pānīpataपानीपत
ਪੰਜਾਬ ਦੇ ਜਿਲਾ ਕਰਨਾਲ ਵਿੱਚ ਇੱਕ ਨਗਰ, ਜਿਸ ਦੇ ਮੈਦਾਨ ਵਿੱਚ ਬਾਬਰ ਨੇ ਇਬਰਾਹੀਮ ਲੋਦੀ ਨੂੰ ਸਨ ੧੫੨੬ ਵਿੱਚ ਜਿੱਤਕੇ ਦਿੱਲੀ ਦਾ ਸਿੰਘਾਸਨ ਮੱਲਿਆ. ਇਸ ਨਗਰ ਦੇ ਆਸ ਪਾਸ ਦੀ ਜ਼ਮੀਨ ਵਿਦੇਸ਼ੀ ਅਤੇ ਭਾਰਤ ਦੇ ਪ੍ਰਸਿੱਧ ਰਾਜਿਆਂ ਦੀ ਜੰਗਭੂਮਿ ਰਹੀ ਹੈ. ਇੱਥੇ ਹੀ ਸਨ ੧੭੬੧ ਵਿੱਚ ਅਹਮਦਸ਼ਾਹ ਅਬਦਾਲੀ ਨੇ ਮਰਹਟਿਆਂ ਦਾ ਸਰਵਨਾਸ਼ਾ ਕੀਤਾ ਸੀ. ਸਤਿਗੁਰੂ ਨਾਨਕ ਦੇਵ ਭੀ ਇਸ ਥਾਂ ਪਧਾਰੇ ਹਨ, ਅਰ ਸ਼ੇਖ਼ ਤਾਹਰ ਨਾਲ (ਜਿਸ ਨੂੰ ਜਨਮਸਾਖੀ ਵਿੱਚ ਟਟੀਹਰੀ ਸ਼ੇਖ ਲਿਖਿਆ ਹੈ) ਚਰਚਾ ਹੋਈ ਹੈ. ਸ਼ੇਖ਼ ਤਾਹਰ ਅਬੂ ਅ਼ਲੀ ਕ਼ਲੰਦਰ ਦੀ ਸੰਪ੍ਰਦਾਯ ਦਾ ਸਾਧੂ ਸੀ. ਦੇਖੋ, ਸ਼ੇਖ਼ ਸ਼ਰਫ਼.
पंजाब दे जिला करनाल विॱच इॱक नगर, जिस दे मैदान विॱच बाबर ने इबराहीम लोदी नूं सन १५२६ विॱच जिॱतके दिॱली दा सिंघासन मॱलिआ. इस नगर दे आस पास दी ज़मीन विदेशी अते भारत दे प्रसिॱध राजिआं दी जंगभूमि रही है. इॱथे ही सन १७६१ विॱच अहमदशाह अबदाली ने मरहटिआं दा सरवनाशा कीता सी. सतिगुरू नानक देव भी इस थांपधारे हन, अर शेख़ ताहर नाल (जिस नूं जनमसाखी विॱच टटीहरी शेख लिखिआ है) चरचा होई है. शेख़ ताहर अबू अ़ली क़लंदर दी संप्रदाय दा साधू सी. देखो, शेख़ शरफ़.
