biāsaबिआस
ਵਿ- ਬਿਨਾ ਆਸ਼ਾ. ਨਿਰਾਸ਼. ਬੇਆਸ਼ਾ। ੨. ਸੰ. ਵਿਪਾਸ਼. ਸੰਗ੍ਯਾ- ਪੰਜਾਬ ਦੇ ਪੰਜ ਨਦਾਂ ਵਿੱਚੋਂ ਇੱਕ ਦਰਿਆ, ਜੋ ਰੋਹਤੰਗ ਪਾਸੋਂ (ਇਲਾਕਾ ਕੁੱਲੂ ਤੋਂ) ਨਿਕਲਕੇ ਜ਼ਿਲਾ ਕਾਂਗੜਾ ਅਤੇ ਹੁਸ਼ਿਆਰਪੁਰ ਵਿੱਚ ੨੯੦ ਮੀਲ ਵਹਿਂਦਾ ਹੋਇਆ ਕਪੂਰਥਲੇ ਦੀ ਸਰਹੱਦ ਪੁਰ ਸ਼ਤਦ੍ਰਵ (ਸਤਲੁਜ) ਨੂੰ ਜਾ ਮਿਲਦਾ ਹੈ, ਜਿੱਥੇ ਇਹ ਸੰਗਮ ਹੋਇਆ ਹੈ ਉਸ ਦਾ ਨਾਮ "ਹਰੀ ਕਾ ਪੱਤਨ ਹੈ."
वि- बिना आशा. निराश. बेआशा। २. सं. विपाश. संग्या- पंजाब दे पंज नदां विॱचों इॱक दरिआ, जो रोहतंग पासों (इलाका कुॱलू तों) निकलके ज़िला कांगड़ा अते हुशिआरपुर विॱच २९० मील वहिंदा होइआ कपूरथले दी सरहॱद पुर शतद्रव (सतलुज) नूं जा मिलदा है, जिॱथे इह संगम होइआ है उस दा नाम "हरी का पॱतन है."
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਵਿ- ਆਸ਼ਾਹੀਨ. ਨਿਰਾਸ਼. ਦੇਖੋ, ਨਿਰਾਸੀ. "ਨਿਰਾਸ ਆਸ ਕਰਣੰ." (ਸਹਸ ਮਃ ੫) ੨. ਸੰਗ੍ਯਾ- ਨਿਰਾਸਤਾ ਨਾਉੱਮੇਦੀ. "ਜਾਕੈ ਆਸ ਨਾਹੀ ਨਿਰਾਸ ਨਾਹੀ." (ਪ੍ਰਭਾ ਮਃ ੧) ੩. ਵਿ- ਨਿਰਾਸ਼ਤਾ ਕਰਨ ਵਾਲਾ. ਹਤਾਸ਼ ਕਰਤਾ. "ਹਰਿਧਨ ਰਾਸਿ, ਨਿਰਾਸ ਇਹ ਬਿਤੁ." (ਰਾਮ ਮਃ ੫) ੪. ਸੰ. निरास. ਸੰਗ੍ਯਾ- ਦੂਰ ਕਰਨਾ. ਖੰਡਨ. ਤਰਦੀਦ....
ਦੇਖੋ, ਬਿਆਸ ੨....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਦੇਖੋ, ਦਰਯਾ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਸੰ. ਕੁਲੂਤ. ਇੱਕ ਨਗਰ, ਜੋ ਜਿਲੇ ਕਾਂਗੜੇ ਵਿੱਚ ਵਿਪਾਸ਼ਾ (ਵਿਆਸ) ਦੇ ਕਿਨਾਰੇ ਹੈ. ਇਹ ਪਠਾਨਕੋਟ ਤੋਂ ੭੫ ਮੀਲ ਹੈ. ਕੁੱਲੂ ਦੇ ਫਲ ਬਹੁਤ ਉੱਤਮ ਗਿਣੇ ਗਏ ਹਨ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਪੰਜਾਬ ਦਾ ਇੱਕ ਪਹਾੜੀ ਜਿਲਾ ਅਤੇ ਉਸ ਦਾ ਪ੍ਰਧਾਨਨਗਰ, ਜੋ ਕਿਸੇ ਸਮੇਂ ਕਟੋਚ ਰਾਜਪੂਤਾਂ ਦੀ ਰਾਜਧਾਨੀ ਸੀ. ਇਸ ਵੇਲੇ ਜਿਲੇ ਦਾ ਪ੍ਰਧਾਨਨਗਰ "ਧਰਮਸਾਲਾ" ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਫ਼ਾ. ਸੀਮਾ. ਕਿਸੇ ਰਾਜ ਜਾਂ ਜਮੀਨ ਦੀ ਉਹ ਰਖਾ, ਜੋ ਹੱਦ ਕਾਇਮ ਕਰਦੀ ਹੈ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਸ਼ਤ (ਸੌ) ਧਾਰਾ ਕਰਕੇ ਵਹਿਣ ਵਾਲਾ ਦਰਿਆ. ਸ਼ਤਦ੍ਰੁ. ਸਤਲੁਜ. ਪੁਰਾਣਕਥਾ ਹੈ ਕਿ ਵਸਿਸ੍ਠ ਰਿਖੀ ਪੁਤ੍ਰਾਂ ਦੇ ਸ਼ੋਕ ਨਾਲ ਇਸ ਵਿੱਚ ਡੁੱਬਕੇ ਮਰਨ ਲੱਗਾ ਸੀ. ਦਰਿਆ ਨੇ ਆਪਣੇ ਪ੍ਰਵਾਹ ਨੂੰ ਸੌ ਥਾਂ ਕਰਕੇ ਡੁੱਬਣੋ ਬਚਾ ਲੀਤਾ. ਇਹ ਦਰਿਆ ਤਿੱਬਤ ਦੇ ਪ੍ਰਸਿੱਧ ਤਾਲ ਮਾਨਸਰੋਵਰ ਦੇ ਪਾਸ ਦੇ ਤਾਲ ਰਾਵਣਰ੍ਹਦ ਵਿੱਚੋਂ ਨਿਕਲਕੇ ਕੁੱਲੂ ਮੰਡੀ ਬਿਲਾਸਪੁਰ ਆਨੰਦਪੁਰ ਰੋਪੜ ਫਿਰੋਜਪੁਰ ਆਦਿਕ ਥਾਈਂ ੯੦੦ ਮੀਲ ਵਹਿੰਦਾ ਹੋਇਆ ਮੁਜੱਫਰਗੜ੍ਹ ਜਿਲੇ ਵਿੱਚ ਸਿੰਧ ਨਾਲ ਜਾ ਮਿਲਦਾ ਹੈ. "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ)#ਮਹਾਰਾਜ ਰਣਜੀਤ ਸਿੰਘ ਅਤੇ ਅੰਗ੍ਰੇਜਾਂ ਦੇ ਰਾਜ ਦੀ ਹੱਦ ਸਤਲੁਜ ਸੀ. ਸਨ ੧੮੮੨ ਵਿੱਚ ਇਸ ਦਰਿਆ ਤੋਂ ਲਾਰਡ ਰਿਪਨ ਦੀ ਅਮਲਦਾਰੀ ਵਿੱਚ ਰੋਪੜ ਦੇ ਮੁਕਾਮੋਂ ਭਾਰੀ ਨਹਿਰ ਖੋਲ੍ਹੀ ਗਈ ਹੈ, ਜੋ ਮਾਲਵੇ ਨੂੰ ਸੈਰਾਬ ਕਰਦੀ ਹੈ. ਇਸ ਨਹਿਰ ਤੇ ਦੋ ਕ੍ਰੋੜ ਅੱਠਤਰ ਲੱਖ ਰੁਪਯਾ ਅੰਗ੍ਰੇਜੀ ਸਰਕਾਰ ਦਾ ਅਤੇ ਇੱਕ ਕਰੋੜ ਉਣੱਤੀ ਲੱਖ ਸਿੱਖ ਰਿਆਸਤਾਂ ਦਾ ਖਰਚ ਹੋਇਆ ਹੈ....
ਦੇਖੋ, ਸਤਦ੍ਰਵ....
ਸੰ. ਸੰ- ਗਮ. ਸੰਗ੍ਯਾ- ਮਿਲਾਪ. ਮੇਲ. "ਸਾਧੂ ਸੰਗਮ ਹੈ ਨਿਸਤਾਰਾ." (ਗਉ ਮਃ ੫) ੨. ਦੋ ਨਦੀਆਂ ਦੇ ਮਿਲਾਪ ਦਾ ਅਸਥਾਨ। (੩ ਇਸਤ੍ਰੀ ਅਤੇ ਪਤਿ ਦਾ ਮਿਲਾਪ. ਮੈਥੁਨ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਹਰਣ ਕੀਤੀ. ਦੂਰ ਕੀਤੀ. ਮਿਟਾਈ. "ਨਾਨਕ ਤਪਤ ਹਰੀ." (ਆਸਾ ਮਃ ੫) ੨. ਹਰਿਤ. ਸਬਜ਼. "ਹਰੀ ਨਾਹੀ ਨਹ ਡਡੁਰੀ." (ਸ੍ਰੀ ਮਃ ੫) ੩. ਸੰਗ੍ਯਾ- ਇੱਕ ਜੱਟ ਗੋਤ੍ਰ. ਦੇਖੋ, ਹਰੀ ਕੇ। ੪. ਦੇਖੋ, ਹਰਿ। ੫. ਸੰ. ਹ੍ਰੀ. ਲੱਜਾ. ਸ਼ਰਮ। ੬. ਲਕ੍ਸ਼੍ਮੀ. "ਹਰੀ ਬਿਸਨੁ ਲੇਖੇ." (ਰਾਮਾਵ) ਲਕ੍ਸ਼੍ਮੀ ਨੇ ਰਾਮ ਨੂੰ ਵਿਸਨੁ ਜਾਣਿਆ....
ਸੰ. ਸੰਗ੍ਯਾ- ਨਗਰ. ਸ਼ਹਿਰ. ਪੱਟਨ। ੨. ਪਾਣੀ ਦਾ ਕਿਨਾਰਾ। ੩. ਨਦੀ ਦਾ ਇਹ ਥਾਂ, ਜਿੱਥੋਂ ਦੀ ਪੈਰੀਂ ਪਾਰ ਹੋ ਜਾਈਏ, ਕਿਸ਼ਤੀ ਦੀ ਲੋੜ ਨਾ ਪਵੇ....