bāharāबाहरा
ਸੰਗ੍ਯਾ- ਪ੍ਰਾਣੀ ਦੇ ਮਰਨ ਪਿੰਛੋਂ ਬਾਰ੍ਹਵੇਂ ਦਿਨ ਕੀਤੀ ਹੋਈ ਸ਼੍ਰਾੱਧਕ੍ਰਿਯਾ। ੨. ਇੱਕ ਜਾਤਿ ਦੇ ਬਾਰਾਂ ਪਿੰਡਾਂ ਦਾ ਸਮੁਦਾਯ। ੩. ਦੇਖੋ, ਬਾਹਰ ੩, ੪. ਅਤੇ ੫. "ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ." (ਆਸਾ ਮਃ ੫) "ਜਿਉ ਜੋਗੀ ਜਤ ਬਾਹਰਾ." (ਸੋਰ ਮਃ ੧) "ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ." (ਸ. ਕਬੀਰ)
संग्या- प्राणी दे मरन पिंछों बार्हवें दिन कीती होई श्राॱधक्रिया। २. इॱक जाति दे बारां पिंडां दा समुदाय। ३. देखो, बाहर ३, ४. अते ५. "बेद कतेब संसार हभा हूं बाहरा." (आसा मः ५) "जिउ जोगी जतबाहरा." (सोर मः १) "बनजनहारे बाहरा कउडी बदलै जाइ." (स. कबीर)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪ੍ਰਾਣਧਾਰੀ (प्राणिन्) ਜਿਸ ਵਿੱਚ ਪ੍ਰਾਣ ਹੋਣਾ। ੨. ਸੰਗ੍ਯਾ- ਜੀਵ. ਜੰਤੁ। ੩. ਮਨੁੱਖ. "ਪ੍ਰਾਣੀ, ਤੂੰ ਆਇਆ ਲਾਹਾ ਲੈਣ." (ਸ੍ਰੀ ਮਃ ੫)...
ਦੇਖੋ, ਮਰਣ. "ਮਰਨ ਜੀਵਨ ਕੀ ਸੰਕਾ ਨਾਸੀ." (ਪ੍ਰਭਾ ਕਬੀਰ)...
ਦੇਖੋ, ਪਿਛਹੁ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵੇਦ. ਸੰਗ੍ਯਾ- ਗਿਆਨ. ਇਲਮ. "ਦੀਵਾ ਬਲੈ ਅੰਧੇਰਾ ਜਾਇ। ਬੇਦਪਾਠ ਮਤਿਪਾਪਾ ਖਾਇ।।" (ਵਾਰ ਸੂਹੀ ਮਃ ੧) ਗਿਆਨ ਵਿਚਾਰ ਨਾਲ ਕੀਤਾ ਪਾਠ ਪਾਪਮਤਿ ਦੂਰ ਕਰਦਾ ਹੈ। ੨. ਹਿੰਦੂਧਰਮ ਦੇ ਪ੍ਰਧਾਨ ਧਰਮਗ੍ਰੰਥ- ਰਿਗ, ਯਜੁਰ, ਸਾਮ ਅਤੇ ਅਥਰਵ. "ਬੇਦ ਸਿੰਮ੍ਰਿਤਿ ਕਥੈ ਸਾਸਤ." (ਧਨਾ ਮਃ ੫) ਵੇਦਾਂ ਦਾ ਨਿਰਣਾ ਦੇਖੋ, ਵੇਦ ਸ਼ਬਦ ਵਿੱਚ। ੩. ਚਾਰ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਬੇਦ ਚਾਰ ਹਨ. ਦੇਖੋ, ਵੇਦ। ੪. ਰੜਕਾ. ਮੋਟੇ ਤੀਲਿਆਂ ਦਾ ਝਾੜੂ। ੫. ਅੱਗ ਮਚਾਉਣ ਲਈ ਘਾਹ ਦਾ ਮੁੱਠਾ। ੬. ਸੰ. ਵੇਦਿ (ਯਗ੍ਯ ਅਤੇ ਵਿਆਹ ਸਮੇਂ ਰਚਿਆ ਮੰਡਪ). ਵੇਦੀ. "ਬੇਦ ਕੇ ਬਿਧਾਨ ਕੈਕੈ ਬ੍ਯਾਸ ਤੇ ਬੰਧਾਈ ਬੇਦ." (ਰਾਮਾਵ) ੭. ਸੰ. ਵਿੱਦੁ. ਬਿੰਦੀ. "ਕੁੰਕਮ ਬੇਦ ਲਿਲਾਟ ਦੀਏ." (ਕ੍ਰਿਸਨਾਵ) ਕੇਸਰ ਦੀ ਬਿੰਦੀ ਮੱਥੇ ਦੇਕੇ। ੮. ਫ਼ਾ. [بید] ਬੈਤ ਦੀ ਬੇਲ. ਵੇਤ੍ਰ. ਦੇਖੋ, ਬੇਤ....
ਅ਼. [کتیب] ਕਿਤਾਬ. ਪੁਸ੍ਤਕ. ਗ੍ਰੰਥ. ਇਹ ਕਿਤਾਬ ਦਾ ਹੀ ਇਮਾਲਹ ਹੋ ਕੇ ਰੂਪਾਂਤਰ ਹੈ। ੨. ਗੁਰਬਾਣੀ ਵਿੱਚ ਕੁਤਬ ਦੀ ਥਾਂ ਭੀ ਕਤੇਬ ਸ਼ਬਦ ਆਉਂਦਾ ਹੈ, ਅਰ ਖਾਸ ਕਰਕੇ ਚਾਰ ਕਿਤਾਬਾਂ ਤੌਰੇਤ, ਜ਼ੱਬੂਰ, ਅੰਜੀਲ ਅਤੇ ਕ਼ੁਰਾਨ (ਫ਼ੁਰਕ਼ਾਨ) ਦਾ ਬੋਧਕ ਹੈ. "ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਬ."#(ਜਾਪੁ)#"ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ." (ਆਸਾ ਮਃ ੫)...
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਸੰਗ੍ਯਾ- ਪ੍ਰਾਣੀ ਦੇ ਮਰਨ ਪਿੰਛੋਂ ਬਾਰ੍ਹਵੇਂ ਦਿਨ ਕੀਤੀ ਹੋਈ ਸ਼੍ਰਾੱਧਕ੍ਰਿਯਾ। ੨. ਇੱਕ ਜਾਤਿ ਦੇ ਬਾਰਾਂ ਪਿੰਡਾਂ ਦਾ ਸਮੁਦਾਯ। ੩. ਦੇਖੋ, ਬਾਹਰ ੩, ੪. ਅਤੇ ੫. "ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ." (ਆਸਾ ਮਃ ੫) "ਜਿਉ ਜੋਗੀ ਜਤ ਬਾਹਰਾ." (ਸੋਰ ਮਃ ੧) "ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ." (ਸ. ਕਬੀਰ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰ. ਯੋਗਿਨ੍. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਕਪਿਰ੍ਦਕਾ. ਸੰਗ੍ਯਾ- ਵਰਾਟਿਕਾ. "ਕਉਡੀ ਕਉਡੀ ਜੋਰਤ." (ਗੂਜ ਮਃ ੫) ੨. ਛਾਤੀ ਦੀ ਹੱਡੀ....
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....