sīsadhharana, sīsadhharaniसीसधरण, सीसधरनि
ਸੰਗ੍ਯਾ- ਸ਼ਿਵ, ਜਿਸ ਦੇ ਹੱਥ ਨੂੰ ਬ੍ਰਹਮਾ ਦਾ ਕਪਾਲ ਚਿਮਟ ਗਿਆ ਸੀ ਕਪਾਲੀ. "ਗੋਤਮ ਨਾਰਿ ਉਮਾਪਤਿ ਸ੍ਵਾਮੀ। ਸੀਸਧਰਨਿ ਸਹਸ ਭਗ ਗਾਮੀ." (ਜੈਤ ਰਵਿਦਾਸ) ਪਾਠ ਦਾ ਅਨ੍ਵਯ ਇਉਂ ਹੈ- ਸੀਸਧਰਨਿ ਉਮਾਪਤਿ ਸੁਆਮੀ, ਗੋਤਮਨਾਰਿ ਗਾਮੀ ਸਹਸ ਭਗ. ਪੁਰਾਣਕਥਾ ਇਉਂ ਹੈ ਕਿ ਬ੍ਰਹਮਾ ਨੂੰ ਕਾਮਵਸ਼ਿ ਦੇਖਕੇ ਸ਼ਿਵ ਨੇ ਨੌਹ ਨਾਲ ਸਿਰ ਵੱਢ ਲਿਆ, ਅਰ ਉਹ ਸ਼ਿਵ ਦੇ ਹੱਥ ਨਾਲ ਚਿਮਟ ਗਿਆ. ਦੇਖੋ, ਕਪਾਲਮੋਚਨ. ਗੋਤਮ ਰਿਖੀ ਦੀ ਇਸਤ੍ਰੀ ਅਹਲ੍ਯਾ ਨਾਲ ਵਿਭਚਾਰ ਕਰਕੇ ਇੰਦ੍ਰ ਹਜਾਰ ਭਗ ਆਪਣੇ ਸ਼ਰੀਰ ਤੇ ਕਰਵਾ ਬੈਠਾ. ਦੇਖੋ, ਅਹਲਿਆ.
संग्या- शिव, जिस दे हॱथ नूं ब्रहमा दा कपाल चिमट गिआ सी कपाली. "गोतम नारि उमापति स्वामी। सीसधरनि सहस भग गामी." (जैत रविदास) पाठ दा अन्वय इउं है- सीसधरनि उमापति सुआमी, गोतमनारि गामी सहस भग. पुराणकथा इउं है कि ब्रहमा नूं कामवशि देखके शिव ने नौह नाल सिर वॱढ लिआ, अर उह शिव दे हॱथ नाल चिमट गिआ. देखो, कपालमोचन. गोतम रिखी दी इसत्री अहल्या नाल विभचार करके इंद्र हजार भग आपणे शरीर ते करवा बैठा. देखो, अहलिआ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. ਸੰਗ੍ਯਾ- ਖੋਪਰੀ। ੨. ਮੱਥਾ। ੩. ਘੜੇ ਅੰਡੇ ਆਦਿਕ ਦਾ ਅੱਧਾ ਖੰਡ, ਜੋ ਖੋਪਰੀ ਦੇ ਆਕਾਰ ਦਾ ਹੁੰਦਾ ਹੈ। ੪. ਭਿੱਖਿਆ ਮੰਗਣ ਦਾ ਪਿਆਲਾ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. कपालिन ਵਿ- ਕਪਾਲਧਾਰੀ. ਖੋਪਰੀ ਰੱਖਣ ਵਾਲਾ। ੨. ਸੰਗ੍ਯਾ- ਸ਼ਿਵ। ੩. ਖੱਪਰ ਰੱਖਣ ਵਾਲਾ ਫ਼ਕੀਰ। ੪. ਕਪਾਲਿਨੀ. ਦੁਰਗਾ. ਕਾਲੀ. "ਕਾਟਿ ਕਾਟਿ ਦਯੇ ਕਪਾਲੀ." (ਚੰਡੀ ੨)...
