anilaअनिल
ਸੰਗ੍ਯਾ- ਪਵਨ. ਹਵਾ. "ਅਨਿਲ ਬੇੜਾ ਹਉ ਖੇਵਿ ਨ ਸਾਕਉ." (ਬਸੰ ਨਾਮਦੇਵ) ੨. ਗਠੀਆ ਲਕ਼ਵਾ ਆਦਿ ਵਾਤਰੋਗ। ੩. ਦੇਖੋ, ਅਨਲ.
संग्या- पवन. हवा. "अनिल बेड़ा हउ खेवि न साकउ." (बसं नामदेव) २. गठीआ लक़वा आदि वातरोग। ३. देखो, अनल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਹਵਾ. ਵਾਯੁ. ਜੋ ਪਵਿਤ੍ਰ ਕਰਦੀ ਹੈ. "ਪਵਨ ਬੁਲਾਰੇ ਮਾਇਆ ਦੇਇ." (ਬਿਲਾ ਮਃ ੫) ਦੇਖੋ, ਮਾਰੁਤ। ੨. ਸ੍ਵਾਸ। ੩. ਜਲ. "ਅਗਨਿ ਨ ਦਹੈ, ਪਵਨ ਨਹੀ ਮਗਨੈ." (ਗਉ ਕਬੀਰ) ੪. ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ....
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਸੰਗ੍ਯਾ- ਪਵਨ. ਹਵਾ. "ਅਨਿਲ ਬੇੜਾ ਹਉ ਖੇਵਿ ਨ ਸਾਕਉ." (ਬਸੰ ਨਾਮਦੇਵ) ੨. ਗਠੀਆ ਲਕ਼ਵਾ ਆਦਿ ਵਾਤਰੋਗ। ੩. ਦੇਖੋ, ਅਨਲ....
ਸੰਗ੍ਯਾ- ਬੜੀ ਨੌਕਾ. "ਨਾਉ ਬੇੜਾ ਨਾਉ ਤੁਲਹੜਾ ਭਾਈ." (ਸੋਰ ਮਃ ੩) ੨. ਭਾਵ- ਦੇਹ. ਸ਼ਰੀਰ. "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੩. ਫੌਜ ਦਾ ਦਸ਼੍ਤਾ. ਸੈਨਾ ਦਾ ਟੋਲਾ। ੪. ਦੇਖੋ, ਬੇੜ੍ਹਾ....
ਸਕਦਾ. ਸਕਦੇ. ਸਮਰਥ ਰਖਦੇ. ਦੇਖੋ, ਸਕਣਾ. "ਤੁਮਰੀ ਮਹਿਮਾ ਬਰਨਿ ਨ ਸਾਕਉ." (ਸੂਹੀ ਮਃ ੪) "ਅਸਾਂ ਜੋਰੁ ਨਾਹੀ ਜੇ ਕਿਛੁ ਕਰਿ ਹਮਿ ਸਾਕਹ." (ਸੂਹੀ ਮਃ ੪)...
