kānāकाना
ਦੇਖੋ, ਕਾਣਾ। ੨. ਸੰ. काण्ड ਸਰਕੁੜੇ ਦਾ ਕਾਂਡ. ਯੂ. Kanna ਅਤੇ Kanni. ਸਰਕੁੜਾ ਅਤੇ ਕਾਹੀ। ੩. ਉਹ ਆਦਮੀ, ਜੋ ਆਪਣੇ ਐਬ ਦੇ ਕਾਰਣ ਦੂਜੇ ਤੋਂ ਅੱਖ ਚੁਰਾਵੇ. "ਅਵਰਨ ਹਸਤ ਆਪ ਹਹਿ ਕਾਨੇ." (ਗਉ ਕਬੀਰ) ੪. ਅ਼. [قانع] ਕ਼ਾਨਅ਼. ਸੰਤੋਖੀ. ਸਾਬਿਰ.
देखो, काणा। २. सं. काण्ड सरकुड़े दा कांड. यू. Kanna अते Kanni. सरकुड़ा अते काही। ३. उह आदमी, जो आपणे ऐब दे कारण दूजे तों अॱख चुरावे. "अवरन हसत आप हहि काने." (गउ कबीर) ४. अ़. [قانع] क़ानअ़. संतोखी. साबिर.
ਦੇਖੋ, ਕਾਣ ੫। ੨. ਕਾਂਉਂ. ਕਾਕ. ਕਾਂਉਂ ਦਾ ਨਾਉਂ ਕਾਣਾ ਪੈਣ ਦਾ ਮੂਲ ਇਹ ਹੈ ਕਿ ਇੰਦ੍ਰ ਦੇ ਪੁਤ੍ਰ ਜਯੰਤ ਨੇ ਕਾਂਉਂ ਦੀ ਸ਼ਕਲ ਬਣਾਕੇ ਸੀਤਾ ਦੇ ਪੈਰ ਵਿੱਚ ਚੁੰਜ ਨਾਲ ਲਹੂ ਚਲਾ ਦਿੱਤਾ, ਰਾਮਚੰਦ੍ਰ ਜੀ ਨੇ ਉਸ ਦੀ ਇੱਕ ਅੱਖ ਤੀਰ ਨਾਲ ਭੰਨੀ. ਸੰਸਕ੍ਰਿਤ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਕਾਂਉਂ ਦੀ ਡੇਲੀ ਇੱਕ ਹੁੰਦੀ ਹੈ, ਜੋ ਦੋਹਾਂ ਅੱਖਾਂ ਵਿੱਚ ਫਿਰਦੀ ਰਹਿੰਦੀ ਹੈ. ਪਰ ਅਸੀਂ ਕਾਂਉਂ ਨੂੰ ਫੜਕੇ ਚੰਗੀ ਤਰਾਂ ਦੇਖਿਆ ਹੈ ਅਤੇ ਇਹ ਬਾਤ ਨਿਰਮੂਲ ਪਾਈ ਹੈ ੩. ਨਾਮਦੇਵ ਨੇ ਧਰਮ ਅਤੇ ਵਿਹਾਰ ਦੋ ਨੇਤ੍ਰ ਮੰਨਕੇ, ਜਿਸ ਵਿੱਚ ਇੱਕ ਦਾ ਅਭਾਵ ਹੈ ਉਸ ਨੂੰ ਕਾਣਾ ਲਿਖਿਆ ਹੈ. ਯਥਾ, "ਹਿੰਦੂ ਅੰਨਾ ਤੁਰਕੂ ਕਾਣਾ." (ਗੌਂਡ ਨਾਮਦੇਵ) ਹਿੰਦੂਆਂ ਨੇ ਧਰਮ ਅਤੇ ਨੀਤਿ ਦੋਵੇਂ ਤ੍ਯਾਗ ਦਿੱਤੇ ਇਸ ਕਰਕੇ ਅੰਨ੍ਹੇ ਅਤੇ ਤੁਰਕਾਂ ਨੇ ਕੇਵਲ ਦੁਨੀਆਂ ਮੁੱਖ ਸਮਝਕੇ ਧਰਮ ਨੂੰ ਪਿੱਠ ਦੇ ਦਿੱਤੀ ਇਸ ਲਈ ਕਾਣੇ ਹੋ ਗਏ. ਨਾਮਦੇਵ ਜੀ ਨੇ ਸਮੇਂ ਦੀ ਦਸ਼ਾ ਨੂੰ ਦੇਖਕੇ ਸਾਧਾਰਣ ਰੀਤਿ ਕਰਕੇ ਇਹ ਵਾਕ ਕਹਿਆ ਹੈ. ਇਸ ਪ੍ਰਸੰਗ ਦੀ ਪੁਸ੍ਟੀ ਮੱਕੇ ਦੀ ਗੋਸਟ (ਗੋਸ੍ਠਿ) ਵਿੱਚ ਭੀ ਹੈ-#"ਅੰਧੇ ਕਾਣੇ ਦੋਜਕੀ ਦੋਜਕ ਪੜਨੀ ਜਾਇ,#ਕਾਣੇ ਦਾ ਛਡ ਸੰਗ ਤੂੰ ਅੰਧੇ ਨਾਲ ਨ ਪਾਇ,#ਨਾਨਕ ਕਲਿ ਵਿੱਚ ਨਿਰਮਲੀ ਗੁਰਸਿੱਖੀ ਪਰਵਾਨ,#ਅਗਨਿਤ ਲੰਘੇ ਉੱਮਤੀ ਸੱਚ ਨਾਮ ਪਰਧਾਨ."