tulasīāतुलसीआ
ਧੀਰ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਭੀ ਹ਼ਾਜਿਰ ਰਿਹਾ। ੨. ਭਾਰਦ੍ਵਾਜੀ ਬ੍ਰਾਹਮ੍ਣ, ਜੋ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਕੇ ਗੁਰੂ ਨਾਨਕਦੇਵ ਦੇ ਪਵਿਤ੍ਰ ਧਰਮ ਦਾ ਉਪਦੇਸ਼ਕ ਹੋਇਆ.
धीर जाति दा गुरू अरजनदेव दा सिॱख, जो गुरू हरिगोबिंद साहिब दी सेवा विॱच भी ह़ाजिर रिहा। २. भारद्वाजी ब्राहम्ण, जो गुरू अरजन साहिब दा सिॱख होके गुरू नानकदेव दे पवित्र धरम दा उपदेशक होइआ.
ਸੰਗ੍ਯਾ- ਧੀਰਜ (ਧੈਰ੍ਯ) ਦਾ ਸੰਖੇਪ. "ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ." (ਸ੍ਰੀ ਅਃ ਮਃ ੫) ੨. ਸੰ. ਵਿ- ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. "ਸਚਿ ਨਾਮਿ ਮਨ ਧੀਰ." (ਸ੍ਰੀ ਅਃ ਮਃ ੩) ੩. ਬਲਵਾਨ। ੪. ਨੰਮ੍ਰ. ਹੌਮੈ ਰਹਿਤ। ੫. ਗੰਭੀਰ। ੬. ਸੰਗ੍ਯਾ- ਕੇਸਰ। ੭. ਇੱਕ ਖਤ੍ਰੀ ਜਾਤਿ। ੮. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. "ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ." (ਬਿਲਾ ਮਃ ੫) ੯. ਡਿੰਗ. ਸੂਰਜ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰ. भारद्बाजिन. ਭਰਦ੍ਵਾਜਰਿਖੀ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਭਰਦ੍ਵਾਜ। ੨. ਭਰਦ੍ਵਾਜ ਤੋਂ ਚੱਲਿਆ ਬ੍ਰਾਹਮਣਾਂ ਦਾ ਗੋਤ੍ਰ. "ਵਿੱਸੀ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ." (ਭਾਗੁ) ੩. ਭਰਦ੍ਵਾਜ ਦਾ ਪੁਤ੍ਰ ਦ੍ਰੋਣਾਚਾਰਯ। ੪. ਕਈ ਲੇਖਕਾਂ ਨੇ ਭਰਦ੍ਵਾਜ ਦੀ ਥਾਂ ਭੀ ਭਾਰਦ੍ਵਾਜ ਸ਼ਬਦ ਵਰਤਿਆ ਹੈ....
ਦੇਖੋ, ਬ੍ਰਾਹਮਣ। ੨. ਹਿੰਦੂਆਂ ਦਾ ਪਹਿਲਾ ਵਰਣ. ਬ੍ਰਾਹ੍ਮਣ ਕਈ ਗੋਤ੍ਰਾਂ ਵਿੱਚ ਵੱਡੇ ਹੋਏ ਹਨ, ਪਰ ਮੁੱਖ ਦਸ ਹਨ- ਪੰਜ ਗੌੜ- ਕਾਨ੍ਯਕੁਬਜ, ਸਾਰਸ੍ਵਤ, ਗੌੜ, ਮੈਥਿਲ ਅਤੇ ਉਤਕਲ. ਪੰਜ ਦ੍ਰਾਵਿੜ ਮਹਾਰਾਸਟ੍ਰ. ਤੇਲੰਗ, ਦ੍ਰਾਵਿੜ, ਕਰਨਾਟ ਅਤੇ ਗੁਰਜਰ। ੩. ਵੇਦਾਂ ਦਾ ਉਹ ਭਾਗ, ਜੋ ਮੰਤ੍ਰਾਂ ਦੀ ਵ੍ਯਾਖਯਾਰੂਪ ਰਿਖੀਆਂ ਦਾ ਲਿਖਿਆ ਹੋਇਆ ਹੈ, ਅਰ ਜਿਸ ਵਿੱਚ ਅਨੇਕ ਕਰਮਾਂ ਦੀ ਵਿਧੀ ਅਤੇ ਮੰਤ੍ਰਾਂ ਨੂੰ ਯਥਾਯੋਗ ਮੌਕੇ ਪੁਰ ਵਰਤਣ ਦਾ ਨਿਰਣਾ ਹੈ....
ਸੰ. ਅਰ੍ਜਨ. ਸੰਗ੍ਯਾ- ਕਮਾਉਣਾ. ਖੱਟਣਾ. ਦੇਖੋ, ਅਜ੍ਸ ਧਾ। ੨. ਸੰਗ੍ਰਹ (ਜਮਾ) ਕਰਨਾ. "ਸ੍ਰੀ ਅਰਜਨ ਅਰਜਨ ਕਰੀ ਅਰਜਨ ਬਾਨੀ ਜੈਸ" (ਪੰਪ੍ਰ) ੩. ਸੰ. ਅਜੁਨ. ਇੱਕ ਬਿਰਛ, ਜਿਸ ਨੂੰ ਜਮਲਾ ਭੀ ਆਖਦੇ ਹਨ. ਇਹ ਸਦਾਬਹਾਰ ਜਾਤੀ ਵਿੱਚੋਂ ਹੈ. ਚੇਤ ਵੈਸਾਖ ਵਿੱਚ ਇਸ ਨੂੰ ਫੁੱਲ ਆਉਂਦੇ ਹਨ. ਇਸ ਦੀ ਲੱਕੜ ਬਹੁਤ ਮਜਬੂਤ ਹੁੰਦੀ ਹੈ. L. Terminalia- Arjuna. ੪. ਪਾਂਡਵਾਂ ਵਿੱਚੋਂ ਮੰਝਲਾ ਭਾਈ, ਜੋ ਧਨੁਖਵਿਦ੍ਯਾ ਵਿੱਚ ਆਪਣੇ ਸਮੇਂ ਅਦੁਤੀ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਕੁੰਤੀ ਦੇ ਉਦਰ ਤੋਂ ਇਹ ਇੰਦ੍ਰ ਦੇ ਸੰਜੋਗ ਨਾਲ ਜਨਮਿਆ ਸੀ. ਵਿਰਾਟ ਪਰਬ ਦੇ ਚੌਤਾਲੀਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਅਜੁਨ (ਉੱਜਲ) ਕਰਮ ਕਰਨ ਤੋਂ ਨਾਉਂ ਅਜੁਨ ਹੋਇਆ. ਦਸਮਗ੍ਰੰਥ ਵਿੱਚ ਅਰਜੁਨ ਬਾਈਸਵਾਂ ਅਵਤਾਰ ਲਿਖਿਆ ਹੈ:-#ਕਥਾ ਬ੍ਰਿੱਧ ਕਸ ਕਰੋਂ ਵਿਚਾਰਾ?#ਬਾਇਸਵੋਂ ਅਰਜਨ ਅਵਤਾਰਾ. (ਨਰਾਵ) ੫. ਕ੍ਰਿਤਵੀਰਯ ਦਾ ਪੁਤ੍ਰ ਸਹਸ੍ਰਵਾਹੁ, ਜਿਸ ਦਾ ਨਾਉਂ ਸਹਸ੍ਰਾਜੁਨ ਭੀ ਹੈ. ਇਹ ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ ਸੀ. ਦੇਖੋ, ਸਹਸ੍ਰਵਾਹੁ ਅਤੇ ਰੇਣੁਕਾ। ੬. ਚਿੱਟੇ ਰੰਗ ਦੀ ਕਨੇਰ। ੭. ਮੋਰ। ੮. ਇੰਦ੍ਰ।#੯. ਸਿੱਖ ਕੌਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ, ਜਿਨ੍ਹਾਂ ਦਾ ਜਨਮ ਵੈਸਾਖ ਪ੍ਰਵਿਸ੍ਠਾ ੧੯. (ਵੈਸਾਖ ਵਦੀ ੭) ਸੰਮਤ ੧੬੨੦ (੧੫ ਏਪ੍ਰਿਲ ਸਨ ੧੫੬੩) ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੇ ਉਦਰ ਤੋਂ ਗੋਇੰਦਵਾਲ ਹੋਇਆ. ੨੩ ਹਾੜ ਸੰਮਤ ੧੬੩੬ ਨੂੰ ਕ੍ਰਿਸਨ ਚੰਦ ਦੀ ਸੁਪੁਤ੍ਰੀ ਗੰਗਾ ਦੇਵੀ ਜੀ ਨਾਲ ਮਉ ਪਿੰਡ ਵਿਆਹ ਹੋਇਆ, ਜਿਸ ਦੇ ਉਦਰ ਤੋਂ ਮਹਾਂਵੀਰ ਸੁਪੁਤ੍ਰ ਗੁਰੂ ਹਰਗੋਬਿੰਦ ਜੀ ਜਨਮੇ.#ਗੁਰੂ ਅਰਜਨ ਸਾਹਿਬ ੨. ਅੱਸੂ ਸੰਮਤ ੧੬੩੮ (੧ ਸਤੰਬਰ ਸਨ ੧੫੮੧) ਨੂੰ ਗੁਰੁ ਗੱਦੀ ਤੇ ਵਿਰਾਜੇ ਅਤੇ ਉੱਤਮ ਰੀਤੀ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ. ਕੌਮੀ ਕਾਰਜਾਂ ਦੇ ਨਿਰਵਾਹ ਲਈ ਸਿੱਖਾਂ ਦੀ ਧਰਮਕਿਰਤ ਵਿੱਚੋਂ ਦਸਵੰਧ (ਦਸ਼ਮਾਂਸ਼) ਲੈਣ ਦੀ ਮਰਜਾਦਾ ਬੰਨ੍ਹੀ. ਸੰਮਤ ੧੬੪੫ ਵਿੱਚ ਸੰਤੋਖਸਰ ਤਾਲ ਪੱਕਾ ਕਰਵਾਇਆ ਅਰ ਸੰਮਤ ੧੬੪੫ ਵਿੱਚ ਹੀ ਹਰਿਮੰਦਿਰ ਦੀ ਨਿਉਂ ਰੱਖੀ, ਸੰਮਤ ੧੬੪੭ ਵਿੱਚ ਤਰਨਤਾਰਨ ਤਾਲ ਰਚਿਆ. ਸੰਮਤ ੧੬੫੧ ਵਿੱਚ ਕਰਤਾਰਪੁਰ ਨਗਰ (ਜਿਲਾ ਜਾਲੰਧਰ ਵਿੱਚ) ਵਸਾਇਆ, ਸੰਮਤ ੧੬੫੯- ੬੦ ਵਿੱਚ ਰਾਮਸਰ ਅਤੇ ਸੰਮਤ ੧੬੬੧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ. ਇਸੇ ਸਾਲ ਸਿੱਖ ਧਰਮ ਦੇ ਪੁਸਤਕ ਨੂੰ ਹਰਿਮੰਦਿਰ ਅੰਦਰ ਥਾਪਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਠਹਿਰਾਇਆ.#ਗੁਰੁਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸਤ੍ਯਪ੍ਰਤਿਗ੍ਯਾ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚਲ ਰਹਿਣ ਦਾ ਸਬਕ ਦੱਸਣ ਲਈ ਜੇਠ ਸੁਦੀ ੪. (੨ ਹਾੜ੍ਹ) ਸੰਮਤ ੧੬੬੩ (੩੦ ਮਈ ਸਨ ੧੬੦੬) ਨੂੰ ਰਾਵੀ ਦੇ ਕਿਨਾਰੇ ਲਹੌਰ ਜੋਤੀ ਜੋਤਿ ਸਮਾਏ. ਆਪ ਦਾ ਪਵਿਤ੍ਰ ਦੇਹਰਾ ਕਿਲੇ ਪਾਸ ਇਸ ਸਮੇਂ ਸਿੱਖਾਂ ਦਾ ਯਾਤ੍ਰਾ ਅਸਥਾਨ ਹੈ.#ਪੰਜਵੇਂ ਸਤਿਗੁਰੂ ਨੇ ੨੪ ਵਰ੍ਹੇ ੯. ਮਹੀਨੇ ਗੁਰਿਆਈ ਕੀਤੀ ਅਤੇ ੪੩ ਵਰ੍ਹੇ ੧. ਮਹੀਨਾ ੧੫. ਦਿਨ ਸਾਰੀ ਉਮਰ ਭੋਗੀ.#"ਗੁਰੁਅਰਜੁਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਉ."#ਅਤੇ- "ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ." (ਸਵੈਯੇ ਮਃ ੫. ਕੇ)#੧੦ ਵਿ- ਚਿੱਟਾ. ਉੱਜਲ। ੧੧. ਨਿਰਮਲ. ਸ਼ੁੱਧ.#ਭਾਈ ਸੰਤੋਖ ਸਿੰਘ ਜੀ ਨੇ ਅਰਜਨ ਅਤੇ ਅਰਜੁਨ ਸ਼ਬਦ ਇਕੱਠੇ ਕਰ ਦਿੱਤੇ ਹਨ, ਇਸ ਲਈ ਅਸੀਂ ਭੀ ਦੋਵੇਂ ਸ਼ਬਦ ਇੱਕੇ ਥਾਂ ਲਿਖੇ ਹਨ.#ਅਰਜਨ¹ ਸੁਨਤ ਸੁ ਦਾਸਨ ਕੋ ਦਾਨ ਦੇਤ#ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ,²#ਅਰਜਨ³ ਯਸ ਵਿਸਤੀਰਨ ਸੰਤੋਖ ਸਿੰਘ#ਜਹਾਂ ਤਹਾਂ ਜਾਨਿਯਤ ਮਾਨੋ ਤਰੁ ਅਰਜਨ,⁴#ਅਰਜਨ⁵ ਭਏ ਗਨ ਮੋਖਪਦ ਲਏ ਤਿਨ#ਸ੍ਯਾਮਘਨ ਤਨ ਹੋਯ ਤੋਰੇ ਯਮਲਾਰਜਨ,⁶#ਅਰਜ⁷ਨ ਜਾਨ੍ਯੋਜਾਇ ਕੇਤੋ ਹੈ ਵਿਥਾਰ ਤੇਰੋ#ਐਸੋ ਰੂਪ ਧਾਰ ਆਇ ਰਾਜੈਂ ਗੁਰੁ ਅਰਜਨ.#(ਗੁਪ੍ਰਸੂ)...
ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. उपदेशक. ਸੰਗ੍ਯਾ- ਉਪਦੇਸ਼ ਕਰਨ ਵਾਲਾ। ੨. ਗੁਰੂ....