dhēharāदेहरा
ਸੰਗ੍ਯਾ- ਦੇਹ (ਸ਼ਰੀਰ) ਦਾ ਹੋਇਆ ਹੈ ਅੰਤਿਮ ਸੰਸਕਾਰ ਜਿਸ ਥਾਂ. ਸਮਾਧਿ। ੨. ਸਮਾਧਿ ਤੇ ਬਣਾਇਆ ਹੋਇਆ ਮੰਦਿਰ। ੩. ਦੇਵਗ੍ਰਿਹ. ਦੇਵਤਾ ਦਾ ਘਰ ਦੇਵਮੰਦਿਰ. "ਦੇਹਰਾ ਮਸੀਤ ਸੋਈ." (ਅਕਾਲ)
संग्या- देह (शरीर) दा होइआ है अंतिम संसकार जिस थां. समाधि। २. समाधि ते बणाइआ होइआ मंदिर। ३. देवग्रिह. देवता दा घर देवमंदिर. "देहरा मसीत सोई." (अकाल)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. अन्तिम. ਵਿ- ਅਖ਼ੀਰੀ. ਅੰਤ ਦਾ....
ਸੰ. ਸੰਸ੍ਕਾਰ. ਸੰਗ੍ਯਾ- ਸੰ- ਉਪਸਰਗ ਅਤੇ ਕ੍ਰਿ ਧਾਤੁ ਤੋਂ ਇਹ ਸ਼ਬਦ ਹੈ. ਸੁਧਾਰਨਾ। ੨. ਸ਼ੁੱਧ ਕਰਨਾ। ੩. ਕਿਸੇ ਕਰਮ ਦੇ ਕਰਨ ਤੋਂ ਪੈਦਾ ਹੋਇਆ ਖਿਆਲ। ੪. ਧਰਮਰੀਤਿ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ. ਜੈਸੇ- ਜਨਮ ਅਮ੍ਰਿਤ ਵਿਆਹ ਆਦਿ ਸੰਸਕਾਰ.#ਵਿਦ੍ਵਾਨਾਂ ਨੇ ਧਾਰਮਿਕ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ, ਉੱਤਮ ਮਧ੍ਯਮ ਅਤੇ ਨਿਸ਼ਿੱਧ.#(ੳ) ਉੱਤਮ ਸੰਸਕਾਰ ਉਹ ਹਨ, ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਚਿੰਨ੍ਹ ਧਾਰੇ ਜਾਣ ਓਹ ਸ਼ਰੀਰ ਤਥਾ ਦੇਸ਼ ਦੀ ਰੱਖ੍ਯਾ ਦਾ ਕਾਰਣ ਹੋਣ. ਜੈਸੇ- ਅਮ੍ਰਿਤ ਸੰਸਕਾਰ ਸਮੇਂ ਸਿੱਖ ਕੱਛ ਕ੍ਰਿਪਾਣ ਧਾਰਦੇ ਹਨ.#(ਅ) ਮੱਧਮ ਸੰਸਕਾਰ ਉਹ ਹਨ ਜਿਨ੍ਹਾਂ ਦ੍ਵਾਰਾ ਵਾਹਗੁਰੂ ਦੀ ਰਚਨਾ ਬੁਰੀ ਸ਼ਕਲ ਵਿੱਚ ਕੀਤੀ ਜਾਵੇ ਅਤੇ ਚਿੰਨ੍ਹ ਐਸੇ ਧਾਰੇ ਜਾਣ, ਜਿਨ੍ਹਾਂ ਤੋਂ ਸ਼ਰੀਰ ਅਰ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ. ਜੈਸੇ- ਜਟਾ ਭਸਮ ਜਨੇਉ ਕੰਠੀ ਆਦਿਕ ਲੋਕ ਧਾਰਨ ਕਰਦੇ ਹਨ.