kakāकॱका
ਕ ਅੱਖਰ ਦਾ ਉਚਾਰਣ. ਕਕਾਰ। ੨. ਸਿੰਘਾਂ ਦਾ ਉਹ ਚਿੰਨ੍ਹ ਜਿਸ ਦੇ ਮੁੱਢ ਕ ਹੋਵੇ, ਜੈਸੇ- ਕੇਸ਼ ਕ੍ਰਿਪਾਣ ਕੱਛ। ੩. ਇੱਕ ਜਾਤਿ, ਜੋ ਜੇਹਲਮ ਦੇ ਪੂਰਵੀ ਕਿਨਾਰੇ ਵਸਦੀ ਹੈ. ਇਸ ਦਾ ਨਿਕਾਸ ਖਤ੍ਰੀਆਂ ਵਿੱਚੋਂ ਹੈ। ੪. ਦੇਖੋ, ਕੇਕਯ। ੫. ਦੇਖੋ, ਕੁੱਕਾ। ੬. ਵਿ- ਭੂਰੇ ਰੰਗਾ.
क अॱखर दा उचारण. ककार। २. सिंघां दा उह चिंन्ह जिस दे मुॱढ क होवे, जैसे- केश क्रिपाण कॱछ। ३. इॱक जाति, जो जेहलम दे पूरवी किनारे वसदी है. इस दा निकास खत्रीआं विॱचों है। ४. देखो, केकय। ५. देखो, कुॱका। ६. वि- भूरे रंगा.
ਦੇਖੋ, ਅਖਰ....
ਦੇਖੋ, ਉਚਰਣ....
ਦੇਖੋ, ਕਕਾ ਅਤੇ ਕੱਕਾ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਮੂਲ. ਜੜ. "ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ." (ਮਃ ੫. ਵਾਰ ਗਉ ੧)#੨. ਆਦਿ. ਮੁੱਢ. "ਮੁੰਢਹੁ ਘੁਥਾਜਾਇ." (ਸ੍ਰੀ ਅਃ ਮਃ ੩) "ਮੁੰਢੈ ਦੀ ਖਸਲਤਿ ਨ ਗਈਆ." (ਮਃ ੩. ਵਾਰ ਬਿਹਾ) ੩. ਭਾਵ- ਕਰਤਾਰ, ਜੋ ਸਭ ਦਾ ਮੂਲ ਹੈ. "ਮੁੰਢਹੁ ਭੁਲੇ ਮੁੰਢ ਤੇ, ਕਿਥੈ ਪਾਇਨਿ ਹਥੁ?" (ਮਃ ੫. ਗਉ ਵਾਰ ੧)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰ. कृपाण ਸੰਗ੍ਯਾ- ਜੋ ਕ੍ਰਿਪਾ ਨੂੰ ਫੈਂਕ ਦੇਵੇ. ਜਿਸ ਦੇ ਚਲਾਉਣ ਵੇਲੇ ਰਹਮ ਨਾ ਆਵੇ. ਤਲਵਾਰ. ਸ਼੍ਰੀ ਸਾਹਿਬ. ਸ਼ਮਸ਼ੇਰ. ਸਿੰਘਾਂ ਦਾ ਦੂਜਾ ਕਕਾਰ ਜੋ, ਅਮ੍ਰਿਤਧਾਰੀ ਨੂੰ ਪਹਿਰਣਾ ਵਿਧਾਨ ਹੈ. ਦੇਖੋ, ਸ਼ਸਤ੍ਰ "ਜੇ ਜੇ ਹੁਤੇ ਅਕਟੇ ਵਿਕਟੇ ਸੁ ਕਟੇ ਕਾਲ ਕ੍ਰਿਪਾਣ ਕਰਕੇ ਮਾਰੇ." (ਵਿਚਿਤ੍ਰ)#ਚਕ੍ਰਪਾਨਿ ਪਾਨਿ ਮੇ ਤਿਹਾਰੇ ਸ਼੍ਰੀ ਗੋਬਿੰਦ ਸਿੰਘ!