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਪੰਜਾਬ ਦਾ ਇੱਕ ਜ਼ਿਲਾ, ਜੋ ਅੰਬਾਲੇ ਦੀ ਕਮਿਸ਼ਨਰੀ ਵਿੱਚ ਹੈ. ਲੋਕਾਂ ਦਾ ਇਹ ਖ਼ਿਆਲ ਹੈ ਕਿ ਇਹ ਕਰਣ ਨੇ ਵਸਾਇਆ ਹੈ (ਕਰਣਾਲਯ).#ਬੰਦਾ ਬਹਾਦੁਰ ਨੇ ਸਨ ੧੭੦੯ ਵਿੱਚ ਕਰਨਾਲ ਫ਼ਤੇ ਕੀਤਾ. ਸ਼੍ਰੀ ਗੁਰੂ ਨਾਨਕ ਦੇਵ ਇਸ ਸ਼ਹਿਰ ਦਿੱਲੀ ਨੂੰ ਜਾਂਦੇ ਹੋਏ ਵਿਰਾਜੇ ਹਨ. ਮਹੱਲਾ ਠਠੇਰਾਂ ਵਿੱਚ ਗੁਰਦ੍ਵਾਰਾ ਹੈ। ੨. ਉਹ ਬੰਦੂਕ, ਜੋ ਹੱਥ ਪੁਰ ਰੱਖਕੇ ਬਿਨਾ ਕਿਸੇ ਸਹਾਰੇ ਦੇ ਚਲਾਈ ਜਾਵੇ. ਇਸੇ ਦਾ ਨਾਉਂ "ਹਥਨਾਲ" ਹੈ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [میدان] ਸੰਗ੍ਯਾ- ਜ਼ਮੀਨ ਦੀ ਸਾਫ ਪੱਧਰ ਸਤ਼ਹ਼. "ਮਨ ਮੈਦਾਨ ਕਰਿ, ਟੋਏ ਟਿਬੇ ਲਾਹ." (ਸ. ਫਰੀਦ)...
ਤੁ. [بابر] ਬਾਬੁਰ ਜਹੀਰੁੱਦੀਨ ਮੁਹ਼ੰਮਦ ਬਾਬਰ. ਇਹ ਤੈਮੂਰ ਦੀ ਛੀਵੀਂ ਪੀੜ੍ਹੀ ਕੁਤਲਗ਼ਨਿਗਾਰ ਖ਼ਾਨਮ ਦੇ ਉਦਰ ਤੋਂ ਮਿਰਜ਼ਾ ਉਮਰਸ਼ੇਖ਼ ਦਾ ਪੁਤ੍ਰ ਵਡਾ ਬਹਾਦੁਰ ਮੁਗਲ ਹੋਇਆ ਹੈ. ਇਸ ਦਾ ਜਨਮ ੧੫. ਫਰਵਰੀ ਸਨ ੧੪੮੩ ਨੂੰ ਹੋਇਆ. ਇਸ ਦੀ ਮਾਂ ਚਗਤਾਈਖ਼ਾਂ (ਚੰਗੇਜ਼ਖਾਂ ਦੇ ਪੁਤ੍ਰ) ਦੇ ਖਾਨਦਾਨ ਵਿੱਚ ਮਹਮੂਦਖ਼ਾਨ ਮੁਗਲ ਦੀ ਭੈਣ ਸੀ. ਇਸੇ ਤੋਂ ਇਸ ਦੀ "ਚਗਤਾ" ਉਪਾਧੀ ਭੀ ਸੀ. ਇਸ ਨੇ ਕਾਬੁਲ ਪੁਰ ਸੰਮਤ ੧੫੬੨ (ਸਨ ੧੫੦੪) ਵਿੱਚ ਕਬਜਾ ਕਰਕੇ ਭਾਰਤ ਪੁਰ ਕਈ ਹਮਲੇ ਕੀਤੇ. ਸੰਮਤ ੧੫੭੮ ਵਿੱਚ ਸੈਦਪੁਰ (ਏਮਨਾਬਾਦ) ਫਤੇ ਕੀਤਾ. ਫੇਰ ਦੌਲਤਖ਼ਾਂ ਲੋਦੀ ਦੀ ਪ੍ਰੇਰਣਾ ਨਾਲ ਸੰਮਤ ੧੫੮੪ ਵਿੱਚ ਦਿੱਲੀ ਪੁਰ ਚੜ੍ਹਾਈ ਕੀਤੀ. ਪਾਨੀਪਤ ਦੇ ਮੈਦਾਨ ਵਿੱਚ ਇਬਰਾਹੀਮ ਲੋਧੀ ਨੂੰ ਸੰਮਤ ੧੫੮੪ (੨੦ ਅਪ੍ਰੈਲ ਸਨ ੧੫੨੬) ਨੂੰ ਮਾਰਕੇ ਦਿੱਲੀ ਦਾ ਤਖਤ ਮੱਲਿਆ ਅਤੇ ਮੁਗਲ ਰਾਜ ਹਿੰਦੁਸਤਾਨ ਵਿੱਚ ਥਾਪਿਆ.#ਇਸ ਨੂੰ ਸ਼ਰਾਬ ਪੀਣ ਦਾ ਭਾਰੀ ਵ੍ਯਸਨ ਸੀ. ਪਰ ਸੰਮਤ ੧੫੮੫ ਦੀ ਕਨਵਾਹਾ ਦੀ ਲੜਾਈ ਸਮੇ, ਜਿਸ ਵਿੱਚ ਚਤੌੜਪਤਿ ਰਾਣਾ ਸਾਂਗਾ ਨੂੰ ੧੬. ਮਾਰਚ ਸਨ ੧੫੨੭ ਨੂੰ ਹਾਰ ਹੋਈ, ਇਸ ਨੇ ਸ਼ਰਾਬ ਦਾ ਤਿਆਗ ਕੀਤਾ, ਅਰੇ ਸੋਨੇ ਚਾਂਦੀ ਦੇ ਸੁਰਾਹੀ ਪਿਆਲੇ ਦਾਨ ਕਰ ਦਿੱਤੇ. ਇਸ ਦਾ ਦੇਹਾਂਤ ੨੬ ਦਿਸੰਬਰ ਸਨ ੧੫੩੦ (ਸੰਮਤ ੧੫੮੮) ਨੂੰ ਆਗਰੇ ਹੋਇਆ. ਬਾਬਰ ਦੀ ਮੁਲਾਕਾਤ ਸਤਿਗੁਰੂ ਨਾਨਕਦੇਵ. ਨਾਲ ਸੈਦਪੁਰ (ਏਮਨਾਬਾਦ) ਹੋਈ ਸੀ. ਉਸ ਸਮੇਂ ਦੇ ਉਚਰੇ ਹੋਏ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮੁਗਲ ਅਤੇ ਪਠਾਣਾਂ ਦੀ ਲੜਾਈ ਦਾ ਪੂਰਾ ਹਾਲ ਪ੍ਰਗਟ ਕਰਦੇ ਹਨ, ਯਥਾ- "ਖੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ। ਆਪੇ ਦੋਸ ਨ ਦੇਈ ਕਰਤਾ ਜਮ ਕਰਿ ਮੁਗਲ ਚੜਾਇਆ." ××× (ਆਸਾ ਮਃ ੧) "ਬਾਬਰਵਾਣੀ ਫਿਰਿਗਈ ਕੁਇਰ ਨ ਰੋਟੀ ਖਾਇ." ××× (ਆਸਾ ਅਃ ਮਃ ੧) "ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ਜਿਨ ਕੀ ਚੀਰੀ ਦਰਗਹਿ ਪਾਟੀ ਦਿਨਾ ਮਰਣਾ ਭਾਈ." ××× (ਆਸਾ ਅਃ ਮਃ ੧) ਦੇਖੋ, "ਆਵਨ ਅਠਤਰੇ ਜਾਨ ਸਤਾਨਵੇ."...
