khētrapālaखेत्रपाल
ਸੰ. ਕ੍ਸ਼ੇਤ੍ਰਪਾਲ. ਵਿ- ਖੇਤ ਦਾ ਰਾਖਾ। ੨. ਸੰਗ੍ਯਾ- ਖੇਤ ਦੀ ਪਾਲਨਾ ਕਰਨ ਵਾਲਾ ਪੁਰਖ। ੩. ਭੈਰਵ ਦੇਵਤਾ ਦਾ ਭੇਦ, ਜੋ ਕਾਲੀਦੇਵੀ ਦਾ ਪੱਛਮ ਦਿਸ਼ਾ ਦਾ ਦ੍ਵਾਰਪਾਲ ਹੈ। ੪. ਰਣਭੂਮਿ ਦਾ ਸਰਦਾਰ. "ਉਭੈ ਖੇਤ੍ਰਪਾਲੰ ਬਕੈਂ ਮਾਰ ਮਾਰੰ." (ਵਿਚਿਤ੍ਰ)
सं. क्शेत्रपाल. वि- खेत दा राखा। २. संग्या- खेत दी पालना करन वाला पुरख। ३. भैरव देवता दा भेद, जो कालीदेवी दा पॱछम दिशा दा द्वारपाल है। ४. रणभूमि दा सरदार. "उभै खेत्रपालं बकैं मार मारं." (विचित्र)
ਦੇਖੋ, ਖੇਤ੍ਰਪਾਲ....
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ....
ਰਕ੍ਸ਼ਾ ਕਰਨ ਵਾਲਾ. ਰਕ੍ਸ਼੍ਕ. "ਰਾਖਾ ਏਕ ਹਮਾਰਾ ਸੁਆਮੀ." (ਭੈਰ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਪਰਵਰਿਸ਼ ਕਰਨਾ. ਰਕ੍ਸ਼ਾ ਕਰਨੀ। ੨. ਸੰਗ੍ਯਾ- ਪਾਲਨਾ. ਝੂਲਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਸੰ. ਭੈਰਵ. ਵਿ- ਡਰਾਉਣਾ. ਭੈਦਾਇਕ "ਰਨ ਭੈਰਵ ਭੇਰਿ ਬਜਾਇ ਨਗਾਰੇ." (ਚਰਿਤ੍ਰ ੧) ੨. ਸੰਗ੍ਯਾ- ਸ਼ਿਵ. ਰੁਦ੍ਰ. "ਭੈਰਵ ਕਹੂੰ ਠਾਢ ਭੁੰਕਾਰੈ." (ਚਰਿਤ੍ਰ ੪੦੪) ੩. ਰੁਦ੍ਰ ਦਾ ਹੀ ਇੱਕ ਭੇਦ, ਜੋ ਕੁੱਤੇ ਦੀ ਸਵਾਰੀ ਕਰਦਾ ਹੈ. "ਭੈਰਉ ਭੂਤ ਸੀਤਲਾ ਧਵੈ." (ਗੌਡ ਨਾਮਦੇਵ) ਪੁਰਾਣਾਂ ਵਿੱਚ ਭੈਰਵ ਦੇ ਅੱਠ ਰੂਪ ਲਿਖੇ ਹਨ-#ਅਸਿਤਾਂਗ, ਸੰਹਾਰ, ਰੁਰੁ, ਕਾਲ, ਕ੍ਰੋਧ, ਤਾਮਚੂੜ, ਚੰਦ੍ਰਚੂੜ ਅਤੇ ਮਹਾਨ੍.¹ "ਕਹੂੰ ਭੈਰਵੀ ਭੂਤ ਭੈਰੋਂ ਬਕਾਰੈ." (ਵਿਚਿਤ੍ਰ) ੪. ਇੱਕ ਰਾਗ, ਜਿਸ ਦੀ ਛੀ ਰਾਗਾਂ ਵਿੱਚ ਗਿਣਤੀ ਹੈ. ਇਹ ਸੰਪੂਰਣਜਾਤਿ ਦਾ ਮਾਰਗੀ (ਮਾਰਗੀਯ) ਹੈ. ਇਸ ਦੇ ਆਲਾਪ ਦਾ ਵੇਲਾ ਪ੍ਰਾਤਹਕਾਲ ਹੈ. ਭੈਰਵ ਦੇ ਸੁਰ ਹਨ- ਰਿਸਭ ਅਤੇ ਧੈਵਤ ਕੋਮਲ. ਆਰੋਹੀ ਵਿੱਚ ਰਿਸਭ ਕੋਮਲਤਰ. ਅਰ- ਸੜਜ ਗਾਂਧਾਰ ਮੱਧਮ ਪੰਚਮ ਨਿਸਾਦ ਸ਼ੁੱਧ. ਇਸ ਵਿੱਚ ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸਭ ਹੈ.#ਆਰੋਹੀ- ਸ ਰਾ ਗ ਮ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ#ਧਾ ਧਾ ਪ ਧਾ ਧਾ ਪ ਮ ਗ ਰਾ ਗ ਮ ਗ ਰਾ ਰਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਰਾਗਾਂ ਵਿੱਚ ਭੈਰਉ ਦਾ ਚੌਬੀਹਵਾਂ ਨੰਬਰ ਹੈ।² ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਆਤਮਗਿਆਨੀ ਅਨੰਨ ਸਿੱਖ ਭਾਈ ਭੈਰੋ, ਜਿਸ ਦੀ ਕਥਾ "ਦਬਿਸ੍ਤਾਨਿ ਮਜ਼ਾਹਬ" ਵਿੱਚ ਆਉਂਦੀ ਹੈ. ਦੇਖੋ, ਨੈਣਾਦੇਵੀ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਦੇਖੋ, ਦੁਆਰਪਾਲ। ੨. ਤੰਤ੍ਰਸ਼ਾਸਤ੍ਰ ਵਿੱਚ ਕਾਲੀ ਦੁਰ੍ਗਾ ਦੇ ਚਾਰ ਦ੍ਵਾਰਪਾਲ ਹਨ. ਪੂਰਵ ਗਣੇਸ਼, ਪਾਸ਼੍ਚਿਮ ਕ੍ਸ਼ੇਤ੍ਰਪਾਲ, ਦਕ੍ਸ਼ਿਣ ਵਟੁਕ ਅਤੇ ਉੱਤਰ ਯੋਗਿਨੀ....
ਜੰਗਭੂਮਿ. ਮੈਦਾਨੇ ਜੰਗ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਦੇਖੋ, ਉਭਯ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...