gurubakhashaगुरुबख़श
ਮਹਾਦੇਵ ਉਦਾਸੀ ਸਾਧੂ ਦਾ ਚੇਲਾ ਮਹਾਤਮਾ ਗੁਰੁਬਖ਼ਸ਼ਦਾਸ, ਜਿਸ ਨੂੰ ਦਸ਼ਮੇਸ਼ ਨੇ ਆਨੰਦਪੁਰ ਤ੍ਯਾਗਣ ਸਮੇਂ ਗੁਰੂ ਤੇਗਬਹਾਦੁਰ ਜੀ ਦੇ ਦੇਹਰੇ ਤਥਾ ਗੁਰਅਸਥਾਨਾਂ ਦਾ ਸੇਵਾਦਾਰ ਥਾਪਿਆ. "ਇੱਕ ਗੁਰੁਬਖਸ ਸਾਧੁ ਢਿਗ ਖਰ੍ਯੋ। ਤਿਸੈ ਵਿਲੋਕਤ ਵਾਕ ਉਚਰ੍ਯੋ। ਬਸੋ ਇਹਾਂ ਤੁਮ ਸੇਵਾ ਕਰੋ। ਕਰ ਸੇਵਾ ਨਿਜ ਜਨਮ ਸੁਧਰੋ." (ਗੁਪ੍ਰਸੂ) ਦੇਖੋ, ਗੁਲਾਬਰਾਇ। ੨. ਦਿੱਲੀ ਦਾ ਮਸੰਦ, ਜੋ ਗੁਰੂ ਹਰਿਕ੍ਰਿਸਨ ਸਾਹਿਬ ਜੀ ਦੀ ਸੇਵਾ ਵਿੱਚ ਦਿੱਲੀ ਹਾਜਿਰ ਰਿਹਾ। ੩. ਜੌਨਪੁਰ ਦਾ ਨਿਵਾਸੀ ਇੱਕ ਪ੍ਰੇਮੀ ਸਿੱਖ, ਜੋ ਗੁਰੂ ਤੇਗਬਹਾਦੁਰ ਸਾਹਿਬ ਦੇ ਕਾਸ਼ੀ ਠਹਿਰਨ ਸਮੇਂ ਕੀਰਤਨ ਸੁਣਾਉਂਦਾ ਰਿਹਾ. ਇਹ ਰਾਗਵਿਦ੍ਯਾ ਵਿੱਚ ਵਡਾ ਨਿਪੁਣ ਸੀ.
महादेव उदासी साधू दा चेला महातमा गुरुबख़शदास, जिस नूं दशमेश ने आनंदपुर त्यागण समें गुरू तेगबहादुर जी दे देहरे तथा गुरअसथानां दा सेवादार थापिआ. "इॱक गुरुबखस साधु ढिगखर्यो। तिसै विलोकत वाक उचर्यो। बसो इहां तुम सेवा करो। कर सेवा निज जनम सुधरो." (गुप्रसू) देखो, गुलाबराइ। २. दिॱली दा मसंद, जो गुरू हरिक्रिसन साहिब जी दी सेवा विॱच दिॱली हाजिर रिहा। ३. जौनपुर दा निवासी इॱक प्रेमी सिॱख, जो गुरू तेगबहादुर साहिब दे काशी ठहिरन समें कीरतन सुणाउंदा रिहा. इह रागविद्या विॱच वडा निपुण सी.
ਹ਼ਜਰਤ ਮੁਹ਼ੰਮਦ. "ਮਹਾਦੀਨ ਤਬ ਪ੍ਰਭੁ ਉਪਰਾਜਾ." (ਵਿਚਿਤ੍ਰ) ਦੇਖੋ, ਮੁਹ਼ੰਮਦ. ਵਿ- ਮਹਾ (ਵਡਾ) ਦੇਵਤਾ. ਮਹਾਦੇਵ। ੨. ਸੰਗ੍ਯਾ- ਕਰਤਾਰ ਪਾਰਬ੍ਰਹਮ। ੩. ਸ਼ਿਵ. "ਮਹਾਦੇਉ ਗੁਣ ਰਵੈ ਸਦਾ ਜੋਗੀ." (ਸਵੈਯੇ ਮਃ ੧. ਕੇ) "ਮਹਾਦੇਵ ਕੋ ਕਹਿਤ ਸਦਾਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ) ੪. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸੁਪੁਤ੍ਰ, ਜੋ ੪. ਹਾੜ ਸੰਮਤ ੧੬੧੭ ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ, ਅਤੇ ਸੰਮਤ ੧੬੬੨ ਵਿੱਚ ਗੋਇੰਦਵਾਲ ਸਮਾਇਆ. ਇਹ ਕਰਣੀਵਾਲਾ ਆਤਮਗ੍ਯਾਨੀ ਮਹਾਪੁਰੁਸ ਸੀ....
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਚੇਟਕ. ਚਾਟੜਾ. ਸ਼ਿਸ਼੍ਯ. "ਸੁ ਸੋਭਿਤ ਚੇਲਕ ਸੰਗ ਨਰੰ." (ਦੱਤਾਵ) "ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?" (ਭਾਗੁ) ੨. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ....
ਸੰ. महात्मन्. ਵਿ- ਵਡੇ ਦਿਲ ਵਾਲਾ. ਦਿਲਾਵਰ। ੨. ਉਦਾਰਾਤਮਾ। ੩. ਸ਼੍ਰੇਸ੍ਟ. ਉੱਤਮ....
