tabāshīraतबाशीर
ਅ਼. [تباشیِر] ਸੰ. ਤਵਕ੍ਸ਼ੀਰ. ਸੰਗ੍ਯਾ- ਬੰਸ (ਵੰਸ਼) ਲੋਚਨ. ਵੰਸ਼ ਸ਼ਰ੍ਕਰਾ. Bamboo sugar. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਹ਼ਕੀਮ ਬਹੁਤ ਦਵਾਈਆਂ ਵਿੱਚ ਇਸ ਨੂੰ ਵਰਤਦੇ ਹਨ. ਇਹ ਦਿਲ ਅਤੇ ਦਿਮਾਗ ਨੂੰ ਤ਼ਾਕ਼ਤ ਦੇਣ ਵਾਲਾ ਹੈ. ਜਿਗਰ ਦੇ ਰੋਗ ਹਟਾਉਂਦਾ ਹੈ. ਪਿੱਤ ਤੋਂ ਹੋਈ ਕ਼ਯ (ਛਰਦਿ) ਅਤੇ ਖ਼ੂਨੀ ਦਸਤਾਂ ਨੂੰ ਬੰਦ ਕਰਦਾ ਹੈ. ਗਰਮੀ ਦੇ ਤਾਪ ਅਤੇ ਮੂੰਹ ਦੇ ਛਾਲਿਆਂ ਨੂੰ ਹਟਾਉਂਦਾ ਹੈ. ਪਿਆਸ ਬੁਝਾਉਂਦਾ ਹੈ.
अ़. [تباشیِر] सं. तवक्शीर. संग्या- बंस (वंश) लोचन. वंश शर्करा. Bamboo sugar. इस दी तासीर सरद ख़ुशक है. ह़कीम बहुत दवाईआं विॱच इस नूं वरतदे हन. इह दिल अते दिमाग नूं त़ाक़त देण वाला है. जिगर दे रोग हटाउंदा है. पिॱत तों होई क़य (छरदि) अते ख़ूनी दसतां नूं बंद करदा है. गरमी दे ताप अते मूंह दे छालिआं नूं हटाउंदा है. पिआस बुझाउंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵੰਸ਼. ਸੰਗ੍ਯਾ- ਬਾਂਸ. "ਤਜ ਚੰਦਨ. ਗਹਿ ਬੰਸ ਸੰਤਾਪੀ." (ਨਾਪ੍ਰ) "ਦਾਵਾ ਬਨਬੰਸ ਪਰ." (ਗੁਪ੍ਰਸੂ) ਬਾਂਸ ਦੇ ਜੰਗਲ ਪੁਰ ਜੈਸੇ ਦਾਵਾ ਅਗਨਿ ਪ੍ਰਬਲ ਹੈ। ੨. ਬਾਂਸ ਦੀ ਤਰਾਂ ਜੋ ਵ੍ਰਿੱਧੀ ਕਰੇ, ਕੁਲ. "ਸੋਢੀਬੰਸ ਉਪਜਿਓ ਜਥਾ." (ਵਿਚਿਤ੍ਰ) ੩. ਬਾਂਸ ਦੀ ਪੋਰੀ ਦਾ ਵਾਜਾ. ਬਾਂਸਰੀ. ਮੁਰਲੀ। ੪. ਪਿੱਠ ਦੀ ਹੱਡੀ. ਕੰਗਰੋੜ। ੫. ਨੱਕ ਦੀ ਹੱਡੀ। ੬. ਤਲਵਾਰ ਦੀ ਧਾਰ ਅਤੇ ਪਿੱਠ ਦੇ ਮੱਧ ਉਭਰਿਆ ਹੋਇਆ ਭਾਗ। ੭. ਬਾਰਾਂ ਹੱਥ ਦੀ ਲੰਬਾਈ। ੮. ਜੰਗ ਦਾ ਸਾਮਾਨ। ੯. ਵਿਸਨੁਦੇਵਤਾ। ੧੦. ਫੁੱਲ। ੧੧. ਸੰ. ਵ੍ਯੰਸ਼. ਵਿਨਾ ਅੰਸ਼. ਬੰਧ੍ਯਾ (ਬਾਂਝ). "ਬੰਸ ਕੋ ਪੂਤੁ ਬੀਆਹਨ ਚਲਿਆ." (ਆਸਾ ਕਬੀਰ) ਦੇਖੋ, ਫੀਲੁ। ੧੨. ਔਤ....
ਦੇਖੋ, ਬੰਸ....
ਸੰਗ੍ਯਾ- ਜਿਸ ਨਾਲ ਦੇਖੀਏ, ਨੇਤ੍ਰ. ਅੱਖ. "ਲੋਚਨ ਸ੍ਰਮਹਿ, ਬੁਧਿ ਬਲ ਨਾਠੀ." (ਸ੍ਰੀ ਬੇਣੀ)...
ਫ਼ਾ. [سرد] ਵਿ- ਠੰਢਾ. ਸੀਤਲ। ੨. ਸੰ. ਸ਼ਰਦ੍. ਸੰਗ੍ਯਾ- ਅੱਸੂ ਕੱਤਕ ਦੀ ਰੁਤ. "ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ." (ਰਾਮ ਰੁਤੀ ਮਃ ੫) ੩ਸਾਲ. ਵਰ੍ਹਾ। ੪. ਤੀਰਕਸ਼. ਸ਼ਰਧਿ. ਭੱਥਾ....