ਅ਼. [ابراہیِم] ਹੀ. ਅਬਰਾਹਮ. Abraham. ਵਿ- ਕ਼ੌਮ ਦਾ ਬਾਨੀ. ਵੰਸ਼ ਦਾ ਮੁਖੀਆ। ੨. ਸੰਗ੍ਯਾ- ਬਾਈਬਲ ਅਤੇ ਕੁਰਾਨ ਅਨੁਸਾਰ ਖੁਦਾ ਵੱਲੋਂ ਭੇਜਿਆ ਹੋਇਆ ਇੱਕ ਪੈਗੰਬਰ, ਜੋ ਨੂਹ ਦੀ ੧੧. ਵੀਂ ਪੀੜ੍ਹੀ ਵਿੱਚੋਂ ਆਜ਼ਰ (ਤੇਰਾਹ) ਦਾ ਪੁਤ੍ਰ ਸੀ. ਇਬਰਾਹੀਮ ਦੀ ਪਹਿਲੀ ਇਸਤ੍ਰੀ "ਸਾਰਾਹ" ਸੀ, ਜਿਸ ਦੇ ਔਲਾਦ ਨਹੀਂ ਸੀ. ਫੇਰ ਇਬਰਾਹੀਮ ਨੇ "ਹਾਜਿਰਾ" (Hagar) ਨਾਮਕ ਗੋਲੀ ਨਾਲ ਸ਼ਾਦੀ ਕੀਤੀ. ਜਿਸ ਤੋਂ "ਇਸਮਾਈਲ" ਪੁਤ੍ਰ ਜੰਮਿਆ. ਸਮਾ ਪਾਕੇ ਸਾਰਾਹ ਦੇ ਪੇਟੋਂ ਭੀ ਇਸਹਾਕ ਪੁਤ੍ਰ ਜੰਮਿਆ. ਜਦ ਸਾਰਾਹ ਦੇ ਆਪਣੀ ਔਲਾਦ ਹੋਪਈ. ਤਾਂ ਦੋਹਾਂ ਸੌਕਣਾ ਦਾ ਝਗੜਾ ਹੋਣ ਲੱਗਾ. ਸਾਰਾਹ ਦੇ ਆਖੇ ਇਬਰਾਹੀਮ ਨੇ ਹਾਜਿਰਾ ਨੂੰ ਇਸਮਾਈਲ ਸਮੇਤ ਘਰੋਂ ਕੱਢ ਦਿੱਤਾ. ਦੇਖੋ. ਜ਼ਮ ਜ਼ਮ.#ਇਸਹਾਕ ਦੀ ਔਲਾਦ ਇਸਰਾਈਲ ਵੰਸ਼ ਹੈ, ਜਿਸ ਤੋਂ ਯਹੂਦੀ ਤੇ ਈਸਾਈ ਚੱਲੇ. ਅਤੇ ਇਸਮਾਈਲ ਦੀ ਔਲਾਦ. ਕੁਰੈਸ਼ ਵੰਸ਼ ਹੈ, ਜਿਸ ਵਿਚੋਂ ਮੁਹ਼ੰਮਦ ਸਾਹਿਬ ਪੈਦਾ ਹੋਏ.#ਸੁੰਨਤ (ਖ਼ਤਨਹ) ਦੀ ਰਸਮ ਇਬਰਾਹੀਮ ਨੇ ਹੀ ਚਲਾਈ ਹੈ. ਇਸ ਤੋਂ ਪਹਿਲਾਂ ਇਸ ਦਾ ਜਿਕਰ ਕਿਸੇ ਧਰਮਗ੍ਰੰਥ ਵਿੱਚ ਨਹੀਂ ਹੈ. ਯਹੂਦੀ ਅਤੇ ਮੁਸਲਮਾਨਾਂ ਨੇ ਇਸ ਰਸਮ ਨੂੰ ਇਬਰਾਹੀਮ ਦ੍ਵਾਰਾ ਖ਼ੁਦਾ ਦਾ ਹੁਕਮ ਆਇਆ ਮੰਨਕੇ ਅੰਗੀਕਾਰ ਕੀਤਾ ਹੈ. ਪੁਰਾਣੇ ਸਮੇਂ ਵਿੱਚ ਈਸਾਈ ਭੀ ਸੁੰਨਤ ਕਰਾਇਆ ਕਰਦੇ ਸਨ, ਬਲਕਿ ਹਜਰਤ ਈ਼ਸਾ ਦੀ ਭੀ ਸੁੰਨਤ ਹੋਈ ਸੀ. ਅਤੇ ਐਬਸੀਨੀਆਂ ਦੇ ਈਸਾਈ ਹੁਣ ਤੋੜੀ ਭੀ ਸੁੰਨਤ ਕਰਾਉਂਦੇ ਹਨ.