jinaजिन
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ.
सरव- जिस दा बहु वचन. जिन्हां ने. "जिन जानिआ सेई तरे." (राम रुती मः ५) २. व्य- मत. ना. "गुरु सनमुखजिन मिथ्या भाखो." (गुप्रसू) इस दा रूप जिनि भी है. देखो, जिनि ३। ३. जिधर. जिस तरफ़. "डोरी प्रभु पकड़ी जिन खिंचै तिन जाईऐ." (ओअंकार) जिधर खिंचै, तिधर जाईऐ। ४. सं. वि- जिॱतण वाला. विजयी. "अब मोते एई जिन जाई." (पारसाव) ५. संग्या- विसनु। ६. सूरज। ७. बुॱध भगवान। ८. रिसभदेव. विकारां नूं जिॱतण वाला होण करके रिसभदेव दी इह संग्या होई. इस महातमा दा चलाइआ "जैन" मत संसार विॱच प्रसिॱध है। ९. जैन मत दा तीरथंकर. देखो, तीरथंकर, पारसनाथ अते रिखभदेव.
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਸਰਵ- ਉਹੀ. ਵਹੀ. ਓਹੀ. "ਸੇਈ ਸਾਹ ਭਗਵੰਤ ਸੇ." (ਬਾਵਨ) ੨. ਸੇਵਨ ਕੀਤੀ। ੩. ਸੇਵਨ ਕਰਦਾ ਹੈ. "ਕਾਮ ਦਾਮ ਚਿਤ ਪਰਵਸਿ ਸੇਈ." (ਗਉ ਅਃ ਮਃ ੧)...
ਕ੍ਰਿ. ਵਿ- ਤਲੇ. ਨੀਚੇ. ਥੱਲੇ। ੨. ਤਾਰੇ ਦੀ ਥਾਂ ਭੀ ਤਰੇ ਸ਼ਬਦ ਵਰਤਿਆ ਹੈ. "ਨਾਮੇ ਕੇ ਸੁਆਮੀ ਤੇਊ ਤਰੇ." (ਗਉ ਨਾਮਦੇਵ) ਉਹ ਭੀ ਉੱਧਾਰ ਕਰੇ। ੩. ਤਰਗਏ. ਪਾਰਉਤਰੇ. "ਗੁਰਕੈ ਸਬਦਿ ਤਰੇ ਮੁਨਿ ਕੇਤੇ." (ਭੈਰ ਮਃ ੧)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਦੇਖੋ, ਰਿਤੁ ਅਤੇ ਰੁਤਿ। ੨. ਰਿਤੁ ਦਾ ਬਹੁਵਚਨ. ਇਸ ਸਿਰਲੇਖ ਹੇਠ ਰਾਮਕਲੀ ਵਿੱਚ ਸ਼੍ਰੀ ਗੁਰੂ ਅਰਜਨਦੇਵ ਸਾਹਿਬ ਦੀ ਰਚਨਾ, ਜਿਸ ਵਿੱਚ ਛੀ ਰੁਤਾਂ ਦਾ ਵਰਣਨ ਹੈ. ਦੇਖੋ, ਖਟਰਿਤੁ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. सम्मुख- ਸੰਮੁਖ. ਕ੍ਰਿ. ਵਿ- ਸਾਮ੍ਹਣੇ. ਮੁਖ ਦੇ ਅੱਗੇ. "ਸਨਮੁਖ ਸਹਿ ਬਾਨ." (ਆਸਾ ਛੰਤ ਮਃ ੫) ੨. ਭਾਵ- ਆਗ੍ਯਾਕਾਰੀ. "ਮੋਹਰੀ ਪੁਤੁ ਸਨਮੁਖੁ ਹੋਇਆ." (ਸਦੁ) ੩. ਸੰਗ੍ਯਾ- ਗੁਰੂ ਵੱਲ ਹੈ ਜਿਸ ਦਾ ਮੁਖ, ਅਤੇ ਵਿਕਾਰਾਂ ਨੂੰ ਜਿਸ ਨੇ ਪਿੱਠ ਦਿੱਤੀ ਹੈ. ਜਿਸ ਵਿੱਚ ਮੈਤ੍ਰੀ ਆਦਿ ਸ਼ੁਭ ਗੁਣ ਹਨ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ। ਚਤੁਰ ਉਪੇਖ੍ਯਾ ਜਿਸ ਵਿਖੈ ਸਨਮੁਖ ਸੋ ਪਹਿਚਾਨ." (ਨਾਪ੍ਰ)...