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [جِگر] ਸੰ. यकृत ਯਕ੍ਰਿਤ. ਅੰ. Liver. ਸੰਗ੍ਯਾ- ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨. ਭਾਵ- ਹੌ਼ਸਲਾ. ਦਿਲੇਰੀ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰ. पित्त्. [صفرا] ਸਫ਼ਰਾ. Bile. ਪਿੱਤ ਸ਼ਰੀਰ ਦੀ ਗਰਮੀ ਰੂਪ ਹੈ. ਇਹ ਆਪਣੀ ਅਸਲੀ ਹਾਲਤ ਵਿੱਚ ਸ਼ਰੀਰ ਦੀ ਰਖ੍ਯਾ, ਅਤੇ ਵਿਗੜਿਆ ਹੋਇਆ ਅਨੇਕ ਰੋਗ ਉਤਪੰਨ ਕਰਦਾ ਹੈ. ਪਿੱਤ ਪਤਲਾ (ਦ੍ਰਵ) ਪਦਾਰਥ ਹੈ, ਜਿਸ ਦਾ ਪੀਲਾ ਰੰਗ ਹੈ. ਇਹ ਸ਼ਰੀਰ ਤੋਂ ਮੈਲ ਅਤੇ ਲਹੂ ਦੀ ਜਹਿਰ ਖਾਰਜ ਕਰਦਾ ਹੈ. ਵੈਦਕ ਵਾਲਿਆਂ ਨੇ ਪਿੱਤ ਦੇ ਪੰਜ ਰੂਪ ਲਿਖੇ ਹਨ-#(ੳ) ਆਲੋਚਕ- ਨੇਤ੍ਰਾਂ ਵਿੱਚ ਨਿਵਾਸ ਕਰਦਾ ਹੈ. ਅੱਖਾਂ ਵਿੱਚ ਇਸੇ ਦੀ ਚਮਕ ਹੈ. ਇਹ ਰੂਪ ਨੂੰ ਗ੍ਰਹਣ ਕਰਦਾ ਹੈ.#(ਅ) ਰੰਜਕ- ਜਿਗਰ ਵਿੱਚ ਰਹਿੰਦਾ ਹੈ. ਭੋਜਨ ਦਾ ਰਸ, ਜੋ ਲਹੂ ਬਣਨ ਲਈ ਆਉਂਦਾ ਹੈ. ਉਸ ਦਾ ਖੂਨ ਬਣਾਉਂਦਾ ਹੈ.#(ੲ) ਸਾਧਕ- ਹਿਰਦੇ ਵਿੱਚ ਰਹਿੰਦਾ ਹੈ. ਇਹ ਬੁੱਧਿ, ਸਿਮ੍ਰਿਤਿ ਆਦਿ ਨੂੰ ਵਧਾਉਂਦਾ ਹੈ.#(ਸ) ਪਾਚਕ- ਇਹ ਮੇਦੇ ਅਤੇ ਅੰਤੜੀ ਵਿੱਚ ਰਹਿੰਦਾ ਹੈ. ਇਹ ਗਿਜਾ ਪਚਾਉਂਦਾ, ਮੈਲ ਖਾਰਿਜ ਕਰਦਾ ਹੈ, ਰਸ ਮਲ ਮੂਤ੍ਰ ਅਤੇ ਦੋਸਾਂ ਨੂੰ ਨਿਖੇੜਦਾ ਹੈ, ਜਠਰਾਗਨਿ ਦੇ ਬਲ ਨੂੰ ਵਧਾਉਂਦਾ ਹੈ.#(ਹ) ਭ੍ਰਾਜਕ- ਇਹ ਤੁਚਾ (ਖਲੜੀ) ਵਿੱਚ ਰਹਿੰਦਾ ਹੈ. ਸ਼ਰੀਰ ਦੀ ਸ਼ੋਭਾ ਅਤੇ ਚਮਕ ਨੂੰ ਵਧਾਉਂਦਾ ਹੈ. ਪਿੱਤ ਦੇ ਵਿਗਾੜ ਨਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ, ਨੇਤ੍ਰ ਲਾਲ ਪੀਲੇ, ਮੂਤ੍ਰ ਬਹੁਤ ਪੀਲਾ, ਮੂੰਹ ਦਾ ਸੁਆਦ ਖੱਟਾ, ਭਸ ਡਕਾਰ, ਕ੍ਰੋਧ, ਦਾਹ, ਅੱਖਾਂ ਅੱਗੇ ਹਨੇਰਾ, ਸ਼ਰੀਰ ਦਾ ਤਪਣਾ, ਬਦਬੂਦਾਰ ਪਸੀਨਾ ਆਉਣਾ ਆਦਿਕ ਚਾਲੀ ਰੋਗ ਹੁੰਦੇ ਹਨ.#ਪਿੱਤ ਦੇ ਸ਼ਾਂਤ ਕਰਨ ਲਈ ਉਸਨਤਾਪ ਅਤੇ ਯਰਕਾਨ ਵਿੱਚ ਦੱਸੇ ਉਪਾਉ ਕਰਨੇ ਲਾਭਦਾਇਕ ਹਨ.#ਸਾਧਾਰਣ ਇਲਾਜ ਹੈ ਕਿ ਅੰਤੜੀ ਦੀ ਸਫਾਈ ਕਰਨੀ, ਦੁੱਧ ਚਾਉਲ ਆਦਿਕ ਪਦਾਰਥ ਖਾਣੇ ਪੀਣੇ, ਗੋਕੇ ਦੁੱਧ ਵਿੱਚ ਮਿਸ਼ਰੀ ਪਾਕੇ ਈਸਬਗੋਲ ਦਾ ਸਤ ਛੀ ਮਾਸ਼ੇ ਲੈਣਾ, ਚੰਦਨ ਅਨਾਰ ਆਦਿ ਦੇ ਸ਼ਰਬਤ ਵਰਤਣੇ, ਸਰਦ ਤਰ ਫਲ ਖਾਣੇ, ਨਿਰਮਲ ਸੀਤਲ ਜਲ ਨਾਲ ਸਨਾਨ ਕਰਨਾ, ਵਟਣਾ ਮਲਕੇ ਮੈਲ ਦੂਰ ਕਰਨੀ ਆਦਿ. "ਬਾਇ ਪਿੱਤ ਕਰ ਉਪਜਤ ਭਏ." (ਚਰਿਤ੍ਰ ੪੦੫) ੨. ਪਿੱਤ ਦੇ ਵਿਕਾਰ ਨਾਲ ਗਰਮੀ ਦੀ ਰੁੱਤ ਵਿੱਚ ਤੁਚਾ ਤੇ ਨਿਕਲੀਆਂ ਬਰੀਕ ਫੁਨਸੀਆਂ ਭੀ "ਪਿੱਤ" ਆਖੀਦੀਆਂ ਹਨ. ਇਹ ਵਟਣੇ ਚੰਦਨ ਆਦਿ ਦੇ ਲੇਪ ਤੋਂ ਅਰ ਸੁਗੰਧ ਵਾਲੇ ਸਬੂਣ ਨਾਲ ਸਨਾਨ ਕਰਨ ਤੋਂ ਦੂਰ ਹੋ ਜਾਂਦੀਆਂ ਹਨ। ੩. ਕ੍ਰੋਧ. ਤਾਮਸੀ ਸੁਭਾਉ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਅ਼. [قے] ਉਛਾਲੀ. ਵਮਨ. ਡਾਕੀ. ਦੇਖੋ, ਛਰਦਿ....