ਦੇਖੋ, ਗੁਰੁਬਖਸ ੧....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਦੇਖੋ ਅਨੰਦਪੁਰ।#੨. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦਕੇ ਸੰਮਤ ੧੭੨੩ ਵਿੱਚ ਇਹ ਨਗਰ ਆਬਾਦ ਕੀਤਾ, ਜੋ ਹੁਣ ਜਿਲਾ ਹੁਸ਼ਿਆਰਪੁਰ ਦੀ ਊਨਾ ਤਸੀਲ ਵਿੱਚ ਹੈ. ਦਸ਼ਮੇਸ਼ ਨੇ ਇਸ ਨਗਰ ਨੂੰ ਵਡੀ ਰੌਣਕ ਦਿੱਤੀ. ਇਹ ਨਗਰ "ਖ਼ਾਲਸੇ ਦੀ ਵਾਸੀ" ਕਰਕੇ ਪ੍ਰਸਿੱਧ ਹੈ, ਜਿਸ ਦਾ ਭਾਵ ਹੈ ਕਿ ਜੋ ਗੁਰੂ ਪਿਤਾ ਦਾ ਨਿਵਾਸ ਅਸਥਾਨ ਹੈ, ਉਹੀ ਉਸ ਦੀ ਸੰਤਾਨ ਰੂਪ ਖ਼ਾਲਸੇ ਦਾ ਹੈ.#ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ ਦੀ ਰਖ੍ਯਾ ਲਈ ਪੰਜ ਕ਼ਿਲੇ ਤਿਆਰ ਕਰਾਏ:-#(ੳ) ਆਨੰਦਗੜ੍ਹ (ਅ) ਲੋਹਗੜ੍ਹ (ੲ) ਫਤੇਗੜ੍ਹ, (ਸ) ਕੇਸ਼ਗੜ੍ਹ. (ਹ) ਹੋਲਗੜ੍ਹ. ਇਨ੍ਹਾਂ ਕਿਲਿਆਂ ਦੀ ਥਾਂ ਹੁਣ ਗੁਰੁਦ੍ਵਾਰੇ ਸ਼ੋਭਾ ਦੇ ਰਹੇ ਹਨ.#ਇਸ ਗੁਰੁਨਗਰ ਦੇ ਗੁਰੁਦ੍ਵਾਰਿਆਂ ਦਾ ਵੇਰਵਾ ਇਉਂ ਹੈ:-#(੧) ਅਕਾਲ ਬੁੰਗਾ. ਸ਼ਹਿਰ ਦੇ ਵਿੱਚ ਹੀ ਗੁਰੁਦ੍ਵਾਰਾ ਸੀਸਗੰਜ ਦੇ ਅਹਾਤੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਹੋਇਆ ਹੈ. ਇਸ ਥਾਂ ਛੋਟਾ ਜਿਹਾ ਬਹੁਤ ਸੁੰਦਰ ਦਰਬਾਰ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼. ਹੈ.#(੨) ਆਨੰਦਗੜ੍ਹ ਕਿਲਾ. ਸ਼ਹਿਰ ਆਨੰਦਪੁਰ ਤੋਂ ਦੱਖਣ ਵੱਲ ਅੱਧ ਮੀਲ ਤੋਂ ਭੀ ਘੱਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਗੁਰੂ ਜੀ ਨੇ ਜੋ ਕਿਲੇ ਬਣਵਾਏ ਸਨ ਉਨ੍ਹਾਂ ਵਿਚੋਂ ਇੱਕ ਇਹ ਭੀ ਹੈ.#ਇਸ ਕਿਲੇ ਅੰਦਰ ਇੱਕ ਬਾਵਲੀ (ਵਾਪੀ) ਹੈ. ਜਿਸ ਦੀਆਂ ਪਉੜੀਆਂ ਉਤਰਕੇ ਚੜ੍ਹਨਾ ਔਖਾ ਹੋ ਜਾਂਦਾ ਹੈ, ਅਤੇ ਇਸ ਬਾਵਲੀ ਦੇ ਇਰਦ ਗਿਰਦ ਇਹੋ ਜਿਹੀਆਂ ਗੁਪਤ ਕੋਠੜੀਆਂ ਹਨ ਕਿ ਜਿਨ੍ਹਾਂ ਅੰਦਰ ਆਦਮੀ ਚਲਾ ਜਾਵੇ ਤਾਂ ਫਿਰ ਬਾਹਰ ਦਾ ਰਸਤਾ ਮਿਲਨਾ ਮੁਸ਼ਕਲ ਹੋ ਜਾਂਦਾ ਹੈ. ਦਰਬਾਰ ਭੀ ਬਹੁਤ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#੧੬੦੦ ਰੁਪਯੇ ਦੇ ਕਰੀਬ ਸਾਲਾਨਾ ਜਾਗੀਰ ਪਿੰਡ ਚੰਦਪੁਰ, ਬੁਰਜ, ਚੀਕੁਣਾ, ਮੈਂਹਦੜੀ ਥਾਣਾ ਆਨੰਦਪੁਰ ਵਿੱਚ ਹੈ. ੩੭।) ਰੁਪਯੇ ਸਾਲਾਨਾ ਜਾਗੀਰ ਰਿਆਸਤ ਕਲਸੀਆ ਵੱਲੋਂ ਹੈ. ੧੨੫ ਘੁਮਾਉਂ ਜ਼ਮੀਨ ਇਥੇ ਹੀ ਗੁਰੁਦ੍ਵਾਰੇ ਨਾਲ ਹੈ.