#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ.#(ਗ੍ਵਾਲ ਕਵਿ)#ਕੱਛ ਕ੍ਰਿਪਾਨ ਨ ਕਬਹੂ ਤ੍ਯਾਗੈ।#ਸਨਮੁਖ ਲਰੈ ਨ ਰਣ ਤੇ ਭਾਗੈ.#(ਪ੍ਰਸਨੋੱਤਰ ਭਾਈ ਨੰਦ ਲਾਲ)#੨. ਇੱਕ ਛੰਦ, ਜੋ ਕਬਿੱਤ ਦੀ ਜਾਤਿ ਹੈ. ਲੱਛਣ- ਚਾਰ ਚਰਣ (ਤੁਕਾਂ), ਪ੍ਰਤਿ ਚਰਣ ੩੨ ਅੱਖਰ, ਅੱਠ ਅੱਠ ਅੱਖਰਾਂ ਪੁਰ ਅਨੁਪ੍ਰਾਸ ਸਹਿਤ ਚਾਰ ਵਿਸ਼੍ਰਾਮ. ਹਰੇਕ ਚਰਣ ਦਾ ਸੱਤਵਾਂ, ਪੰਦ੍ਰਵਾਂ, ਤੇਈਹਵਾਂ ਅਤੇ ਇਕਤੀਹਵਾਂ ਅੱਖਰ ਗੁਰੁ, ਅਤੇ ਅੱਠਵਾਂ, ਸੋਲਵਾਂ, ਚੌਬੀਹਵਾਂ ਅਤੇ ਬੱਤੀਹਵਾਂ ਲਘੁ. ਇਸ ਛੰਦ ਦਾ ਪ੍ਰਯੋਗ ਵੀਰਰਸ ਲਈ ਵਿਸ਼ੇਸ ਹੁੰਦਾ ਹੈ.#ਉਦਾਹਰਣ#ਸੈਨਾਪਤਿ ਕਾਲਾਖ਼ਾਨ, ਜੋਰਕੈ ਚਮੂ ਮਹਾਨ,#ਧਾਰ ਬਲ ਅਭਿਮਾਨ, ਡਟ੍ਯੋ ਹੈ ਮੈਦਾਨ ਆਨ, ਰਿਸਕਰ ਪੈਂਦਾਖ਼ਾਨ, ਭਯੋ ਗੁਰੁ ਸਮੁਹਾਨ,#ਸਿੰਘਨਾਦ ਉੱਚ ਠਾਨ, ਬੋਲ੍ਯੋ ਨਹਿ ਪੈਹੋਂ ਜਾਨ,#ਗਹਿਕੈ ਰਕਾਬ ਪਾਨ, ਰੋਕਲੀਨ ਹੈ ਕਿੰਕਾਨ,#ਹੇਤ ਭੂਮਿ ਪੈ ਗਿਰਾਨ, ਲਾਵਤ ਸ਼ਰੀਰਤਾਨ,#ਸ਼ਤ੍ਰੁਬਨ ਕੋ ਕ੍ਰਿਸ਼ਾਨ, ਵੀਰ ਸੋਢਿਵੰਸ਼ ਭਾਨ,#ਕਾਲਜੀਹ ਕੇ ਸਮਾਨ, ਝਾਰੀ ਸਿਰ ਪੈ ਕ੍ਰਿਪਾਨ....
ਸੰ. कच्छ ਨਦੀ ਆਦਿਕ ਦੇ ਕਿਨਾਰੇ ਦਾ ਦੇਸ਼. ਕਛਾਰ। ੨. ਬੰਬਈ ਹਾਤੇ ਦਾ ਇੱਕ ਦੇਸ਼, ਜਿਸ ਦੀ ਰਾਜਧਾਨੀ ਭੁਜ ਹੈ ਅਤੇ ਸਿੰਧੁ ਨਦ ਦੀ ਕੋਰੀ ਧਾਰਾ ਦੇ ਕਿਨਾਰੇ ਦਾ ਪੁਰਾਣਾ ਇਲਾਕਾ, ਜਿਸਦੀ ਰਾਜਧਾਨੀ ਕੋਟੀਸ਼੍ਵਰ ਸੀ। ੩. ਧੋਤੀ ਦਾ ਉਹ ਪੱਲਾ, ਜੋ ਦੋਹਾਂ ਟੰਗਾਂ ਵਿੱਚਦੀਂ ਲਿਆਕੇ ਪਿੱਛੇ ਟੰਗੀਦਾ ਹੈ. ਲਾਂਗ। ੪. ਦੇਖੋ, ਕੱਛਪ। ੫. ਕਛਹਿਰਾ. ਖ਼ਾਲਸੇ ਦਾ ਵਡਾ ਜਾਂਘੀਆ, ਜਿਸ ਨੂੰ ਅਮ੍ਰਿਤਧਾਰੀ ਸਿੰਘ ਪਹਿਨਦੇ ਹਨ. ਇਹ ਸਿੰਘਾਂ ਦਾ ਤੀਜਾ ਕਕਾਰ (ਕੱਕਾ) ਹੈ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਵਿਤਸ੍ਤਾ ਨਦੀ, ਜੋ ਕਸ਼ਮੀਰ ਵਿੱਚੋਂ ਵਾਰਿਨਾਗ ਆਦਿ ਚਸ਼ਮਿਆਂ ਤੋਂ ਉਪਜਕੇ ਬਾਰਾਂਮੂਲਾ, ਮੁੱਜਫ਼ਰਾਬਾਦ, ਕੋਹਾਲਾ, ਜੇਹਲਮ, ਗੁਜਰਾਤ, ਸ਼ਾਹਪੁਰ, ਝੰਗ ਆਦਿ ਇਲਾਕ਼ਿਆਂ ਵਿੱਚੋਂ ੪੫੦ ਮੀਲ ਵਹਿੰਦੀ ਹੋਈ ਮਘਿਆਣੇ ਪਾਸ ਚਨਾਬ (ਚੰਦ੍ਰਭਾਗਾ) ਵਿੱਚ ਜਾ ਮਿਲਦੀ ਹੈ. ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ, ਇਸੇ ਦੇ ਕਿਨਾਰੇ ਆਬਾਦ ਹੈ। ੨. ਪੰਜਾਬ ਦੇ ਇ਼ਲਾਕੇ ਇੱਕ ਨਗਰ, ਜੋ ਜੇਹਲਮ ਦੇ ਕਿਨਾਰੇ ਆਬਾਦ ਅਤੇ ਜ਼ਿਲ੍ਹੇ ਦਾ ਪ੍ਰਧਾਨ ਅਸਥਾਨ ਹੈ. ਰੇਲ ਦੇ ਰਸਤੇ ਜੇਹਲਮ ਲਹੌਰ ਤੋਂ ੧੦੪ ਮੀਲ ਹੈ....
ਸੰ. निष्काश- ਨਿਸ्ਕਾਸ਼. ਸੰਗ੍ਯਾ- ਜੋ ਬਹੁਤ ਸ਼ੋਭਾ ਦਿੰਦਾ ਹੈ (ਨਿਤਰਾਂ ਕਾਸ਼ਤੇ) ਮਕਾਨ ਦਾ ਛੱਜਾ ਵਰਾਂਡਾ ਆਦਿ। ੨. ਨਿਕਲਣ ਦਾ ਭਾਵ. ਨਿਕਸਣ ਦੀ ਕ੍ਰਿਯਾ। ੩. ਨਿਕਲਣ ਦਾ ਅਸਥਾਨ, ਜਿੱਥੋਂ ਕੋਈ ਵਸਤੂ ਨਿਕਲੇ....
ਕਸ਼ਮੀਰ ਦੇ ਇਲਾਕੇ ਅੰਦਰ ਇੱਕ ਦੇਸ਼, ਜਿਸ ਨੂੰ ਹੁਣ ਕੱਕਾ ਆਖਦੇ ਹਨ। ੨. ਕੇਕਯ ਦੇਸ਼ ਦੀ ਵਸਤੁ। ੩. ਕੇਕਯ ਦੇ ਰਹਿਣ ਵਾਲਾ. ਕੱਕਾ ਦਾ. "ਅਸਿਤ ਕਰਣ ਪ੍ਰਭਾਸਤ ਕੇਕਯ." (ਰਾਮਾਵ) ਕੇਕਯ ਦੇ ਘੋੜੇ ਕਾਲੇ ਕੰਨਾਂ ਵਾਲੇ ਸ਼ੋਭਾ ਦੇ ਰਹੇ ਹਨ। ੩. ਬਿਆਸ ਅਤੇ ਸਤਲੁਜ ਦੇ ਵਿਚਕਾਰ ਦਾ ਦੇਸ਼....
ਕੁੱਕ ਗੋਤ ਦਾ. ਦੇਖੋ, ਕੁੱਕ....
ਰੰਗ (ਦੌਲਤ) ਵਾਲਾ, ਰਾਜਾ. "ਬਿਆਪਤ ਭੂਮਿ ਰੰਕ ਅਰੁ ਰੰਗਾ." (ਗਉ ਮਃ ੫) ੨. ਰੰਗ ਦਾ ਬਹੁਵਚਨ. ਖ਼ੁਸ਼ੀਆਂ. ਮੌਜਾਂ. "ਦੇਂਦੇ ਤੋਟਿ ਨਾਹੀ ਪ੍ਰਭੁ ਰੰਗਾ." (ਮਾਝ ਮਃ ੫)...