tanāsukhaतनासुख़
ਅ਼. [تناشُخ] ਨਸਖ਼ (ਅਦਲ ਬਦਲ) ਹੋਣ ਦਾ ਭਾਵ. ਆਵਾਗਮਨ. ਜੀਵਾਤਮਾ ਦਾ ਇੱਕ ਦੇਹ ਛੱਡਕੇ ਦੂਜੇ ਸ਼ਰੀਰ ਵਿੱਚ ਪ੍ਰਵੇਸ਼. Transmigration. ਦੇਖੋ, ਆਵਾਗਮਨ.
अ़. [تناشُخ] नसख़ (अदल बदल) होण दा भाव. आवागमन. जीवातमा दा इॱक देह छॱडके दूजे शरीर विॱच प्रवेश. Transmigration. देखो, आवागमन.
ਸੰ. ਘੀ. ਘ੍ਰਿਤ। ੨. ਅ਼. [عدل] ਅ਼ਦਲ. ਸੰਗ੍ਯਾ- ਨਿਆਂਉਂ. ਨ੍ਯਾਯ. ਇਨਸਾਫ਼. "ਅਦਲ ਕਰੇ ਗੁਰੁ ਗਿਆਨ ਸਮਾਨਾ." (ਮਾਰੂ ਸੋਲਹੇ ਮਃ ੧) ੩. ਪਰਮੇਸ਼ਵਰ ਕਰਤਾਰ। ੪. ਤੁਲ੍ਯਤਾ. ਸਮਾਨਤਾ। ੫. ਮਾਪ. ਮਿਣਤੀ....
ਅ਼. [بدل] ਸੰਗ੍ਯਾ- ਹੇਰ ਫੇਰ. ਪਰਿਵਰਤਨ। ੨. ਪਲਟਾ. ਇ਼ਵਜ। ੩. ਦੇਖੋ, ਬੱਦਲ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. आवागमन. ਸੰਗ੍ਯਾ- ਆਉਣਜਾਣ ਦੀ ਕ੍ਰਿਯਾ. ਆਗਮਨ ਅਤੇ ਗਮਨ. ਆਵਾਜਾਈ। ੨. ਜਨਮ ਮਰਣ. ਪੈਦਾ ਹੋਣਾ ਅਤੇ ਮਰਨਾ। ੩. ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾ ਦੇ ਫਲ ਭੋਗਣ ਲਈ ਮਨੁੱਖ ਪਸੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਅਤੇ ਮਰਨਾ. ਇਸ ਸੰਸਾਰਚਕ੍ਰ ਤੋਂ, ਆਤਮਗ੍ਯਾਨ ਪ੍ਰਾਪਤ ਹੋਣ ਪੁਰ, ਜਦ ਕਰਮਜਾਲ ਤੋਂ ਛੁਟਕਾਰਾ ਹੁੰਦਾ ਹੈ ਤਦ ਜੀਵ ਮੁਕਤਿ ਪਾਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ.#ਕਈ ਜਨਮ ਭਏ ਕੀਟ ਪਤੰਗਾ,#ਕਈ ਜਨਮ ਗਜ ਮੀਨ ਕੁਰੰਗਾ.#ਕਈ ਜਨਮ ਪੰਖੀ ਸਰਪ ਹੋਇਓ,#ਕਈ ਜਨਮ ਹੈਵਰ ਬ੍ਰਿਖ ਜੋਇਓ.#ਮਿਲੁ ਜਗਦੀਸ ਮਿਲਨ ਕੀ ਬਰੀਆ,#ਚਿਰੰਕਾਲ ਇਹ ਦੇਹ ਸੰਜਰੀਆ.#ਕਈ ਜਨਮ ਸੈਲ ਗਿਰਿ ਕਰਿਆ,#ਕਈ ਜਨਮ ਗਰਭ ਹਿਰਿ ਖਰਿਆ.#ਕਈ ਜਨਮ ਸਾਖ ਕਰਿ ਉਪਾਇਆ.