ਦੇਖੋ, ਮਿਥਿਆ। ੨. ਝੂਠ. ਅਨ੍ਰਿਤ. ਦਰੋਗ਼. "ਇਹ ਛਬਿ ਪ੍ਰਭਾਵ ਮਿਥ੍ਯਾ ਸੁਭਟ." (ਪਾਰਸਾਵ) ੩. ਬਿਨਸਨਹਾਰ. "ਮਿਥ੍ਯੰਤ ਦੇਹੰ." (ਸਹਸ ਮਃ ੫)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਕ੍ਰਿ- ਵਿ- ਜਿਸ ਪਾਸੇ. ਜਿਸ ਓਰ. "ਜਿਧਰਿ ਰਬ ਰਜਾਇ." (ਸ. ਫਰੀਦ)...
ਅ਼. [طرف] ਸੰਗ੍ਯਾ- ਦਿਸ਼ਾ। ੨. ਕਿਨਾਰਾ. ਪਾਸਾ। ੩. ਪੱਖ. ਪਾਸਦਾਰੀ. "ਤਰਫ ਜਿਣੈ ਸਤਭਾਉ ਦੇ." (ਵਾਰ ਸੂਹੀ ਮਃ ੨)...
ਸੰਗ੍ਯਾ- ਰੱਸੀ. ਖ਼ਾਸ ਕਰਕੇ ਖੂਹ ਤੋਂ ਪਾਣੀ ਕੱਢਣ ਵਾਲੇ ਡੋਲ ਨੂੰ ਬੱਧੀ ਲੱਜ. ਸੰ. दोलधृ ਦੋਲਧ੍ਰੀ। ੨. ਡੋਲੀ. ਪੜਦੇਦਾਰ ਝੰਪਾਨ. "ਦੂਰ ਟਿਕਾਇ ਉਤਰਕਰ ਡੋਰੀ." (ਗੁਪ੍ਰਸੂ) ਜਰੀਬ. ਜ਼ਮੀਨ ਮਿਣਨ ਦੀ ਰੱਸੀ ਅਥਵਾ ਜ਼ੰਜੀਰ. "ਡੋਰੀ ਪੂਰੀ ਮਾਪਹਿ ਨਾਹੀ." (ਸੂਹੀ ਕਬੀਰ) ੪. ਇਸਤ੍ਰੀਆਂ ਦੇ ਕੇਸ਼ ਗੁੰਦਣ ਦੀ ਰੇਸ਼ਮੀ ਅਥਵਾ ਰੰਗੀਨ ਸੂਤ ਉਂਨ ਆਦਿ ਦੀ ਰੱਸੀ। ੫. ਲਗਨ. ਪ੍ਰੀਤਿ. ਪ੍ਰੇਮਬੰਧਨ. "ਚਰਨਕਮਲ ਸੰਗਿ ਲਾਗੀ ਡੋਰੀ." (ਨਟ ਮਃ ੫) "ਡੋਰੀ ਲਪਟਰਹੀ ਚਰਨਹ ਸੰਗਿ." (ਸਾਰ ਮਃ ੫) "ਸੁੰਨਮੰਡਲ ਮਹਿ ਡੋਰੀ ਧਰੈ." (ਰਤਨਮਾਲਾ ਬੰਨੋ) ੬. ਸ਼ੁਹਰਤ. ਪ੍ਰਸਿੱਧੀ. "ਜਗਤ ਵਿੱਚ ਡੋਰੀ ਉੱਭਰ ਗਈ ਜੋ ਨਾਨਕ ਜੀ ਵਡਾ ਭਗਤ ਪੈਦਾ ਹੋਇਆ ਹੈ." (ਜਸਾ) ੭. ਵਿ- ਬੋਲੀ. ਬਹਿਰੀ. ਜਿਸ ਨੂੰ ਸੁਣਾਈ ਨਹੀਂ ਦਿੰਦਾ। ੮. ਕਬੀਰਪੰਥੀ ਆਪਣੇ ਭੇਖ ਦੀ ਸ਼ਾਖਾ ਨੂੰ ਭੀ ਡੋਰੀ ਆਖਦੇ ਹਨ, ਅਤੇ ਕਬੀਰਪੰਥ ਨੂੰ ਸਾਢੇ ਬਾਰਾਂ ਡੋਰੀਆਂ ਵਿੱਚ ਵੰਡਿਆ ਹੋਇਆ ਮੰਨਦੇ ਹਨ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ....
