dhitiथिति
ਸੰਗ੍ਯਾ- ਸ੍ਥਿਤਿ. ਠਹਿਰਾਉ. ਕ਼ਾਇਮੀ. "ਥਿਤਿ ਪਾਈ ਚੂਕੇ ਭ੍ਰਮ ਗਵਨ." (ਸੁਖਮਨੀ) ੨. ਤਿਥਿ ਸ਼ਬਦ ਦਾ ਉਲਟ ਭੀ ਥਿਤਿ ਹੈ. "ਥਿਤਿ ਵਾਰੁ ਨ ਜੋਗੀ ਜਾਣੈ." (ਜਪੁ) ਦੇਖੋ, ਜੋਗੀ ੪.
संग्या- स्थिति. ठहिराउ. क़ाइमी. "थिति पाई चूके भ्रम गवन." (सुखमनी) २. तिथि शबद दा उलट भी थिति है. "थिति वारु न जोगी जाणै." (जपु) देखो, जोगी ४.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਸਥਿਤਿ ਅਤੇ ਇਸਥਿਤਿ....
ਸੰਗ੍ਯਾ- ਸ੍ਥਿਤਿ. ਠਹਿਰਾਉ. ਕ਼ਾਇਮੀ. "ਥਿਤਿ ਪਾਈ ਚੂਕੇ ਭ੍ਰਮ ਗਵਨ." (ਸੁਖਮਨੀ) ੨. ਤਿਥਿ ਸ਼ਬਦ ਦਾ ਉਲਟ ਭੀ ਥਿਤਿ ਹੈ. "ਥਿਤਿ ਵਾਰੁ ਨ ਜੋਗੀ ਜਾਣੈ." (ਜਪੁ) ਦੇਖੋ, ਜੋਗੀ ੪....
ਸੰ. भ्रम्. ਧਾ- ਘੁੰਮਣਾ. ਚਕ੍ਰਾਕਾਰ ਫਿਰਨਾ, ਭਟਕਣਾ, ਖੇਡਣਾ, ਉਲਟਪੁਲਟ ਹੋਣਾ। ੨. ਸੰਗ੍ਯਾ- ਭਰਮ. ਭੁਲੇਖਾ. ਮਿਥ੍ਯਾਗ੍ਯਾਨ. "ਭ੍ਰਮ ਕਾਟੇ ਗੁਰਿ ਆਪਣੈ." (ਆਸਾ ਮਃ ੫) ਦੇਖੋ, ਭਰਮ ੫। ੩. ਭ੍ਰਮਣ. "ਬਿਨਸੈ ਭ੍ਰਮ ਭ੍ਰਾਂਤਿ." (ਬਿਲਾ ਮਃ ੫) ੪. ਇੱਕ ਰੋਗ, ਜਿਸ ਦਾ ਨਾਉਂ ਚਿੱਤਭ੍ਰਮ ਅਤੇ ਭ੍ਰਮਚਿੱਤ ਭੀ ਹੈ. ਗਰਮ ਖ਼ੁਸ਼ਕ ਪਦਾਰਥ ਖਾਣ ਪੀਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤਾ ਵਰਤਣ, ਬਹੁਤ ਮੈਥੁਨ ਕਰਨ, ਭੁੱਖ ਤੇਹ ਦਾ ਦੁੱਖ ਸਹਾਰਨ, ਚਿੰਤਾ ਸ਼ੋਕ ਅਪਮਾਨ ਆਦਿਕ ਕਾਰਣਾਂ ਤੋਂ ਦਿਮਾਗ ਵਿੱਚ ਖਰਾਬੀ ਆ ਜਾਂਦੀ ਹੈ, ਜਿਸ ਤੋਂ ਵਿਚਾਰਸ਼ਕਤੀ ਆਪਣਾ ਕੰਮ ਨਹੀਂ ਕਰਦੀ. ਚਿੱਤ ਡਾਵਾਂਡੋਲ ਦਸ਼ਾ ਵਿੱਚ ਰਹਿਂਦਾ ਹੈ. ਮੂਹੋਂ ਅਰਲ ਬਰਲ ਬਾਤਾਂ ਨਿਕਲਦੀਆਂ ਹਨ. ਭ੍ਰਮ ਦਾ ਰੋਗੀ ਸਭ ਚੀਜਾਂ ਨੂੰ ਭੌਂਦੀਆਂ (ਘੁੰਮਦੀਆਂ) ਕਦੇ ਆਪਣੇ ਆਪ ਨੂੰ ਭੌਂਦਾ ਦੇਖਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਹਰ ਵੇਲੇ ਪ੍ਰਸੰਨਤਾ ਦੇ ਸਾਧਨ ਕਰਨੇ, ਕਬਜ ਦੂਰ ਕਰਨ ਵਾਲੇ ਫਲ ਭੋਜਨ ਆਦਿ ਖਾਣੇ, ਤਾਲੂਏ ਪੁਰ ਬੱਕਰੀ ਦੇ ਦੁੱਧ ਦੀਆਂ ਧਾਰਾਂ ਮਾਰਨੀਆਂ, ਮੱਖਣ ਝੱਸਣਾ, ਦੁੱਧ ਮਲਾਈ ਮੱਖਣ ਬਦਾਮਰੌਗਨ ਖਾਣਾ ਪੀਣਾ, ਬ੍ਰਾਹਮੀਘ੍ਰਿਤ ਸੇਵਨ ਕਰਨਾ, ਧਮਾਸੇ ਦੇ ਕਾੜ੍ਹੇ ਵਿੱਚ ਘੀ ਪਾਕੇ ਪੀਣਾ ਆਦਿਕ. ਉਨਮਾਦ ਰੋਗ ਵਿੱਚ ਜੋ ਇਲਾਜ ਲਿਖਿਆ ਹੈ, ਉਹ ਸਭ ਭ੍ਰਮ ਰੋਗ ਵਾਲੇ ਨੂੰ ਗੁਣਕਾਰੀ ਹੈ। ੫. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਭ੍ਰਾਂਤਿ ੪....
ਦੇਖੋ, ਗਮਨ "ਸੰਗ ਨ ਸਾਥੀ ਗਵਨੁ ਇਕੇਲਾ." (ਸੂਹੀ ਰਵਿਦਾਸ) ੨. ਆਵਾਗਮਨ. "ਫਾਹੇ ਕਾਟੇ ਮਿਟੇ ਗਵਨ." (ਬਾਵਨ) ੩. ਇਸ੍ਤ੍ਰੀਗਮਨ. ਮੈਥੁਨ. ਸੰਭੋਗ. "ਤਿਹ ਸਾਥ ਗਵਨ ਕੈਸੇ ਕਰ ਕਰਿਯੈ?" (ਚਰਿਤ੍ਰ ੩੧) ੪. ਸੰ. ਗੌਣ. ਵਿ- ਜੋ ਮੁੱਖ ਨਹੀਂ. ਸਾਮਾਨ੍ਯ. "ਮੁੱਖ ਕਰਕੇ ਨਹੀਂ ਗਾਏ, ਗਵਨ ਕਰਕੇ ਗਾਏ ਹੈਨ." (ਜਸਭਾਮ)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਵਿਰੁੱਧ. ਵਿਪਰੀਤ. "ਉਲਟ ਭਈ ਜੀਵਤ ਮਰਿ ਜਾਗਿਆ." (ਗਉ ਅਃ ਮਃ ੧) ੨. ਕ੍ਰਿ. ਵਿ- ਪਲਟਕੇ. ਮੁੜ (ਹਟ) ਕੇ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ)...
ਦੇਖੋ, ਵਾਰ। ੨. ਵਾਰੀ. ਕ੍ਰਮ. "ਬੋਹਿਥਿ ਚੜਉ ਜਾ ਆਵੈ ਵਾਰੁ." (ਗਉ ਮਃ ੧)...
ਸੰ. ਯੋਗਿਨ੍. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....