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਗਠਕਤਰਾ. ਠਗ। ੨. ਅੰਗਾਂ ਦੀ ਗੱਠਾਂ (ਜੋੜਾਂ) ਵਿੱਚ ਹੋਣ ਵਾਲਾ ਇੱਕ ਰੋਗ. ਸੰ. ਸੰਧਿਵਾਤ. [نقرس] ਨਕ਼ਰਸ. Gout. ਗੰਠ (ਗੰਢਾਂ- ਜੋੜਾਂ) ਵਿੱਚ ਇਸ ਤੋਂ ਪੀੜ ਹੁੰਦੀ ਹੈ, ਇਸ ਕਾਰਣ ਇਹ ਨਾਉਂ ਹੈ. ਇਹ ਹਵਾ ਦੇ ਵਿਗਾੜ ਤੋਂ ਬਾਦੀ ਦੀ ਬੀਮਾਰੀ ਹੈ. ਸਰੀਰ ਸੁਸਤ ਹੋ ਕੇ ਅੰਗਾਂ ਦੇ ਜੋੜਾਂ ਵਿੱਚ ਦਰਦ ਅਤੇ ਸੋਜ ਹੋ ਜਾਂਦੀ ਹੈ. ਕਦੇ ਕਦੇ ਪੀੜ ਨਾਲ ਤਾਪ ਭੀ ਹੋ ਜਾਂਦਾ ਹੈ. ਗਠੀਆ ਕਈ ਕਾਰਣਾਂ ਤੋਂ ਹੁੰਦਾ ਹੈ, ਉਨ੍ਹਾਂ ਦੇ ਅਨੁਸਾਰ ਹੀ ਇਲਾਜ ਕਰਣਾ ਸੁਖਦਾਇਕ ਹੈ. ਇਸ ਰੋਗ ਦੇ ਮੁੱਖ ਕਾਰਣ ਇਹ ਹਨ-#ਬਹੁਤ ਬੈਠੇ ਰਹਿਣਾ, ਕਸਰਤ ਨਾ ਕਰਨੀ, ਚਿਕਨੇ ਅਤੇ ਭਾਰੀ ਪਦਾਰਥ ਖਾਣੇ, ਤਾਪ ਵਿੱਚ ਹਵਾ ਲੱਗ ਜਾਣੀ, ਸਰਦ ਮੁਲਕ ਵਿੱਚ ਵਸਤ੍ਰ ਆਦਿਕ ਦੀ ਬੇਪਰਵਾਹੀ ਕਰਨੀ, ਨੰਗੇ ਪੈਰੀਂ ਫਿਰਨਾ, ਆਤਸ਼ਕ ਅਤੇ ਸੁਜਾਕ ਦਾ ਜਹਿਰ ਸ਼ਰੀਰ ਵਿੱਚ ਰਹਿਣਾ, ਕੱਚੀਆਂ ਧਾਤਾਂ ਖਾਣੀਆਂ, ਬਹੁਤੀ ਸ਼ਰਾਬ ਪੀਣੀ, ਪੇਸ਼ਾਬ ਦੇ ਰੋਗ ਹੋਣੇ ਆਦਿਕ. ਇਹ ਰੋਗ ਮੌਰੂਸੀ ਭੀ ਹੋਇਆ ਕਰਦਾ ਹੈ.#ਗਠੀਏ ਦੇ ਸਾਧਾਰਣ ਇਲਾਜ ਇਹ ਹਨ-#(ੳ) ਤੁੰਮੇ ਦੀ ਜੜ, ਮਘਪਿੱਪਲ, ਦੋ ਦੋ ਮਾਸ਼ੇ, ਗੁੜ ਇੱਕ ਤੋਲਾ ਮਿਲਾਕੇ ਦੋ ਦੋ ਮਾਸ਼ੇ ਦੀ ਗੋਲੀਆਂ ਕਰਨੀਆਂ, ਦੋ ਗੋਲੀਆਂ ਰੋਜ ਜਲ ਨਾਲ ਖਾਣੀਆਂ.#(ਅ) ਇਰੰਡ ਦੇ ਤੇਲ ਦੀ ਜੋੜਾਂ ਤੇ ਮਾਲਿਸ਼ ਕਰਨੀ.