chhailaछैल
ਵਿ- ਛਵਿ ਵਾਲਾ. ਸ਼ਕੀਲ. ਸ਼ੋਭਨ. ਸੁੰਦਰ. ਮਨੋਹਰ. ਖ਼ੂਬਸੂਰਤ. "ਆਏ ਬਨਕੈ ਛੈਲ ਬੁਲੰਦ." (ਗੁਪ੍ਰਸੂ) ੨. ਬਾਂਕਾ। ੩. ਸਜਿਆ ਹੋਇਆ. ਸ਼੍ਰਿੰਗਾਰ ਸਹਿਤ। ੪. ਸੰਗ੍ਯਾ- ਸੁੰਦਰ ਜੁਆਨ ਪੁਰਖ. "ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਛੈਲ ਤੋਂ ਭਾਵ ਸ਼ੁਭ ਗੁਣਾਂ ਨਾਲ ਸ਼ੋਭਨ ਸਾਧੂ ਜਨ ਹੈ.
वि- छवि वाला. शकील. शोभन. सुंदर. मनोहर. ख़ूबसूरत. "आए बनकै छैल बुलंद." (गुप्रसू) २. बांका। ३. सजिआ होइआ. श्रिंगार सहित। ४. संग्या- सुंदर जुआन पुरख. "छैल लंघंदे पारि गोरी मनु धीरिआ." (आसा फरीद) छैल तों भाव शुभ गुणां नाल शोभन साधू जन है.
ਦੇਖੋ, ਛਬਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [صقیل] ਸਕ਼ੀਲ. ਵਿ- ਸਿਕ਼ਲ ਕੀਤਾ। ੨. ਬਾਢਦਾਰ. "ਬਿਛੂਆ ਸੈਫ ਸਕੀਲ." (ਸਲੋਹ) ੩. [ثقیل] ਸਕ਼ੀਲ. ਭਾਰੀ. ਵਜ਼ਨਦਾਰ। ੪. ਜੋ ਮੁਸ਼ਕਿਲ ਜਾਂ ਤਕਲੀਫ਼ ਨਾਲ ਹਜਮ ਹੋਵੇ। ੫. [شکیل] ਸ਼ਕੀਲ. ਹੱਛੀ ਸ਼ਕਲ ਵਾਲਾ. ਸੁਡੌਲ. ਸੁੰਦਰ....
ਸੰ. ਸ਼ੋਭਨ. ਵਿ- ਸ਼ੋਭਾ ਵਾਲਾ। ੨. ਸੁੰਦਰ. ਖੂਬਸੂਰਤ। ੩. ਉੱਤਮ. ਸ਼੍ਰੇਸ੍ਠ। ੪. ਸੰਗ੍ਯਾ- ਇੱਕ ਛੰਦ, ਇਸ ਦਾ ਨਾਉਂ "ਸਿੰਹਿਕਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੦. ਮਾਤ੍ਰਾ ਪੁਰ. ਅੰਤ ਜਗਣ .#ਉਦਾਹਰਣ-#ਨਾਥ ਅਦਭੁਤ ਗਤਿ ਅਪਰਮਿਤ, ਚਰਿਤ ਕਹਤ ਬਨੈ ਨ.#(ਗੁਰੁਪਦ ਪ੍ਰੇਮ ਪ੍ਰਕਾਸ਼)#੫. ਅਗਨਿ। ੬. ਸ਼ਿਵ। ੭. ਕਮਲ। ੮. ਭੂਖਣ. ਗਹਿਣਾ. ੯. ਧਰਮ। ੧੦. ਸੰਧੂਰ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਵਿ- ਛਵਿ ਵਾਲਾ. ਸ਼ਕੀਲ. ਸ਼ੋਭਨ. ਸੁੰਦਰ. ਮਨੋਹਰ. ਖ਼ੂਬਸੂਰਤ. "ਆਏ ਬਨਕੈ ਛੈਲ ਬੁਲੰਦ." (ਗੁਪ੍ਰਸੂ) ੨. ਬਾਂਕਾ। ੩. ਸਜਿਆ ਹੋਇਆ. ਸ਼੍ਰਿੰਗਾਰ ਸਹਿਤ। ੪. ਸੰਗ੍ਯਾ- ਸੁੰਦਰ ਜੁਆਨ ਪੁਰਖ. "ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਛੈਲ ਤੋਂ ਭਾਵ ਸ਼ੁਭ ਗੁਣਾਂ ਨਾਲ ਸ਼ੋਭਨ ਸਾਧੂ ਜਨ ਹੈ....
ਦੇਖੋ, ਬਲੰਦ....
ਵਿ- ਵਿੰਗਾ. ਟੇਢਾ। ੨. ਸਜਾਵਟ ਵਾਲਾ. ਬਣਿਆ ਠਣਿਆ। ੩. ਬਹਾਦੁਰ. ਦਿਲੇਰ। ੪. ਸੰਗ੍ਯਾ- ਬੰਕ. ਟੇਢਾ ਦਾਤ. ਬਿਨਾ ਦੰਦੇ ਤਿੱਖੀ ਦਾੱਤੀ....
ਦੇਖੋ, ਸਿੰਗਾਰ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. युवन् ਵਿ- ਯੁਵਾ ਅਵਸਥਾਵਾਨ. ਜਵਾਨ. ਤਰੁਣ....
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਕ੍ਰਿ. ਵਿ- ਪਰਲੇ ਪਾਸੇ. "ਪਾਰਿ ਉਤਰਿਜਾਹਿ ਇਕ ਖਿਨਾ." (ਬਸੰ ਮਃ ੩) ੨. ਪਾਲਕੇ. ਪਾਲਨ ਕਰਕੇ। ੩. ਪਾੜਕੇ....
ਸੰਗ੍ਯਾ- ਗੋਲੀ. ਗੋਲਿਕਾ. "ਛੁਟੈ ਬਾਣ ਗੋਰੀ." (ਵਿਚਿਤ੍ਰ) ੨. ਗੌਰੀ. ਦੁਰਗਾ. ਪਾਰਵਤੀ। ੩. ਵਿ- ਗੋਰੇ ਰੰਗ ਵਾਲੀ. ਭਾਵ- ਸੁੰਦਰ ਇਸਤ੍ਰੀ. ਭਾਰਯਾ. ਵਹੁਟੀ. "ਗੋਰੀ ਸੇਤੀ ਤੁਟੈ ਭਤਾਰ." (ਵਾਰ ਮਾਝ ਮਃ ੧) "ਛੈਲ ਲਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਇਸ ਥਾਂ ਛੈਲ ਬ੍ਰਹਮਵੇੱਤਾ ਅਤੇ ਗੋਰੀ ਜਿਗ੍ਯਾਸੂ ਹੈ। ੪. ਚਿੱਟੀ. "ਪਾਨੀ ਮੈਲਾ ਮਾਟੀ ਗੋਰੀ। ਇਸ ਮਾਟੀ ਕੀ ਪੁਤਰੀ ਜੋਰੀ." (ਗਉ ਕਬੀਰ) ਮਾ ਦੀ ਰਕਤ ਮੈਲੀ, ਪਿਤਾ ਦੀ ਵੀਰਯ ਚਿੱਟਾ। ੫. ਗ਼ੋਰ ਦਾ ਵਸਨੀਕ. ਦੇਖੋ, ਸ਼ਹਾਬੁੱਦੀਨ ਗ਼ੋਰੀ ਅਤੇ ਗੋਰ ੪। ੬. ਬਾਦਾਮੀ ਰੰਗ ਵਾਲੀ ਗਾਂ....
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....