pinanā, pinnanāपिनणा, पिंनणा
ਸੰਗ੍ਯਾ- ਪਿੰਡ- ਹਰਣ. ਪਿਤਰਾਂ. ਨਿਮਿੱਤ ਮਣਸੇ ਪਿੰਡ ਆਦਿ ਪਦਾਰਥਾਂ ਦੇ ਲੈ ਜਾਣ ਦੀ ਕ੍ਰਿਯਾ, ਭਾਵ- ਮੰਗਕੇ ਗੁਜਾਰਾ ਕਰਨਾ. "ਪਿਨਣੇ ਦਰਿ ਕੇਤੜੇ." (ਸਵਾ ਮਃ ੫) "ਜੱਟ ਪਿੰਨੇ ਤਾਂ ਕੰਧ ਥੀਂ ਘਿੰਨੇ." (ਗੁਪ੍ਰਸੂ) ਜੇ ਜੱਟ ਮੰਗੇ ਤਦ ਕੰਧ ਤੋਂ ਭੀ ਲੈ ਲਵੇ.
संग्या- पिंड- हरण. पितरां. निमिॱत मणसे पिंड आदि पदारथां दे लै जाण दी क्रिया, भाव- मंगके गुजारा करना. "पिनणे दरि केतड़े." (सवा मः ५) "जॱट पिंने तां कंध थीं घिंने." (गुप्रसू) जे जॱट मंगे तद कंध तों भी लै लवे.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਦੇਖੋ, ਹ੍ਰੀ ਧਾ. ਸੰਗ੍ਯਾ- ਲੈ ਜਾਣਾ. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੨. ਚੁਰਾਉਣਾ। ੩. ਸੰ. ਹਰਿਣ. ਮ੍ਰਿਗ. "ਹਰਣਾਂ ਬਾਜਾਂ ਤੈ ਸਿਕਦਾਰਾਂ." (ਵਾਰ ਮਲਾ ਮਃ ੧)...
ਸੰਗ੍ਯਾ- ਕਾਰਣ. ਹੇਤੁ. ਸਬਬ। ੨. ਚਿੰਨ੍ਹ. ਨਿਸ਼ਾਨ। ੩. ਸ਼ਕੁਨ (ਸਗਨ)....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਫ਼ਾ. [گُزارہ] ਸੰਗ੍ਯਾ- ਗੁਜ਼ਰਾਨ. ਨਿਰਵਾਹ। ੨. ਨਿਰਵਾਹ ਲਈ ਮਿਲਿਆ ਧਨ ਆਦਿ ਪਦਾਰਥ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ. ਵਿ- ਵਿੱਚ. ਭੀਤਰ "ਨਾਨਕ ਦਰਿ ਦੀਦਾਰਿ ਸਮਾਇ." (ਵਾਰ ਰਾਮ ੧. ਮਃ ੧) ੨. ਦਰਵਾਜ਼ੇ ਪੁਰ. "ਬਿਆ ਦਰੁ ਨਾਹੀ ਕੈ ਦਰਿ ਜਾਉ?" (ਸ੍ਰੀ ਮਃ ੧) ੩. ਦਰਬਾਰ ਵਿੱਚ. "ਹਰਿ ਦਰਿ ਸੋਭਾ ਪਾਇ." (ਮਲਾ ਮਃ ੩) ੪. ਸੰ. ਸੰਗ੍ਯਾ- ਕੰਦਰਾ. ਗੁਫਾ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰਗ੍ਯਾ- ਦੀਵਾਰ. ਭਿੱਤਿ। ੨. ਭਾਵ- ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. "ਉਡੈ ਨ ਹੰਸਾ ਪੜੈ ਨ ਕੰਧ." (ਸਿਧਗੋਸਟਿ ੩. ਜੜ੍ਹਮਤਿ. ਬੁੱਧਿ- ਹੀਨ. "ਪਾਹ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ." (ਭਾਗੁ ਕ) ੪. ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. "ਨਚੇ ਕੰਧਹੀਣੰ ਕਬੰਧੰ." (ਚੰਡੀ ੨) ੫. ਸੰ. स्कन्ध ਸ੍ਕੰਧ. ਕੰਨ੍ਹਾ. ਮੋਢਾ. ਕੰਧਾ. "ਕੰਧਿ ਕੁਹਾੜਾ ਸਿਰ ਘੜਾ." (ਸ. ਫਰੀਦ) ਦੇਖੋ, ਮਾਂਦਲ। ੬. ਦੇਖੋ, ਕੰਧੁ। ੭. ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ ਬਾਦਲ। ੮. ਉੜੀਸੇ ਦੀ ਇੱਕ ਅਸਭ੍ਯ ਜਾਤਿ....