#(ੲ) ਸੁਰੰਜਾਂ ਮਿੱਠੀਆਂ, ਅਸਗੰਧ, ਬਿਧਾਰਾ, ਸੁੰਢ, ਸੌਂਫ, ਇਨ੍ਹਾਂ ਨੂੰ ਪੀਹ ਛਾਣਕੇ, ਬਰੋਬਰ ਦੀ ਖੰਡ ਪਾ ਕੇ ਚਾਰ ਚਾਰ ਮਾਸ਼ੇ ਦੀਆਂ ਪੁੜੀਆਂ ਕਰਨੀਆਂ. ਇੱਕ ਪੁੜੀ ਸਵੇਰੇ ਇੱਕ ਸੰਝ ਨੂੰ ਗਰਮ ਦੁੱਧ ਨਾਲ ਛਕਣੀ.#(ਸ) ਯੋਗਰਾਜ ਗੁੱਗਲ ਵਰਤਣੀ.#(ਹ) ਤਾਰਪੀਨ ਦਾ, ਤਿਲਾਂ ਦਾ, ਕਾਫੂਰੀ, ਕੁੱਠ ਦਾ ਤੇਲ ਅਤੇ ਨਾਰਾਯਣੀ ਤੇਲ ਜੋੜਾਂ ਉੱਪਰ ਮਲਣਾ.#(ਕ) ਅਸਗੰਧ ਦਾ ਚੂਰਨ ਤਿੰਨ ਮਾਸ਼ੇ, ਛੀ ਮਾਸ਼ੇ ਖੰਡ ਮਿਲਾਕੇ ਬਕਰੀ ਦੇ ਦੁੱਧ ਨਾਲ ਫੱਕਣਾ। ੩. ਗਾਂਠ ਮੇਂ, ਗੰਢ ਵਿੱਚ "ਇਤਨਕੁ ਖਟੀਆ ਗਠੀਆ ਮਟੀਆ" (ਕੇਦਾ ਕਬੀਰ) ਐਨੀ ਮਾਇਆ ਖੱਟੀ ਹੈ, ਇਤਨੀ ਪੱਲੇ ਹੈ, ਇਤਨੀ ਦੱਬੀ ਹੋਈ ਹੈ....
ਅ਼. [لقبہ] Facial Paralysis ਸੰ. अर्दितवात. ਅਰਦਿਤਵਾਤ. ਇਸ ਰੋਗ ਵਿੱਚ ਮੂੰਹ ਦੇ ਇੱਕ ਪਾਸੇ ਦੇ ਪੱਠੇ ਕਮਜੋਰ ਹੋਣ ਤੋਂ ਚੇਹਰਾ ਉਸ ਪਾਸੇ ਨੂੰ ਝੁਕ ਜਾਂਦਾ ਹੈ, ਜਿਧਰ ਦੇ ਪੱਠੇ ਰੋਗੀ ਨਹੀਂ. ਮੂੰਹ ਵਿਗਾ ਹੋਣ ਕਰਕੇ ਸਾਫ ਬੋਲਿਆਂ ਨਹੀਂ ਜਾਂਦਾ, ਅੱਖਾਂ ਤੋਂ ਪਾਣੀ, ਮੂੰਹ ਤੋਂ ਲਾਲਾਂ ਵਗਦੀਆਂ ਰਹਿਂਦੀਆਂ ਹਨ, ਰੋਗੀ ਪਾਸੇ ਦੀ ਅੱਖ ਬੰਦ ਨਹੀਂ ਹੋ ਸਕਦੀ.#ਇਸ ਰੋਗ ਦੇ ਕਾਰਣ ਹਨ- ਬਹੁਤ ਉੱਚਾ ਬੋਲਣਾ, ਕਰੜੀਆਂ ਚੀਜਾਂ ਦੰਦ ਦਾੜ੍ਹਾਂ ਨਾਲ ਚੱਬਣੀਆਂ, ਬਹੁਤ ਮੂੰਹ ਤਾਣਕੇ ਅਵਾਸੀਆਂ ਲੈਣੀਆਂ, ਬਹੁਤ ਭਾਰ ਚੁੱਕਣਾ, ਸਰਦੀ ਦਾ ਲੱਗਣਾ, ਦਿਮਾਗ ਦੀਆਂ ਬੀਮਾਰੀਆਂ ਦਾ ਹੋਣਾ, ਬਾਦਫਿਰੰਗ ਹੋਣਾ, ਅਤੇ ਬਹੁਤ ਕਮਜੋਰੀ ਹੋਣੀ ਆਦਿ.#ਇਸ ਦਾ ਇਲਾਜ ਹੈ-#(੧) ਰੋਗ ਦੇ ਹੋਣ ਤੋਂ ਪੰਜ ਸੱਤ ਦਿਨ ਤੀਕ ਕੇਵਲ ਸ਼ਹਦ ਮਿਲਾਕੇ ਪਾਣੀ ਦਿੱਤਾ ਜਾਵੇ.