#ਜਦ ਇਬਰਾਹੀਮ ਨੇ ਸੁੰਨਤ ਆਪ ਕਰਵਾਈ ਅਤੇ ਆਪਣੀ ਵੰਸ਼ ਵਿੱਚ ਇਸ ਦਾ ਪ੍ਰਚਾਰ ਕੀਤਾ, ਤਦ ਉਸ ਦੀ. ਉਮਰ ੯੯ ਵਰ੍ਹੇ ਦੀ ਸੀ. ਕੁਰਾਨ ਵਿੱਚ ਇਬਰਾਹੀਮ ਨੂੰ ਖ਼ਲੀਲੁੱਲਾ (ਅੱਲਾ ਦਾ ਮਿਤ੍ਰ) ਲਿਖਿਆ ਹੈ. ਇਬਰਾਹੀਮ ਦੀ ਸਾਰੀ ਉਮਰ ੧੭੫ ਵਰ੍ਹੇ ਦੀ ਸੀ. ਉਸ ਦੀ ਕਬਰ ਹ਼ਰੂੰ (Hebron) ਫ਼ਿਲਸ੍ਤੀਨ (Palestine) ਵਿੱਚ ਯਾਤ੍ਰਾ ਦਾ ਅਸਥਾਨ ਹੈ.#ਕਬੀਰ ਜੀ ਦੀ ਇਸ ਤੁਕ ਦਾ- "ਸਕਤਿ ਸਨੇਹ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ!"¹ ਅਰਥ ਕਰਦੇ ਹੋਏ ਗ੍ਯਾਨੀ, ਇੱਕ ਲੋਕਪ੍ਰਸਿੱਧ ਕਥਾ ਸੁਣਾਇਆ ਕਰਦੇ ਹਨ ਕਿ ਸਾਰਾਹ ਨੇ ਇਬਰਾਹੀਮ ਤੋਂ ਪ੍ਰਣ ਕਰਾਇਆ ਸੀ ਕਿ ਉਹ ਹਾਜਿਰਾ ਨਾਲ ਸੰਗ ਨਾ ਕਰੇ, ਜੇ ਕਰੇਗਾ ਤਦ ਭਾਰੀ ਦੰਡ ਦਾ ਅਧਿਕਾਰੀ ਹੋਵੇਗਾ. ਪਰੰਤੂ ਇਬਰਾਹੀਮ ਨੇ ਪ੍ਰਤਿਗ੍ਯਾ ਭੰਗ ਕੀਤੀ, ਜਿਸ ਤੇ ਸਾਰਾਹ ਨੇ ਪਤਿ ਦੇ ਪ੍ਰੇਮ ਵਿੱਚ ਆਕੇ ਵਡੀ ਸਜ਼ਾ ਨੂੰ ਛੋਟੀ ਵਿੱਚ ਬਦਲ ਦਿੱਤਾ, ਅਰਥਾਤ ਮੁੱਛਾਂ ਅਤੇ ਇੰਦ੍ਰੀ ਦਾ ਅਵਰਣ ਰੂਪ ਮਾਸ ਕੱਟਕੇ ਪ੍ਰਣਭੰਗ ਦਾ ਪ੍ਰਾਇਸ਼ਚਿਤ ਕੀਤਾ. ਚਾਹੋ ਏਹ ਕਥਾ ਬਾਈਬਲ ਅਤੇ ਕੁਰਾਨ ਵਿੱਚ ਨਹੀਂ ਹੈ, ਪਰੰਤੂ ਇਸ ਦਾ ਬੀਜ ਮੌਜੂਦ ਹੈ ਕਿ ਸਾਰਾਹ ਦੇ ਕਹਿਣ ਤੇ ਇਬਰਾਹੀਮ ਨੇ ਹਾਜਿਰਾ ਨੂੰ ਪੁਤ੍ਰ ਸਮੇਤ ਘਰੋਂ ਕੱਢ ਦਿੱਤਾ ਸੀ. ਅਤੇ ਸੁੰਨਤ ਦੀ ਰਸਮ ਇਬਰਾਹੀਮ ਤੋਂ ਚੱਲੀ।#੩. ਪੈਗੰਬਰ ਮੁਹ਼ੰਮਦ ਦਾ ਇੱਕ ਪੁਤ੍ਰ ਜੋ ਉਸ ਦੀ ਦਾਸੀ "ਮੇਰੀ" ਤੋਂ ਜਨਮਿਆ, ਅਤੇ ਦੋ ਵਰ੍ਹੇ ਦਾ ਹੋਕੇ ਹੀ ਮਰ ਗਿਆ ਸੀ। ੪. ਬਲਖ਼ ਦਾ ਬਾਦਸ਼ਾਹ, ਜੋ ਇਬਰਾਹੀਮ ਅਧਮ ਕਰਕੇ ਪ੍ਰਸਿੱਧ ਹੈ. ਇਹ ਰਾਜ ਤ੍ਯਾਗਕੇ ਸੰਨ੍ਯਾਸੀ ਹੋ ਗਿਆ, ਅਤੇ ਪੂਰਣ ਬ੍ਰਹਮਗ੍ਯਾਨੀ ਹੋਇਆ ਹੈ। ੫. ਦੇਖੋ, ਬਹਮੀਸ਼ਾਹ....
