gajēndhraगजेंद्र
ਸੰ. गजेन्द्र ਵਿ- ਗਜ- ਇੰਦ੍ਰ. ਹਾਥੀਆਂ ਦਾ ਸਰਦਾਰ. ਸ਼ਿਰੋਮਣਿ ਹਾਥੀ। ੨. ਸੰਗ੍ਯਾ- ਐਰਾਵਤ. ਸ੍ਵਰਗ ਦਾ ਹਾਥੀ। ੩. ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ਼੍ਰਾਪ ਨਾਲ ਹਾਥੀ ਬਣ ਗਿਆ ਅਤੇ ਵਰੁਣ ਦੇਵਤਾ ਦੇ ਤਲਾਉ ਵਿੱਚ ਤੇਂਦੂਏ ਨੇ ਗ੍ਰਸਲੀਤਾ ਸੀ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਮਲ ਸੁੰਡ ਵਿੱਚ ਲੈ ਕੇ ਈਸ਼੍ਵਰ ਨੂੰ ਅਰਪਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ, ਜਿਸ ਤੇ ਭਗਵਾਨ ਨੇ ਤੇਂਦੂਏ ਦੇ ਬੰਧਨਾ ਤੋਂ ਗਜਰਾਜ ਨੂੰ ਮੁਕ੍ਤ ਕੀਤਾ. ਇਹ ਕਥਾ ਭਾਗਵਤ ਦੇ ਅੱਠਵੇਂ ਸਕੰਧ ਦੇ ਦੂਜੇ ਅਧ੍ਯਾਯ ਵਿੱਚ ਵਿਸਤਾਰ ਨਾਲ ਲਿਖੀ ਹੈ.#ਇੰਦ੍ਰਦ੍ਯੁਮਨ ਰਾਜਾ ਦਾ ਅਗਸਤ੍ਯ ਮੁਨਿ ਦੇ ਸ਼੍ਰਾਪ ਨਾਲ ਭੀ ਗਜੇਂਦ੍ਰ ਹੋਣਾ ਲਿਖਿਆ ਹੈ. ਦੇਖੋ, ਹਾਹਾ ਹੂਹੂ. ਦੇਖੋ, ਗਜਇੰਦ੍ਰ.
सं. गजेन्द्र वि- गज- इंद्र. हाथीआं दा सरदार. शिरोमणि हाथी। २. संग्या- ऐरावत. स्वरग दा हाथी। ३. इॱक गंधरव, जो देवल रिखी दे श्राप नाल हाथी बण गिआ अते वरुण देवता दे तलाउ विॱच तेंदूए ने ग्रसलीता सी. जद निरबल होके डुॱबण लॱगा, तद कमल सुंड विॱचलै के ईश्वर नूं अरपदे होए ने सहाइता लई पुकार कीती, जिस ते भगवान ने तेंदूए दे बंधना तों गजराज नूं मुक्त कीता. इह कथा भागवत दे अॱठवें सकंध दे दूजे अध्याय विॱच विसतार नाल लिखी है.#इंद्रद्युमन राजा दा अगसत्य मुनि दे श्राप नाल भी गजेंद्र होणा लिखिआ है. देखो, हाहा हूहू. देखो, गजइंद्र.
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਸੰ. शिरोमणि. ਸਿਰ ਉੱਪਰ ਪਹਿਰਣ ਦੀ ਮਣੀ. ਮੁਕੁਟਮਣਿ. ਤਾਜ ਦਾ ਰਤਨ। ੨. ਵਿ- ਮੁਖੀਆ. ਪ੍ਰਧਾਨ। ੩. ਉੱਤਮ. ਸ਼੍ਰੇਸ੍ਠ. "ਨਾਮੁ ਸਿਰੋਮਣਿ ਸਰਬ ਮੈ." (ਸਵੈਯੇ ਮਃ ੩. ਕੇ)...
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਏਰਾਵਤ. ਸੰਗ੍ਯਾ- ਇਰਾਵਾਨ (ਸਮੁੰਦਰ) ਤੋਂ ਨਿਕਲਿਆ ਹੋਇਆ ਹਾਥੀ. ਪੁਰਾਣਕਥਾ ਹੈ ਕਿ ਦੇਵਤਿਆਂ ਅਤੇ ਦੈਤਾਂ ਨੇ ਸਮੁੰਦਰ ਰਿੜਕਕੇ ਚੌਦਾਂ ਰਤਨ ਕੱਢੇ, ਜਿਨ੍ਹਾਂ ਵਿੱਚ ਇੱਕ ਚਿੱਟੇ ਰੰਗ ਦਾ ਚਾਰ ਦੰਦਾਂ ਵਾਲਾ ਹਾਥੀ ਭੀ ਸੀ, ਜੋ ਇੰਦ੍ਰ ਨੂੰ ਸਵਾਰੀ ਲਈ ਦਿੱਤਾ ਗਿਆ.#ਐਰਾਵਤੀ. ਸੰ. ਏਰਾਵਤੀ. ਸੰਗ੍ਯਾ- ਰਾਵੀ ਨਦੀ. ਪਰੁਸ੍ਣੀ. ਦੇਖੋ, ਰਾਵੀ. "ਐਰਾਵਤੀ ਉਲੰਘਤ ਚਾਲਾ." (ਗੁਪ੍ਰਸੂ) ੨. ਬ੍ਰਹਮਾ (Burma) ਦੇਸ਼ ਦੀ ਇੱਕ ਨਦੀ। ੩. ਬਿਜਲੀ....