#(੨) ਇੱਕ ਤੋਲਾ ਲਸਣ ਕੁੱਟਕੇ, ਹਿੰਗ, ਜੀਰਾ, ਸੇਂਧਾ ਲੂਣ, ਸੰਚਰ ਲੂਣ, ਮਘਾਂ, ਮਿਰਚਾਂ ਅਤੇ ਸੁੰਢ ਇਹ ਸਭ ਇੱਕ ਇੱਕ ਮਾਸ਼ਾ ਪੀਹਕੇ ਲਸਣ ਨਾਲ ਮਿਲਾਕੇ ਨਿੱਤ ਸਵੇਰ ਵੇਲੇ ਇਰੰਡ ਦੇ ਕਾੜ੍ਹੇ ਨਾਲ ਖਵਾਇਆ ਜਾਵੇ.#(੩) ਛੋਲਿਆਂ ਦਾ ਪਾਣੀ, ਕਬੂਤਰ ਬਟੇਰ ਦਾ ਸ਼ੋਰਵਾ ਖਾਣ ਨੂੰ ਦੇਣਾ ਚਾਹੀਏ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. अनल. ਸੰਗ੍ਯਾ- ਨਹੀਂ ਹੈ ਅਲੰ (ਬੱਸ) ਜਿਸ ਦੇ, ਭਾਵ- ਜੋ ਰੱਜਣ ਵਿੱਚ ਨਾ ਆਵੇ. ਅਗਨਿ. ਅੱਗ. "ਅਉਧ ਅਨਲ ਤਨੁ ਤਿਨ ਕੋ ਮੰਦਰੁ." (ਗਉ ਕਬੀਰ) ੨. ਤਿੰਨ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਅਗਨੀਆਂ ਤਿੰਨ ਮੰਨੀਆਂ ਹਨ. ਦੇਖੋ, ਤਿੰਨ ਅਗਨੀਆਂ। ੩. ਸੰ. ਅਨਿਲ. ਜਿਸ ਕਰਕੇ ਪ੍ਰਾਣ ਧਾਰਣ ਕਰੀਦੇ ਹਨ. ਹਵਾ. ਪਵਨ. "ਅਨਲ ਅਗਮ ਜੈਸੇ ਲਹਰਿ ਮਇਓ ਦਧਿ." (ਸੋਰ ਰਵਦਾਸ) ਜੈਸੇ ਜ਼ੋਰ ਦੀ ਪੌਣ ਨਾਲ ਮਹੋਦਧਿ (ਸਮੁੰਦਰ) ਵਿੱਚ ਤਰੰਗ ਉਠਦੇ ਹਨ। ੪. ਸੰ. अलिल- ਅਲਿਲ. ਇੱਕ ਪੰਛੀ, ਜਿਸ ਦਾ ਨਾਉਂ "ਅਨਲਪਕ੍ਸ਼੍" ਭੀ ਹੈ. ਲੋਕਾਂ ਦਾ ਖਿਆਲ ਹੈ ਕਿ ਇਹ ਪੰਛੀ ਸਦਾ ਅਕਾਸ਼ ਵਿੱਚ ਰਹਿੰਦਾ ਹੈ ਅਤੇ ਇਸ ਦੇ ਆਂਡੇ ਉਪੱਰੋਂ ਡਿਗਦੇ ਹੋਏ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਪੱਕ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਬੱਚੇ ਨਿਕਲਕੇ ਅਕਾਸ਼ ਮੰਡਲ ਵਿੱਚ ਉਡਣ ਲੱਗ ਪੈਂਦੇ ਹਨ. "ਅਨਲ ਅਕਾਸ ਪੰਛੀ ਡੋਲਬੋ ਕਰਤ ਹੈ." (ਅਕਾਲ) ਦੇਖੋ, ਉਨਕਾ ਅਤੇ ਹੁਮਾ....