ਕ੍ਰਿ. ਵਿ- ਤਿਸ ਪਾਸੇ. ਉਸ ਓਰ. ਉਸ ਤਰਫ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
विजयिन. ਵਿ- ਜੱਤਣ ਵਾਲਾ....
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰ. बुद्घ. ਵਿ- ਜਾਗਿਆ ਹੋਇਆ। ੨. ਗਿਆਨੀ. ਬੋਧ ਵਾਲਾ। ੩. ਸੰਗ੍ਯਾ- ਗੋਤਮ ਗੋਤ੍ਰ ਵਿੱਚ ਸ਼ਾਕ੍ਯਵੰਸ਼ੀ ਰਾਜਾ ਸ਼ੁੱਧੋਦਨ ਦੇ ਘਰ ਮਾਯਾਦੇਵੀ ਦੇ ਉਦਰ ਤੋਂ ਕਪਿਲਵਸ੍ਤੁ ਨਗਰੀ ਦੇ ਲੁੰਬਿਨੀ ਬਾਗ ਵਿੱਚ ਬੀ. ਸੀ. (B. C. ) ੬੨੪ ਮਾਘ ਸੁਦੀ ੧੫. ਨੂੰ ਬੁੱਧ ਦਾ ਜਨਮ ਹੋਇਆ. ਇਸ ਮਹਾਤਮਾ ਦੇ ਸਿੱਧਾਰਥ (ਸਰ੍ਵਾਰ੍ਥਸਿੱਧ) ਸ਼ਾਕ੍ਯਮੁਨਿ, ਅਤੇ ਗੌਤਮ ਭੀ ਨਾਮ ਹਨ.#੧੯ ਵਰ੍ਹੇ ਦੀ ਉਮਰ ਵਿੱਚ ਦੰਡਪਾਣੀ ਦੀ ਪੁਤ੍ਰੀ ਗੋਪਾ ਨਾਲ ਸ਼ਾਦੀ ਹੋਈ, ਜਿਸ ਤੋਂ ਰਾਹੁਲ ਪੁਤ੍ਰ ਪੈਦਾ ਹੋਇਆ, ਬੁੱਢਾ, ਰੋਗੀ ਅਤੇ ਮੁਰਦਾ ਦੇਖਣ ਤੋਂ ਸਿੱਧਾਰਥ ਦੇ ਮਨ ਵਿੱਚ ਜਗਤ ਤੋਂ ਵੈਰਾਗ ਹੋ ਗਿਆ ਅਰ ੨੮ ਵਰ੍ਹੇ ਦੀ ਅਵਸ੍ਥਾ ਵਿੱਚ ਨਿਤ੍ਯਸੁਖ ਦੀ ਤਲਾਸ਼ ਲਈ ਘਰ ਬਾਰ ਤਿਆਗਕੇ ਸੰਨ੍ਯਾਸੀ ਬਣਿਆ. ਇਸ ਨੇ ਗਯਾ ਪਾਸ ਇੱਕ ਪਿੱਪਲ ਹੇਠ ਕਈ ਵਰ੍ਹੇ ਧ੍ਯਾਨਪਰਾਇਣ ਹੋਕੇ ਵਿਤਾਏ. ਅੰਤ ਜਦ ਇਸ ਨੂੰ ਬੋਧ ਗ੍ਯਾਨ ਹੋਣ ਕਰਕੇ ਬੁੱਧ (ਜਾਗਰਿਤ) ਅਵਸ੍ਥਾ ਪ੍ਰਾਪਤ ਹੋਈ, ਤਦ ਤੋਂ ਬੁੱਧ ਨਾਮ ਪ੍ਰਸਿੱਧ ਹੋਇਆ. ਦੇਖੋ, ਬੁਧਗਯਾ.