ਸੰ. ਛਿਰ੍ਦ. ਵਮਨ ਰੋਗ. ਉਲਟੀ ਹੋਣ ਦੀ ਬੀਮਾਰੀ. ਕ਼ਯ (ਕ਼ੈ). Vomiting. ਵਾਤ ਪਿੱਤ ਕਫ ਦੇ ਕੋਪ ਤੋਂ, ਗੰਦੀ ਮੰਦੀ ਚੀਜਾਂ ਖਾਣ ਤੋਂ, ਅਣਪਚ ਤੋਂ, ਘ੍ਰਿਣਾਯੋਗ੍ਯ ਪਦਾਰਥ ਦੇ ਦੇਖਣ ਅਤੇ ਸੁੰਘਣ ਤੋਂ ਛਰਦਿ ਰੋਗ ਹੁੰਦਾ ਹੈ. ਇਸਤ੍ਰੀਆਂ ਨੂੰ ਗਰਭ ਠਹਿਰਣ ਪਿੱਛੋਂ ਭੀ ਛਰਦਿ ਹੋਇਆ ਕਰਦੀ ਹੈ.#ਛਰਦਿ ਦਾ ਉੱਤਮ ਇਲਾਜ ਹੈ ਕਿ-#(੧) ਨਿੰਮ ਦੀ ਗਿੱਲੀ ਛਿੱਲ ਛੀ ਮਾਸ਼ੇ, ਛੋਟੀਆਂ ਇਲਾਇਚੀਆਂ ਸੱਤ, ਲੌਂਗ ਇੱਕ, ਪੋਦੀਨਾ ਛੀ ਮਾਸ਼ੇ, ਸੌਂਫ ਛੀ ਮਾਸੇ, ਇਨ੍ਹਾਂ ਨੂੰ ਚੰਗੀ ਤਰਾਂ ਘੋਟਕੇ ਦੋ ਛਟਾਂਕ ਪਾਣੀ ਬਣਾਕੇ ਮਿਸ਼ਰੀ ਪਾ ਕੇ ਇੱਕ ਜਾਂ ਦੋ ਦੋ ਤੋਲੇ ਰੋਗੀ ਨੂੰ ਕਈ ਵੇਰ ਪਿਆਓ.#(੨) ਸੌਂਫ ਦੇ ਅਰਕ ਵਿੱਚ ਜਹਿਰਮੁਹਰਾ ਜਾਂ ਦਰਿਆਈ ਖੋਪਾ ਘਸਾਕੇ ਚਟਾਓ.#(੩) ਛੋਟੀਆਂ ਇਲਾਇਚੀਆਂ ਦੇ ਬੀਜ, ਗੁਲਖੈਰਾ, ਨਾਗਰਮੋਥਾ, ਬੇਰ ਦੀ ਗੁਠਲੀ ਦੀ ਗਿਰੀ, ਮਘਾਂ, ਚਿੱਟਾ ਚੰਦਨ, ਧਾਨਾਂ ਦੀਆਂ ਖਿੱਲਾਂ, ਲੌਂਗ, ਨਾਗਕੇਸਰ, ਇਨ੍ਹਾਂ ਨੌ ਸਮ ਵਜਨ ਦਵਾਈਆਂ ਦਾ ਚੂਰਣ ਸ਼ਹਿਦ ਅਤੇ ਮਿਸ਼ਰੀ ਮਿਲਾਕੇ ਖਵਾਓ.#(੪) ਕੋਰੀ ਠੂਠੀ ਅੱਗ ਵਿੱਚ ਲਾਲ ਕਰਕੇ ਪਾਣੀ ਵਿੱਚ ਪੰਜ ਛੀ ਵਾਰ ਬੁਝਾਓ, ਇਹ ਪਾਣੀ ਪੀਣ ਲਈ ਦੇਓ.#(੫) ਸੁਗੰਧ ਵਾਲੇ ਪਦਾਰਥ ਸੁੰਘਾਓ.#(੬) ਸ਼ਰੀਰ, ਘਰ, ਵਸਤ੍ਰ ਆਦਿ ਨਿਰਮਲ ਰੱਖੋ....
ਵਿ- ਖ਼ੂਨ ਕਰਨ ਵਾਲਾ. ਹਤ੍ਯਾਰਾ। ੨. ਜਾਲਿਮ। ੩. ਲਹੂਰੰਗਾ....
ਫ਼ਾ. [دستاں] ਸੰਗ੍ਯਾ- ਫ਼ਰੇਬ. ਛਲ। ੨. ਗੀਤ। ੩. ਦਾਸਤਾਨ. ਕਹਾਣੀ. ਕਥਾ....
ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ....
ਦੇਖੋ, ਗਰਮਾਈ। ੨. ਗ੍ਰੀਖਮ ਰੁੱਤ....