[لودی] ਪਠਾਣਾਂ ਦੀ ਮਤੀ ਸ਼ਾਖ਼ ਦੀ ਇੱਕ ਕੁਲ. ਇਸ ਨੇ ਦਿੱਲੀ ਵਿੱਚ ਸਨ ੧੪੫੦ ਤੋਂ ਸਨ ੧੫੨੬ ਤੀਕ ਰਾਜ ਕੀਤਾ ਹੈ. ਦੇਖੋ, ਇਬਰਾਹੀਮ ਲੋਦੀ ਅਤੇ ਦੌਲਤਖ਼ਾਂ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਸੰ. सिंहासन ਸੰਗ੍ਯਾ- ਰਾਜਾ ਦਾ ਆਸਨ, ਜੋ ਹੋਰ ਆਸਾਨਾ ਤੋਂ ਸਿੰਹ (ਉੱਤਮ) ਹੈ. ਸ਼ਾਹੀ ਤਖ਼ਤ। ੨. ਸਤਿਗੁਰੂ ਦੀ ਗੱਦੀ। ੩. ਕਿਤਨਿਆਂ ਦਾ ਖਿਆਲ ਹੈ ਕਿ ਆਸਨ ਦੇ ਦੋਂਹੀ ਪਾਸੀਂ ਸ਼ੇਰ ਦੀਆਂ ਮੂਰਤਾਂ ਹੋਣ ਕਰਕੇ ਨਾਉਂ ਸਿੰਘਾਸਨ ਹੈ. ਨੀਤਿਸ਼ਾਸਤ੍ਰ ਵਿੱਚ ਰਾਜਾ ਦਾ ਸਿੰਘਾਸਨ ਅੱਠ ਸ਼ਕਲਾਂ ਦਾ ਲਿਖਿਆ ਹੈ:-#"ਪ ਸਃ ਸ਼ੰਖੋ ਗਜੋ ਹੰਸਃ ਸਿੰਹੋ ਭ੍ਰਿੰਗੋ ਮ੍ਰਿਗੋ ਹਯਃ। ਅਸੌ੍ਟ ਸਿਹਾਸਨਾ ਨੀਤਿ. ਨੀਤਿਸ਼ਾਸਤ੍ਰ. ਵਿਦੋ ਵਿਦੁਃ ॥ ੪. ਸਿੰਘ ਜੇਹੀ ਨਿਸ਼ਸ੍ਤ. ਸ਼ੇਰ ਜੇਹੀ ਬੈਠਕ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਕ੍ਰਿ. ਵਿ- ਇਸ ਥਾਂ. ਯਹਾਂ....