ਮਹਾਭਾਰਤ ਵਿੱਚ ਗੋਤਮ ਦਾ ਅਰਥ ਕੀਤਾ ਹੈ ਕਿ ਜਿਸ ਨੇ ਆਪਣੇ ਗੋ (ਪ੍ਰਕਾਸ਼) ਨਾਲ ਤਮ (ਅੰਧਕਾਰ) ਨਾਸ਼ ਕਰ ਦਿੱਤਾ ਹੈ।#੨. ਇੱਕ ਵਿਦ੍ਵਾਨ ਰਿਖੀ, ਜਿਸ ਦਾ ਨਾਉਂ ਅਕ੍ਸ਼੍ਪਾਦ ਭੀ ਹੈ. ਇਹ ਈਸਵੀ ਸਦੀ ਤੋਂ ੬੦੦ ਵਰ੍ਹੇ ਪਹਿਲਾਂ ਹੋਇਆ ਹੈ. ਇਸ ਨੇ ਨ੍ਯਾਯ ਦਰਸ਼ਨ ਦੇ ੫੩੨ ਸੂਤ੍ਰ ਬਣਾਏ ਹਨ, ਇਸੇ ਲਈ ਨ੍ਯਾਯ ਸ਼ਾਸਤ੍ਰ ਦਾ ਨਾਉਂ ਅਕ੍ਸ਼੍ਪਾਦ ਦਰਸ਼ਨ ਹੈ। ੩. ਇੱਕ ਬਹੁਤ ਪ੍ਰਾਚੀਨ ਰਿਖੀ, ਜਿਸ ਤੋਂ ਗੌਤਮ ਵੰਸ਼ ਚੱਲਿਆ ਹੈ।#੪. ਗੌਤਮ. ਗੋਤਮ ਵੰਸ਼ ਵਿੱਚ ਹੋਣ ਵਾਲਾ "ਸ਼ਰਦ੍ਵਤ" ਜਿਸ ਦੀ ਕਥਾ ਰਾਮਾਯਣ ਵਿੱਚ ਹੈ. ਇਹ ਅਹਲ੍ਯਾ ਦਾ ਪਤਿ ਅਤੇ ਜਨਕ ਦੇ ਪੁਰੋਹਿਤ ਸਤਾਨੰਦ ਦਾ ਪਿਤਾ ਸੀ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤ੍ਰੀ ਅਹਲ੍ਯਾ ਮਹਾ ਸੁੰਦਰੀ ਸੀ, ਜਿਸ ਪੁਰ ਇੰਦ੍ਰ ਮੋਹਿਤ ਹੋ ਗਿਆ. ਇੱਕ ਦਿਨ ਚੰਦ੍ਰਮਾ ਨੂੰ ਮੁਰਗਾ ਬਣਾਕੇ ਵੇਲੇ ਤੋਂ ਪਹਿਲਾਂ ਬਾਂਗ ਦਿਵਾਈ, ਜਿਸ ਤੋਂ ਗੌਤਮ ਅਗੇਤਾ ਹੀ ਨਦੀ ਪੁਰ ਨ੍ਹਾਉਂਣ ਚਲਾ ਗਿਆ. ਇੰਦ੍ਰ ਨੇ ਅਹਲ੍ਯਾ ਨਾਲ ਕੁਕਰਮ ਕੀਤਾ, ਜਦ ਗੌਤਮ ਨੂੰ ਪਤਾ ਲੱਗਾ, ਤਾਂ ਉਸ ਨੇ ਇਸਤ੍ਰੀ ਨੂੰ ਸ਼ਿਲਾਰੂਪ ਕਰ ਦਿੱਤਾ. ਇੰਦ੍ਰ ਦੇ ਸ਼ਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋਣ ਦਾ ਸ੍ਰਾਪ ਦਿੱਤਾ ਅਤੇ ਚੰਦ੍ਰਮਾਂ ਨੂੰ ਖਈ ਰੋਗ ਲਾ ਦਿੱਤਾ.#ਵਾਲਮੀਕ ਕਾਂਡ ੧. ਅਃ ੪੭- ੪੮ ਵਿੱਚ ਲੇਖ ਹੈ ਕਿ ਅਹਲ੍ਯਾ ਖੁਦ ਇੰਦ੍ਰ ਨੂੰ ਚਾਹੁੰਦੀ ਸੀ. ਇੰਦ੍ਰ ਗੌਤਮ ਦਾ ਰੂਪ ਧਾਰਕੇ ਰਿਖੀ ਦੇ ਆਸ਼ਰਮ ਉਸ ਦੀ ਗੈਰਹਾਜਿਰੀ ਵਿੱਚ ਅਹਲ੍ਯਾ ਨੂੰ ਮਿਲਿਆ. ਜਦ ਘਰੋਂ ਇੰਦ੍ਰ ਨਿਕਲਦਾ ਸੀ ਤਦ ਗੌਤਮ ਮਿਲ ਗਿਆ. ਰਿਖੀ ਨੇ ਆਖਿਆ ਹੇ ਪਾਪੀ! ਤੂੰ ਨਪੁੰਸਕ ਹੋਜਾ. ਇਤਨਾ ਕਹਿਣ ਪੁਰ ਇੰਦ੍ਰ ਦੇ ਫੋਤੇ ਝੜ ਗਏ. ਦੇਵਤਿਆਂ ਨੇ, ਪਿਤਰਾਂ ਦੇ ਦੇਵਤਾ "ਕਵ੍ਯਵਾਹਨ" ਵਾਸਤੇ ਜੋ ਮੀਢਾ ਬਲਿਦਾਨ ਲਈ ਰੱਖਿਆ ਸੀ, ਉਸ ਦੇ ਫੋਤੇ ਤੋੜਕੇ ਇੰਦ੍ਰ ਦੇ ਜੜੇ, ਜਿਸ ਤੋਂ ਨਪੁੰਸਕਪੁਣਾ ਦੂਰ ਹੋਇਆ ਤੇ ਉਸ ਦਿਨ ਤੋਂ ਖੱਸੀ ਮੀਢਾ ਬਲਿਦਾਨ ਦੇਣਾ ਵਿਧਾਨ ਹੋਇਆ.#ਆਸ਼੍ਰਮ ਵਿੱਚ ਆਕੇ ਰਿਖੀ ਨੇ ਅਹਲ੍ਯਾ ਨੂੰ ਸ਼੍ਰਾਪ ਦਿੱਤਾ ਕਿ ਤੂੰ ਅਦ੍ਰਿਸ਼੍ਯ (ਗਾਯਬ) ਹੋਕੇ ਇਸ ਆਸ਼੍ਰਮ ਪਈਰਹੁ ਅਰ ਕੇਵਲ ਪਵਨ ਆਹਾਰ ਕਰ, ਜਦ ਤਕ ਰਾਮ ਨਹੀਂ ਆਉਂਦੇ ਤੇਰੀ ਇਹੀ ਦਸ਼ਾ ਰਹੇਗੀ. ਰਾਮ ਦੀ ਚਰਣਰਜ ਛੁਹਿਣ ਤੋਂ ਤੇਰਾ ਛੁਟਕਾਰਾ ਹੋਵੇਗਾ, ਅਤੇ ਤੂੰ ਆਪਣਾ ਅਸਲ ਰੂਪ ਧਾਰਨ ਕਰੇਂਗੀ. ਸੋ ਜਦ ਰਾਮ ਗੌਤਮ ਦੇ ਆਸ਼੍ਰਮ ਆਏ, ਤਦ ਅਹਲ੍ਯਾ ਪਹਿਲੇ ਜੇਹੀ ਬਣਕੇ ਗੌਤਮ ਨੂੰ ਮਿਲੀ. "ਗੋਤਮਨਾਰਿ ਅਹਲਿਆ ਤਾਰੀ" (ਮਾਲੀ ਨਾਮਦੇਵ) ਦੇਖੋ, ਅਹਲਿਆ। ੫. ਇੱਕ ਪਰਬਤ, ਜੋ ਨਾਸਿਕ ਪਾਸ ਹੈ, ਜਿੱਥੋਂ ਗੋਦਾਵਰੀ ਨਦੀ ਨਿਕਲਦੀ ਹੈ। ੬. ਦੇਖੋ, ਗੌਤਮ....
ਸੰ. ਨਾਲ. ਨਲਕੀ. "ਤੁਰੀ ਨਾਰਿ ਕੀ ਛੋਡੀ ਬਾਤਾ." (ਗੌਂਡ ਕਬੀਰ) ਬੁਰਛ (ਕੁੱਚ) ਅਤੇ ਨਾਲ ਦੀ ਗੱਲ ਹੀ ਛੱਡ ਦਿੱਤੀ ਹੈ. ਦੇਖੋ, ਤੁਰੀ। ੨. ਸੰ. ਨਾਡੀ. ਨਬਜ. ਨਾੜੀ "ਜਬ ਤਿਹ ਤ੍ਰਿਯ ਕੀ ਨਾਰਿ ਨਿਹਾਰੀ." (ਚਰਿਤ੍ਰ ੨੮੯) ੩. ਦੇਖੋ, ਨਾਰੀ. "ਸੰਗੀ ਜੋਗੀ ਨਾਰਿ ਲਪਟਾਣੀ." (ਮਾਰੂ ਸੋਲਹੇ ਮਃ ੫) ਇਸ ਥਾਂ ਯੋਗੀ ਤੋਂ ਭਾਵ ਜੀਵਾਤਮਾ ਹੈ ਅਤੇ ਨਾਰੀ ਤੋਂ ਭਾਵ ਦੇਹ ਹੈ। ੪. ਮਾਇਆ. "ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ." (ਰਾਮ ਮਃ ੧)...
ਸੰ. ਉਮਾ (ਪਾਰਵਤੀ) ਦਾ ਧਵ (ਪਤਿ) ਸ਼ਿਵ. ਰੁਦ੍ਰ. "ਗੋਤਮਨਾਰਿ ਉਮਾਪਤਿ ਸੁਆਮੀ। ਸੀਸਧਰਨ ਸਹਸ ਭਗ ਗਾਮੀ." (ਜੈਤ ਰਵਦਾਸ) ਗੋਤਮਨਾਰਿ ਗਾਮੀ (ਇੰਦ੍ਰ) ਸਹਸ ਭਗ ਧਰਨ, ਉਮਾਪਤਿ (ਸ਼ਿਵ), ਸੁਆਮੀ (ਬ੍ਰਹਮਾ), ਸੀਸਧਰਨ. ਦੇਖੋ, ਸੀਸਧਰਨਿ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰਗ੍ਯਾ- ਸ਼ਿਵ, ਜਿਸ ਦੇ ਹੱਥ ਨੂੰ ਬ੍ਰਹਮਾ ਦਾ ਕਪਾਲ ਚਿਮਟ ਗਿਆ ਸੀ ਕਪਾਲੀ. "ਗੋਤਮ ਨਾਰਿ ਉਮਾਪਤਿ ਸ੍ਵਾਮੀ। ਸੀਸਧਰਨਿ ਸਹਸ ਭਗ ਗਾਮੀ." (ਜੈਤ ਰਵਿਦਾਸ) ਪਾਠ ਦਾ ਅਨ੍ਵਯ ਇਉਂ ਹੈ- ਸੀਸਧਰਨਿ ਉਮਾਪਤਿ ਸੁਆਮੀ, ਗੋਤਮਨਾਰਿ ਗਾਮੀ ਸਹਸ ਭਗ. ਪੁਰਾਣਕਥਾ ਇਉਂ ਹੈ ਕਿ ਬ੍ਰਹਮਾ ਨੂੰ ਕਾਮਵਸ਼ਿ ਦੇਖਕੇ ਸ਼ਿਵ ਨੇ ਨੌਹ ਨਾਲ ਸਿਰ ਵੱਢ ਲਿਆ, ਅਰ ਉਹ ਸ਼ਿਵ ਦੇ ਹੱਥ ਨਾਲ ਚਿਮਟ ਗਿਆ. ਦੇਖੋ, ਕਪਾਲਮੋਚਨ. ਗੋਤਮ ਰਿਖੀ ਦੀ ਇਸਤ੍ਰੀ ਅਹਲ੍ਯਾ ਨਾਲ ਵਿਭਚਾਰ ਕਰਕੇ ਇੰਦ੍ਰ ਹਜਾਰ ਭਗ ਆਪਣੇ ਸ਼ਰੀਰ ਤੇ ਕਰਵਾ ਬੈਠਾ. ਦੇਖੋ, ਅਹਲਿਆ....
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....
ਸੰ. गामिन् ਵਿ- ਜਾਣ ਵਾਲਾ. ਬਲਣ ਵਾਲਾ। ੨. ਗਾਮਿਨੀ. "ਗੌਰਜਾ ਕਾਮਗਾਮੀ." (ਚੰਡੀ ੨) ਕਾਮ (ਮਨੋਹਰ) ਚਾਲ ਵਾਲੀ ਗਿਰਿਜਾ। ੩. ਸੰਗਮ ਕਰਤਾ. ਪਰਿਇਸਤ੍ਰੀਗਾਮੀ. "ਗੋਤਮਨਾਰਿ ਉਮਾਪਤਿ ਸੁਆਮੀ। ਸੀਸਧਰਨ ਸਹਸਭਗ ਗਾਮੀ." (ਜੈਤ ਰਵਿਦਾਸ) ਗੋਤਮਨਾਰਿਗਾਮੀ ਸਹਸ ਭਗ, ਉਮਾਪਤਿ ਸੁਆਮੀ ਸੀਸਧਰਨ. ਅਰਥਾਤ- ਕਾਮ ਦੇ ਵਸ਼ਿ ਇੰਦ੍ਰ ਦੇ ਸੌ ਭਗ ਹੋਈ, ਕ੍ਰੋਧ ਦੇ ਵਸ਼ਿ ਸ਼ਿਵ ਦੇ ਹੱਥ ਬ੍ਰਹਮਾ ਦੀ ਕਪਾਲੀ ਚਿਮਟ ਗਈ....
ਸੰ. ਜਯਤਿ. ਸੰਗ੍ਯਾ- ਵਿਜਯ. ਜੀਤ. ਫ਼ਤੇ। ੨. ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਸਿੰਗਾਰੂ ਦਾ ਭਾਈ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ। ੩. ਜੈਤ ਸੇਠ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ. ਜਗਤ ਸੇਠ ਇਸ ਤੋਂ ਭਿੰਨ ਹੈ। ੪. ਦੇਖੋ, ਨਾਰਾਯਣਾ। ੫. ਦੇਖੋ, ਪਟਨਾ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਸੰ. ਸੰਗ੍ਯਾ- ਲੈਜਾਣ ਦੀ ਕ੍ਰਿਯਾ। ੨. ਸੰਬੰਧ. ਸੰਯੋਗ. ਮੇਲ। ੩. ਵਾਕ ਦੇ ਪਦਾਂ ਨੂੰ ਸਪਸ੍ਟ ਕਰਨ ਲਈ ਯੋਗ੍ਯ ਅਸਥਾਨ ਤੇ ਲੈਜਾਣ ਦੀ ਕ੍ਰਿਯਾ, ਜਿਵੇਂ- "ਭੈ ਬੋਹਿਥ ਸਾਗਰ ਪ੍ਰਭੁ ਚਰਣਾ." (ਵਡ ਛੰਤ ਮਃ ੫) ਭੈਸਾਗਰ ਬੋਹਿਥ ਪ੍ਰਭੁ ਚਰਣਾ. ਹੋਰ- "ਦਿਵੈਯਾ ਇਨ ਕੇ ਸੰਗ ਖੇਲਤ ਹੈਂ ਕਵਿ ਸ਼੍ਯਾਮ ਸੁ ਦਾਨ ਅਭੈ." (ਕ੍ਰਿਸਨਾਵ) ਅਭੈਦਾਨ ਦਿਵੈਯਾ ਇਨ ਕੇ ਸੰਗ ਖੇਲਤ ਹੈਂ. ਅਤੇ "ਅਲੇਖ ਭੇਖ ਦ੍ਵੈਖ ਰੇਖ ਸੇਖ ਕੋ ਪਛਾਨਿਐ." (ਗ੍ਯਾਨ) ਤੁਕ ਦੇ ਮੁੱਢ ਦੇ ਅ ਦਾ ਸਾਰੇ ਪਦਾਂ ਨਾਲ ਅਨ੍ਵਯ ਹੈ। ੪. ਵੰਸ਼. ਕੁਲ. ਪੀੜ੍ਹੀ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਸੰ स्वामिन- ਸ੍ਵਾਮੀ. ਸੰਗ੍ਯਾ- ਪਤਿ. ਭਰਤਾ। ੨. ਮਾਲਿਕ. ਆਕ਼ਾ. "ਮਾਤ ਪਿਤਾ ਸੁਆਮਿ ਸਜਣੁ." (ਵਡ ਮਃ ੫) "ਸੁਆਮੀ ਕੋ ਗ੍ਰਿਹ ਜਿਉ ਸਦਾ ਸੁਆਨ ਤਜਤ ਨਹਿ." (ਸਃ ਮਃ ੯)...