#ਇਸ ਕਿਲੇ ਨੂੰ ਹੀ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਛੱਡਿਆ ਸੀ, ਅਤੇ ਭਾਈ ਵਿਚਿਤ੍ਰ ਸਿੰਘ ਨੇ ਬਰਛਾ ਮਾਰਕੇ ਹਾਥੀ ਦਾ ਸਿਰ ਭੇਦ਼ਨ ਕੀਤਾ ਸੀ.#(੩) ਸੀਸਗੰਜ. ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਜੀ ਦੇ ਦਿੱਲੀ ਤੋਂ ਆਏ ਸੀਸ ਦਾ ਸਸਕਾਰ ਕੀਤਾ ਗਿਆ ਸੀ.#ਸਿੱਖ ਰਾਜ ਵੇਲੇ ਦੀ ਜਾਗੀਰ ਪਿੰਡ ਚੱਕ ਸਾਦੂ ਅਤੇ ਮੁਖੇੜਾ ਤੋਂ ਨੌ ਸੌ ਰੁਪਯੇ ਸਾਲਾਨਾ ਹੈ. ੩੭।) ਰਾਜਾ ਸਾਹਿਬ ਕਲਸੀਆ ਵੱਲੋਂ, ੬੦) ਰਿਆਸਤ ਪਟਿਆਲਾ ਅਤੇ ੭੦) ਰਿਆਸਤ ਨਾਭਾ ਵੱਲੋਂ ਸਾਲਾਨਾ ਮਿਲਦੇ ਹਨ।#(੪) ਕੇਸਗੜ੍ਹ. ਸ਼ਹਿਰ ਆਨੰਦਪੁਰ ਤੋਂ ਨੈਰਤ ਕੋਣ ਵਿੱਚ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ੧੭੫੬ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ. ਵਡਾ ਮੇਲਾ ਹੋਲੇ ਨੂੰ ਹੁੰਦਾ ਹੈ, ਸਾਧਾਰਨ ਮੇਲਾ ਵੈਸਾਖੀ ਨੂੰ ਭੀ ਹੁੰਦਾ ਹੈ.#ਇਸ ਗੁਰੁਦ੍ਵਾਰੇ ਵਿੱਚ ਇਹ ਗੁਰੁਵਸਤੂਆਂ ਹਨ:-#(ੳ) ਨਾਗਣੀ. ਇਸ ਨਾਗਣੀ ਬਰਛੀ ਦੀ ਲੰਬਾਈ ੮. ਫੁੱਟ ੯. ਇੰਚ ਹੈ.#(ਅ) ਭਾਲਾ (ਬਰਛਾ). ਇਸ ਦੀ ਲੰਬਾਈ ਅੱਧ ਇੰਚ ਘੱਟ ਅੱਠ ਫੁੱਟ ਹੈ. ਇਸ ਦਾ ਅਗਲਾ ਫਲ ੨. ਫੁੱਟ ੯. ਇੰਚ ਲੰਬਾ ਹੈ. ਵਿਚਕਾਰ ਲਕੜੀ ਦਾ ਲੰਬਾ ਦਸਤਾ ਹੈ.#(ੲ) ਸੈਫ਼ (ਅਥਵਾ ਬਾਣਾ). ਇਸ ਦੀ ਲੰਬਾਈ ਦਸਤੇ ਸਮੇਤ ੪. ਫੁੱਟ ੩. ਇੰਚ ਹੈ. ਚੌੜਾਈ ਦਸਤੇ ਪਾਸ ਤਿੰਨ ਇੰਚ ਫੇਰ ਵਿਚਕਾਰ ਦੋ ਇੰਚ, ਇਸੇ ਤਰ੍ਹਾਂ ਘਟਦੀ ਹੋਈ ਅੰਤ ਤਿੱਖੀ ਨੋਕ ਹੈ. ਤੋਲ ਬੱਤੀ ਛਟਾਂਕ ਹੈ.¹#ਇਸ ਉੱਪਰ ਇਹ ਇ਼ਬਾਰਤ ਲਿਖੀ ਹੋਈ ਹੈ:-#ਇੱਕ ਪਾਸੇ:-# [نصرمن الله فتح قریب] # [محیط علم راگندمہرامیرالمومنین حیدر] # [امام الجن والانس وصی مصطفٰےحق] #ਅਤੇ ਦੂਜੇ ਪਾਸੇ:-# [لااله الاالله محمد رسول الله] # [لافتٰی اِلاعلی لاسیف الاذوالفقار] # [بسم الله الرحمن الرحیم] # [تحفہ است علی فاطمہ حسین و حسن] #(ਸ) ਖੰਡਾ ਦੁਧਾਰਾ. ਇਸ ਖੰਡੇ ਦੀ ਲੰਬਾਈ ੩॥ ਫੁੱਟ ੩. ਇੰਚ ਹੈ. ਇਸੇ ਖੰਡੇ ਨਾਲ ਸਿੱਖੀ ਪਰਖੀ ਸੀ, ਜਦੋਂ ਪੰਜ ਪਿਆਰੇ ਚੁਣੇ ਸਨ. ਇਸ ਦਾ ਫਲ ਅਗਲੇ ਸਿਰੇ ਤੋਂ ੨। ਇੰਚ ਵਿਚਕਾਰੋਂ ੧॥ ਇੰਚ ਚੌੜਾ ਹੈ.#(ਹ) ਕਟਾਰ. ਇਸ ਕਟਾਰ ਦੀ ਲੰਬਾਈ ਸਮੇਤ ਦਸਤੇ ਦੋ ਫੁੱਟ ਇੱਕ ਇੰਚ ਹੈ. ਇਸ ਦੇ ਦਸਤੇ ਉੱਪਰ ਹਾਥੀ ਸ਼ੇਰਾਂ ਦੀਆਂ ਤਸਵੀਰਾਂ ਚਿਤ੍ਰ ਕੀਤੀਆਂ ਹੋਈਆਂ ਹਨ.