#ਅਤ੍ਰਿ ਸਿਮ੍ਰਿਤ ਦੇ ਸ਼ਃ ੩੪੮ ਵਿੱਚ ਲਿਖਿਆ ਹੈ ਕਿ ਵੇਦ ਅਤੇ ਸਿਮ੍ਰਿਤਿ ਦਾ ਗ੍ਯਾਨੀ ਸੁਜਾਖਾ ਹੈ, ਜਿਸ ਨੂੰ ਇੱਕ ਦਾ ਗ੍ਯਾਨ ਨਹੀਂ ਉਹ ਕਾਣਾ ਹੈ ਜੋ ਦੋਹਾਂ ਤੋਂ ਬਿਨਾ ਹੈ ਉਹ ਅੰਧਾ ਹੈ....
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. शरकाण्ड- ਸ਼ਰਕਾਂਡ. ਸਰਕਾਨਾ....
ਕ੍ਰਿ. ਵਿ- ਕਿਸ ਲਈ. ਕਿਸ ਵਾਸਤੇ. "ਬਾਹਿਰ ਨਾਵਹੁ ਕਾਹੀ?" (ਸੋਰ ਮਃ ੧)...
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਦੇਖੋ, ਅਵਰਣ। ੨. ਵਿ- ਅਮਰ- ਨ. ਜੋ ਅਮਰ ਨਹੀਂ. ਮਰਨ ਵਾਲਾ. "ਕਿ ਇਹੁ ਮਨ ਅਵਰਨ, ਸਦਾ ਅਵਿਨਾਸੀ?" (ਮਲਾ ਮਃ ੩) ਇਹ ਅੰਤਹਕਰਣ ਮਰਨ ਵਾਲਾ ਹੈ, ਜਾਂ ਨਿੱਤ ਅਵਿਨਾਸ਼ੀ ਹੈ?...
ਵਿ- ਹਸਦਾ ਹੋਇਆ. "ਹਸਤ ਖੇਲਤ ਤੇਰੇ ਦੇਹੁਰੇ ਆਇਆ." (ਭੈਰ ਨਾਮਦੇਵ) ੨. ਦੇਖੋ, ਹਸਿਤ। ੩. ਸੰ. ਹਸ੍ਤ. ਸੰਗ੍ਯਾ- ਹੱਥ. ਹਾਥ. "ਹਸਤ ਚਰਨ ਸੰਤ ਟਹਿਲ ਕਮਾਈਐ."#(ਗਉ ਥਿਤੀ ਮਃ ੫) ੪. ਚੌਬੀਹ ਅੰਗੁਲ ਪ੍ਰਮਾਣ ਮਾਪ. ਗਜ਼ ਦਾ ਅੱਧ। ੫. ਸੰ. ਹਸ੍ਤੀ (हस्तिन. ) ਹੱਥ (ਸੁੰਡ) ਵਾਲਾ. ਹਾਥੀ. "ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ." (ਬਿਹਾ ਛੰਤ ਮਃ ੫) ੬. ਦੇਖੋ, ਹਸ੍ਤ....
ਕ੍ਰਿ- ਅਸ੍ਤਿ. ਹੈ. "ਹਹਿ ਭੀ ਹੋਵਨਹਾਰ." (ਬਾਵਨ) ੨. ਹਨ. ਹੈਨ. ਹੈਂ. "ਨਾਨਕ ਆਏ ਸੇ ਪਰਵਾਣ ਹਹਿ." (ਸ੍ਰੀ ਮਃ ੩)...
ਦੇਖੋ, ਕਾਨਾ। ੨. ਸਰਵ- ਕਿਸੇ. ਕਿਸ ਨੂੰ."ਕਹੋਂ ਔਰ ਕਾਨੇ ?" (ਰਾਮਾਵ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਕਾਨਾ ੪....
ਸੰ. सन्तोषिन ਵਿ- ਸੰਤੋਖ ਵਾਲਾ. ਸਾਬਰ. ਲੋਭ ਦਾ ਤਿਆਗੀ....