(ਦੇਖੋ, ਤਪ੍ ਧਾ. ) ਸੰ. ਸੰਗ੍ਯਾ- ਗਰਮੀ. ਤੇਜ. ਉਸ੍ਣਤਾ। ੨. ਸੰ. ਜ੍ਵਰ. [حُّمی] ਹ਼ੁੱਮਾ. Fever. ਬੁਖ਼ਾਰ. ਜ੍ਵਰ ਦਾ ਨਾਉਂ ਤਾਪ ਇਸ ਲਈ ਹੋ ਗਿਆ ਹੈ ਕਿ ਇਸ ਦੇ ਅਸਰ ਨਾਲ ਸ਼ਰੀਰ ਤਪਜਾਂਦਾ ਹੈ. ਅਯੋਗ ਅਹਾਰ ਵਿਹਾਰ ਤੋਂ ਕੋਠੇ ਦੀ ਅਗਨਿ ਲਹੂ ਨੂੰ ਤਪਾ ਦਿੰਦੀ ਹੈ, ਸ਼ਰੀਰ ਅਤੇ ਮਨ ਦਾ ਤਪਣਾ ਹੀ ਤਾਪ ਦਾ ਰੂਪ ਹੈ. ਤਾਪ ਤੋਂ ਸ਼ਰੀਰ ਵਿੱਚ ਸੁਸਤੀ ਅਤੇ ਬੇਚੈਨੀ ਵਿਆਪ ਜਾਂਦੀ ਹੈ, ਮੂੰਹ ਬੇਸੁਆਦ ਹੁੰਦਾ ਹੈ, ਅੱਖਾਂ ਤੋਂ ਪਾਣੀ ਵਹਿਂਦਾ ਹੈ, ਅਵਾਸੀਆਂ ਬਹੁਤ ਆਉਂਦੀਆਂ ਹਨ, ਦਿਲ ਦੀ ਹਰਕਤ ਕਾਹਲੀ ਹੁੰਦੀ ਹੈ, ਭੁੱਖ ਬੰਦ ਹੋ ਜਾਂਦੀ ਹੈ, ਹੱਡਭੰਨਣੀ ਲਗਦੀ ਹੈ, ਦਾਹ ਹੁੰਦਾ ਹੈ, ਆਦਿ. "ਤਾਪ ਉਤਾਰਿਆ ਸਤਿਗੁਰਿ ਪੂਰੈ." (ਸੋਰ ਮਃ ੫)#ਤਾਪ ਦੇ ਅਨੇਕ ਭੇਦ ਹਨ, ਪਰ ਅਸੀ ਇਸ ਗ੍ਰੰਥ ਵਿੱਚ ਉਹੀ ਲਿਖੇ ਹਨ, ਜੋ ਸਿੱਖਮਤ ਦੇ ਗ੍ਰੰਥਾਂ ਵਿੱਚ ਆਏ ਹਨ. ਅੱਖਰਕ੍ਰਮ ਅਨੁਸਾਰ ਉਹ ਸਭ ਅੱਗੇ ਦਿਖਾਏ ਜਾਂਦੇ ਹਨ-#(ੳ) ਉਸਨ ਤਾਪ. ਦੇਖੋ, ਉਸਨ ਤਾਪ.#(ਅ) ਅਠਵਾੜਾ ਤਾਪ. ਇਹ ਤਾਪ ਇੱਕ ਦਿਨ ਜ਼ੋਰ ਦਾ ਅਤੇ ਛੀ ਦਿਨ ਬੇਮਾਲੂਮ ਰਹਿਂਦਾ ਹੈ. ਕਦੇ ਛੀ ਦਿਨ ਜ਼ੋਰ ਦਾ ਅਤੇ ਇੱਕ ਦਿਨ ਬੇਮਾਲੂਮ ਹੁੰਦਾ ਹੈ. ਇਸ ਦਾ ਉੱਤਮ ਇਲਾਜ ਹੈ ਕਿ-#ਫਟਕੜੀ ਦੀ ਖਿੱਲ ਇੱਕ ਤੋਲਾ, ਲੌਂਗ ਤਿੰਨ ਮਾਸ਼ੇ, ਮਿਸ਼ਰੀ ਇੱਕ ਤੋਲਾ, ਸਭ ਬਰੀਕ ਪੀਸਕੇ ਸਤਾਈ ਪੁੜੀਆਂ ਬਣਾਉਣੀਆਂ. ਇੱਕ ਪੁੜੀ ਸਵੇਰੇ, ਇੱਕ ਦੁਪਹਿਰ ਨੂੰ, ਇੱਕ ਸੰਝ ਨੂੰ ਕੋਸੇ ਦੁੱਧ ਜਾਂ ਜਲ ਨਾਲ ਛਕਾਉਣੀ. ਮੁਲੱਠੀ. ਪਟੋਲਪਤ੍ਰ, ਕੜੂ, ਅੰਬ ਦੀ ਗਿਰੂ, ਹਰੜ ਦੀ ਛਿੱਲ ਸਮਾਨ ਲੈਕੇ, ਕਾੜ੍ਹਾ ਬਣਾਕੇ, ਮਿਸ਼ਰੀ ਪਾਕੇ ਪਿਆਉਣਾ.#ਚਰਾਇਤਾ, ਨਿੰਮ, ਕੜੂ, ਨਾਗਰਮੋਥਾ, ਪਿੱਤਪਾਪੜਾ, ਗਿਲੋ, ਇਨ੍ਹਾਂ ਦਾ ਕਾੜ੍ਹਾ ਦੇਣਾ. ਖਸਰੇ ਆਦਿ ਰੋਗਾਂ ਦੇ ਤਾਪ ਭੀ ਅਠਾਵਾੜਾ ਤਾਪ ਕਹੇ ਜਾਂਦੇ ਹਨ.#ਇਨ੍ਹਾਂ ਸਭਨਾਂ ਦਾ ਸਿਆਣੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਮੌਸਮ ਅਤੇ ਰੋਗੀ ਦੀ ਹਾਲਤ ਅਨੁਸਾਰ ਇਲਾਜ ਹੋਣਾ ਚਾਹੀਏ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#(ੲ) ਸ਼ੀਤ ਜ੍ਵਰ ਅਥਵਾ ਸੀਤਲ ਜ੍ਵਰ. ਪਾਲਾ ਲੱਗਕੇ ਹੋਣ ਵਾਲਾ ਤਾਪ. [حُّمیغِب] ਹ਼ੱਮਾ ਗ਼ਿੱਬ. ਕਾਂਬੇ ਦਾ ਤਾਪ Ague fever. ਇਸ ਦਾ ਕਾਰਣ ਹੈ- ਗੰਦੀ ਸੜੀ ਹਵਾ ਵਿੱਚ ਰਹਿਣਾ, ਮੱਛਰਾਂ ਦਾ ਲੜਨਾ, ਸਲ੍ਹਾਬੇ ਵਿੱਚ ਸੌਣਾ, ਖਾਣ ਪੀਣ ਦਾ ਸੰਜਮ ਨਾ ਰੱਖਣਾ, ਅੰਤੜੀ ਵਿੱਚ ਮਲ ਦਾ ਜਮਾ ਹੋਣਾ ਆਦਿ.