#ਗੁਰੁਦ੍ਵਾਰੇ ਕੇਸ ਗੜ੍ਹ ਦੀ ਜਾਗੀਰ ਦਾ ਵੇਰਵਾ- ੧੧੫੦) ਰੁਪਯੇ ਸਾਲਾਨਾ ਅਰਥਾਤ ਪਿੰਡ "ਬੱਡੋਂ" ਦੇ ਸਾਰੇ ਸਰਕਾਰੀ ਮੁਆ਼ਮਲੇ ਦਾ ਅੱਧ, ਜਿਲਾ ਹੁਸ਼ਿਆਰਪੁਰ ਤੋਂ, ਜੋ ਸਰਦਾਰ ਬਘੇਲ ਸਿੰਘ ਜਥੇਦਾਰ ਨੇ ਅਮ੍ਰਿਤ ਛਕਣ ਵੇਲੇ ਅਰਦਾਸ ਕਰਾਈ. ੪੦੦) ਰੁਪਯੇ ਸਾਲਾਨਾ ਪਿੰਡ "ਗੀਗਨ ਵਾਲ" ਜ਼ਿਲਾ ਜਾਲੰਧਰ ਤੋਂ, ਜੋ ਸਰਦਾਰ ਮਿੱਤ ਸਿੰਘ ਜੀ ਜਥੇਦਾਰ ਨੇ ਅਰਦਾਸ ਕਰਾਈ. ੧੧੦੦) ਰੁਪਯੇ ਸਾਲਾਨਾ ਪਿੰਡ "ਮੋਠੇਪੁਰ" ਥਾਣਾ ਆਨੰਦਪੁਰ ਤੋਂ, ਜੋ ਸਰਦਾਰ ਚੜ੍ਹਤ ਸਿੰਘ ਜੀ ਡੱਲੇ ਵਾਲੀਏ ਨੇ ਅਰਦਾਸ ਕਰਾਈ.#੭੫) ਰੁਪਯੇ ਸਾਲਾਨਾ ਪਿੰਡ "ਮਹੈਣ" ਥਾਣਾ ਆਨੰਦਪੁਰ ਵਿੱਚ ਰਿਆਸਤ ਬਿਲਾਸਪੁਰ ਵੱਲੋਂ ਹੈ. ੩੭੫) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹਨ. ੧੬੯/-) ਰੁਪਯੇ ਰਿਆਸਤ ਨਾਭੇ ਵੱਲੋਂ ਸਾਲਾਨਾ ਹਨ. ੩੭।) ਰੁਪਯੇ ਸਾਲਾਨਾ ਰਾਜਾ ਸਾਹਿਬ ਕਲਸੀਆ ਵੱਲੋਂ ਹਨ. ੩੩ ਘੁਮਾਉਂ ਦੇ ਕਰੀਬ ਰਕ਼ਬਾ ਜ਼ਮੀਨ ਦਾ ਹੈ, ਜਿਸ ਦੇ ਵਿੱਚ ਹੀ ਗੁਰੁਦ੍ਵਾਰਾ ਹੈ.#ਇਸ ਸਾਰੀ ਜਾਗੀਰ ਦਾ ਅਟਾ ਸਟਾ ੩. ਹਜਾਰ ਰੁਪਯੇ ਦੇ ਕ਼ਰੀਬ ਸਾਲਾਨਾ ਹੈ. ਹੋਲੇ ਮਹੱਲੇ ਦੇ ਮੇਲੇ ਤੇ ਕਾਫ਼ੀ ਚੜ੍ਹਾਵਾ ਹੋ ਜਾਂਦਾ ਹੈ.#(੫) ਗੁਰੂ ਕੇ ਮਹਿਲ. ਸ਼ਹਿਰ ਅੰਦਰ ਜੋ ਗੁਰੂ ਤੇਗ਼ ਬਹਾਦੁਰ ਜੀ ਨੇ ਆਪਣੇ ਰਹਿਣ ਲਈ ਮਕਾਨ ਬਣਾਏ. ਇਨ੍ਹਾਂ ਮਹਿਲਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਸ ਕੀਤਾ, ਅਤੇ ਚਾਰੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਸ ਵੇਲੇ ਦੀਆਂ ਕੁਝ ਦੀਵਾਰਾਂ ਅਜੇ ਮੌਜੂਦ ਹਨ.#(੬) ਦਮਦਮਾ ਸਾਹਿਬ. ਸ਼ਹਿਰ ਆਨੰਦਪੁਰ ਤੋਂ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ. ਅਤੇ ਮਸੰਦਾਂ ਨੂੰ ਦੰਡ ਇਸੇ ਥਾਂ ਬੈਠਕੇ ਦਿੱਤਾ ਸੀ.#(੭) ਮੰਜੀ ਸਾਹਿਬ. ਗੁਰੂ ਕੇ ਮਹਿਲਾਂ ਪਾਸ ਸ਼੍ਰੀ ਗੁਰੂ ਤੇਗ ਬਾਹਦੁਰ ਜੀ ਦਾ ਗੁਰੁਦ੍ਵਾਰਾ ਹੈ. ਇਥੇ ਗੁਰੂ ਜੀ ਰੋਜ਼ ਸ਼ਾਮ ਦਾ ਦੀਵਾਨ ਲਾਇਆ ਕਰਦੇ ਸਨ, ਇਥੇ ਹੀ ਦੀਵਨ ਵਿੱਚ ਆਕੇ ਕਸ਼ਮੀਰੀ ਪੰਡਿਤਾਂ ਨੇ ਸਤਿਗੁਰਾਂ ਪਾਸ ਧਰਮਰਖ੍ਯਾ ਲਈ ਫਰਿਆਦ ਕੀਤੀ ਸੀ.#(੮) ਮੰਜੀ ਸਾਹਿਬ (੨) ਸ਼ਹਿਰ ਵਿੱਚ ਗੁਰੁਦ੍ਵਾਰੇ ਕੇਸਗੜ੍ਹ ਸਾਹਿਬ ਦੇ ਪਾਸ ਹੀ ਚਾਰੇ ਸਾਹਿਬਜ਼ਾਦਿਆਂ ਦਾ ਗੁਰੁਦ੍ਵਾਰਾ ਹੈ. ਇਥੇ ਬਾਬਾ ਅਜੀਤ ਸਿਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇ ਸਿੰਘ ਜੀ ਛੋਟੀ ਅਵਸਥਾ ਵਿੱਚ ਖੇਡਦੇ ਅਤੇ ਵਿਦ੍ਯਾ ਪ੍ਰਾਪਤ ਕਰਦੇ ਹੁੰਦੇ ਸਨ.