#ਲਖ ਚਉਰਾਸੀਹ ਜੋਨਿ ਭ੍ਰਮਾਇਆ. ***#(ਆਸਾ ਮਃ ੫)#ਉਦਮ ਕਰਹਿ ਅਨੇਕ ਹਰਿਨਾਮੁ ਨ ਗਾਵਹੀ,#ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀਂ#ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ,#ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ. ***#(ਜੈਤ ਮਃ ੫)#ਨਿਜਘਰਿ ਮਹਲੁ ਪਾਵਹੁ#ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ.#(ਗਉ ਮਃ ੫)#ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ,#ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੇ ਨਿਤਨੀਤ.#(ਬਾਵਨ)#ਜਨਮ ਮਰਨ ਕੇ ਮਿਟੇ ਅੰਦੇਸੇ,#ਸਾਧੂ ਕੇ ਪੂਰਨ ਉਪਦੇਸੇ. ***#ਥਿਤਿ ਪਾਈ ਚੂਕੇ ਭ੍ਰਮ ਗਵਨ,#ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ.#(ਸੁਖਮਨੀ)#"ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾਗਵਨ,#ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਹਵਨੁ.#(ਗਉ ਥਿਤੀ ਮਃ ੫)#ਭਾਰਤ ਦੇ ਲੋਕ ਪਰੰਪਰਾ ਤੋਂ ਆਵਾਗਮਨ (ਤਨਾਸੁਖ਼, L. metempsychosis. ਅੰ. transmigration of souls) ਮੰਨਦੇ ਚਲੇ ਆਏ ਹਨ. ਯੂਨਾਨੀ ਇਤਿਹਾਸਕਾਰ ਹੀਰਾਡੋਟਸ (Herodotus II. 53. 81. 123) ਦੇ ਲੇਖ ਅਨੁਸਾਰ ਪ੍ਰਾਚੀਨ ਮਿਸਰੀ ਭੀ ਆਵਾਗਮਨ ਦੇ ਵਿਸ਼੍ਵਾਸੀ ਸਨ. ਯੂਨਾਨੀ ਤਤ੍ਵਵੇਤਾ ਆਪ ਭੀ ਇਸ ਮਤ ਦਾ ਪ੍ਰਚਾਰ ਕਰਦੇ ਰਹੇ ਹਨ. ਨਵੀਨ ਬ੍ਰਹਮਵੇਤਿਆਂ (modern Theosophists) ਦਾ ਖ਼ਿਆਲ ਹੈ ਕਿ ਪ੍ਰਾਚੀਨ ਯਹੂਦੀ ਈਸਾਈ ਮੁਸਲਮਾਨ ਅਤੇ ਹੋਰ ਮਤਾਵਲੰਬੀ ਭੀ ਕਿਸੇ ਨਾ ਕਿਸੇ ਸ਼ਕਲ ਵਿੱਚ ਆਵਾਗਮਨ ਨੂੰ ਜਰੂਰ ਮੰਨਦੇ ਸਨ. ਅੱਜ ਕੱਲ ਕੇਵਲ ਉਹ ਲੋਕ ਆਵਾਗਮਨ ਦੇ ਮੰਨਣ ਵਾਲੇ ਹਨ ਜਿਨ੍ਹਾਂ ਦੇ ਧਾਰਮਿਕ ਬਜ਼ੁਰਗ ਕਦੇ ਪ੍ਰਾਚੀਨ ਭਾਰਤ ਨਿਵਾਸੀਆਂ ਨਾਲ ਸੰਬੰਧ ਰਖਦੇ ਸਨ, ਜਾਂ ਉਹ, ਜੋ ਹੁਣ ਆਪ ਉਨ੍ਹਾਂ ਬਿਰਧਾਂ ਦਾ ਸਤਕਾਰ ਕਰਦੇ ਹਨ. ਬੌੱਧ, ਜੈਨੀ, ਹਿੰਦੂ, ਸਿੱਖ ਅਤੇ ਨਵੀਨ ਬ੍ਰਹਮਵੇੱਤਾ (Theosophists) ਸਾਰੇ ਇਸ ਸਿੱਧਾਂਤ ਨੂੰ ਅੰਗੀਕਾਰ ਕਰਦੇ ਹਨ.