#ਇਸ ਦਾ ਉਪਾਉ ਹੈ- ਰੋਟੀ ਛੱਡਕੇ ਚਾਰ ਪੰਜ ਡੰਗ ਗਊ ਦਾ ਕੋਸਾ ਦੁੱਧ ਪੀਣਾ, ਸੰਗਤਰੇ ਆਦਿ ਫਲ ਖਾਣੇ. ਨਸਾਦਰ ਇੱਕ ਤੋਲਾ, ਨੂਣ ਛੀ ਮਾਸ਼ੇ, ਕਾਲੀ ਮਿਰਚਾਂ ਤਿੰਨ ਮਾਸ਼ੇ, ਸਭ ਬਰੀਕ ਪੀਸਕੇ ਮਾਸ਼ੇ ਮਾਸ਼ੇ ਦੀਆਂ ਪੁੜੀਆਂ ਬਣਾਕੇ ਤਿੰਨ ਜਾਂ ਚਾਰ ਗਰਮ ਜਲ ਨਾਲ ਨਿੱਤ ਖਾਣੀਆਂ.#ਤੁਲਸੀ ਦੇ ਹਰੇ ਪੱਤੇ ਪੰਜ ਤੋਲੇ, ਕਾਲੀਆਂ ਮਿਰਚਾਂ ਇੱਕ ਤੋਲਾ, ਬਰੀਕ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਦੋ ਦੋ ਚਾਰ ਗੋਲੀਆਂ ਦਿਨ ਵਿੱਚ ਪੰਜ ਵਾਰ ਗਊ ਦੇ ਦੁੱਧ ਜਾਂ ਜਲ ਨਾਲ ਖਾਣੀਆਂ.#ਫਟਕੜੀ ਦੀ ਖਿੱਲ ਨਾਲ ਮਿਸ਼ਰੀ ਮਿਲਾਕੇ ਮਾਸ਼ੇ ਮਾਸ਼ੇ ਦੀਆਂ ਤਿੰਨ ਪੁੜੀਆਂ ਜਲ ਨਾਲ ਤਿੰਨ ਵਾਰ ਛਕਣੀਆਂ.#ਸੀਤ ਜ੍ਵਰ ਲਈ ਕੁਨੀਨ ਸਿੱਧ ਔਖਧ ਹੈ. ਇਸ ਨੂੰ ਤਾਪ ਹੋਣ ਤੋਂ ਪਹਿਲਾਂ ਗੋਲੀਆਂ ਦੀ ਸ਼ਕਲ ਵਿੱਚ ਜਾਂ ਗੰਧਕ ਦੇ ਤੇਜਾਬ ਵਿੱਚ ਹੱਲ ਕਰਕੇ ਅਰਕ ਦੀ ਸ਼ਕਲ ਵਿੱਚ ਵਰਤੋ.#ਪਾਨ ਦੇ ਪੱਤੇ ਵਿੱਚ ਇੱਕ ਮਾਸ਼ਾ ਨਸਾਦਰ ਜੇ ਤਾਪ ਚੜ੍ਹਨ ਤੋਂ ਪਹਿਲਾਂ ਚੱਬਿਆ ਜਾਵੇ. ਤਾਂ ਬਹੁਤ ਲਾਭਦਾਇਕ ਹੈ. "ਸੀਤਲ ਜ੍ਵਰ ਅਰ ਉਸਨ ਤਾਪ ਭਨ." (ਚਰਿਤ੍ਰ ੪੦੫)#(ਸ) ਸੂਖਾ ਜ੍ਵਰ. ਸੰ. शोष ज्वर. ਸ਼ੋਸਜ੍ਵਰ. Anaemia fever. ਇਸ ਦੇ ਕਾਰਣ ਹਨ- ਆਪਣੀ ਤਾਕਤ ਤੋਂ ਵਧਕੇ ਮਿਹਨਤ ਕਰਨੀ, ਮਲ ਮੂਤ੍ਰ ਭੁੱਖ ਤੇਹ ਨੀਂਦ ਆਦਿਕ ਦਾ ਵੇਗ ਰੋਕਣਾ, ਬਹੁਤ ਮੈਥੁਨ ਕਰਨਾ, ਸ਼ਰਾਬ ਦਾ ਪੀਣਾ, ਚਿੰਤਾ ਭੈ ਕ੍ਰੋਧ ਦਾ ਹੋਣਾ, ਭੁੱਖੇ ਤਿਹਾਏ ਰਹਿਣਾ, ਰੁੱਖੇ ਪਦਾਰਥ ਖਾਣੇ ਪੀਣੇ, ਸ਼ਰੀਰ ਦੀ ਤਰਾਵਤ ਦਾ ਜਾਂਦੇ ਰਹਿਣਾ, ਵੇਲੇ ਸਿਰ ਅਹਾਰ ਨੀਂਦ ਆਦਿਕ ਦਾ ਨਾ ਹੋਣਾ.#ਇਸ ਤਾਪ ਵਿੱਚ ਸ਼ਰੀਰ ਦੀ ਤੁਚਾ ਰੁੱਖੀ ਹੋ ਜਾਂਦੀ ਹੈ, ਜੋੜ ਢਿੱਲੇ ਪੈ ਜਾਂਦੇ ਹਨ, ਸਿਰ ਭਾਰੀ ਹੁੰਦਾ ਹੈ, ਮੱਠਾ ਮੱਠਾ ਤਾਪ ਹਰ ਵੇਲੇ ਬਣਿਆ ਰਹਿਂਦਾ ਹੈ. ਜੇ ਇਸ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਸਮਾਂ ਪਾਕੇ ਤਪਦਿੱਕ ਦੀ ਸ਼ਕਲ ਵਿੱਚ ਬਦਲ ਜਾਂਦਾ ਹੈ.