ਅਹਲ੍ਯਾ. ਦੇਖੋ, ਗੋਤਮ ੪. ਅਤੇ ਅਹਲਿਆ। ੨. ਦੇਖੋ, ਉਮਾਪਤਿ ਅਤੇ ਸੀਸਧਰਨਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਕਾਸ਼ੀ ਵਿੱਚ ਇੱਕ ਤਾਲ, ਜਿਸ ਦੀ ਕਥਾ ਪਦਮਪੁਰਾਣ ਅਨੁਸਾਰ ਇਉਂ ਹੈ- ਮਹਾਂਭੈਰਵ (ਸ਼ਿਵ) ਨੇ ਖੱਬੇ ਹੱਥ ਦੀ ਉਂਗਲ ਦੇ ਨਹੁੰ ਨਾਲ ਅਭਿਮਾਨੀ ਬ੍ਰਹਮਾ ਦਾ ਸਿਰ ਕੱਟ ਲਿਆ. ਮਹਾਂਭੈਰਵ ਦੇ ਹੱਥ ਨਾਲ ਬ੍ਰਹਮਾ ਦਾ ਸਿਰ ਚਿਮਟ ਗਿਆ. ਕਾਸ਼ੀ ਵਿੱਚ ਆਕੇ ਕਪਾਲਮੋਚਨ ਤਾਲ ਪੁਰ ਸਿਰ ਹੱਥੋਂ ਲੱਥਾ। ੨. ਮਹਾਭਾਰਤ ਅਨੁਸਾਰ ਸਰਸ੍ਵਤੀ ਦੇ ਕਿਨਾਰੇ "ਔਸ਼ਨਸ" ਤੀਰਥ ਦਾ ਨਾਉਂ ਕਪਾਲਮੋਚਨ ਹੈ. ਸ਼੍ਰੀ ਰਾਮ ਚੰਦ੍ਰ ਕਰਕੇ ਵੱਢਿਆ ਹੋਇਆ ਇੱਕ ਦੈਤ ਦਾ ਸਿਰ ਮਹੋਦਰ ਰਿਖੀ ਦੀ ਟੰਗ ਨਾਲ ਚਿਮਟ ਗਿਆ ਸੀ, ਜੋ ਕਿਸੇ ਤੀਰਥ ਨ੍ਹਾਤੇ ਨਾ ਉਤਰਿਆ. ਇਸ ਥਾਂ ਸਨਾਨ ਕਰਨ ਤੋਂ ਸਿਰ ਟੰਗ ਨਾਲੋਂ ਲੱਥਾ. ਇਹ ਜਾਂ ਜਗਾਧਰੀ ਤੋਂ ਪੰਜ ਕੋਹ ਉੱਤਰ ਸਢੌਰੇ ਪਾਸ ਅੰਬਾਲੇ ਜਿਲੇ ਵਿੱਚ ਹੈ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਸੰਮਤ ੧੭੪੨ ਵਿੱਚ ਲੋਕਾਂ ਨੂੰ ਸ਼ੁਭ ਸਿਖਯਾ ਦੇਣ ਪਧਾਰੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ, ੨੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਪਿੰਡਾਂ ਵਿੱਚ ਹੈ. "ਇਕ ਕਪਾਲਮੋਚਨ ਸੁਭ ਤਾਲ। ਤਹਿਂ ਕੋ ਮੇਲਾ ਅਯੋ ਵਿਸਾਲ." (ਗੁਪ੍ਰਸੂ) ਕਪਾਲਮੋਚਨ ਤੀਰਥ "ਮਿਲਖ" ਪਿੰਡ ਦੀ ਜ਼ਮੀਨ ਵਿੱਚ ਹੈ. ਇਸ ਦੇ ਨਾਲ ਹੀ ਇੱਕ "ਰਿਣਮੋਚਨ" ਤਾਲ ਭੀ ਹਿੰਦੂਆਂ ਕਰਕੇ ਪਵਿਤ੍ਰ ਮੰਨਿਆ ਗਿਆ ਹੈ। ੩. ਮਹਾਭਾਰਤ ਅਨੁਸਾਰ ਇੱਕ ਰਿਖੀ ਦਾ ਨਾਉਂ ਕਪਾਲਮੋਚਨ ਹੈ....
ਦੇਖੋ, ਰਿਖਿ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਦੇਖੋ, ਅਹਲਿਆ ਅਤੇ ਗੌਤਮ ੪....
ਦੇਖੋ, ਬਿਭਚਾਰ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਕਦਮਾਂ. ਡਿੰਘਾਂ. "ਦੁਇ ਕਰਵਾ ਕਰ ਤਿੰਨ ਲੋਅ." (ਭਾਗੁ) ਵਾਮਨ ਨੇ ਤਿੰਨ ਲੋਕ ਦੋ ਕਦਮ ਕੀਤੇ। ੨. ਵਿ- ਕੜਵਾ. ਕੁਟ. ਕੌੜਾ। ੩. ਸੰਗ੍ਯਾ- ਮਿੱਟੀ ਦਾ ਲੋਟਾ. ਸੰ. ਕਰ੍ਕਾ. ਮੱਘਾ. "ਕਾਚੈ ਕਰਵੈ ਰਹੈ ਨ ਪਾਨੀ." (ਸੂਹੀ ਕਬੀਰ) "ਕਰਵੈ ਹੋਇ ਸੁ ਟੋਟੀ ਰੇਖੈ." (ਭਾਗੁ) ਜੋ ਲੋਟੇ ਵਿੱਚ ਹੈ, ਉਹੀ ਟੂਟੀ ਵਿੱਚੋਂ ਨਿਕਲਦਾ ਹੈ....
ਸੰ. ਅਹਲ੍ਯਾ. ਸੰਗ੍ਯਾ- ਵ੍ਰਿਧਾਸ਼੍ਵ ਦੀ ਪੁਤ੍ਰੀ ਅਤੇ ਗੌਤਮ (ਸ਼ਰਦਵਤ) ਦੀ ਇਸਤ੍ਰੀ ਜੋ, ਰਾਮਾਇਣ ਅਨੁਸਾਰ ਬ੍ਰਹਮਾ ਨੇ ਸਭ ਇਸਤ੍ਰੀਆਂ ਤੋਂ ਪਹਿਲਾਂ ਬਹੁਤ ਸੁੰਦਰ ਬਣਾਈ, ਇਹ ਪਤੀ ਦੇ ਸ੍ਰਾਪ ਨਾਲ ਸਿਲਾ ਰੂਪ ਹੋ ਗਈ ਅਤੇ ਰਾਮਚੰਦ੍ਰ ਜੀ ਤੋਂ ਮੁਕਤ ਹੋਈ. "ਗੋਤਮ ਨਾਰਿ ਅਹਲਿਆ ਤਾਰੀ." (ਮਾਲੀ ਨਾਮਦੇਵ) ਦੇਖੋ, ਗੌਤਮ ੪....