#੮੦) ਰੁਪਯੇ ਸਾਲਾਨਾ ਜਾਗੀਰ ਪਿੰਡ "ਸੂਰੇ ਵਾਲ" ਥਾਣਾ ਆਨੰਦਪੁਰ ਤੋਂ ਮਹਾਰਾਜਾ ਰਣਜੀਤ ਸਿਘ ਵੱਲੋਂ ਹੈ. ੧੮/-) ਰਿਆਸਤ ਕਲਸੀਆ ਵਲੋਂ ਅਤੇ ੨੫) ਸਾਲਾਨਾ ਰਿਆਸਤ ਪਟਿਆਲੇ ਵੱਲੋਂ ਹਨ.#ਛੋਟੀ ਜਿਹੀ ਪਹਾੜੀ ਉੱਪਰ ਉੱਚੀ ਥਾਂ ਦਰਬਾਰ ਬਣਿਆ ਹੋਇਆ ਹੈ. ਇਸ ਇਮਾਰਤ ਦੀ ਸੇਵਾ ਸਰਦਾਰ ਗੁੱਜਰ ਸਿੰਘ ਜੀ ਰਈਸ "ਸੁਰਖ ਪੁਰ," ਰਿਆਸਤ ਕਪੂਰਥਲਾ ਨੇ ਕਰਾਈ ਹੈ.#ਗੁਰਦ੍ਵਾਰੇ ਦੇ ਪਾਸ ਹੀ ਇੱਕ ਬੋਹੜ ਦਾ ਬਿਰਛ ਹੈ, ਜੋ ਸਾਹਿਬਜ਼ਾਦਿਆਂ ਦੇ ਸਮੇਂ ਦਾ ਹੈ.#(੯) ਭੋਰਾ ਸਾਹਿਬ. ਆਨੰਦਪੁਰ ਵਿੱਚ ਪੱਛਮ ਵੱਲ ਗੁਰੂ ਕੇ ਮਹਿਲਾਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਇੱਥੇ ਏਕਾਂਤ ਬੈਠਕੇ ਭਜਨ ਕੀਤਾ ਕਰਦੇ ਸਨ.#ਇਹ ਭੋਰਾ ਕਰੀਬ ੮. ਫੁੱਟ ਗਹਿਰਾ ਹੈ. ਜਿਸ ਦੀਆਂ ੧੦. ਪੌੜੀਆਂ ਹਨ.#(੧੦) ਫ਼ਤੇ ਗੜ੍ਹ ਕਿਲਾ. ਸ਼ਹਿਰ ਆਨੰਦਪੁਰ ਵਿੱਚ ਹੀ ਥਾਣੇ ਦੇ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਇਹ ਕਿਲਾ ਹੁਣ ਢੈਹ ਚੁੱਕਾ ਹੈ.#(੧੧) ਲੋਹਗੜ੍ਹ ਕਿਲਾ. ਸ਼ਹਿਰ ਆਨੰਦ ਪੁਰ ਤੋਂ ਨੈਰਤ ਕੋਣ ਵਿੱਚ ਇੱਕ ਮੀਲ ਦੇ ਕਰੀਬ ਗੁਰੂ ਦਸਮ ਪਾਤਸ਼ਾਹ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੇ ਬਚਾਉ ਲਈ ਇਹ ਦ੍ਰਿੜ੍ਹ ਕਿਲਾ ਬਣਵਾਇਆ ਸੀ.#ਇਹ ਕਿਲਾ ਦਰਿਆ ਸਤਲੁਜ ਦੀ ਢਾਹ ਅਤੇ ਸਿੱਖਾਂ ਦੀ ਅਨਗਹਿਲੀ ਕਾਰਣ ਢੈਹ ਚੁੱਕਾ ਹੈ, ਹੁਣ ਛੋਟਾ ਜਿਹਾ ਦਰਬਾਰ ਦੇਖਣ ਵਿੱਚ ਆਉਂਦਾ ਹੈ. ਗੁਰੁਦ੍ਵਾਰੇ ਨਾਲ ਕਰੀਬ ੩. ਘੁਮਾਉਂ ਜ਼ਮੀਨ ਹੈ। ੩. ਦੇਖੋ, ਸੂਰਜ ਮੱਲ ਅਤੇ ਸੋਢੀ ਸ਼ਬਦ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਮਹਾਦੇਵ ਉਦਾਸੀ ਸਾਧੂ ਦਾ ਚੇਲਾ ਮਹਾਤਮਾ ਗੁਰੁਬਖ਼ਸ਼ਦਾਸ, ਜਿਸ ਨੂੰ ਦਸ਼ਮੇਸ਼ ਨੇ ਆਨੰਦਪੁਰ ਤ੍ਯਾਗਣ ਸਮੇਂ ਗੁਰੂ ਤੇਗਬਹਾਦੁਰ ਜੀ ਦੇ ਦੇਹਰੇ ਤਥਾ ਗੁਰਅਸਥਾਨਾਂ ਦਾ ਸੇਵਾਦਾਰ ਥਾਪਿਆ. "ਇੱਕ ਗੁਰੁਬਖਸ ਸਾਧੁ ਢਿਗ ਖਰ੍ਯੋ। ਤਿਸੈ ਵਿਲੋਕਤ ਵਾਕ ਉਚਰ੍ਯੋ। ਬਸੋ ਇਹਾਂ ਤੁਮ ਸੇਵਾ ਕਰੋ। ਕਰ ਸੇਵਾ ਨਿਜ ਜਨਮ ਸੁਧਰੋ." (ਗੁਪ੍ਰਸੂ) ਦੇਖੋ, ਗੁਲਾਬਰਾਇ। ੨. ਦਿੱਲੀ ਦਾ ਮਸੰਦ, ਜੋ ਗੁਰੂ ਹਰਿਕ੍ਰਿਸਨ ਸਾਹਿਬ ਜੀ ਦੀ ਸੇਵਾ ਵਿੱਚ ਦਿੱਲੀ ਹਾਜਿਰ ਰਿਹਾ। ੩. ਜੌਨਪੁਰ ਦਾ ਨਿਵਾਸੀ ਇੱਕ ਪ੍ਰੇਮੀ ਸਿੱਖ, ਜੋ ਗੁਰੂ ਤੇਗਬਹਾਦੁਰ ਸਾਹਿਬ ਦੇ ਕਾਸ਼ੀ ਠਹਿਰਨ ਸਮੇਂ ਕੀਰਤਨ ਸੁਣਾਉਂਦਾ ਰਿਹਾ. ਇਹ ਰਾਗਵਿਦ੍ਯਾ ਵਿੱਚ ਵਡਾ ਨਿਪੁਣ ਸੀ....