#ਇਸ ਦਾ ਇਲਾਜ ਹੈ- ਦਾਲ (ਦਾਰੁ) ਚੀਨੀ ਇੱਕ ਤੋਲਾ, ਛੋਟੀ ਇਲਾਇਚੀ ਦੋ ਤੋਲੇ, ਮਘਾਂ ਚਾਰ ਤੋਲੇ, ਬੰਸਲੋਚਨ ਅੱਠ ਤੋਲੇ, ਮਿਸ਼ਰੀ ਸੋਲਾਂ ਤੋਲੇ, ਇਨ੍ਹਾਂ ਦਾ ਚੂਰਣ ਕਰਕੇ ਦੁਗਣਾ ਸ਼ਹਿਦ ਅਤੇ ਤਿੰਨ ਗੁਣਾਂ ਘੀ ਮਿਲਾਕੇ ਛੀ ਛੀ ਮਾਸ਼ੇ ਦਿਨ ਵਿੱਚ ਤਿੰਨ ਵਾਰ ਚਟਾਉਣਾ. ਖਾਣ ਲਈ ਹਲਕੇ ਅਤੇ ਤਰ ਪਦਾਰਥ ਦੇਣੇ. ਗਊ ਅਤੇ ਬੱਕਰੀ ਦਾ ਦੁੱਧ, ਚਾਵਲ ਪਾਲਕ ਆਦਿ ਭੋਜਨ ਉੱਤਮ ਹਨ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਹ) ਚੌਥਾਯਾ ਤਾਪ. ਚਾਤੁਰਥਿਕ ਜ੍ਵਰ. [حُمّیرُباع] ਹ਼ੱਮਾ ਰੁਬਅ਼ Quartan fever. ਇਹ ਤਾਪ ਇੱਕ ਦਿਨ ਹੋਕੇ ਦੋ ਦਿਨ ਗੁਪਤ ਹੋ ਜਾਂਦਾ ਹੈ, ਫੇਰ ਚੌਥੇ ਦਿਨ ਹੁੰਦਾ ਹੈ. ਕਦੇ ਦੋ ਦਿਨ ਹੋਕੇ ਚੌਥੇ ਦਿਨ ਗੁਪਤ ਹੋ ਜਾਂਦਾ ਹੈ. ਮਾਮੂਲੀ ਤਾਪ ਪਿੱਛੋਂ ਖਾਣ ਪੀਣ ਦੀ ਬਦਪਰਹੇਜੀ ਕਰਨ ਤੋਂ ਇਹ ਹੁੰਦਾ ਹੈ. ਇਸ ਦਾ ਕਾਰਣ ਭੀ ਮਲੇਰੀਏ (malaria) ਦਾ ਅਸਰ ਹੈ. ਇਹ ਤਾਪ ਬਹੁਤ ਦੇਰ ਰਹਿਂਦਾ ਹੈ, ਪਰ ਭਿਆਨਕ ਰੋਗ ਨਹੀਂ ਹੈ. ਜੇ ਇਸ ਵਿੱਚ ਯਰਕਾਨ, ਖ਼ੂਨੀਖਾਂਸੀ ਆਦਿਕ ਰੋਗ ਹੋ ਜਾਣ, ਤਾਂ ਇਹੀ ਭਯੰਕਰ ਰੋਗ ਹੈ. ਇਸ ਤਾਪ ਦੇ ਚੜ੍ਹਨ ਵੇਲੇ ਸਰਦੀ ਲਗਦੀ ਹੈ, ਉਤਰਨ ਵੇਲੇ ਤ੍ਰੇਲੀ ਆਉਂਦੀ ਹੈ. ਸਾਧਾਰਣ ਇਲਾਜ ਇਹ ਹੈ ਕਿ- ਫਟਕੜੀ ਦੀ ਖਿੱਲ ਛੀ ਰੱਤੀ, ਖੰਡ ਇੱਕ ਮਾਸ਼ਾ, ਐਸੀਆਂ ਤਿੰਨ ਪੁੜੀਆਂ ਰੋਜ ਪਾਣੀ ਨਾਲ ਦੇਣੀਆਂ. ਕੁਨੀਨ ਤਿੰਨ ਵਾਰ ਪੰਜ ਪੰਜ ਗ੍ਰੇਨ ਖਵਾਉਣੀ. ਤੁਲਸੀ ਦੇ ਪੱਤੇ ਦਿਨ ਵਿੱਚ ਚਾਰ ਵਾਰ ਚਾਰ ਚਾਰ ਛਕਾਉਣੇ. ਚਿੱਟਾ ਜੀਰਾ ਤਿੰਨ ਮਾਸ਼ੇ, ਇੱਕ ਤੋਲਾ ਗੁੜ, ਤਾਪ ਦੀ ਵਾਰੀ ਤੋਂ ਇੱਕ ਘੰਟਾ ਪਹਿਲਾਂ ਖਵਾਉਣਾ.#ਸੱਤ ਦਿਨ ਕੇਵਲ ਦੁੱਧ ਪੀਣ ਨੂੰ ਦੇਣਾ ਅਤੇ ਹੋਰ ਕੁਝ ਨਾ ਖਵਾਉਣਾ.#ਸੁੰਢ, ਨਾਗਰਮੋਥਾ, ਕੁਟਕੀ, ਚਰਾਇਤਾ, ਲਾਲਚੰਦਨ, ਆਉਲੇ, ਗਿਲੋ, ਸਭ ਦੋ ਦੋ ਮਾਸ਼ੇ ਲੈਕੇ ਕਾੜ੍ਹਾ ਕਰਕੇ ਪਿਆਉਣੇ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਕ) ਡੇਢਮਾਸੀਆ ਤਾਪ. ਇਹ ਤਾਪ ਡੇਢ ਮਹੀਨਾ ਨਿਰੰਤਰ ਰਹਿਂਦਾ ਹੈ, ਜਾਂ ਡੇਢ ਮਹੀਨੇ ਪਿੱਛੋਂ ਦੌਰਾ ਕਰਦਾ ਹੈ. ਇਹ ਭੀ ਵਿਖਮ ਜ੍ਵਰਾਂ ਵਿੱਚੋਂ ਹੈ. ਇਸ ਦਾ ਇਲਾਜ ਉਹੀ ਸਮਝਣਾ ਚਾਹੀਏ ਜੋ ਤੇਈਏ ਚੌਥਾਏ ਤਾਪ ਵਿੱਚ ਹੈ.