#ਬੁੱਧ ਨੇ ਵੈਦਿਕ ਧਰਮ ਦੀ ਥਾਂ ਆਪਣਾ ਮਤ ਚਲਾਇਆ, ਜਿਸ ਦਾ ਮੁੱਖ ਨਿਯਮ ਅਹਿੰਸਾ ਹੈ. ਮਹਾਤਮਾ ਬੁੱਧ ਨੇ ਮੁਕਤਿਮਾਰਗ ਦੇ ਅੱਠ ਸਾਧਨ ਦੱਸੇ ਹਨ- "ਸਦ੍ਵਿਸ਼੍ਵਾਸ, ਸਦ੍ਵਿਚਾਰ, ਸਦ੍ਵਾਕ੍ਯ, ਸਤ੍ਕਰਮ, ਸਦ੍ਜੀਵਨ, ਸਤ੍ਪ੍ਰਯਤਨ, ਸਤ੍ਚਿੰਤਨ ਅਤੇ ਸਦ੍ਧ੍ਯਾਨ.#ਅੱਸੀ ਵਰ੍ਹੇ ਦੀ ਉਮਰ ਭੋਗਕੇ ਬੁੱਧਦੇਵ ਦਾ ਪੇਚਿਸ਼ ਰੋਗ ਨਾਲ ਕੁਸ਼ੀ ਨਗਰ ਦੇਹਾਂਤ ਹੋਇਆ. ਮਰਨ ਵੇਲੇ ਬੁੱਧ ਨੇ ਆਪਣੇ ਸਿੱਖਾਂ ਨੂੰ ਚਾਰ ਉਪਦੇਸ਼ ਦਿੱਤੇ-#(੧) ਇੰਦ੍ਰੀਆਂ ਨੂੰ ਕਾਬੂ ਰੱਖਣਾ.#(੨) ਆਪਣੇ ਆਪ ਨੂੰ ਜਗਾਉਣਾ ਅਤੇ ਆਪਣੇ ਆਪ ਦੀ ਪਰੀਖ੍ਯਾ ਕਰਨੀ.#(੩) ਜਿਵੇਂ ਜਲ ਤੋਂ ਪੈਦਾ ਹੋਇਆ ਚਿੱਕੜ ਜਲ ਨਾਲ ਹੀ ਧੋਤਾ ਜਾਂਦਾ ਹੈ, ਤਿਵੇਂ ਮਨ ਦੇ ਵਿਕਾਰ ਮਨ ਕਰਕੇ ਹੀ ਦੂਰ ਹੁੰਦੇ ਹਨ.#(੪) ਜਿਨ੍ਹਾਂ ਦਾ ਸੰਕਲਪ, ਵਾਣੀ ਅਤੇ ਕ੍ਰਿਯਾ ਪਵਿਤ੍ਰ ਹੈ, ਉਨ੍ਹਾਂ ਦੇ ਨਾਲ ਸ਼ਾਂਤਿ ਅਤੇ ਸੁਖ ਇਸਤਰਾਂ ਰਹਿਂਦੇ ਹਨ, ਜੈਸੇ ਸਰੀਰ ਨਾਲ ਛਾਯਾ.#ਮਹਾਤਮਾ ਬੁੱਧ ਦੇ ਚਲਾਏ ਧਰਮ ਦੀ ਦੋ ਸ਼ਾਖਾ ਹਨ. ਇੱਕ "ਹੀਨਯਾਨ", ਜਿਸ ਦਾ ਪ੍ਰਚਾਰ ਬਰਮਾ, ਸ੍ਯਾਮ ਅਤੇ ਸਿੰਹਲਦ੍ਵੀਪ ਵਿੱਚ ਹੈ ਦੂਜਾ "ਮਹਾਯਾਨ", ਜਿਸ ਦਾ ਪ੍ਰਚਾਰ ਤਿੱਬਤ ਚੀਨ ਜਾਪਾਨ ਆਦਿ ਵਿੱਚ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਬੁੱਧ ਨੂੰ ਵਿਸਨੁ ਦਾ ਨੌਵਾਂ ਅਵਤਾਰ ਲਿਖਿਆ ਹੈ. ਦੇਖੋ, ਮਾਯਾਮੋਹ....
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. महात्मन्. ਵਿ- ਵਡੇ ਦਿਲ ਵਾਲਾ. ਦਿਲਾਵਰ। ੨. ਉਦਾਰਾਤਮਾ। ੩. ਸ਼੍ਰੇਸ੍ਟ. ਉੱਤਮ....