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਸੰਗ੍ਯਾ- ਨਦੀ ਦੇ ਢਾਹੇ ਤੋਂ ਡਿਗਿਆ ਹੋਇਆ ਜ਼ਮੀਨ ਦਾ ਭਾਰੀ ਟੁਕੜਾ। ੨. ਖਾਨਿ (ਕਾਨ) ਦਾ ਕਿਨਾਰਾ, ਜੋ ਬਹੁਤ ਖੋਦਣ ਤੋਂ ਕਮਜ਼ੋਰ ਹੋਕੇ ਡਿਗਿਆ ਹੈ। ੩. ਕ੍ਰਿ. ਵਿ- ਪਾਸ. ਨਜ਼ਦੀਕ. ਕੋਲੇ. "ਭੈ ਕਰ ਢਿਗ ਨਹਿਂ ਆਵੈ." (ਗੁਪ੍ਰਸੂ)...
ਸਰਵ- ਉਸੇ ਨੂੰ. ਉਸੀ ਕੋ. "ਤਿਸੈ ਸਰੇਵਹੁ ਪ੍ਰਾਣੀਹੋ!" (ਵਾਰ ਗਉ ੨. ਮਃ ੫)...
ਸੰ. ਸੰਗ੍ਯਾ- ਬਚਨ। ੨. ਵਕ (ਬਗੁਲਿਆਂ) ਦੀ ਪੰਕ੍ਤਿ (ਡਾਰ). ੩. ਵਿ- ਬਗੁਲੇ ਨਾਲ ਹੈ ਜਿਸ ਦਾ ਸੰਬੰਧ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੂਰਜਮੱਲ ਦਾ ਪੋਤਾ ਅਤੇ ਦੀਪਚੰਦ ਦਾ ਪੁਤ੍ਰ (ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪੜੋਤਾ), ਜੋ ਸ਼੍ਯਾਮਦਾਸ ਜੀ ਦਾ ਭਾਈ ਸੀ. ਇਸ ਨੇ ਆਪਣੇ ਭਾਈ ਸਮੇਤ ਕਲਗੀਧਰ ਤੋਂ ਅਮ੍ਰਿਤ ਛਕਕੇ ਖ਼ਾਲਸਾ ਧਰਮ ਧਾਰਣ ਕੀਤਾ. ਦਸ਼ਮੇਸ਼ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਗੁਲਾਬ ਸਿੰਘ ਨੇ ਆਨੰਦਪੁਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਗੱਦੀ ਪੁਰ ਬੈਠਕੇ ਪੂਜਾ ਕਰਾਉਣੀ ਚਾਹੀ, ਪਰ ਭਾਈ ਗੁਰੁਬਖਸ਼ਦਾਸ ਮਹੰਤ ਨੇ ਇਸ ਕੁਕਰਮ ਤੋਂ ਰੋਕਿਆ, ਯਥਾ-#"ਤਿਨ ਇਕ ਦਿਨ ਅਵਿਲੋਕ੍ਯੋ ਆਨ।#ਥਿਰ੍ਯੋ ਗੁਲਾਬਰਾਇ ਗੁਰਥਾਨ।#ਸਹੀ ਨ ਗਈ ਅਵਗ੍ਯਾ ਹੇਰ।#ਹਾਥ ਜੋਰਿ ਬੋਲ੍ਯੋ ਤਿਸ ਵੇਰ।#ਥਾਨ ਬਨਾਵਹੁ ਆਪਨ ਦੂਜਾ।#ਤਹਾਂ ਬੈਠ ਲੀਜੈ ਸਭ ਪੂਜਾ."#ਗੁਲਾਬਰਾਇ ਦੀ ਵੰਸ਼ ਨਹੀਂ ਚੱਲੀ. ਆਨੰਦਪੁਰ ਦੇ ਸੋਢੀ ਸਾਹਿਬਾਨ ਸ਼੍ਯਾਮ ਸਿੰਘ ਜੀ ਦੀ ਉਲਾਦ ਹਨ. ਦੇਖੋ, ਸੂਰਜਮਲ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਮਸਨਦ (ਗੱਦੀ) ਨਾਲ ਸੰਬੰਧ ਰੱਖਣ ਵਾਲਾ. ਜੋ ਲੋਕ ਸਿੱਖਾਂ ਤੋਂ ਦਸੌਂਧ ਅਤੇ ਕਾਰ ਭੇਟਾ ਉਗਰਾਹੁਁਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ, ਉਹ ਮਸੰਦ ਕਹੇ ਜਾਂਦੇ ਸਨ.