ਦੇਖੋ, ਸੁਰਗ. "ਨਚ ਦੁਰਲਭੰ ਸ੍ਵਰਗਰਾਜਨਹ." (ਸਹਸ ਮਃ ੫)...
ਸੰ. ਸੰਗ੍ਯਾ- ਦੇਵਤਾ ਦੀ ਪੂਜਾ ਕਰਕੇ ਨਿਰਵਾਹ ਕਰਨ ਵਾਲਾ, ਪੁਜਾਰੀ। ੨. ਇੱਕ ਰਿਖੀ, ਜਿਸ ਦਾ ਅਸ੍ਟਾਵਕ੍ਰ ਨਾਉਂ ਪ੍ਰਸਿੱਧ ਹੋਇਆ। ੩. ਇੱਕ ਵੇਦ ਮੰਤ੍ਰਾਂ ਦਾ ਕਰਤਾ ਰਿਖੀ। ੪. ਵ੍ਯਾਕਰਣ ਦੇ ਪ੍ਰਸਿੱਧ ਆਚਾਰਯ ਪਾਣਿਨੀ ਦਾ ਦਾਦਾ। ੫. ਸੰ. ਦੇਵਾਲਯ. ਦੇਵਮੰਦਿਰ. "ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ." (ਸ. ਕਬੀਰ) ਸੂਰਯ ਚੜ੍ਹਦੇ ਮੰਦਿਰ ਮੰਦਿਰ ਧਾਹਾਂ ਮਾਰੇਂਗਾ. "ਅਦੇਵ ਦੇਵ ਦੇਵਲੰ." (ਵਿਚਿਤ੍ਰ) ਰਾਖਸ ਅਤੇ ਦੇਵਤਿਆਂ ਦਾ ਤੂੰ ਦੇਵਾਲਯ (ਪੂਜ੍ਯ ਮੰਦਿਰ) ਹੈਂ. ਕਾਯਉ ਦੇਵਾ ਕਾਇਅਉ ਦੇਵਲ." (ਧਨਾ ਪੀਪਾ)...
ਦੇਖੋ, ਰਿਖਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰਗ੍ਯਾ- ਤਾਲ. ਸਰ. "ਆਗੈ ਅਗਨਿ- ਤਲਾਉ." (ਸਵਾ ਮਃ ੧)...
ਵਿ- ਨਿਰ੍ਬਲ ਕਮਜ਼ੋਰ. ਬਲਹੀਨ....
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰ. शुण राडा ਸ਼ੁੰਡਾ. ਸੰਗ੍ਯਾ- ਹਾਥੀ ਦਾ ਹੱਥ. ਸੂੰਡ। ੨. ਕਲਾਲ ਦੀ ਅਰਕ ਖਿੱਚਣ ਦੀ ਨਾਲ। ੩. ਚੰਡੀ ਦੀ ਵਾਰ ਵਿੱਚ ਸ਼ੌਂਡੀ ਦੀ ਥਾਂ ਸੁੰਡ ਸ਼ਬਦ ਆਇਆ ਹੈ. "ਮਹਿਖਾਸੁਰ ਸੁੰਡ ਉਪਾਇਆ." ਸ਼ੌਂਡੀ (ਹਾਥੀ) ਮਹਿਖਾਸੁਰ ਦੈਤ ਪੈਦਾ ਕੀਤਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਮਹਿਖਾਸੁਰ ਹਾਥੀ ਬਣਕੇ ਦੁਰਗਾ ਨੂੰ ਮਾਰਨ ਆਇਆ, ਅਰ ਸੁੰਡ ਨਾਲ ਸ਼ੇਰ ਨੂੰ ਫੜਕੇ ਖਿੱਚ ਲਿਆ. ਦੇਵੀ ਨੇ ਉਸ ਦੀ ਸੁੰਡ ਖੜਗ ਨਾਲ ਵੱਢ ਦਿੱਤੀ....
ਦੇਖੋ, ਈਸਰ....
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਸੰਗ੍ਯਾ- ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. "ਮਤ ਤੂੰ ਕਰਹਿ ਪੁਕਾਰ." (ਸ੍ਰੀ ਮਃ ੩) ੨. ਨਾਲਿਸ਼. ਫ਼ਰਿਆਦ. "ਅਬਜਨ ਊਪਰਿ ਕੋ ਨ ਪੁਕਾਰੈ." (ਸਾਰ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)...
ਕ੍ਰਿ- ਬਾਂਧਨਾ. ਬੰਨ੍ਹਣਾ। ੨. ਪੁਲ ਬਣਾਉਣਾ. "ਭਵਸਾਗਰ ਬੰਧਿਆਉ, ਸਿਖ ਤਾਰੇ ਸੁ ਪ੍ਰਸੰਨੈ." (ਸਵੈਯੇ ਮਃ ੪. ਕੇ)...
ਸੰਗ੍ਯਾ- ਵਡਾ ਹਾਥੀ। ੨. ਐਰਾਵਤ ਹਸ੍ਤੀ। ੩. ਇੰਦ੍ਰ, ਜੋ ਐਰਾਵਤ ਦਾ ਸ੍ਵਾਮੀ ਹੈ....
ਦੇਖੋ, ਮਕਤ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ....
ਫੈਲਾਉ. ਦੇਖੋ, ਬਿਸਤਾਰ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਸੰ. गजेन्द्र ਵਿ- ਗਜ- ਇੰਦ੍ਰ. ਹਾਥੀਆਂ ਦਾ ਸਰਦਾਰ. ਸ਼ਿਰੋਮਣਿ ਹਾਥੀ। ੨. ਸੰਗ੍ਯਾ- ਐਰਾਵਤ. ਸ੍ਵਰਗ ਦਾ ਹਾਥੀ। ੩. ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ਼੍ਰਾਪ ਨਾਲ ਹਾਥੀ ਬਣ ਗਿਆ ਅਤੇ ਵਰੁਣ ਦੇਵਤਾ ਦੇ ਤਲਾਉ ਵਿੱਚ ਤੇਂਦੂਏ ਨੇ ਗ੍ਰਸਲੀਤਾ ਸੀ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਮਲ ਸੁੰਡ ਵਿੱਚ ਲੈ ਕੇ ਈਸ਼੍ਵਰ ਨੂੰ ਅਰਪਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ, ਜਿਸ ਤੇ ਭਗਵਾਨ ਨੇ ਤੇਂਦੂਏ ਦੇ ਬੰਧਨਾ ਤੋਂ ਗਜਰਾਜ ਨੂੰ ਮੁਕ੍ਤ ਕੀਤਾ. ਇਹ ਕਥਾ ਭਾਗਵਤ ਦੇ ਅੱਠਵੇਂ ਸਕੰਧ ਦੇ ਦੂਜੇ ਅਧ੍ਯਾਯ ਵਿੱਚ ਵਿਸਤਾਰ ਨਾਲ ਲਿਖੀ ਹੈ.#ਇੰਦ੍ਰਦ੍ਯੁਮਨ ਰਾਜਾ ਦਾ ਅਗਸਤ੍ਯ ਮੁਨਿ ਦੇ ਸ਼੍ਰਾਪ ਨਾਲ ਭੀ ਗਜੇਂਦ੍ਰ ਹੋਣਾ ਲਿਖਿਆ ਹੈ. ਦੇਖੋ, ਹਾਹਾ ਹੂਹੂ. ਦੇਖੋ, ਗਜਇੰਦ੍ਰ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਵ੍ਯ- ਹਾਹਾਕਾਰ ਸ਼ੋਕ ਦੁੱਖ ਬੋਧਕ ਸ਼ਬਦ। ੨. ਪਸ਼ਚਾਤਾਪ. ਤੋਬਾ. "ਹਾਹਾ ਪ੍ਰਭੁ ਰਾਖਿਲੇਹੁ." (ਧਨਾ ਮਃ ੫) ੩. ਇੱਕ ਗੰਧਰਵ. ਦੇਖੋ, ਹਾਹਾ ਹੂਹੂ। ੪. ਹਾਸ੍ਯ ਦੀ ਧੁਨਿ."ਹਾਹਾ ਕਰਤ ਬਿਹਾਨੀ ਅਵਧਹਿ." (ਜੈਤ ਮਃ ੫) ੫. ਹ ਅੱਖਰ ਦਾ ਉੱਚਾਰਣ. ਹਕਾਰ. "ਹਾਹਾ ਹੋਤ ਹੋਇ ਨਹੀ ਜਾਨਾ." (ਗਉ ਬਾਵਨ ਕਬੀਰ)...
ਦੇਖੋ, ਗਜ ੩. ਅਤੇ ਗਜੇਂਦ੍ਰ. "ਗਜਇੰਦ੍ਰ ਧਿਆਇਓ ਹਰਿ ਕੀਓ ਮੋਖ." (ਬਸੰ ਅਃ ਮਃ ੫)...