#(ੲ) ਨਿਸਿੱਧ (ਨਿਕ੍ਰਿਸਟ) ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ ਅਰ ਦੇਹ ਤਥਾ ਦੇਸ਼ ਦਾ ਕੋਈ ਹਿਤ ਨਾ ਹੋ ਸਕੇ, ਜੈਸੇ- ਯੋਗੀਆਂ ਦਾ ਕਰਣਵੇਧ, ਸੁੰਨਤ (ਖਤਨਾ), ਮੁੰਡਨ ਆਦਿਕ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸੰਗ੍ਯਾ- ਸਮ੍-ਆ-ਧੀ. ਚੰਗੀ ਤਰਾਂ ਚਿੱਤ ਦੇ ਠਹਿਰਾਉਣ ਦੀ ਕ੍ਰਿਯਾ। ੨. ਅੰਤਹਕਰਣ ਦਾ ਧ੍ਯੇਯ ਵਿੱਚ ਲਿਵਲੀਨ ਹੋਣਾ। ੩. ਇੱਕ ਵੈਸ਼੍ਯ, ਜੋ ਸੁਰਥ ਰਾਜਾ ਦਾ ਸਾਥੀ ਦੁਰਗਾਭਗਤ ਸੀ. "ਸਮੇਤ ਸਮਾਧਿ ਸਮਾਧਿ ਲਗਾਈ." (ਚੰਡੀ ੧) ੪. ਇੱਕ ਸ਼ਬਦਾਲੰਕਾਰ. ਹੋਰ ਕਾਰਣਾਂ ਦੇ ਸੰਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋ ਜਾਣਾ "ਸਮਾਧਿ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਖਿਦਰਾਣੇ ਪਰ ਸਿੰਘਾਂ ਨੇ ਜਦ ਪਾਯਾ ਹੈ ਘਮਸਾਨ,#ਮਹਾਂ ਸਿੰਘ ਅਰ ਭਾਗ ਕੌਰ ਸਁਗ ਸਿੰਘ ਪਹੂਚੇ ਆਨ,#ਕਰੀ ਮਾਰ ਸ਼ਤ੍ਰੁਨ ਪਰ ਐਸੀ ਦੀਨੇ ਪੈਰ ਹਿਲਾਯ,#ਘਾਯਲ ਥਕੇ ਤ੍ਰਿਖਾਤੁਰ ਵੈਰੀ ਭਾਗੇ ਪੀਠ ਦਿਖਾਯ.#ਸਿੰਘਾਂ ਦਾ ਅਚਾਨਕ ਪਹੁਚਨਾ ਅਤੇ ਪਾਨੀ ਦਾ ਨਾ ਮਿਲਣਾ ਵੈਰੀਆਂ ਦੇ ਭੱਜਣ ਵਿੱਚ ਸਹਾਇਕ ਹੋਏ। ੫. ਮੁਰਦੇ ਦੀ ਭਸਮ ਅਥਵਾ ਸ਼ਰੀਰ ਉੱਪਰ ਬਣਾਇਆ ਮਠ. ਛਤਰੀ। ੬. ਨਿਦ੍ਰਾ. ਨੀਂਦ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਸੰਗ੍ਯਾ- ਦੇਵਾਲਯ. ਦੇਵਮੰਦਿਰ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰਗ੍ਯਾ- ਦੇਹ (ਸ਼ਰੀਰ) ਦਾ ਹੋਇਆ ਹੈ ਅੰਤਿਮ ਸੰਸਕਾਰ ਜਿਸ ਥਾਂ. ਸਮਾਧਿ। ੨. ਸਮਾਧਿ ਤੇ ਬਣਾਇਆ ਹੋਇਆ ਮੰਦਿਰ। ੩. ਦੇਵਗ੍ਰਿਹ. ਦੇਵਤਾ ਦਾ ਘਰ ਦੇਵਮੰਦਿਰ. "ਦੇਹਰਾ ਮਸੀਤ ਸੋਈ." (ਅਕਾਲ)...
ਦੇਖੋ, ਮਸਜਿਦ। ੨. ਮਸਜਿਦ ਵਿੱਚ. "ਕਿਆ ਮਸੀਤਿ ਸਿਰ ਨਾਏ?" (ਪ੍ਰਭਾ ਕਬੀਰ)...
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....