¹ ਚੌਥੇ ਸਤਿਗੁਰੂ ਦੇ ਸਮੇਂ ਤੋਂ ਲੈਕੇ ਸੰਮਤ ੧੭੫੫ ਤੀਕ ਇਹ ਸਿਲਸਿਲਾ ਰਿਹਾ. ਫੇਰ ਦਸ਼ਮੇਸ਼ ਨੇ ਮਸੰਦਾਂ ਦੀਆਂ ਬੁਰੀਆਂ ਕਰਤੂਤਾਂ ਦੇਖਕੇ ਇਹ ਅਹੁਦਾ ਹਟਾ ਦਿੱਤਾ, ਬਲਕਿ ਅਮ੍ਰਿਤ ਸਮੇਂ ਉਪਦੇਸ਼ ਦਿੱਤਾ ਕਿ ਮਸੰਦਾਂ ਨਾਲ ਨਹੀਂ ਵਰਤਣਾ. "ਤਜ ਮਸੰਦ, ਪ੍ਰਭੁ ਏਕ ਜਪ, ਯਹ ਬਿਬੇਕ ਤਹਿਂ ਕੀਨ." (ਗੁਰੁਸੋਭਾ) "ਜੌ ਕਰ ਸੇਵ ਮਸੰਦਨ ਕੀ, ਕਹਿਂ ਆਨ ਪ੍ਰਸਾਦ ਸਭੈ ਮੁਹਿ ਦੀਜੈ." (੩੩ ਸਵੈਯੇ)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰ. ਜਮਦਗ੍ਨਿਪੁਰ. ਯੂ. ਪੀ. ਦੇ ਬਨਾਰਸ ਡਿਵੀਜ਼ਨ ਵਿੱਚ ਗੋਮਤੀ ਨਦੀ ਦੇ ਕਿਨਾਰੇ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਨੌਵੇਂ ਸਤਿਗੁਰੂ ਇਸ ਥਾਂ ਵਿਰਾਜੇ ਹਨ. ਗੁਰਦ੍ਵਾਰੇ ਦਾ ਨਾਮ "ਸੰਗਤਿ ਮ੍ਰਿਦੰਗਵਾਲੀ" ਹੈ. ਗੁਰਬਖ਼ਸ਼ ਸਿੱਖ ਦੇ ਘਰ ਗੁਰੂ ਸਾਹਿਬ ਨੇ ਡੇਰਾ ਕੀਤਾ ਅਤੇ ਕੀਰਤਨ ਲਈ ਮ੍ਰਿਦੰਗ ਬਖਸ਼ੀ, ਜੋ ਹੁਣ ਉਸ ਥਾਂ ਸਨਮਾਨ ਨਾਲ ਰੱਖੀ ਹੋਈ ਹੈ. ਜੌਨਪੁਰ ਦਾ ਇਤਰ ਅਤੇ ਫੁਲੇਲ ਬਹੁਤ ਪ੍ਰਸਿੱਧ ਹਨ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗੰਗਾ ਦੇ ਖੱਬੇ ਪਾਸੇ ਆਬਾਦ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ੧੯੮੪੪੭ ਸੀ. "ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ." (ਗੂਜ ਮਃ ੩)#ਹਿੰਦੁਸਤਾਨ ਵਿੱਚ ਕਾਸ਼ੀ ਦੀ ਮਹਿਮਾ ਚਿਰ ਕਾਲ ਤੋਂ ਹੈ. ਹਰੇਕ ਮਤ ਦੇ ਹਿੰਦੂ ਨੇ ਇਸ ਦੀ ਸ਼ੋਭਾ ਵਧਾਉਣ ਦਾ ਯਤਨ ਕੀਤਾ ਹੈ. ਔਰੰਗਜ਼ੇਬ ਨੇ ਕਾਸ਼ੀ ਦਾ ਨਾਉਂ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼੍ਵੇਸ਼੍ਵਰ ਨਾਥ ਦਾ ਪ੍ਰਸਿੱਧ ਮੰਦਿਰ ਤੋੜਕੇ ਇੱਕ ਵੱਡੀ ਮਸੀਤ ਚਿਣਵਾਈ, ਜੋ ਹੁਣ ਭੀ ਦੇਖੀ ਜਾਂਦੀ ਹੈ.#ਇਸ ਸ਼ਹਿਰ ਵਿੱਚ ਹੇਠ ਲਿਖੇ ਗੁਰਦ੍ਵਾਰੇ ਹਨ-#(ੳ) ਮਹੱਲਾ ਆਸਭੈਰੋ ਵਿੱਚ "ਵਡੀ ਸੰਗਤਿ" ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਸੰਮਤ ੧੭੨੨ ਵਿੱਚ ਪਧਾਰੇ ਹਨ ਅਤੇ ਸੱਤ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ ਹੈ. ਜਿਸ ਗੁਫਾ ਵਿੱਚ ਏਕਾਂਤ ਧ੍ਯਾਨਪਰਾਇਣ ਰਹਿੰਦੇ ਸਨ, ਉਹ ਵਿਦ੍ਯਮਾਨ ਹੈ. ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਇਸ ਥਾਂ ਵਿਰਾਜੇ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਚੋਲਾ ਅਤੇ ਨੌਵੇਂ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇੱਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਸੰਕ੍ਰਾਂਤਿ ਵਾਲੇ ਦਿਨ ਕਰਾਇਆ ਜਾਂਦਾ ਹੈ. ਪੋਹ ਸੁਦੀ ੭, ਅੱਸੂ ਵਦੀ ੧੦. ਅਤੇ ਵੈਸਾਖੀ ਦੇ ਮੇਲੇ ਹੁੰਦੇ ਹਨ.#ਮਹਾਰਾਜਾ ਨਰੇਂਦ੍ਰ ਸਿੰਘ ਪਟਿਆਲਾਪਤਿ ਨੇ ਸੰਮਤ ੧੯੧੧ ਵਿੱਚ ਬਹੁਤ ਧੰਨ ਖਰਚਕੇ ਇੱਕ ਸ਼ੀਸ਼ਮਹਿਲ ਬਣਵਾਇਆ ਅਤੇ ਦੋ ਰੁਪਯੇ ਰੋਜ ਦਾ ਲੰਗਰ ਲਗਾਇਆ. ਗੁਰਦ੍ਵਾਰੇ ਨੂੰ ਆਮਦਨ ਕੁਝ ਮਕਾਨਾਂ ਦੇ ਕਿਰਾਏ ਦੀ ਅਤੇ ਕੁਝ ਲੇਢੂਪੁਰਾ ਪਿੰਡ ਵਿੱਚੋਂ ਆਉਂਦੀ ਹੈ. ਪੁਜਾਰੀ ਭਾਈ ਈਸਰ ਸਿੰਘ ਜੀ ਨਿਹੰਗ ਹਨ, ਜਿਨ੍ਹਾਂ ਨੇ ਉੱਦਮ ਕਰਕੇ ਲੋਕਾਂ ਦੇ ਹੱਥ ਗਈ ਗੁਰਦ੍ਵਾਰੇ ਦੀ ਜਾਯਦਾਦ ਨੂੰ, ਮੁੜ ਸਤਿਗੁਰੂ ਦੇ ਨਾਉਂ ਵਡੇ ਯਤਨ ਨਾਲ ਅਦਾਲਤ ਤੋਂ ਕਰਵਾਇਆ ਹੈ.#(ਅ) ਲਕਸਾ ਮਹਾਲ ਵਿੱਚ ਗੁਰੂ ਕਾ ਬਾਗ ਗੁਰਦ੍ਵਾਰਾ ਹੈ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ ਅਤੇ ਗੋਪਾਲ ਪਾਂਡੇ ਨੂੰ ਉੱਤਮ ਉਪਦੇਸ਼ ਦਿੱਤਾ ਹੈ.#(ੲ) ਜਗਤ ਗੰਜ ਵਿੱਚ "ਛਟੀ ਸੰਗਤਿ" ਗੁਰਦ੍ਵਾਰਾ ਹੈ। ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਕੁਝ ਸਮਾਂ ਵਿਰਾਜੇ ਹਨ. ਇਸ ਦੀ ਹਾਲਤ ਬਹੁਤ ਢਿੱਲੀ ਹੈ.#(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜਾਪੁਰ ਦੀ ਜ਼ਮੀਨ ਵਿੱਚ ਸੋਲਾਂ ਵਿੱਘੇ ਦਾ ਗੁਰੂ ਕਾ ਬਾਗ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਡੀ ਸੰਗਤਿ ਵਿੱਚ ਵਿਰਾਜਣ ਸਮੇਂ ਇੱਕ ਵਾਰ ਪਧਾਰੇ ਹਨ. ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ ਤਿੰਨ ਮੀਲ ਉੱਤਰ ਹੈ.#ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਕਾਸ਼ੀ ਵਿੱਚ ਅਜਿਹੇ ਹਨ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।#੨. ਕਾਂਸ੍ਯ. ਕੈਂਹਾਂ। ੩. ਕਾਂਸ੍ਯ (ਕਾਂਸੀ) ਦਾ ਵਾਜਾ. "ਕਾਸੀ ਫੂਟੀ ਪੰਡਿਤਾ! ਧੁਨਿ ਕਹਾ ਸਮਾਈ?" (ਬਿਲਾ ਕਬੀਰ) ੪. ਵਿ- ਚਮਤਕਾਰੀ. ਦੇਖੋ, ਕਾਸ ੩. "ਕਾਸੀ ਕ੍ਰਿਸਨ ਚਰਾਵਤ ਗਾਊ ਮਿਲਿ ਹਰਿਜਨ ਸੋਭਾ ਪਾਈ." (ਮਲਾ ਮਃ ੪)...
ਸੰ. ਕੀਰ੍ਤਨ. ਸੰਗ੍ਯਾ- ਕਥਨ. ਵ੍ਯਾਖ੍ਯਾਨ। ੨. ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ 'ਕੀਰਤਨ' ਹੈ "ਕੀਰਤਨ ਨਾਮੁ ਸਿਮਰਤ ਰਹਉ." (ਬਿਲਾ ਮਃ ੫)...
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਵਿ- ਜੋ ਚੰਗੀ ਤਰਾਂ ਗੁਣਾਂ ਨੂੰ ਪੁਣ (ਏਕਤ੍ਰ) ਕਰਦਾ ਹੈ. ਦੇਖੋ, ਪੁਣ ਧਾ. ਚਤੁਰ. ਪ੍ਰਵੀਣ. ਕਾਰਜ ਵਿੱਚ ਹੋਸ਼ਿਆਰ....