#ਵਰਤਮਾਨ ਸਿਆਣਿਆਂ ਨੇ ਆਵਾਗਮਨ ਦੇ ਤਿੰਨ ਭੇਦ ਕਰ ਦਿੱਤੇ ਹਨ-#(ੳ) ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਲਈ ਰੱਬ ਉਸੇ ਵੇਲੇ ਨਵਾਂ ਆਤਮਾ ਨਹੀਂ ਸਿਰਜਦਾ. ਆਤਮਾ ਪਹਿਲਾਂ ਤੋਂ ਹੀ ਮੌਜੂਦ ਰਹਿੰਦਾ ਹੈ, ਪਰ ਵਿਦੇਹ ਦਸ਼ਾ ਵਿੱਚ. ਜਦੋਂ ਇਹ ਮਨੁੱਖਦੇਹ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਇਸ ਲਈ ਦੇਹ ਧਾਰਣ ਦਾ ਏਹੋ ਪਹਿਲਾ ਮੌਕਾ ਹੁੰਦਾ ਹੈ, ਅਰ ਮਰਨ ਪਿੱਛੋਂ ਅੱਗੋਂ ਭੀ ਕਦੇ ਦੇਹ ਨਹੀਂ ਧਾਰੇਗਾ. ਇਸ ਸਿੱਧਾਂਤ ਦਾ ਨਾਮ "ਪੂਰਵਅਸ੍ਤਿਤ੍ਵ" (the doctrine of Pre existence) ਪ੍ਰਸਿੱਧ ਹੈ.#(ਅ) ਆਤਮਾ ਇਸ ਸ਼ਰੀਰ ਤੋਂ ਪਹਿਲਾਂ ਕੋਟਾਨ ਕੋਟਿ ਮਨੁੱਖ ਪਸ਼ੂ ਪੰਖੀ ਬਿਰਛ ਆਦਿਕ ਜੂਨੀਆਂ ਵਿੱਚ ਭ੍ਰਮਣ ਕਰਦਾ ਰਿਹਾ ਹੈ, ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖ ਜੂਨੀ ਵਿੱਚ ਆਉਣ ਤੋਂ ਪਹਿਲਾਂ ਕਈ ਪਸ਼ੂ ਪੰਖੀ ਬਿਰਛ ਆਦਿਕ ਜੂਨੀਆਂ ਵਿੱਚ ਜਨਮ ਲਏਗਾ ਇਸ ਸਿੱਧਾਂਤ ਦਾ ਨਾਮ ਤਨਾਸੁਖ਼ ਅਥਵਾ ਯਥਾਰਥ ਆਵਾਗਮਨ (transmigration. or metempsychosis) ਹੈ.#(ੲ) ਮਨੁੱਖ ਦਾ ਆਤਮਾ ਇਸ ਸ਼ਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਂਦਾ ਰਿਹਾ ਹੈ, ਪਰ ਪਸ਼ੂ ਪੰਖੀ ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ, ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿਚ ਹੀ ਪੁਨਰ ਜਨਮ ਧਾਰਣ ਕਰੇਗਾ. ਇਸ ਸਿੱਧਾਂਤ ਦਾ ਨਾਉਂ ਪੁਨਰਭਵ (पुर्नभव) Re- incarnation ਹੈ....
ਸੰ. जीवात्मन्. ਸੰਗ੍ਯਾ- ਦੇਹ ਨੂੰ ਚੇਤਨਸੱਤਾ ਦੇਣ ਵਾਲਾ ਆਤਮਾ. ਰੂਹ. ਪ੍ਰਤ੍ਯਗਾਤਮਾ. ਦੇਖੋ, ਆਤਮਾ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ....