lēhīलेही
ਦੇਖੋ, ਲੇਹ ੧। ੨. ਇੱਕ ਜੱਟ ਜਾਤਿ। ੩. ਲੈਂਦਾ ਹੈ. ਲੇਹੀਂ. ਲੈਂਦੇ ਹਨ. "ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ." (ਸੂਹੀ ਕਬੀਰ)
देखो, लेह १। २. इॱक जॱट जाति। ३. लैंदा है. लेहीं. लैंदे हन. "डोरी पूरी मापहि नाही, बहु बिसटाला लेही." (सूही कबीर)
ਸੰਗ੍ਯਾ- ਕੰਡਿਆਰੀ. ਕੰਡੇਦਾਰ ਇੱਕ ਪੌਧਾ, ਜੋ ਹਾੜ੍ਹੀ ਦੀ ਫਸਲ ਵਿੱਚ ਹੁੰਦਾ ਹੈ. ਦੇਖੋ, ਕੰਡਿਆਰੀ। ੨. ਅੰਗੀਕਾਰ ਕਰਨ ਦਾ ਭਾਵ। ੩. ਸੰ. ਚੱਟਣ ਦੀ ਕ੍ਰਿਯਾ. ਦੇਖੋ, ਲਿਹ ਧਾ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰਗ੍ਯਾ- ਰੱਸੀ. ਖ਼ਾਸ ਕਰਕੇ ਖੂਹ ਤੋਂ ਪਾਣੀ ਕੱਢਣ ਵਾਲੇ ਡੋਲ ਨੂੰ ਬੱਧੀ ਲੱਜ. ਸੰ. दोलधृ ਦੋਲਧ੍ਰੀ। ੨. ਡੋਲੀ. ਪੜਦੇਦਾਰ ਝੰਪਾਨ. "ਦੂਰ ਟਿਕਾਇ ਉਤਰਕਰ ਡੋਰੀ." (ਗੁਪ੍ਰਸੂ) ਜਰੀਬ. ਜ਼ਮੀਨ ਮਿਣਨ ਦੀ ਰੱਸੀ ਅਥਵਾ ਜ਼ੰਜੀਰ. "ਡੋਰੀ ਪੂਰੀ ਮਾਪਹਿ ਨਾਹੀ." (ਸੂਹੀ ਕਬੀਰ) ੪. ਇਸਤ੍ਰੀਆਂ ਦੇ ਕੇਸ਼ ਗੁੰਦਣ ਦੀ ਰੇਸ਼ਮੀ ਅਥਵਾ ਰੰਗੀਨ ਸੂਤ ਉਂਨ ਆਦਿ ਦੀ ਰੱਸੀ। ੫. ਲਗਨ. ਪ੍ਰੀਤਿ. ਪ੍ਰੇਮਬੰਧਨ. "ਚਰਨਕਮਲ ਸੰਗਿ ਲਾਗੀ ਡੋਰੀ." (ਨਟ ਮਃ ੫) "ਡੋਰੀ ਲਪਟਰਹੀ ਚਰਨਹ ਸੰਗਿ." (ਸਾਰ ਮਃ ੫) "ਸੁੰਨਮੰਡਲ ਮਹਿ ਡੋਰੀ ਧਰੈ." (ਰਤਨਮਾਲਾ ਬੰਨੋ) ੬. ਸ਼ੁਹਰਤ. ਪ੍ਰਸਿੱਧੀ. "ਜਗਤ ਵਿੱਚ ਡੋਰੀ ਉੱਭਰ ਗਈ ਜੋ ਨਾਨਕ ਜੀ ਵਡਾ ਭਗਤ ਪੈਦਾ ਹੋਇਆ ਹੈ." (ਜਸਾ) ੭. ਵਿ- ਬੋਲੀ. ਬਹਿਰੀ. ਜਿਸ ਨੂੰ ਸੁਣਾਈ ਨਹੀਂ ਦਿੰਦਾ। ੮. ਕਬੀਰਪੰਥੀ ਆਪਣੇ ਭੇਖ ਦੀ ਸ਼ਾਖਾ ਨੂੰ ਭੀ ਡੋਰੀ ਆਖਦੇ ਹਨ, ਅਤੇ ਕਬੀਰਪੰਥ ਨੂੰ ਸਾਢੇ ਬਾਰਾਂ ਡੋਰੀਆਂ ਵਿੱਚ ਵੰਡਿਆ ਹੋਇਆ ਮੰਨਦੇ ਹਨ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਗੰਦਗੀ ਖਾਣ ਦੀ ਕ੍ਰਿਯਾ. ਭਾਵ- ਰਿਸ਼ਵਤ. ਵੱਢੀ. "ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ." (ਸੂਹੀ ਕਬੀਰ)...
ਦੇਖੋ, ਲੇਹ ੧। ੨. ਇੱਕ ਜੱਟ ਜਾਤਿ। ੩. ਲੈਂਦਾ ਹੈ. ਲੇਹੀਂ. ਲੈਂਦੇ ਹਨ. "ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ." (ਸੂਹੀ ਕਬੀਰ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....