anjali, anjalīअंजलि, अंजली
ਸੰ. अञ्जलि. ਸੰਗ੍ਯਾ- ਉਂਜਲ. ਬੁੱਕ. ਡੂਨੇ ਦੀ ਸ਼ਕਲ ਬਣਾਏ ਹੋਏ ਹੱਥ। ੨. ਪਿਤਰ ਦੇਵਤਾ ਆਦਿਕ ਨੂੰ ਅਰਪਣ ਕੀਤੀ ਪਾਣੀ ਦੀ ਚੁਲੀ. ਮੋਏ ਪ੍ਰਾਣੀ ਵਾਸਤੇ ਤਿਲਾਂਜਲੀ ਆਦਿਕ ਅਵਿਦ੍ਯਾ- ਕਰਮ ਦੱਸਕੇ ਗੁਰੂ ਸਾਹਿਬ ਨੇ "ਅੰਜਲੀ" ਸਿਰਲੇਖ ਹੇਠ ਮਾਰੂ ਰਾਗ ਵਿੱਚ- "ਸੰਜੋਗ ਵਿਜੋਗ ਧੁਰਹੁ ਹੀ ਹੂਆ"- ਆਦਿਕ ਸ਼ਬਦ ਲਿਖਕੇ ਭਾਣਾ ਮੰਨਣ ਦੀ ਸ਼ੁਭ ਸਿਖ੍ਯਾ ਦਿੱਤੀ ਹੈ। ੩. ਦੇਖੋ, ਅੰਜੁਲੀ.
सं. अञ्जलि. संग्या- उंजल. बुॱक. डूने दी शकल बणाए होए हॱथ। २. पितर देवता आदिक नूं अरपण कीती पाणी दी चुली. मोए प्राणी वासते तिलांजली आदिक अविद्या- करम दॱसके गुरू साहिब ने "अंजली" सिरलेख हेठमारू राग विॱच- "संजोग विजोग धुरहु ही हूआ"- आदिक शबद लिखके भाणा मंनण दी शुभ सिख्या दिॱती है। ३. देखो, अंजुली.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. श्रत्र्जलि- ਅੰਜਲਿ. ਸੰਗ੍ਯਾ- ਬੁੱਕ. ਦੋਹਾਂ ਹੱਥਾਂ ਦਾ ਸੰਪੁਟ. ਡੂੰਨੇ ਦੀ ਸ਼ਕਲ ਬਣਾਏ ਹੋਏ ਦੋਵੇਂ ਹੱਥ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰਗ੍ਯਾ- ਪਿਤ੍ਰਿ. ਪਿਤਾ. ਪਦਰ. ਬਾਪ. "ਮਾਤਰ ਪਿਤਰ ਤਿਅਗਿਕੈ." (ਸਾਰ ਪੜਤਾਲ ਮਃ ੫) ੨. ਸੰ. पितृ- ਪਿਤ੍ਰਿ. ਮੋਏ ਹੋਏ ਬਾਪ ਦਾਦਾ ਆਦਿ ਬਜ਼ੁਰਗ. "ਐਸੇ ਪਿਤਰ ਤੁਮਾਰੇ ਕਹੀਅਹਿ, ਆਪ ਨ ਕਹਿ ਆਨ ਲੇਹੀ." (ਗਉ ਕਬੀਰ ) ੩. ਵਡੇ ਵਡੇਰੇ. ਬਾਪ ਦਾਦਾ ਮਾਤਾ ਦਾਦੀ ਆਦਿ. "ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਰਾਧ ਕਰਾਈ." (ਗਉ ਕਬੀਰ)...
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਕੁਰਲੀ. ਮੂੰਹ ਸਾਫ਼ ਕਰਨ ਲਈ ਵਰਤਿਆ ਜਲ। ੨. ਇੱਕ ਹੱਥ ਵਿੱਚ ਜਿਤਨਾ ਪ੍ਰਮਾਣ ਜਲ ਆ ਸਕੇ। ੩. ਕਿਸੇ ਸੰਕਲਪ ਨੂੰ ਪ੍ਰਤਿਗ੍ਯਾ ਦੀ ਸ਼ਕਲ ਵਿੱਚ ਪ੍ਰਗਟ ਕਰਨ ਲਈ ਹੱਥ ਵਿੱਚ ਜਲ ਦਾ ਲੈਣਾ ਅਤੇ ਤ੍ਯਾਗਣਾ. "ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ***ਰਾਜੇ ਚੁਲੀ ਨਿਆਵ ਕੀ." (ਵਾਰ ਸਾਰ ਮਃ ੧) ਦੇਖੋ, ਚੁਲੁਕ....
