dhhāriधारि
ਧਾਰਕੇ. ਧਾਰਣ ਕਰਕੇ. "ਧਾਰਿ ਕ੍ਰਿਪਾ ਪ੍ਰਭੁ ਹਾਥ ਦੇ ਰਾਖਿਆ." (ਸੋਰ ਮਃ ੫) ੨. ਧਾਰਾ ਮੇਂ. ਧਾਰ ਵਿੱਚ. "ਬੂਡੇ ਕਾਲੀ ਧਾਰਿ." (ਸ. ਕਬੀਰ) ੩. ਧਾਰਣਾ ਕ੍ਰਿਯਾ ਦਾ ਅਮਰ. ਧਾਰਣ ਕਰ. "ਰੇ ਨਰ! ਇਹ ਸਾਚੀ ਜੀਅ ਧਾਰਿ." (ਸੋਹ ਮਃ ੯)
धारके. धारण करके. "धारि क्रिपा प्रभु हाथ दे राखिआ." (सोर मः ५) २. धारा में. धार विॱच."बूडे काली धारि." (स. कबीर) ३. धारणा क्रिया दा अमर. धारण कर. "रे नर! इह साची जीअ धारि." (सोह मः ९)
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਧਾਰਕੇ. ਧਾਰਣ ਕਰਕੇ. "ਧਾਰਿ ਕ੍ਰਿਪਾ ਪ੍ਰਭੁ ਹਾਥ ਦੇ ਰਾਖਿਆ." (ਸੋਰ ਮਃ ੫) ੨. ਧਾਰਾ ਮੇਂ. ਧਾਰ ਵਿੱਚ. "ਬੂਡੇ ਕਾਲੀ ਧਾਰਿ." (ਸ. ਕਬੀਰ) ੩. ਧਾਰਣਾ ਕ੍ਰਿਯਾ ਦਾ ਅਮਰ. ਧਾਰਣ ਕਰ. "ਰੇ ਨਰ! ਇਹ ਸਾਚੀ ਜੀਅ ਧਾਰਿ." (ਸੋਹ ਮਃ ੯)...
कृपा ਦੇਖੋ, ਕਿਰਪਾ. "ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ!" (ਮਲਾ ਅਃ ਮਃ ੩) ੨. ਦੇਖੋ, ਕ੍ਰਿਪੀ। ੩. ਕ੍ਰਿਪਾਚਾਰਯ. ਦੇਖੋ, ਕ੍ਰਿਪੀ. "ਨਹਿ ਭੀਖਮ ਦ੍ਰੌਣ ਕ੍ਰਿਪਾ ਅਰੁ ਦ੍ਰੌਣਜ." (ਚੰਡੀ ੧)...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਸੰਗ੍ਯਾ- ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਅਥਵਾ ਤਤੀਹਰੀ. "ਚਲੀ ਵਿਲੋਚਨ ਤੇ ਜਲਧਾਰਾ." (ਗੁਪ੍ਰਸੂ) ੨. ਸ਼ਸਤ੍ਰ ਦਾ ਤੇਜ਼ ਸਿਰਾ. ਧਾਰ. ਬਾਢ। ੩. ਫ਼ੌਜ ਦੀ ਪੰਕ੍ਤਿ. ਸਫ। ੪. ਸੰਤਾਨ. ਔਲਾਦ. ੫. ਲਕੀਰ. ਰੇਖਾ। ੬. ਪਹਾੜ ਦੀ ਸ਼੍ਰੇਣੀ (ਕਤਾਰ). Mountain Range. 