ਵਿ- ਅਬਦਾਲ ਨਾਲ ਸੰਬੰਧ ਰੱਖਣ ਵਾਲਾ. ਅਬਦਾਲ ਦਾ. "ਕਰਿ ਅਬਦਾਲੀ ਭੇਸਵਾ." (ਭੈਰ ਨਾਮਦੇਵ) ਦੇਖੋ, ਅਬਦਾਲ ੩। ੨. ਸੰਗ੍ਯਾ- ਸੱਦੋਜ਼ਈ ਪਠਾਣਾਂ ਦੀ ਅੱਲ ਭੀ ਅਬਦਾਲੀ ਹੈ. ਅਬਦਾਲੀਆਂ ਨੂੰ ਦੁੱਰਾਨੀ ਭੀ ਆਖਦੇ ਹਨ. ਦੇਖੋ, ਅਹਮਦ ਸ਼ਾਹ ਅਬਦਾਲੀ ਅਤੇ ਦੁੱਰਾਨੀ ਸ਼ਬਦ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਅ਼. [شیخ] ਸ਼ੇਖ਼. ਸੰਗ੍ਯਾ- ਬੁੱਢਾ। ੨. ਬਜ਼ੁਰਗ। ੩. ਵਿਦ੍ਵਾਨ। ੪. ਮੁਸਲਮਾਨਾਂ ਦੀ ਇੱਕ ਖਾਸ ਜਾਤੀ. "ਕਹੁੰ ਸੇਖ ਬ੍ਰਹਮ ਸੂਰੂਪ." (ਅਕਾਲ)¹੫. ਸੰ. ਸ਼ੇਸ. ਸ਼ੇਸ ਨਾਗ. "ਮੁਨਿ ਜਨ ਮੇਖ ਨ ਲਹਹਿ ਭੇਵ." (ਬਸੰ ਮਃ ੫) ੬. ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ। ੭. ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ, ਪੂਆਰੇ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਜੀਵਨਵ੍ਰਿੱਤਾਂਤ. ਸਵਾਨਿਹ਼. ਉਮਰੀ. Biography । ੨. ਸ਼੍ਰੀ ਗੁਰੂ ਨਾਨਕ ਦੇਵ ਦੇ ਜੀਵਨ ਦੀ ਕਥਾ. ਗੁਰੂ ਨਾਨਕਸਾਹਿਬ ਦੀਆਂ ਅਨੇਕ ਜਨਮਸਾਖੀਆਂ ਵੇਖੀਆਂ ਜਾਂਦੀਆਂ ਹਨ, ਪਰ ਪ੍ਰਸਿੱਧ ਦੋ ਹਨ. ਇੱਕ ਭਾਈ ਬਾਲੇ ਵਾਲੀ, ਦੂਜੀ ਭਾਈ ਮਨੀ ਸਿੰਘ ਜੀ ਦੀ. ਸ੍ਵਾਰਥੀ ਲੋਕਾਂ ਨੇ ਇਨ੍ਹਾਂ ਦੇ ਅਸਲ ਰੂਪ ਨਹੀਂ ਰਹਿਣ ਦਿੱਤੇ. ਬਹੁਤ ਪ੍ਰਸੰਗ ਘਟਾ ਵਧਾ ਕੇ ਗ੍ਰੰਥ ਵਿਗਾੜ ਛੱਡੇ ਹਨ. ਦੇਖੋ, ਮਕਾਲਿਫ਼ Macauliffe ਸਾਹਿਬ ਦੀ ਸਨ ੧੮੮੫ ਵਿੱਚ ਗੁਲਸ਼ਨ ਪੰਜਾਬ ਪ੍ਰੈਸ ਰਾਵਲਪਿੰਡੀ ਵਿੱਚ ਛਪਵਾਈ ਜਨਮਸਾਖੀ ਦੀ ਭੂਮਿਕਾ....
ਸੰ. ਟਿੱਟਿਭੀ. ਸੰਗ੍ਯਾ- ਪਾਣੀ ਦੇ ਕਿਨਾਰੇ ਰਹਿਣ ਵਾਲੀ ਇੱਕ ਛੋਟੀ ਚਿੜੀ, ਜਿਸ ਦੀਆਂ ਲੱਤਾਂ ਲੰਮੀਆਂ ਹੁੰਦੀਆਂ ਹਨ. ਲੋਕਾਂ ਦੀ ਅਖਾਉਤ ਹੈ ਕਿ ਟਟੀਹਰੀ ਰਾਤ ਨੂੰ ਲੱਤਾਂ ਆਕਾਸ਼ ਵੱਲ ਕਰਕੇ ਸੌਂਦੀ ਹੈ ਕਿ ਕਿਤੇ ਆਕਾਸ਼ਮੰਡਲ ਡਿਗ ਨਾ ਪਵੇ. ਇਹ ਦ੍ਰਿਸ੍ਟਾਂਤ ਉਸ ਆਦਮੀ ਲਈ ਵਰਤਿਆ ਜਾਂਦਾ ਹੈ, ਜੋ ਅਸਮਰਥ ਹੋਣ ਪੁਰ ਭੀ ਆਖੇ ਕਿ ਅਮੁਕਾ ਵਡਾ ਕੰਮ ਮੈਥੋਂ ਬਿਨਾ ਨਹੀਂ ਹੋ ਸਕਦਾ....