ਵਿ- ਪ੍ਰਾਣਧਾਰੀ (प्राणिन्) ਜਿਸ ਵਿੱਚ ਪ੍ਰਾਣ ਹੋਣਾ। ੨. ਸੰਗ੍ਯਾ- ਜੀਵ. ਜੰਤੁ। ੩. ਮਨੁੱਖ. "ਪ੍ਰਾਣੀ, ਤੂੰ ਆਇਆ ਲਾਹਾ ਲੈਣ." (ਸ੍ਰੀ ਮਃ ੫)...
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਸੰ. तिलाञ्जली. ਸੰਗ੍ਯਾ- ਪਾਣੀ ਵਿੱਚ ਤਿਲ ਮਿਲਾਕੇ ਦਿੱਤੀ ਹੋਈ ਚੁਲੀ. ਹਿੰਦੂਆਂ ਦੀ ਇੱਕ ਰੀਤਿ ਜੋ ਖ਼ਾਸ ਕਰਕੇ ਮੁਰਦਾ ਜਲਾਉਣ ਪਿੱਛੋਂ ਕੀਤੀ ਜਾਂਦੀ ਹੈ. ਨਿਸ਼ਚਾ ਇਹ ਹੈ ਕਿ ਮੋਏ ਹੋਏ ਜੀਵ ਨੂੰ ਇਹ ਪਾਣੀ ਪ੍ਰਾਪਤ ਹੁੰਦਾ ਹੈ. ਅਨੇਕ ਰਿਖੀਆਂ ਨੇ ਤਿਲ ਬਹੁਤ ਪਵਿਤ੍ਰ ਅੰਨ ਲਿਖਿਆ ਹੈ ਅਤੇ ਇਸ ਦਾ ਦਾਨ ਵਡਾ ਫਲ ਦੇਣ ਵਾਲਾ ਦੱਸਿਆ ਹੈ। ੨. ਹੁਣ ਮੁਹਾਵਰੇ ਵਿੱਚ ਤਿਲਾਂਜਲੀ ਦਾ ਅਰਥ ਤਰਕ ਕਰਨਾ (ਛੱਡਣਾ) ਹੋ ਗਿਆ ਹੈ. ਜਿਵੇਂ ਉਸ ਨੇ ਕੁਕਰਮਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ. ਭਾਵ- ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ....
ਸੰ. ਸੰਗ੍ਯਾ- ਅਗ੍ਯਾਨ. ਮੂਰਖਤਾ। ੨. ਮਾਇਆ ਦੀ ਓਹ ਦਸ਼ਾ ਜੋ ਜੀਵਾਤਮਾ ਨੂੰ ਅਗ੍ਯਾਨ- ਬੰਧਨ ਵਿੱਚ ਫਸਾਉਂਦੀ ਹੈ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. अञ्जलि. ਸੰਗ੍ਯਾ- ਉਂਜਲ. ਬੁੱਕ. ਡੂਨੇ ਦੀ ਸ਼ਕਲ ਬਣਾਏ ਹੋਏ ਹੱਥ। ੨. ਪਿਤਰ ਦੇਵਤਾ ਆਦਿਕ ਨੂੰ ਅਰਪਣ ਕੀਤੀ ਪਾਣੀ ਦੀ ਚੁਲੀ. ਮੋਏ ਪ੍ਰਾਣੀ ਵਾਸਤੇ ਤਿਲਾਂਜਲੀ ਆਦਿਕ ਅਵਿਦ੍ਯਾ- ਕਰਮ ਦੱਸਕੇ ਗੁਰੂ ਸਾਹਿਬ ਨੇ "ਅੰਜਲੀ" ਸਿਰਲੇਖ ਹੇਠ ਮਾਰੂ ਰਾਗ ਵਿੱਚ- "ਸੰਜੋਗ ਵਿਜੋਗ ਧੁਰਹੁ ਹੀ ਹੂਆ"- ਆਦਿਕ ਸ਼ਬਦ ਲਿਖਕੇ ਭਾਣਾ ਮੰਨਣ ਦੀ ਸ਼ੁਭ ਸਿਖ੍ਯਾ ਦਿੱਤੀ ਹੈ। ੩. ਦੇਖੋ, ਅੰਜੁਲੀ....
ਸੰਗ੍ਯਾ- ਭਾਗ. ਕਿਸਮਤ. ਨਸੀਬ. ਕਰਮਾਨੁਸਾਰ ਜੀਵ ਦਾ ਲੇਖ। ੨. ਸਿਰਨਾਵਾਂ। ੩. ਮੁਖਬੰਦ।...