#ਕਦੇ ਕਦੇ ਤੋਰਕੀ ਦਾ ਤਾਪ ਭੀ ਡੇਢ ਮਹੀਨਾ ਰਹਿਂਦਾ ਹੈ. ਦੇਖੋ, ਬੀਸਾਯਾ ਤਾਪ. "ਡੇਢਮਾਸੀਆ ਫੁਨ ਤਪ ਭਯੋ." (ਚਰਿਤ੍ਰ ੪੦੫)#(ਖ) ਤੇਈਆ ਤਾਪ. ਤ੍ਰਿਤੀਯਕ ਜ੍ਵਰ [حُمّیثلاثِہ] ਹ਼ੁੱਮਾ ਸਲਾਸਿਯਹ. Tertian fever. ਇਹ ਤਾਪ ਇੱਕ ਦਿਨ ਚੜ੍ਹਦਾ ਹੈ, ਦੂਜੇ ਦਿਨ ਨਹੀਂ, ਫੇਰ ਤੀਜੇ ਦਿਨ ਅਸਰ ਕਰਦਾ ਹੈ. ਇਸ ਦੇ ਚੜ੍ਹਨ ਵੇਲੇ ਪਾਲਾ ਲਗਦਾ (ਕਾਂਬਾ ਹੁੰਦਾ) ਹੈ. ਇਹ ਮਲੇਰੀਏ ਦੀ ਕਿਸਮ ਦਾ ਨੌਬਤੀ ਬੁਖ਼ਾਰ ਹੈ. ਸੁਸ਼੍ਰਤ ਵਿੱਚ ਲਿਖਿਆ ਹੈ ਕਿ ਕੰਠ ਗਤ ਦੋਸ ਇੱਕ ਦਿਨ ਰਾਤ ਵਿੱਚ ਹਿਰਦੇ ਵਿੱਚ ਜਾਂਦੇ ਹਨ, ਹਿਰਦੇ ਤੋਂ ਆਮਾਸ਼ਯ ਵਿੱਚ ਪਹੁਚਦੇ ਹਨ, ਉੱਥੇ ਪਹੁਚਕੇ ਤੇਈਆ ਤਾਪ ਪੈਦਾ ਕਰਦੇ ਹਨ. ਵੈਦਕ ਵਿੱਚ ਤੇਈਏ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ.#ਕਫ ਅਤੇ ਪਿੱਤ ਦੀ ਅਧਿਕਤਾ ਵਾਲਾ ਪਹਿਲੋਂ ਤਿਹੱਡੇ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਅਤੇ ਕਫ ਦੀ ਅਧਿਕਤਾ ਵਾਲਾ ਪਿੱਠ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਪਿੱਤ ਦੀ ਅਧਿਕਤਾ ਵਾਲਾ ਸਿਰ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ. ਇਸ ਦੇ ਸਾਧਾਰਣ ਇਲਾਜ ਚੌਥਾਏ ਵਾਲੇ ਹੀ ਹਨ, ਪਰ ਕੁਨੀਨ ਦਾ ਵਰਤਣਾ ਇਸ ਤਾਪ ਵਿੱਚ ਬਹੁਤ ਗੁਣਕਾਰੀ ਹੈ. ਕੁਟਕੀ ਦਾ ਚੂਰਣ, ਨਿੰਮ ਅਤੇ ਤੁਲਸੀ ਦੇ ਪੱਤੇ, ਗਿਲੇ, ਚਰਾਇਤੇ ਅਤੇ ਧਨੀਏ ਦਾ ਕਾੜ੍ਹਾ, ਪੁਠਕੰਡੇ ਦੇ ਢਾਈ ਪੱਤੇ, ਸੁਦਰਸ਼ਨ ਚੂਰਨ ਆਦਿਕ ਦਵਾਈਆਂ ਭੀ ਤੇਈਆ ਤਾਪ ਦੂਰ ਕਰਦੀਆਂ ਹਨ. ਜੇ ਕਬਜ ਹੋਵੇ ਤਾਂ ਹਲਕਾ ਜੁਲਾਬ ਦੇ ਦੇਣਾ ਚਾਹੀਏ. ਖਾਣ ਨੂੰ ਦੁੱਧ ਮੂੰਗੀ ਪਾਲਕ ਚਾਉਲ ਆਦਿਕ ਨਰਮ ਗਿਜਾ, ਪੀਣ ਨੂੰ ਨਿਰਮਲ ਪਾਣੀ ਉਬਾਲਿਆ ਹੋਇਆ ਦੇਣਾ ਲੋੜੀਏ. ਰੋਗੀ ਨੂੰ ਸ੍ਵੱਛ ਪੌਣ ਵਿੱਚ ਰੱਖਣਾ ਚਾਹੀਏ.#ਕਈ ਲੋਕ ਤੇਈਆ ਤਾਪ ਹਟਾਉਣ ਲਈ ਜੰਤ੍ਰ ਮੰਤ੍ਰ ਟੂਣੇ ਆਦਿ ਭੀ ਕਰਦੇ ਹਨ, ਪਰ ਇਹ ਕੇਵਲ ਅਗ੍ਯਾਨ ਦਾ ਕਰਮ ਹੈ. "ਸੂਖਾ ਜ੍ਵਰ ਤ਼ੇਈਆ ਚੌਥਾਯਾ." (ਚਰਿਤ੍ਰ ੪੦੫)#(ਗ) ਪੀਤਜ੍ਵਰ. ਜ਼ਰਦ ਬੁਖ਼ਾਰ. ਦੇਖੋ, ਉਸਨ ਤਾਪ ਅਤੇ ਯਰਕਾਨ.#(ਘ) ਬੀਸਾਯਾ ਤਾਪ. ਇਹ ਭੀ ਵਾਰੀ ਦਾ ਤਾਪ (ਨੌਬਤੀ) ਹੈ, ਜੋ ਚੌਥਾਏ ਤੇਈਏ ਵਾਂਙ ਵੀਹ ਦਿਨਾਂ ਪਿੱਛੋਂ ਆਉਂਦਾ ਹੈ.