ਜਿਨ (ਰਿਸਭਦੇਵ) ਦੇ ਚਲਾਏ ਮਤ ਦਾ ਅਨੁਗਾਮੀ. ਜੈਨੀ. ਜੈਨ ਮਤ ਬੌਂਧ ਧਰਮ ਤੋਂ ਪਹਿਲਾ ਹੈ. ਇਸ ਦੇ ਪੰਜ ਮੁੱਖਵ੍ਰਤ ਹਨ- ਅਹਿੰਸਾ, ਸਤ੍ਯ, ਅਸ੍ਤੇਯ (ਚੋਰੀ ਦਾ ਤ੍ਯਾਗ), ਬ੍ਰਹਮ੍ਚਰਯ ਅਤੇ ਅਪਰਿਗ੍ਰਹ (ਮੋਹ ਦਾ ਤ੍ਯਾਗ).#ਜੈਨ ਮਤ ਦੇ ਦੋ ਫ਼ਿਰਕ਼ੇ ਮੁੱਖ ਹਨ- ਇੱਕ ਸ਼੍ਵੇਤਾਂਬਰ, ਦੂਜਾ ਦਿਗੰਬਰ. ਜੈਨੀ ਨੂੰ ਬੋਲਣ ਵੇਲੇ ਮੂੰਹ ਅੱਗੇ ਵਸਤ੍ਰ ਰੱਖਣਾ ਜਰੂਰੀ ਹੈ. ਅਤੇ ਰਜੋਹਰਾ (ਸੂਤ ਦਾ ਝਾੜੂ) ਹਰੇਕ ਪਾਸ ਹੋਣਾ ਚਾਹੀਏ, ਜਿਸ ਨਾਲ ਬੈਠਣ ਵੇਲੇ ਜ਼ਮੀਨ ਸਾਫ਼ ਕਰ ਲਵੇ, ਤਾਕਿ ਕੋਈ ਜੀਵ ਨਾ ਮਰੇ. ਜੈਨੀ ਸਾਧੁ ਨੂੰ ਠੰਢਾ ਭੋਜਨ ਅਤੇ ਉਬਲਿਆ ਹੋਇਆ ਪਾਣੀ ਪੀਣਾ ਚਾਹੀਏ. ਨਿਰਮਲ ਜਲ ਨਾਲ ਨ੍ਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਤੋਂ ਜੀਵ ਮਰਦੇ ਹਨ. ਜੈਨੀ ਨੂੰ ਧਨ ਜਮਾਂ ਕਰਨ ਦਾ ਨਿਸੇਧ ਹੈ. ਹੋਰ ਵ੍ਰਤਾਂ ਤੋਂ ਛੁੱਟ ਅੱਠ ਵ੍ਰਤ ਸਿਰੋਮਣਿ ਹਨ, ਅਰਥਾਤ ਭਾਦੋਂ ਬਦੀ ੧੨. ਤੋਂ ਭਾਦੋਂ ਸੁਦੀ ੪. ਤੀਕ. ਅਖ਼ੀਰੀ ਦਿਨ ਦਾ ਨਾਮ "ਛਮਛਰੀ"¹ ਹੈ, ਜੋ ਸਭ ਤੋਂ ਪਵਿਤ੍ਰ ਹੈ.#ਜੈਨ ਮਤ ਵਿੱਚ ਜਗਤਕਰਤਾ ਪਾਰਬ੍ਰਹਮ ਨਹੀਂ ਮੰਨਿਆ. ਇਹ ਮੁਕ੍ਤਾਤਮਾ ਨੂੰ ਹੀ ਈਸ਼੍ਵਰ ਆਖਦੇ ਹਨ. "ਜੈਨ ਮਾਰਗ ਸੰਜਮ ਅਤਿ ਸਾਧਨ." (ਸੁਖਮਨੀ) ਦੇਖੋ, ਤੀਰਥੰਕਰ, ਮਾਯਮੋਹ ਅਤੇ ਰਿਖਭਦੇਵ। ੨. ਅ਼. [زین] ਜ਼ੈਨ. ਖ਼ੂਬੀ. ਗੁਣ। ੩. ਸਜਾਵਟ. ਸ਼੍ਰਿੰਗਾਰ। ੪. ਫ਼ਾ. ਵੈਰਾਗਵਾਨ. ਜਿਸ ਨੇ ਸੰਸਾਰ ਦੇ ਪਦਾਰਥਾਂ ਦਾ ਪ੍ਰੇਮ ਤ੍ਯਾਗ ਦਿੱਤਾ ਹੈ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. तीर्थंकर. ਜੋ ਤੀਰ੍ਥ (ਸ਼ਾਸਤ੍ਰ) ਨੂੰ ਕਰੇ (ਰਚੇ). ਸ਼ਾਸਤ੍ਰ ਕਰਤਾ. ਜੈਨਮਤ ਦਾ ਰਿਖੀ. ਹਿੰਦੂਆਂ ਦੇ ੨੪ ਅਵਤਾਰਾਂ ਵਾਂਙ ਜੈਨੀਆਂ ਨੇ ਭੀ ਆਪਣੇ ਚੌਵੀਹ ਤੀਰਥੰਕਰ ਮੰਨੇ ਹਨ. ਵੀਤ ਗਈ ਉਤਸਰਪਿਣੀ ਵਿੱਚ ਇਹ ੨੪ ਤੀਰਥੰਕਰ ਹੋਏ ਹਨ:-#ਸ਼੍ਰੀਨਿਵਾਸ, ਸਾਗਰ, ਮਹਾਸਾਧੁ, ਵਿਮਲਪ੍ਰਭੁ, ਸ਼੍ਰੀਧਰ, ਸੁਦੱਤ, ਅਮਲਪ੍ਰਭ, ਉੱਧਰ, ਅੰਗਿਰ, ਸੰਮਤਿ, ਸਿੰਧੁਨਾਥ, ਕੁਸੁਮਾਂਜਲਿ, ਸ਼ਿਵਗਣ, ਉਤਸਾਹ, ਗ੍ਯਾਨੇਸ਼੍ਵਰ, ਪਰਮੇਸ਼੍ਵਰ, ਵਿਮਲੇਸ਼੍ਵਰ, ਯਸ਼ੋਧਰ, ਕ੍ਰਿਸਨਮਤਿ, ਗ੍ਯਾਨਮਤਿ, ਸ਼ੁੱਧਮਤਿ, ਸ਼੍ਰੀਭਦ੍ਰ, ਅਤਿਕ੍ਰਮ ਅਤੇ ਸ਼ਾਂਤਿ.#ਵਰਤਮਾਨ ਅਵਸਰਪਿਣੀ ਦੇ ਆਰੰਭ ਵਿੱਚ ਇਹ ੨੪ ਤੀਰਥੰਕਰ ਹੋਏ ਹਨ-#ਰਿਸਭਦੇਵ, ਅਜਿਤਨਾਥ, ਸੰਭਵਨਾਥ, ਅਭਿਨੰਦਨਨਾਥ, ਸਮਤਿਨਾਥ, ਪਦਮਪ੍ਰਭ, ਸੁਪਾਰ੍ਸ਼੍ਵਨਾਥ, ਚੰਦ੍ਰਪ੍ਰਭ, ਪ੍ਰਸ੍ਪਦੰਤ, ਸ਼ੀਤਲਨਾਥ, ਸ਼੍ਰੇਯਾਂਸਨਾਥ, ਵਾਸਪੂਜ੍ਯ ਸ੍ਵਾਮੀ, ਵਿਮਲਨਾਥ, ਅਨੰਤਨਾਥ, ਧਰਮਨਾਥ, ਸ਼ਾਂਤਿਨਾਥ, ਕੁੰਥਨਾਥ, ਅਮਰਨਾਥ, ਮੱਲਿਨਾਥ, ਮੁਨਿਸ਼ਵਤ ਨਾਥ, ਨਮਿਨਾਥ, ਨੇਮਿਨਾਥ, ਪਾਰ੍ਸ਼੍ਵਨਾਥ, ਅਤੇ ਮਹਾਵੀਰ ਸ੍ਵਾਮੀ.#ਤੀਰਥੰਕਰਾਂ ਦੇ ਰੰਗ ਅਤੇ ਚਿੰਨ੍ਹ ਵੱਖੋ ਵੱਖ ਹੁੰਦੇ ਹਨ, ਜਿਵੇਂ ਰਿਸਭਦੇਵ ਦਾ ਬੈਲ ਦਾ ਚਿੰਨ੍ਹ ਸੰਭਵਦੇਵ ਦਾ ਘੋੜੇ ਦਾ ਚਿੰਨ੍ਹ ਹੈ. ਐਸੇ ਹੀ ਕਮਲ, ਕੱਛੂ, ਗੈਂਡਾ ਆਦਿ ਦੇ ਜੁਦੇ ਜੁਦੇ ਨਿਸ਼ਾਨ ਤੀਰਥੰਕਰਾਂ ਦੇ ਹਨ.#ਇਨ੍ਹਾਂ ਤੀਰਥੰਕਰਾਂ ਦੇ ਕ਼ੱਦ ਅਤੇ ਉਮਰ ਯਥਾਕ੍ਰਮ ਸਮੇਂ ਅਨੁਸਾਰ ਘਟਦੇ ਰਹਿਂਦੇ ਹਨ. ਇਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਅਤੇ ਅੰਤਿਮ ਦੇਵਤਾ ਦਾ ਵ੍ਰਿੱਤਾਂਤ ਦੇਖਣ ਤੋਂ ਬਾਕੀ ਸਾਰਿਆਂ ਦਾ ਪਤਾ ਲਗ ਸਕਦਾ ਹੈ.#ਇਕ੍ਸ਼੍ਵਾਕੁ ਦੀ ਵੰਸ਼ ਵਿੱਚ ਨਾਭਿ ਦਾ ਪੁਤ੍ਰ, "ਰਿਸਭ" "ਮਰੁਦੇਵੀ" ਦੇ ਉਦਰ ਤੋਂ ਅਵਧ ਪੁਰੀ ਵਿੱਚ ਜਨਮਿਆ ਸੀ. ਇਹ ਤੀਰਥੰਕਰ ਬਸੰਤੀ ਰੰਗ ਧਾਰਨ ਕਰਦਾ ਹੈ ਅਤੇ ਬੈਲ ਦਾ ਚਿੰਨ੍ਹ ਹੈ. ਇਸ ਦਾ ਕੱਦ ੫੦੦ ਬਾਂਸ¹ ਉੱਚਾ ਸੀ, ਅਤੇ ਇਸ ਨੇ ੮, ੪੦੦, ੪੦੦ ਵਰ੍ਹੇ ਉਮਰ ਭੋਗੀ ਜਦ ਇਹ ਰਾਜਗੱਦੀ ਤੇ ਬੈਠਾ ਤਾਂ ਇਹ ੨, ੦੦੦, ੦੦੦ ਵਰ੍ਹਿਆਂ ਦਾ ਸੀ. ਰਿਸਭ ਨੇ ੧੦੦, ੦੦੦ ਵਰ੍ਹੇ ਤਪ ਕੀਤਾ, ਜਿਸ ਕਾਰਣ ਇਹ ਦੇਵਤਾ ਹੋਣ ਦਾ ਅਧਿਕਾਰੀ ਹੋਇਆ.#ਮਹਾਵੀਰ ਸਭ ਤੋਂ ਪਿਛਲਾ, ਪਰ ਸਭ ਤੋਂ ਮਸ਼ਹੂਰ ਦੇਵਤਾ ਹੈ. ਇਸ ਨੂੰ 'ਸੰਤ' ਭੀ ਆਖਦੇ ਹਨ. ਇਸ ਦੀ ਮੂਰਤਿ ਸੁਨਹਿਰੀ ਰੰਗ ਦੀ ਹੈ ਅਤੇ ਸ਼ੇਰ ਇਸ ਦਾ ਚਿੰਨ੍ਹ ਹੈ. ਜਦ ਇਸ ਦੀ ੨੮ ਵਰ੍ਹੇ ਦੀ ਉਮਰ ਹੋਈ ਤਾਂ ਇਸ ਦਾ ਪਿਤਾ ਮਰ ਗਿਆ. ਉਸ ਤੋਂ ਪਿੱਛੋਂ ਦੋ ਵਰ੍ਹੇ ਇਸ ਨੇ ਰਾਜ ਕੀਤਾ, ਫੇਰ ਰਾਜਪਾਟ ਛੱਡਕੇ ਤਪ ਵਿੱਚ ਲੱਗ ਗਿਆ ਅਤੇ ੭੨ ਵਰ੍ਹੇ ਦੀ ਉਮਰ ਵਿੱਚ ਸੰਸਾਰ ਦੇ ਦੁੱਖਾਂ ਤੋਂ ਰਹਿਤ ਹੋਕੇ ਮੁਕ੍ਤ ਹੋ ਗਿਆ. ਮਹਾਵੀਰ (ਅਥਵਾ ਵਰਧਮਾਨ) ਈ਼ਸਵੀ ਸਨ ਤੋਂ ੪੩੭ ਵਰ੍ਹੇ ਪਹਿਲਾਂ ਹੋਇਆ ਹੈ....
