ahāअहा
ਵ੍ਯ- ਪ੍ਰਸੰਨਤਾ ਅਤੇ ਅਚਰਜ ਬੋਧਕ ਸ਼ਬਦ। ੨. ਕ੍ਰਿ- ਹੈ ਸ਼ਬਦ ਦਾ ਭੂਤ ਕਾਲ. ਸੀ. ਥਾ. ਸਾ. "ਜਹ ਕਛੁ ਅਹਾ, ਤਹਾ ਕਿਛੁ ਨਾਹੀ." (ਗਉ ਕਬੀਰ)
व्य- प्रसंनता अते अचरज बोधक शबद। २. क्रि- है शबद दा भूत काल. सी. था. सा. "जह कछु अहा, तहा किछु नाही." (गउ कबीर)
ਸੰਗ੍ਯਾ- ਖ਼ੁਸ਼ੀ. ਆਨੰਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. आश्चर्य- ਆਸ਼ਚਰ੍ਯ. ਸੰਗ੍ਯਾ- ਤਅ਼ੱਜੁਬ. ਹੈਰਾਨੀ. ਅਚੰਭਾ. ਵਿਸਮਯ. "ਅਚਰਜਰੂਪ ਨਿਰੰਜਨੋ." (ਸ੍ਰੀ ਮਃ ੫)...
ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵ੍ਯ- ਪ੍ਰਸੰਨਤਾ ਅਤੇ ਅਚਰਜ ਬੋਧਕ ਸ਼ਬਦ। ੨. ਕ੍ਰਿ- ਹੈ ਸ਼ਬਦ ਦਾ ਭੂਤ ਕਾਲ. ਸੀ. ਥਾ. ਸਾ. "ਜਹ ਕਛੁ ਅਹਾ, ਤਹਾ ਕਿਛੁ ਨਾਹੀ." (ਗਉ ਕਬੀਰ)...
ਕ੍ਰਿ. ਵਿ- ਉਸ ਥਾਂ. ਵਹਾਂ. ਤਤ੍ਰ. "ਤਹਾ ਬੈਕੁੰਠ ਜਹ ਕੀਰਤਨੁ ਤੇਰਾ." (ਸੂਹੀ ਮਃ ੫)...
ਵਿ- ਕਿੰਚਿਤ. ਥੋੜਾ. ਤਨਿਕ. "ਹਮ ਮੂਰਖ ਕਿਛੂ ਨ ਜਾਣਹਾ." (ਆਸਾ ਛੰਤ ਮਃ ੪) ੨. ਸਰਵ- ਕੋਈ ਵਸਤੁ। ੩. ਕੋਈ ਬਾਤ. "ਜੋ ਕਿਛੁ ਕਰਣਾ ਸੋ ਕਰਿ ਰਹਿਆ." (ਵਾਰ ਆਸਾ ਮਃ ੧)...
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....