#ਜੋ ਵੀਹ ਦਿਨ ਲਗਾਤਾਰ ਤਾਪ ਰਹੇ, ਉਹ ਭੀ ਬੀਸਾਯਾ ਹੈ. [مُطابقِامُتناقصِہ حّمی] ਹ਼ੁੱਮਾ ਮੁਤ਼ਬਿਕ਼ਾ ਮੁਤਨਾਕ਼ਿਸਹ. Typhoid fever. ਅਥਵਾ आन्त्रज्वर- ਆਂਤ੍ਰਜ੍ਵਰ Enteric fever. ਤੋਰਕੀ ਦਾ ਤਾਪ. ਪਾਣੀਝਾਰਾ. ਇਹ ਤਾਪ ਆਂਦ ਵਿੱਚ ਸੜੇ ਬੁਸੇ ਪਦਾਰਥ ਜਾਣ ਤੋਂ ਪੈਦਾ ਹੁੰਦਾ ਹੈ. ਅੰਤੜੀ ਅੰਦਰ ਛਾਲੇ ਹੋ ਜਾਂਦੇ ਹਨ. ਇਹ ਛੂਤ ਦਾ ਰੋਗ ਹੈ. ਬੀਸਾਏ ਤਾਪ ਵਿੱਚ ਕਦੇ ਖਾਂਸ਼ੀ ਅਤੇ ਪਸਲੀ ਦੇ ਦਰਦ ਦੀ ਸ਼ਕਾਇਤ ਭੀ ਹੋ ਜਾਂਦੀ ਹੈ. ਬਦਬੂਦਾਰ ਮਲ ਦਸਤਾਂ ਨਾਲ ਝੜਦੀ ਹੈ. ਇਸ ਤਾਪ ਦਾ ਇਲਾਜ ਕਿਸੇ ਸਿਆਣੇ ਤੋਂ ਛੇਤੀ ਕਰਾਉਣਾ ਚਾਹੀਏ. ਅਨਾਜ ਬੰਦ ਕਰਕੇ ਕੇਵਲ ਦੁੱਧ ਦੇਣਾ ਬਹੁਤ ਗੁਣਕਾਰੀ ਹੈ. ਅਰਕ ਬੇਦਮੁਸ਼ਕ ਅਰਕ ਗਾਉਜੁਬਾਨ ਪਿਆਉਣਾ, ਮੰਜੇ ਤੇ ਆਰਾਮ ਨਾਲ ਰਹਿਣਾ, ਘਰ ਵਸਤ੍ਰ ਆਦਿ ਦੀ ਪੂਰੀ ਸਫਾਈ ਰੱਖਣੀ, ਸ੍ਵੱਛ ਹਵਾ ਵਿੱਚ ਰਹਿਣਾ, ਸੁਗੰਧ ਵਾਲੇ ਫੁੱਲਾਂ ਦਾ ਪਾਸ ਰੱਖਣਾ, ਫਲਾਂ ਦਾ ਰਸ ਪੀਣਾ, ਧਨੀਆ, ਚੰਨਣ ਦਾ ਬੂਰ, ਕਪੂਰ, ਸਿਰਕਾ, ਅਰਕ ਗੁਲਾਬ ਵਿੱਚ ਮਿਲਾਕੇ ਸੁੰਘਾਉਣਾ ਲਾਭਦਾਇਕ ਹਨ.#ਹੇਠ ਲਿਖੀਆਂ ਪੁੜੀਆਂ ਬੀਸਾਏ ਤਾਪ ਦਾ ਸਿੱਧ ਇਲਾਜ ਹਨ-#ਵੰਸਲੋਚਨ, ਛੋਟੀਆਂ ਇਲਾਇਚੀਆਂ, ਸਤਗਿਲੋ, ਚਿੱਟਾ ਜੀਰਾ, ਕੌਲਡੋਡੇ ਦੀ ਗਿਰੂ, ਮਿਸ਼ਰੀ, ਇਹ ਸਭ ਇੱਕ ਇੱਕ ਤੋਲਾ, ਸੁੱਚੇ ਸਿੱਪ ਅਤੇ ਅਭਰਕ ਦਾ ਕੁਸ਼ਤਾ ਤਿੰਨ ਤਿੰਨ ਮਾਸ਼ੇ, ਕਹਿਰਵਾ ਤਿੰਨ ਮਾਸ਼ੇ, ਮੋਤੀ ਅਣਵਿੱਧ ਇੱਕ ਮਾਸ਼ਾ, ਇੱਕ ਤੋਲਾ ਰੂਹ ਕੇਉੜੇ ਵਿੱਚ ਖਰਲ ਕਰਕੇ ਇੱਕ ਮਾਸ਼ਾ ਚਾਂਦੀ ਦੇ ਵਰਕ ਮਿਲਾਉਣੇ, ਸਵਾ ਤੋਲਾ ਸਾਬਤ ਅਤੇ ਸਾਫ਼ ਖ਼ੂਬਕਲਾਂ ਸਾਰੀ ਦਵਾਈਆਂ ਨਾਲ ਮਿਲਾਕੇ ਬਾਸਠ (੬੨) ਪੁੜੀਆਂ ਕਰਨੀਆਂ. ਜੁਆਨ ਰੋਗੀ ਨੂੰ ਚਾਰ ਪੁੜੀਆਂ ਰੋਜ ਤਿੰਨ ਤਿੰਨ ਘੰਟੇ ਪਿੱਛੋਂ ਦੁੱਧ ਜਾਂ ਗਉਜੁਬਾਨ ਦੇ ਅਰਕ ਨਾਲ ਦੇਣੀਆਂ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#੩. ਸੰਤਾਪ. ਦੁੱਖ. ਕਲੇਸ਼। ੪. ਫਿਕਰ. "ਤਾਪ ਪਾਪ ਸੰਤਾਪ ਬਿਨਾਸੇ." (ਬਿਲਾ ਮਃ ੫) ੫. ਦੇਹ ਨੂੰ ਤਪਾਉਣ ਦਾ ਕਰਮ. ਤਪਸ੍ਯਾ. "ਹਰਿਧਨ ਜਾਪ ਹਰਿਧਨ ਤਾਪ." (ਗੂਜ ਮਃ ੫) "ਜਾਪ ਤਾਪ ਗਿਆਨ ਸਭ ਧਿਆਨ." (ਸੁਖਮਨੀ) ੬. ਦੇਖੋ, ਤਿੰਨ ਤਾਪ....
ਮੁਖ। ੨. ਚੇਹਰਾ....
ਸੰ. ਪਿਪਾਸਾ. ਸੰਗ੍ਯਾ- ਪੀਣ ਦੀ ਇੱਛਾ. ਤ੍ਰਿਖਾ. "ਪਿਆਸ ਨ ਜਾਇ ਹੋਰਤੁ ਕਿਤੈ." (ਅਨੰਦੁ) ੨. ਰੁਚੀ. ਚਾਹ. "ਜਿਨ ਹਰਿ ਹਰਿ ਸਰਧਾ ਹਰਿਪਿਆਸ." (ਸੋਦਰੁ) ੩. ਵਿ- ਪਿਪਾਸ. ਪਿਆਸਾ. ਤ੍ਰਿਖਾਤੁਰ. "ਫਿਰਤ ਪਿਆਸ ਜਿਉ ਤਲ ਬਿਨੁ ਮੀਨਾ." (ਸੂਹੀ ਅਃ ਮਃ ੫)...