7. ਸਮੁਦਾਯ. ਗਰੋਹ। ੮. ਪ੍ਰਕਰਣ ਅਥਵਾ ਦਫ਼ਹ. "ਆਵਣੁ ਜਾਣੁ ਨਹੀ ਜਮਧਾਰਾ." (ਮਾਰੂ ਸੋਲਹੇ ਮਃ ੧) ਯਮਰਾਜ ਦੇ ਕਾਨੂਨ ਦੀ ਦਫਹ ਅਨੁਸਾਰ ਆਵਣ ਜਾਣੁ ਨਹੀਂ। ੯. ਮਾਲਵਾ (ਮਧ੍ਯਭਾਰਤ) ਦੀ ਇੱਕ ਨਗਰੀ, ਜੋ ਭੋਜ ਦੇ ਸਮੇਂ ਪ੍ਰਸਿੱਧ ਸੀ. ਇਹ ਚੇਦਿ ਦੇ ਪੱਛਮ ਪ੍ਰਮਾਰ ਵੰਸ਼ ਦੀ ਰਾਜਧਾਨੀ ਰਹੀ ਹੈ. ਇੱਥੇ ਸੰਮਤ ੧੦੩੨ ਵਿੱਚ ਮੁੰਜ ਰਾਜ ਕਰਦਾ ਸੀ, ਅਤੇ ਉਸ ਦਾ ਭਤੀਜਾ ਭੋਜ ਸੰਮਤ ੧੦੬੮ ਵਿੱਚ ਇਸ ਦਾ ਸ੍ਵਾਮੀ ਸੀ. ਦਸਮਗ੍ਰੰਥ ਵਿੱਚ ਇੱਥੇ ਭਰਥਰੀ (ਭਰਿਰ੍ਤ੍ਰਹਰੀ) ਦਾ ਰਾਜ ਕਰਨਾ ਭੀ ਲਿਖਿਆ ਹੈ- "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੧੦. ਦੇਖੋ, ਧਾੜਾ. "ਏਕ ਦਿਵਸ ਧਾਰਾ ਕੋ ਗਯੋ." (ਚਰਿਤ੍ਰ ੬੫) ੧੧. ਧਾਰਨ ਕੀਤਾ. ਦੇਖੋ, ਧਾਰਣ. "ਏਹੁ ਆਕਾਰੁ ਤੇਰਾ ਹੈ ਧਾਰਾ." (ਭੈਰ ਮਃ ੩)...
ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. "ਸਗਲ ਤੁਮਾਰੀ ਧਾਰਣਾ." (ਮਾਰੂ ਸੋਲਹੇ ਮਃ ੫) ੨. ਅੰਤਹਕਰਣ ਦੀ ਉਹ ਵ੍ਰਿੱਤਿ, ਜੋ ਬਾਤ ਨੂੰ ਧਾਰਣ ਕਰਦੀ ਹੈ. ਸਮਝ। ੩. ਦ੍ਰਿੜ੍ਹ ਨਿਸ਼ਚਾ। ੪. ਯੋਗਮਤ ਅਨੁਸਾਰ ਮਨ ਦੀ ਉਹ ਟਿਕੀ ਹੋਈ ਹਾਲਤ, ਜਿਸ ਵਿਚ ਹੋਰ ਸਾਰੇ ਭਾਵ ਭੁੱਲਕੇ ਕੇਵਲ ਬ੍ਰਹਮ ਦਾ ਧ੍ਯਾਨ ਰਹਿਂਦਾ ਹੈ। ੫. ਧਰਮ ਦੀ ਰਹਿਤ। ੬. ਛੰਦਪਾਠ ਅਤੇ ਗਾਉਣ ਦੀ ਰੀਤਿ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)...
ਵਿ- ਸੱਚੀ। ੨. ਦੇਖੋ, ਸਾਚਿ....
ਸੰਗ੍ਯਾ- ਪ੍ਰਾਣੀ ਜੀਵਨ. "ਮੈ ਤਉ ਮੋਲਿ ਮਹਗੀ ਲਈ ਜੀਅ ਸਟੈ." (ਧਨਾ ਰਵਿਦਾਸ) ੨. ਮਨ. ਚਿੱਤ. "ਜੀਅ ਸੰਗਿ ਪ੍ਰਭੁ ਅਪਨਾ ਧਰਤਾ." (ਆਸਾ ਮਃ ੫) ੩. ਜਲ. "ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ." (ਵਾਰ ਮਲਾ ਮਃ ੩) ਇਸ ਥਾਂ "ਜੀਅ" ਦੋ ਅਰਥ ਰਖਦਾ ਹੈ, ਜਲ ਅਤੇ ਜੀਵਨ। ੪. ਜ਼ਿੰਦਗੀ। ੫. ਪ੍ਰਾਣੀ. ਜੀਵ. "ਜੇਤੇ ਜੀਅ ਜੀਵਹਿ ਲੈ ਸਾਹਾ." (ਵਾਰ ਮਾਝ ਮਃ ੧) ੬. ਜੀਵਾਤਮਾ। ੭. ਦੇਖੋ, ਜਿਅ....
ਸੰਗ੍ਯਾ- ਸ਼ੋਭਾ. "ਗੁਰੁਮੁਖ ਸੇਈ ਸੋਹਦੇ." (ਸ੍ਰੀ ਅਃ ਮਃ ੩) ੨. ਵਿ- ਸ਼ੋਭਨ. ਸੁੰਦਰ....