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਸੰ. ਸੰਯੋਗ. ਸੰਗ੍ਯਾ- ਸੰਬੰਧ. "ਧੀਆ ਪੂਤ ਸੰਜੋਗ." (ਸ੍ਰੀ ਅਃ ਮਃ ੧) ੨. ਏੱਕਾ. ਇੱਤਫਾਕ. "ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨਿਯੈ." (ਪਾਰਸਾਵ) ੩. ਜੋਤਿਸ ਅਨੁਸਾਰ ਗ੍ਰਹ ਰਾਸ਼ੀ ਯੋਗ ਆਦਿ ਦਾ ਮੇਲ. "ਧਨ ਮੂਰਤ ਚਸੇ ਪਲ ਘੜੀਆ, ਧੰਨ ਸੁ ਓਇ ਸੰਜੋਗਾ ਜੀਉ." (ਮਾਝ ਮਃ ੫) "ਨਾਮ ਹਮਾਰੈ ਸਉਣ ਸੰਜੋਗ." (ਭੈਰ ਮਃ ੫) ੪. ਕਰਮਫਲ. "ਲਿਖਿਆ ਧੁਰਿ ਸੰਜੋਗ." (ਮਾਝ ਬਾਰਹਮਾਹਾ) ੫. ਦੇਹ ਨਾਲ ਜੀਵਾਤਮਾ ਦਾ ਮਿਲਾਪ. ਜਨਮ. "ਸਾਹਾ ਸੰਜੋਗ ਵੀਆਹੁ ਵਿਜੋਗ." (ਗਉ ਮਃ ੧) ੬. ਉਪਾਯ. ਯਤਨ। ੭. ਸੰ. ਸੰਯੋਕ੍ਤ. ਬੈਲਾਂ ਦਾ ਜੋੜਨਾ. "ਚੇਤਾ ਵ੍ਰਤ ਵਖਤ ਸੰਜੋਗ." (ਵਾਰ ਰਾਮ ੧. ਮਃ ੧) ਕਰਤਾਰ ਦੀ ਯਾਦ ਵਤ੍ਰ ਹੈ ਅਤੇ ਨਾਮ ਸਿਮਰਣ ਦਾ ਵੇਲਾ ਹਲ ਜੋੜਨਾ ਹੈ....
ਵਿਛੋੜਾ. ਦੇਖੋ, ਬਿਜੋਗ. "ਬੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ." (ਮਾਝ ਬਾਰਹਮਾਹਾ) ਦੇਖੋ, ਜਨਮ ਵਿਜੋਗ....
ਕ੍ਰਿ. ਵਿ- ਮੁੱਢੋਂ. ਸ਼ੁਰੂ ਸੇ। ੨. ਮੁੱਖ ਅਸਥਾਨ ਤੋਂ....
ਭਇਆ. ਹੋਇਆ. "ਜੈ ਕਾਰ ਅਪਾਰ ਸੁਧਾਰ ਹੂਅ." (ਵਿਚਿਤ੍ਰ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਕਰਤਾਰ ਦਾ ਹੁਕਮ (ਭਾਵਨ) ਉਹ ਬਾਤ, ਜੋ ਵਾਹਗੁਰੂ ਨੂੰ ਭਾਈ ਹੈ. "ਭਾਣਾ ਮੰਨੇ, ਸੋ ਸੁਖੁ ਪਾਏ." (ਮਾਰੂ ਸੋਲਹੇ ਮਃ ੩) ੨. ਇੱਛਾ. ਮਰਜੀ. "ਆਪਣਾ ਭਾਣਾ ਤੁਮ ਕਰਹੁ, ਤਾ ਫਿਰਿ ਸਹੁ ਖੁਸ਼ੀ ਨ ਆਵਏ." (ਆਸਾ ਛੰਤ ਮਃ ੩) ੩. ਵਿਭਾਇਆ. ਪਸੰਦ ਆਇਆ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਦੇਖੋ, ਅੰਜਲੀ। ੨. ਦੇਵੋਂ ਹੱਥ ਜੋੜਨ ਦੀ ਕ੍ਰਿਯਾ, ਜੋ ਪ੍ਰਣਾਮ ਲਈ ਕਰੀਦੀ ਹੈ. "ਕਰਿ ਸਾਧੂ ਅੰਜੁਲੀ ਪੁਨੁ ਵਡਾ." (ਸੋਹਿਲਾ)...