ਅ਼. [شیخ] ਸ਼ੇਖ਼. ਸੰਗ੍ਯਾ- ਬੁੱਢਾ। ੨. ਬਜ਼ੁਰਗ। ੩. ਵਿਦ੍ਵਾਨ। ੪. ਮੁਸਲਮਾਨਾਂ ਦੀ ਇੱਕ ਖਾਸ ਜਾਤੀ. "ਕਹੁੰ ਸੇਖ ਬ੍ਰਹਮ ਸੂਰੂਪ." (ਅਕਾਲ)¹੫. ਸੰ. ਸ਼ੇਸ. ਸ਼ੇਸ ਨਾਗ. "ਮੁਨਿ ਜਨ ਮੇਖ ਨ ਲਹਹਿ ਭੇਵ." (ਬਸੰ ਮਃ ੫) ੬. ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ। ੭. ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ, ਪੂਆਰੇ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਚਰ੍ਚਾ. ਸੰਗ੍ਯਾ- ਵਰਣਨ. ਬਯਾਨ (ਬਿਨਾ). ਕਥਨ। ੨. ਪ੍ਰਸ਼ਨ ਉੱਤਰ. ਵਿਦ੍ਵਾਨਾਂ ਨੇ ਚਰਚਾ ਦੇ ਚਾਰ ਭੇਦ ਥਾਪੇ ਹਨ-#(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ.#(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ.#(ੲ) ਜਲਪ, ਆਪਣੇ ਮਤ ਦੀ ਪੁਸ੍ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ.#(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ। ੩. ਪੂਜਾ. ਚੰਦਨ ਆਦਿਕ ਪਦਾਰਥਾਂ ਦਾ ਲੇਪਨ। ੪. ਸ਼ੁਹਰਤ. ਅਫ਼ਵਾਹ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. सम्प्रदाय ਵਿ- ਦੇਣ ਵਾਲਾ. ਦੇਖੋ, ਸੰਪ੍ਰਦਾ। ੨. ਸੰਗ੍ਯਾ- ਪਰੰਪਰਾ ਤੋਂ ਉਪਦੇਸ਼ ਦੇਣ ਦੀ ਚਲੀ ਆਈ ਰੀਤਿ। ੩. ਪਰੰਪਰਾ ਤੋਂ ਚਲੀ ਧਰਮ ਰੀਤਿ। ੪. ਗੁਰੂ ਚੇਲੇ ਦੀ ਪੱਧਤਿ। ੫. ਗੁਰਉਪਦੇਸ਼ ਧਾਰਨ ਵਾਲੀ ਜਮਾਤ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਅ਼. [سرف] ਸਰਫ਼. ਸੰਗ੍ਯਾ- ਫਿਰਨਾ. ਘੂੰਮਨਾ। ੨. ਪਰਖਣਾ। ੩. ਖ਼ਰਚ। ੪. ਲਾਭ। ੫. ਸ਼ਬਦ- ਸਾਧਨ ਵਿਦ੍ਯਾ। ੬. ਜ਼ਮਾਨੇ ਦੀ ਚਾਲ। ੭. ਅ਼. [شرف] ਸ਼ਰਫ਼. ਬਜ਼ੁਰਗੀ. ਵਡਿਆਈ। ੮. ਪਾਨੀਪਤ ਨਿਵਾਸੀ ਇੱਕ ਫਕੀਰ. ਦੇਖੋ, ਸ਼ੇਖ ਸ਼ਰਫ਼। ੯. ਕੰਧਾਰ ਨਿਵਾਸੀ ਇੱਕ ਮੁਸਲਮਾਨ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਹੋਇਆ....