tiriyā, tirīāतिरिया, तिरीआ
ਸੰਗ੍ਯਾ- ਸ੍ਤ੍ਰੀ. ਔ਼ਰਤ. ਨਾਰੀ। ੨. ਭਾਰਯਾ. ਜੋਰੂ. ਵਹੁਟੀ. "ਲਟ ਛਿਟਕਾਏ ਤਿਰੀਆ ਰੋਵੈ." (ਆਸਾ ਕਬੀਰ)
संग्या- स्त्री. औ़रत. नारी। २. भारया. जोरू. वहुटी. "लट छिटकाए तिरीआ रोवै." (आसा कबीर)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. स्तृ ਧਾ- ਫੈਲਾਉਣਾ. ਢਕਣਾ। ੨. ਦੇਖੋ, ਇਸਤ੍ਰੀ....
ਸੰ. ਨਾਡੀ. ਸੰਗ੍ਯਾ- ਰਗ. ਨਾੜੀ. "ਪਵਨ ਦ੍ਰਿੜ਼ ਸੁਖਮਨ ਨਾਰੀ." (ਗਉ ਕਬੀਰ) ਦੇਖੋ, ਸੁਖਮਨਾ। ੨. ਸੰ. ਨਰ ਦੀ ਮਦੀਨ. ਇਸਤ੍ਰੀ. ਔਰਤ. "ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ." (ਵਾਰ ਮਾਝ ਮਃ ੧)#ਕਾਮਾਸ਼ਾਸਤ੍ਰ ਵਿੱਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸਭ ਅਤੇ ਅਸ਼੍ਵ. ਦੇਖੋ, ਪਦਮਿਨੀ ਆਦਿ ਸ਼ਬਦ ਅਤੇ ਪੁਰੁਸਜਾਤਿ.#ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿੱਧਾ. ਸੋਲਾਂ ਵਰ੍ਹੇ ਤੀਕ ਦੀ ਬਾਲਾ, ਤੀਹ ਵਰ੍ਹੇ ਤੀਕ ਦੀ ਤਰੁਣੀ, ਪੰਜਾਹ ਤੀਕ ਦੀ ਪ੍ਰੌਢਾ ਅਤੇ ਇਸ ਤੋਂ ਅੱਗੇ ਵ੍ਰਿੱਧਾ ਹੈ.#ਬ੍ਰਹਮਵੈਵਰਤ ਵਿੱਚ ਤਿੰਨ ਪ੍ਰਕਾਰ ਦੀ ਨਾਰੀ ਲਿਖੀ ਹੈ- ਸਾਧ੍ਵੀ, ਭੋਗ੍ਯਾ ਅਤੇ ਕੁਲਟਾ, ਪਤਿ ਵਿੱਚ ਭਗਤੀ- ਭਾਵ ਰੱਖਕੇ ਸੇਵਾ ਕਰਨ ਅਤੇ ਕੇਵਲ ਸੰਤਾਨ ਦੇ ਮਨੋਰਥ ਨਾਲ ਪਤਿ ਦਾ ਸੰਗ ਕਰਨ ਵਾਲੀ ਸਾਧ੍ਵੀ ਹੈ. ਪਦਾਰਥਾਂ ਦੀ ਇੱਛਾ ਅਤੇ ਭੋਗਵਾਸਨਾ ਨਾਲ ਪਤਿ ਨੂੰ ਸੇਵਨ ਵਾਲੀ ਭੋਗ੍ਯਾ ਹੈ. ਕਪਟ ਅਰ ਲਾਲਚ ਨਾਲ ਪਤਿ ਦੀ ਸੇਵਾ ਕਰਨ ਵਾਲੀ ਅਤੇ ਕਾਮਵਸ਼ ਹੋਕੇ ਪਰਾਏ ਪੁਰਖਾਂ ਨਾਲ ਪ੍ਰੀਤਿ ਰੱਖਣ ਵਾਲੀ ਕੁਲਟਾ ਹੈ.#ਹਿੰਦੂਮਤ ਅਨੁਸਾਰ ਨਾਰੀ ਨੂੰ ਕਦੇ ਸੁਤੰਤ੍ਰਤਾ (ਆਜ਼ਾਦੀ) ਨਹੀਂ ਹੈ. ਦੇਖੋ, ਮਨੁਸਿਮ੍ਰਿਤਿ ਅਃ ੫, ਸ਼ਲੋਕ ੧੪੭- ੪੮ ਅਰ ਵੇਦਵਿਦ੍ਯਾ ਦਾ ਅਧਿਕਾਰ ਤਾਂ ਕੀ ਹੋਣੀ ਸੀ, ਇਸਤ੍ਰੀਆਂ ਦੇ ਸੰਸਕਾਰ ਭੀ ਵੇਦਮੰਤ੍ਰਾਂ ਨਾਲ ਕਰਨੇ ਵਰਜੇ ਹਨ, ਯਥਾ- "ਇਸਤ੍ਰੀਆਂ ਦੇ ਸੰਸਕਾਰ ਵੇਦਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ. ਇਸਤ੍ਰੀਆਂ ਅਗਿਆਨਣਾਂ, ਵੇਦਮੰਤ੍ਰਾਂ ਦੇ ਅਧਿਕਾਰ ਤੋਂ ਵਾਂਜੀਆਂ ਅਤੇ ਝੂਠ ਦੀ ਮੂਰਤਿ ਹਨ." (ਮਨੁ ਅਃ ੯. ਸ਼ਃ ੧੮)#ਸਿੱਖਧਰਮ ਵਿੱਚ ਨਾਰੀ ਦੇ ਅਧਿਕਾਰ ਬਾਬਤ ਦੇਖੋ, ਆਸਾ ਮਃ ੫, ਸ਼ਬਦ ਨੰਃ ੩, ਵਾਰ ਆਸਾ ਦੀ ਪੌੜੀ ੧੯. ਦਾ ਸ਼ਲੋਕ "ਭੰਡਿ ਜੰਮੀਐ," ਅਤੇ ਵਾਰ ਭਾਈ ਗੁਰੁਦਾਸ ੫, ਪੌੜੀ ੧੬।#੩. ਨਾਰੀ ਦਾ ਖਾਸ ਚਿੰਨ੍ਹ. ਯੋਨਿ. ਭਗ. "ਤਗੁ ਨ ਇੰਦ੍ਰੀ ਤਗੁ ਨ ਨਾਰੀ." (ਵਾਰ ਆਸਾ) ੪. ਪ੍ਰਾਃ ਨਾਰ. ਗਰਦਨ. ਗ੍ਰੀਵਾ. "ਮੁਖ ਨਾਇ ਰਹੀ ਨ ਉਚਾਵਤ ਨਾਰੀ." (ਚਰਿਤ੍ਰ ੨੩੩) ੫. ਅ਼. [ناری] ਨਾਰ (ਅਗਨਿ) ਤੋਂ ਬਣਿਆ ਹੋਇਆ ਸ਼ੈਤਾਨ. "ਨਾਰੀ ਹੁਕਮ ਨ ਮੰਨਿਆ ਰਖਿਆ ਨਾਉਂ ਸ਼ੈਤਾਨ." (ਮਗੋ) ੬. ਵਿ- ਦੋਜ਼ਖ਼ੀ. ਨਾਰਕੀ। ੭. ਫ਼ਾ. ਸੰਗ੍ਯਾ- ਪੋਸ਼ਾਕ. ਪੋਸ਼ਿਸ਼....
ਸੰ. ਭਾਰ੍ਯਾ. ਸੰਗ੍ਯਾ- ਉਹ ਇਸਤ੍ਰੀ, ਜੋ ਪਤਿ ਦ੍ਵਾਰਾ ਭਰਣ (ਪਾਲਨ) ਯੋਗ੍ਯ ਹੈ. ਵਿਧਿ ਨਾਲ ਵਿਆਹੀ ਹੋਈ ਇਸਤ੍ਰੀ. ਵਹੁਟੀ. ਪਤਨੀ. ਮਹਾਭਾਰਤ ਵਿੱਚ ਲਿਖਿਆ ਹੈ- ਜੋ ਘਰ ਦੇ ਕੰਮ ਵਿੱਚ ਨਿਪੁਣ ਹੈ, ਜੋ ਸੰਤਾਨ ਵਾਲੀ ਹੈ, ਜੋ ਪਤੀ ਨੂੰ ਆਪਣੀ ਜਾਨ ਸਮਝਦੀ ਹੈ, ਜੋ ਪਤਿਵ੍ਰਤ ਧਰਮ ਵਿੱਚ ਪੱਕੀ ਹੈ, ਉਹ "ਭਾਰ੍ਯ" ਹੈ.¹...
ਸੰਗ੍ਯਾ- ਜਾਯਾ. ਭਾਰਯਾ. ਪਤਨੀ. ਜ਼ੌਜਹ। ੨. ਨਾਰੀ. ਇਸਤ੍ਰੀ. "ਜਿਉ ਜੋਰੂ ਸਿਰਨਾਵਣੀ ਆਵੈ ਵਾਰੋਵਾਰਿ." (ਵਾਰ ਆਸਾ)...
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...
ਕ੍ਰਿ. ਵਿ- ਖੋਲ੍ਹਕੇ. ਵਿਖੇਰਕੇ. "ਲਟ ਛਿਟਕਾਏ ਤਿਰੀਆ ਰੋਵੈ." (ਆਸਾ ਕਬੀਰ)...
ਸੰਗ੍ਯਾ- ਸ੍ਤ੍ਰੀ. ਔ਼ਰਤ. ਨਾਰੀ। ੨. ਭਾਰਯਾ. ਜੋਰੂ. ਵਹੁਟੀ. "ਲਟ ਛਿਟਕਾਏ ਤਿਰੀਆ ਰੋਵੈ." (ਆਸਾ ਕਬੀਰ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....