ranguरंगु
ਦੇਖੋ, ਰੰਗ। ੨. ਪ੍ਰੇਮ. "ਸੰਤਾ ਸੇਤੀ ਰੰਗੁ ਨ ਲਾਏ." (ਮਾਝ ਮਃ ੫) ੩. ਆਨੰਦ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੪. ਰੰਕ (ਕੰਗਾਲ) ਲਈ ਭੀ ਰੰਗੁ ਸ਼ਬਦ ਆਇਆ ਹੈ. "ਰਾਣਾ ਰਾਉ ਨ ਕੋ ਰਹੈ, ਰੰਗੁ ਨ ਤੁੰਗੁ ਫਕੀਰੁ." (ਓਅੰਕਾਰ) ਦੇਖੋ, ਤੁੰਗ.
देखो, रंग। २. प्रेम. "संता सेती रंगु न लाए." (माझ मः ५) ३. आनंद. "रंगु माणिलै पिआरिआ." (स्री मः १) ४. रंक (कंगाल) लई भी रंगु शबद आइआ है. "राणा राउ न को रहै, रंगु न तुंगु फकीरु." (ओअंकार) देखो, तुंग.
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰ. सत्ता ਸੰਗ੍ਯਾ- ਹੋਂਦ. ਹਸ੍ਤੀ. ਹੋਣ ਦਾ ਭਾਵ। ੨. ਵਿਦ੍ਯਮਾਨਤਾ. ਮੌਜੂਦਗੀ। ੩. ਸ਼ਕਤਿ. ਸਾਮਰਥ੍ਯ। ੪. ਬਲਵੰਡ ਦਾ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ. "ਦਾਨੁ ਜਿ ਸਤਿਗੁਰੁ ਭਾਵਸੀ ਸੋ ਸਤੇ ਦਾਣੁ." (ਵਾਰ ਰਾਮ ੩)#ਇੱਕ ਵੇਰ ਇਨ੍ਹਾਂ ਦੋਹਾਂ ਭਾਈਆਂ ਨੂੰ ਲਾਲਚ ਅਤੇ ਅਭਿਮਾਨ ਨੇ ਅਜਿਹਾ ਗ੍ਰਸਿਆ ਕਿ ਗੁਰੁਦਰਬਾਰ ਵਿੱਚ ਕੀਰਤਨ ਕਰਨਾ ਛੱਡ ਦਿੱਤਾ. ਜਦ ਸਿੱਖਾਂ ਦੇ ਬੁਲਾਏ ਇਹ ਨਾ ਆਏ ਤਦ ਕ੍ਰਿਪਾਲੁ ਸਤਿਗੁਰੂ ਜੀ ਆਪ ਬੁਲਾਉਣ ਗਏ. ਇਸ ਪੁਰ ਉਨ੍ਹਾਂ ਨੇ ਕੇਵਲ ਪੰਜਵੇਂ ਗੁਰੂ ਜੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਗੁਰੂ ਨਾਨਕ ਦੇਵ ਦੀ ਭੀ ਨਿੰਦਾ ਕੀਤੀ, ਜਿਸ ਕਰਕੇ ਇਹ ਦਰਬਾਰੋਂ ਖਾਰਿਜ ਕੀਤੇ ਗਏ ਅਤੇ ਦੋਹਾਂ ਦੇ ਸ਼ਰੀਰ ਕੁਸ੍ਠੀ ਹੋ ਗਏ. ਅੰਤ ਨੂੰ ਪਰਉਪਕਾਰੀ ਭਾਈ ਲੱਧੇ ਨੇ ਇਨ੍ਹਾਂ ਨੂੰ ਬਖਸ਼ਵਾਇਆ. ਦੇਖੋ, ਲੱਧਾ ਭਾਈ.#ਇਨ੍ਹਾਂ ਦੀ ਰਚੀ ਹੋਈ ਰਾਮਕਲੀ ਦੀ ਤੀਜੀ ਵਾਰ ਹੈ. "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ."...
ਸਹਿਤ. ਸਾਥ. ਨਾਲ. "ਸੇਤੀ ਖਸਮ ਸਮਾਇ." (ਵਾਰ ਆਸਾ ਮਃ ੨) "ਮਨੁ ਮੇਰਾ ਦਿਆਲੁ ਸੇਤੀ ਥਿਰੁ ਨ ਰਹੈ." (ਆਸਾ ਮਃ ੧) ੨. ਸੇ. ਤੋਂ....
