਜੀ ਦਾ ਸਹੁਰਾ, ਸੀਤਾ ਦਾ ਪਿਤਾ ਸੀਰਧ੍ਵਜ, ਜੋ ਆਤਮਤਤ੍ਵ ਦਾ ਵੇੱਤਾ ਅਤੇ ਨੀਤਿ ਦਾ ਪੁੰਜ ਸੀ. ਇਹ ਰਾਜ ਕਰਦਾ ਹੋਇਆ ਭੀ ਸੰਨ੍ਯਾਸੀ ਸੀ. ਜਨਕ ਦੀ ਸ਼ਭਾ ਵਿਦ੍ਵਾਨਾਂ ਅਤੇ ਰਿਖੀਆਂ ਨਾਲ ਭਰਪੂਰ ਰਹਿੰਦੀ ਸੀ. "ਜਪਿਓ ਨਾਮੁ ਸੁਕ ਜਨਕ ਗੁਰਬਚਨੀ." (ਮਾਰੂ ਮਃ ੪)#ਮਿਥਿਲਾ ਦੇ ਪਤੀ ਰਾਜਿਆਂ ਦਾ "ਜਨਕ" ਖ਼ਿਤਾਬ ਹੋ ਗਿਆ ਸੀ, ਕਿਉਂਕਿ ਇਸ ਵੰਸ਼ ਵਿੱਚ ਇੱਕ ਪ੍ਰਤਾਪੀ ਜਨਕ ਨਾਉਂ ਦਾ ਰਾਜਾ ਹੋਇਆ ਸੀ. ਵਾਲਮੀਕ ਕਾਂਡ ੧, ਅਃ ੭੧ ਵਿੱਚ ਜਨਕਵੰਸ਼ ਇਉਂ ਲਿਖਿਆ ਹੈ:-#ਪਹਿਲਾ ਮਿਥਿਲਾ ਦਾ ਰਾਜਾ ਨਿਮਿ ਹੋਇਆ, ਉਸ ਦਾ ਪੁਤ੍ਰ ਮਿਥਿ, ਉਸ ਦਾ ਜਨਕ, (ਇਸੇ ਜਨਕ ਤੋਂ ਵੰਸ਼ ਦਾ ਨਾਮ "ਜਨਕ" ਪਿਆ), ਜਨਕ ਦਾ ਪੁਤ੍ਰ ਉਦਾਵਸੁ, ਉਸ ਦਾ ਨੰਦਿਵਰਧਨ, ਉਸ ਦਾ ਸੁਕੇਤੁ, ਉਸ ਦਾ ਦੇਵਰਾਤ ਹੋਇਆ (ਇਸ ਪਾਸ ਸ਼ਿਵ ਨੇ ਧਨੁਖ ਇਮਾਨਤ ਰੱਖਿਆ, ਜੋ ਸੀਤਾ ਦੇ ਸ੍ਵਯੰਬਰ ਵੇਲੇ ਰਾਮਚੰਦ੍ਰ ਜੀ ਨੇ ਤੋੜਿਆ), ਦੇਵਰਾਤ ਦਾ ਪੁਤ੍ਰ ਬ੍ਰਿਹਦ੍ਰਥ, ਉਸ ਦਾ ਮਹਾਂਵੀਰ, ਉਸ ਦਾ ਸੁਧ੍ਰਿਤਿਮਾਨ, ਉਸ ਦਾ ਧ੍ਰਿਸ੍ਟਕੇਤੁ, ਉਸ ਦਾ ਹਰਿਯਸ਼੍ਵ, ਉਸ ਦਾ ਮਰੁ, ਉਸ ਦਾ ਪ੍ਰਤੀਂਧਕ, ਉਸ ਦਾ ਕੀਰਤਿਰਥ, ਉਸ ਦਾ ਦੇਵਮੀਢ, ਉਸ ਦਾ ਵਿਬੁਧ, ਉਸ ਦਾ ਮਹੀਧ੍ਰਕ, ਉਸ ਦਾ ਕੀਰਤਿਰਾਤ, ਉਸ ਦਾ ਮਹਾਰੋਮਾ, ਉਸ ਦਾ ਸ੍ਵਰਣਰੋਮਾ, ਉਸ ਦਾ ਹ੍ਰਸ੍ਵਰੋਮਾ ਹੋਇਆ. ਹ੍ਰਸ੍ਵਰੋਮਾ ਦੇ ਦੋ ਪੁਤ੍ਰ ਹੋਏ, ਇੱਕ ਸੀਰਧ੍ਵਜ, ਜੋ ਰਾਮ ਅਤੇ ਲਛਮਣ ਦਾ ਸਹੁਰਾ ਸੀ, ਦੂਜਾ ਕੁਸ਼ਧ੍ਵਜ, ਜੋ ਭਰਤ ਅਤੇ ਸ਼ਤ੍ਰੂਘਨ ਦਾ ਸਹੁਰਾ ਸੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਵਿ- ਸ੍ਯੂਤ. ਸ਼ੀੱਤਾ. ਸਿਉਣਾ ਦਾ ਭੂਤ ਕਾਲ ਰੂਪ. "ਸੀਤਾ ਹੈ ਚੋਲਾ." (ਸੂਹੀ ਮਃ ੧) ੨. ਸੰ. सीता. ਸੰਗ੍ਯਾ- ਲਕ੍ਸ਼੍ਮੀ। ੩. ਪਾਰਬਤੀ। ੪. ਸ਼ਰਾਬ ੫. ਗੰਗਾ ਦੀ ਧਾਰ। ੬. ਹਲ ਦੇ ਚਊ ਦਾ ਫਲ। ੭. ਹਲ ਦੀ ਲਕੀਰ. ਓਰਾ। ੮. ਸੀਰਧ੍ਵਜ ਜਨਕ ਦੀ ਪੁਤ੍ਰੀ ਅਤੇ ਸ਼੍ਰੀ ਰਾਮਚੰਦ੍ਰ ਜੀ ਦੀ ਪਤਨੀ ਜੋ ਕੁਸ਼ ਅਤੇ ਲਵ ਦੀ ਮਾਤਾ ਸੀ. ਇਹ ਪਰਮ ਪਤਿਵ੍ਰਤਾ ਮੰਨੀ ਗਈ ਹੈ. "ਸੀਤਾ ਲੈ ਗਿਆ ਦਹਸਿਰੋ." (ਸਵਾ ਮਃ ੧)#ਵਾਲਮੀਕ ਕਾਂਡ ੧. ਅਃ ੬੬ ਵਿੱਚ ਲੇਖ ਹੈ ਕਿ ਰਾਜਾ ਸੀਰਧ੍ਵਜ ਜੱਗ ਲਈ ਜ਼ਮੀਨ ਸਾਫ ਕਰਨ ਵਾਸਤੇ ਹਲ ਜੋਤ ਰਿਹਾ ਸੀ, ਤਦ ਇੱਕ ਕੰਨ੍ਯਾ ਜ਼ਮੀਨ ਵਿੱਚੋਂ ਪ੍ਰਗਟੀ. ਹਲ ਦੀ ਸੀਤਾ (ਲੀਕ) ਵਿੱਚੋਂ ਉਪਜਣੇ ਕਾਰਣ ਨਾਉਂ "ਸੀਤਾ" ਹੋਇਆ. ਜਨਕ ਦੀ ਇਸਤ੍ਰੀ ਸੁਨਯਨਾ ਅਰ ਜਨਕ ਨੇ ਇਹ ਪੁਤ੍ਰੀ ਕਰਕੇ ਪਾਲੀ, ਇਸ ਕਾਰਣ ਜਨਕਜਾ ਕਹਾਈ. ਜ਼ਮੀਨ ਵਿਚੋਂ ਪੈਦਾ ਹੋਣ ਕਰਕੇ ਭੂਮਿਜਾ ਤਥਾ ਅਯੋਨਿਜਾ ਭੀ ਇਸ ਦੇ ਨਾਉਂ ਪ੍ਰਸਿੱਧ ਹੋਏ.¹#ਵਾਲਮੀਕ ਕਾਂਡ ੭. ਅਃ ੧੭. ਵਿੱਚ ਕਥਾ ਹੈ ਕਿ ਕੁਸ਼ਧ੍ਵਜ ਨਾਮੇ ਇੱਕ ਮਹਾਤਮਾ ਦੀ ਪੁਤ੍ਰੀ ਵੇਦਵਤੀ ਵਿਸਨੁ ਨੂੰ ਪਤਿ ਧਾਰਣ ਲਈ ਤਪ ਕਰ ਰਹੀ ਸੀ. ਉਸ ਦਾ ਸੁੰਦਰ ਰੂਪ ਦੇਖਕੇ ਦੈਤਾਂ ਦੇ ਰਾਜਾ ਸ਼ੁੰਭ ਨੇ ਕੁਸ਼ਧ੍ਵਜ ਨੂੰ ਮਾਰਕੇ ਕੰਨ੍ਯਾ ਲੈਣੀ ਚਾਹੀ, ਪਰ ਉਸ ਦੇ ਹੱਥ ਨਾ ਆਈ. ਫਿਰ ਰਾਵਣ ਨੇ ਇਕ ਵਾਰ ਵੇਦਵਤੀ ਨੂੰ ਆਪਣੀ ਵਹੁਟੀ ਬਣਾਉਣ ਲਈ ਇੱਛਾ ਪ੍ਰਗਟ ਕੀਤੀ. ਜਦ ਉਸ ਨੇ ਨਾ ਮੰਨਿਆ ਤਦ ਰਾਵਣ ਨੇ ਕੇਸਾਂ ਤੋਂ ਫੜਕੇ ਖਿੱਚ ਲਈ. ਵੇਦਵਤੀ ਕੇਸ ਛੁਡਾਕੇ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਰਾਵਣ ਦੇ ਮਾਰਣ ਲਈ ਸੀਤਾ ਹੋ ਕੇ ਪ੍ਰਗਟੀ ਅਰ ਵਿਸਨੁਰੂਪ ਰਾਮ ਨੂੰ ਪਤੀ ਧਾਰਿਆ.#ਸੀਰਧ੍ਵਜ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਸ਼ਿਵ ਦੇ ਧਨੁਖ ਤੇ ਚਿੱਲਾ ਚੜ੍ਹਾਵੇਗਾ, ਉਹ ਜਾਨਕੀ ਨੂੰ ਵਰੇਗਾ, ਸੋ ਰਾਮ ਨੇ ਧਨੁਖ ਪੁਰ ਚਿੱਲਾ ਹੀ ਨਹੀਂ ਚੜ੍ਹਾਇਆ, ਬਲਕਿ ਖਿੱਚਕੇ ਦੋ ਟੁਕੜੇ ਕਰ ਦਿੱਤੇ, ਇਸ ਵਾਸਤੇ ਸੀਤਾ ਨੂੰ ਵਰਿਆ.#ਵਾਲਮੀਕ ਕਾਂਡ ੧, ਅਃ ੬੭ ਵਿੱਚ ਇਸ ਧਨੁਖ ਬਾਬਤ ਲਿਖਿਆ ਹੈ ਕਿ ਦਕ੍ਸ਼੍ ਦਾ ਜੱਗ ਨਾਸ਼ ਕਰਕੇ ਸ਼ਿਵ ਦੇ ਦੇਵਰਾਤ ਨਾਮਕ ਜਨਕ ਪਾਸ ਇਹ ਇਮਾਨਤ ਰੱਖਿਆ ਸੀ ਅਰ ਧਨੁਖ ਇਤਨਾ ਭਾਰੀ ਸੀ ਕਿ ਉਸ ਨੂੰ ਉਠਾਕੇ ਸ੍ਰੀ ਰਾਮ ਪਾਸ ਲਿਆਉਣ ਲਈ ੫੦੦੦ ਆਦਮੀ ਲੱਗੇ ਸਨ.#ਸੀਤਾ ਰਾਮਚੰਦ੍ਰ ਜੀ ਦੇ ਬਨਵਾਸ ਸਮੇਂ ਸਾਥ ਰਹੀ ਅਰ ਪਤੀ ਦੀ ਸੇਵਾ ਦੇ ਮੁਕਾਬਲੇ ਘਰ ਦੇ ਸੁਖ ਤਿਆਗ ਦਿੱਤੇ. ਜਦ ਰਾਮ ਦੇ ਇਸ਼ਾਰੇ ਨਾਲ ਲਮਛਣ ਨੇ ਦੰਡਕ ਬਨ ਵਿੱਚ ਰਾਵਣ ਦੀ ਭੈਣ ਸੂਪਨਖਾ (ਸੂਰਪਣਖਾ) ਦਾ ਨੱਕ ਵੱਢ ਦਿੱਤਾ, ਤਦ ਰਾਵਣ ਨੇ ਭੈਣ ਦਾ ਬਦਲਾ ਲੈਣ ਲਈ ਸੀਤਾ ਚੁਰਾ ਲਈ. ਸੁਗ੍ਰੀਵ ਦੀ ਸਹਾਇਤਾ ਨਾਲ ਰਾਮ ਨੇ ਹਨੂਮਾਨ ਦੀ ਰਾਹੀਂ ਲੰਕਾ ਵਿੱਚ ਸੀਤਾ ਦਾ ਹੋਣਾ ਮਲੂਮ ਕਰਕੇ ਰਾਵਣ ਨਾਲ ਯੁੱਧ ਕਰਕੇ ਸੀਤਾ ਪ੍ਰਾਪਤ ਕੀਤੀ. ਜਦ ਸੀਤਾ ਅਸ਼ੋਕਵਾਟਿਕਾ ਤੋਂ ਰਾਮ ਦੇ ਸਾਮ੍ਹਣੇ ਲਿਆਂਦੀ ਗਈ, ਤਦ ਰਾਮ ਨੇ ਆਖਿਆ ਕਿ ਹੇ ਸੀਤਾ! ਤੇਰੇ ਆਚਰਣ ਵਿੱਚ ਮੈਨੂੰ ਸੰਸਾ ਹੈ, ਇਸ ਲਈ ਜਿਧਰ ਜੀ ਚਾਹੇ ਚਲੀ ਜਾ, ਤੂੰ ਹੁਣ ਮੇਰੇ ਕੰਮ ਦੀ ਨਹੀਂ, ਇਸ ਪੁਰ ਸੀਤਾ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਸਤ ਦੇ ਬਲ ਭਸਮ ਨਾ ਹੋਈ. ਸਾਰੇ ਦੇਵਤਿਆਂ ਨੇ ਸੀਤਾ ਦੇ ਸਤ ਦੀ ਗਵਾਹੀ ਦਿੱਤੀ ਤਦ ਰਾਮ ਨੇ ਅੰਗੀਕਾਰ ਕੀਤੀ. ਦੇਖੋ, ਵਾਲਮੀਕ ਕਾਡ ੬, ਅਃ ੧੭- ੧੮- ੧੯.#ਅਯੋਧ੍ਯਾ ਵਿੱਚ ਰਾਮਚੰਦ੍ਰ ਜੀ ਦੇ ਰਾਜ ਪ੍ਰਾਪਤ ਹੋਣ ਪੁਰ ਸੀਤਾ ਸੁਖ ਸਾਥ ਰਹੀ ਅਰ ਗਰਭਵਤੀ ਹੋਈ. ਇੱਕ ਦਿਨ "ਭਦ੍ਰ" ਨਾਮਕ ਮਖੌਲੀਏ ਨੇ ਰਾਮਚੰਦ੍ਰ ਜੀ ਨੂੰ ਆਖਿਆ ਕਿ ਲੋਕਾਂ ਵਿੱਚ ਆਪ ਦੀ ਬਦਨਾਮੀ ਹੈ ਕਿ ਰਾਵਣ ਦੇ ਘਰ ਰਹੀ ਸੀਤਾ ਨੂੰ ਆਪ ਨੇ ਘਰ ਵਸਾਇਆ ਹੈ. ਇਸ ਪੁਰ ਰਾਮ ਨੇ ਲਛਮਣ ਨੂੰ ਹੁਕਮ ਦਿੱਤਾ ਕਿ ਸੀਤਾ ਨੂੰ ਜੰਗਲ ਵਿੱਚ ਛੱਡ ਆਓ. ਲਛਮਣ ਨੇ ਆਗ੍ਯਾ ਪਾਲਨ ਕੀਤੀ. ਸੀਤਾ ਦਾ ਰੋਣਾ ਸੁਣਕੇ ਬਾਲਮੀਕਿ ਰਿਖੀ ਨੂੰ ਦ੍ਯਾ ਆਈ ਅਰ ਉਹ ਆਪਣੇ ਆਸ਼੍ਰਮ ਵਿੱਚ ਲੈ ਗਿਆ. ਉਸ ਥਾਂ ਸੀਤਾ ਦੇ ਦੋ ਜੌੜੇ ਪੁਤ੍ਰ ਜਨਮੇ. ਵਾਲਮੀਕਿ ਨੇ ਲਿਖਿਆ ਹੈ ਕਿ ਕੁਸ਼ਾ ਨਾਲ ਬਾਲਕ ਦੀ ਰਖ੍ਯਾ ਲਈ ਜਲ ਸੇਚਨ ਕਰਨ ਕਰਕੇ "ਕੁਸ਼" ਅਤੇ ਲਵ (ਖਸ) ਨਾਲ ਜਲ ਸੇਚਨ ਕਾਰਣ ਲਵ ਨਾਮ ਹੋਇਆ. ਕੁਸ਼ ਵਡਾ ਅਤੇ ਲਵ ਛੋਟਾ ਸੀ. ਬਾਲਕਾਂ ਦੀ ਰਿਖੀ ਨੇ ਪਾਲਨਾ ਕੀਤੀ ਅਰ ਵਿਦ੍ਯਾ ਪੜ੍ਹਾਈ. ਖਾਸ ਕਰਕੇ ਰਾਮਾਯਣ ਕੰਠ ਕਰਾਕੇ ਗਾਯਨ ਦੀ ਰੀਤੀ ਦੱਸੀ. ਸ੍ਰੀ ਰਾਮ ਦੇ ਅਸ਼੍ਵਮੇਧ ਜੱਗ ਦੇ ਉਤਸਵ ਵਿੱਚ ਰਿਖੀ ਕੁਸ਼ ਲਵ ਨੂੰ ਨਾਲ ਲੈ ਕੇ ਅਯੋਧ੍ਯਾ ਗਿਆ. ਬਾਲਕਾਂ ਦਾ ਗਾਯਨ ਸੁਣਕੇ ਰਾਮ ਅਤੇ ਸਾਰੇ ਦਰਬਾਰੀ ਮੋਹਿਤ ਹੋ ਗਏ. ਰਿਖੀ ਨੇ ਸੀਤਾ ਦੀ ਪਵਿਤ੍ਰਤਾ ਦੱਸਕੇ ਕੁਸ਼ ਲਵ ਦਾ ਰਾਮ ਦੇ ਪੁਤ੍ਰ ਹੋਣਾ ਜਣਾਇਆ. ਇਸ ਪੁਰ ਸ਼੍ਰੀ ਰਾਮ ਨੇ ਸੀਤਾ ਨੂੰ ਬੁਲਾਉਣ ਲਈ ਆਗ੍ਯਾ ਕੀਤੀ. ਸੀਤਾ ਨੇ ਭਰੇ ਦਰਬਾਰ ਵਿੱਚ ਆਕੇ ਆਖਿਆ ਕਿ ਜੇ ਮੈ ਆਪਣੇ ਪਤੀ ਰਾਮ ਬਿਨਾਂ ਹੋਰ ਕਿਸੇ ਨੂੰ ਮਨ ਕਰਕੇ ਭੀ ਨਹੀਂ ਚਿਤਵਿਆ, ਤਾਂ ਹੇ ਪ੍ਰਿਥਵੀ! ਮੈਨੂੰ ਆਪਣੇ ਵਿੱਚ ਨਿਵਾਸ ਦੇ. ਸੀਤਾ ਦੇ ਇਹ ਕਹਿਣ ਪੁਰ ਪ੍ਰਿਥਿਵੀ ਫਟ ਗਈ ਅਰ ਸੀਤਾ ਉਸ ਵਿੱਚ ਲੀਨ ਹੋ ਗਈ. ਦੇਖੋ, ਵਾਲਮੀਕ ਕਾਂਡ ੭, ਅਃ ੯੭.#ਜੌ ਮੇਰੇ ਵਚ ਕਰਮ ਕਰ ਹ੍ਰਿਦੈ ਬਸਤ ਰਘੁਰਾਇ,#ਪ੍ਰਿਥੀ! ਪੈਡ ਮੁਹਿ ਦੀਜਿਯੇ ਲੀਜੈ ਆਪਮਿਲਾਇ.#ਸੁਨਤ ਬਚਨ ਧਰਨੀ ਫਟਗਈ,#ਲੋਪ ਸੀਆ ਤਿਹ ਭੀਤਰਿ ਭਈ,#ਚਕ੍ਰਤ ਰਹੇ ਨਿਰਖ ਰਘੁਰਾਈ,#ਰਾਜ ਕਰਨ ਕੀ ਆਸ ਚੁਕਾਈ. (ਰਾਮਾਵ)#੯. ਪੀਪਾ ਭਗਤ ਦੀ ਇਸਤ੍ਰੀ. ੧੦. ਵੇਦਾਂ ਅਨੁਸਾਰ ਖੇਤੀ ਦੀ ਦੇਵੀ....
ਸੀਤਾ. ਦੇਖੋ, ਜਨਕਸੁਤਾ...