ਸੰ. ਪਾਰ੍ਸ਼੍ਵਨਾਥ. ਇਕ੍ਸ਼੍ਵਾਕੁਵੰਸ਼ੀ ਰਾਜਾ ਅਸ਼੍ਵਸੇਨ ਵਾਰਾਣਸੀਪਤਿ ਦਾ, ਵਾਮਾ ਰਾਣੀ ਦੇ ਉਦਰੋਂ ਪੈਦਾ ਹੋਇਆ ਪੁਤ੍ਰ. ਵਾਮਾਦੇਵੀ ਨੇ ਗਰਭ ਸਮੇਂ ਇੱਕ ਵਾਰ ਆਪਣੇ ਪਾਰ੍ਸ਼੍ਵ (ਕੋਲ) ਸਰਪ ਦੇਖਿਆ ਅਤੇ ਬਾਲਕ ਦੇ ਸ਼ਰੀਰ ਪੁਰ ਸਰਪ ਦਾ ਚਿੰਨ੍ਹ ਸੀ, ਇਸ ਲਈ ਨਾਮ ਪਾਰ੍ਸ਼੍ਵਨਾਥ ਰੱਖਿਆ. ਇਸ ਦਾ ਵਿਆਹ ਕੁਸ਼ਸ੍ਥਾਨ ਦੇ ਰਾਜਾ ਪ੍ਰਸੇਨਜਿਤ ਦੀ ਪੁਤ੍ਰੀ ਪ੍ਰਭਾਵਤੀ ਨਾਲ ਹੋਇਆ. ਇਹ ਵਡਾ ਪ੍ਰਤਾਪੀ ਅਤੇ ਉਦਾਰਾਤਮਾ ਹੋਇਆ ਹੈ. ਇੱਕ ਵਾਰ ਜੀਵ ਹਿੰਸਾ ਤੋਂ ਗਿਲਾਨੀ ਹੋਣ ਪੁਰ ਇਹ ਜੈਨ ਧਰਮੀ ਹੋ ਗਿਆ ਅਰ ਤਪ ਦੇ ਬਲ ਨਾਲ ਤੇਈਹਵਾਂ ਤੀਰਥੰਕਰ ਬਣਿਆ. ਦੇਖੋ, ਤੀਰਥੰਕਰ.#ਪਾਰਸਨਾਥ ਦਾ ਜਨਮ ਪੋਹ ਬਦੀ ੧੦. ਅਤੇ ਦੇਹਾਂਤ ਸਾਵਣ ਸੁਦੀ ਅਸ੍ਟਮੀ ਨੂੰ ਹੋਇਆ ਸੀ. ਇਸ ਦਾ ਸਮਾਂ ਵਿਦ੍ਵਾਨਾਂ ਨੇ ਸਨ ਈਸਵੀ ਤੋਂ ੫੯੯ ਵਰ੍ਹੇ ਪਹਿਲਾਂ ਮੰਨਿਆ ਹੈ। ੨. ਬੰਗਾਲ ਦੇ ਹਜ਼ਾਰੀਬਾਗ ਜਿਲੇ ਵਿੱਚ ਇੱਕ ਪਹਾੜੀ ਅਤੇ ਉਸ ਦਾ ਪ੍ਰਸਿੱਧ ਜੈਨ ਮੰਦਿਰ, ਜਿੱਥੇ ਪਾਰਸਨਾਥ ਨੇ, ਸ਼ਰੀਰ ਤਿਆਗਿਆ ਹੈ। ੩. ਦਸ਼ਮਗ੍ਰੰਥ ਵਿੱਚ ਪਾਰਸਨਾਥ ਨੂੰ ਸ਼ਿਵ ਦਾ ਅਵਤਾਰ ਲਿਖਿਆ ਹੈ, ਇਸ ਨੇ ਦੱਤਾਤ੍ਰੇਯ ਦਾ ਮਤ ਦੂਰ ਕਰਕੇ ਆਪਣਾ ਮਤ ਜਗਤ ਵਿੱਚ ਚਲਾਇਆ. "ਪਾਰਸਨਾਥ ਬਡੋ ਰਣ ਪਾਰ੍ਯੋ। ਆਪਨ ਪ੍ਰਚੁਰ ਜਗਤ ਮਤ ਕੀਨਾ, ਦੇਵਦੱਤ ਕੋ ਟਾਰ੍ਯੋ." (ਪਾਰਸਾਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਰਿਖਭ ੨. ਅਤੇ ਤੀਰਥੰਕਰ....