ਦੇਖੋ, ਰੰਗ। ੨. ਪ੍ਰੇਮ. "ਸੰਤਾ ਸੇਤੀ ਰੰਗੁ ਨ ਲਾਏ." (ਮਾਝ ਮਃ ੫) ੩. ਆਨੰਦ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੪. ਰੰਕ (ਕੰਗਾਲ) ਲਈ ਭੀ ਰੰਗੁ ਸ਼ਬਦ ਆਇਆ ਹੈ. "ਰਾਣਾ ਰਾਉ ਨ ਕੋ ਰਹੈ, ਰੰਗੁ ਨ ਤੁੰਗੁ ਫਕੀਰੁ." (ਓਅੰਕਾਰ) ਦੇਖੋ, ਤੁੰਗ....
ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. रङ्क. ਵਿ- ਕ੍ਰਿਪਣ. ਕੰਜੂਸ। ੨. ਮੂਰਖ. "ਸਾਧਸੰਗ ਰੰਕ ਤਾਰਨ." (ਬਿਲਾ ਮਃ ੫) ੩. ਕੰਗਾਲ. ਮੰਗਤਾ. "ਰੰਕ ਤੇ ਰਾਉ ਕਰਤ ਖਿਨ ਭੀਤਰਿ. (ਬਿਲਾ ਮਃ ੫)...
ਦੇਖੋ, ਕੰਕਾਲ ੨. ਭੁੱਖ ਦੇ ਮਾਰੇ ਜਿਸ ਦਾ ਮਾਸ ਸੁੱਕ ਗਿਆ ਹੈ, ਕੇਵਲ ਹੱਡੀਆਂ ਦਾ ਪਿੰਜਰ ਬਾਕੀ ਹੈ. ਭੁੱਖ ਨੰਗ ਦਾ ਮਾਰਿਆ ਹੋਇਆ। ੨. ਕੰ (ਸੁਖ) ਨੂੰ ਗਾਲ ਦੇਣ ਵਾਲਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਦੇਖੋ, ਰਾਜਨ. "ਰਾਣਾ ਰਾਉ ਨ ਕੋ ਰਹੈ." (ਓਅੰਕਾਰ)...
ਸੰਗ੍ਯਾ- ਉਪਰਾਜ. ਅਮੀਰ। ੨. ਮਹਾਰਾਸ੍ਟ੍ਰ ਅਤੇ ਰਾਜਪੂਤਾਨੇ ਵਿੱਚ ਅਮੀਰਾਂ ਦੀ ਇੱਕ ਪਦਵੀ. "ਰਾਜਾਰਾਉ ਕਿ ਖਾਨੁ." (ਸ੍ਰੀ ਅਃ ਮਃ ੧) ੩. ਰਾਜਾ....
ਦੇਖੋ, ਤੁੰਗ....
ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ....
ਸੰ. तुङ्ग. ਵਿ- ਉੱਚਾ। ੨. ਪ੍ਰਧਾਨ. ਮੁਖੀਆ. "ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰ." (ਓਅੰਕਾਰ) ਨਾ ਰੰਕ ਨਾ ਮੁਖੀਆ ਨਾ ਫ਼ਕ਼ੀਰ. ਦੇਖੋ, ਰੰਗੁ। ੩. ਸੰਗ੍ਯਾ- ਖੋਪੇ ਦਾ ਬਿਰਛ। ੪. ਪਹਾੜ। ੫. ਇੱਕ ਛੰਦ. ਦੇਖੋ, ਤੁਰੰਗਮ। ੬. ਅਮ੍ਰਿਤਸਰ ਪਾਸ ਇੱਕ ਪਿੰਡ, ਜਿਸ ਵਿੱਚ ਕੁਸ੍ਠੀ ਪਤੀ ਨੂੰ ਦੁਖਭੰਜਨੀ ਪਾਸ ਛੱਡਕੇ, ਪਤਿਵ੍ਰਤਾ ਇਸਤ੍ਰੀ ਭਿਖ੍ਯਾ ਲੈਣ ਗਈ ਸੀ। ੧. ਇੱਕ ਜੱਟ ਗੋਤ੍ਰ। ੮. ਫ਼ਾ. [تُنگ] ਬੋਰੀ. ਥੈਲੀ....