rorā, rorīरोरा, रोरी
ਸੰਗ੍ਯਾ- ਇੱਕ ਲਾਲ ਰੰਗ, ਜੋ ਕੇਸਰ ਆਦਿ ਤੋਂ ਅਥਵਾ ਹਲਦੀ ਚੂਨੇ ਦੇ ਮੇਲ ਤੋਂ ਬਣਦਾ ਹੈ ਰੋਲਾ. ਰੋਲੀ.¹ ਇਸ ਦਾ ਤਿਲਕ ਖ਼ਾਸ ਕਰਕੇ ਇਸਤ੍ਰੀਆਂ ਅਤੇ ਸ਼੍ਰੀ ਵੈਸਨਵ ਕਰਦੇ ਹਨ। ੨. ਦੇਖੋ, ਰੋੜਾ ਰੋੜੀ.
संग्या- इॱक लाल रंग, जो केसर आदि तों अथवा हलदी चूने दे मेल तों बणदा है रोला. रोली.¹ इस दा तिलक ख़ास करके इसत्रीआं अते श्री वैसनव करदे हन। २. देखो, रोड़ा रोड़ी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. ਸੰਗ੍ਯਾ- ਕੁੰਕੁਮ. ਕਸ਼ਮੀਰਜ. ਕੁੰਗੂ. "ਕੇਸਰ ਕੁਸਮ ਮਿਰਗਮੈ ਹਰਣਾ." (ਤਿਲੰ ਮਃ ੧) ੨. ਘੋੜੇ ਅਤੇ ਸ਼ੇਰ ਦੀ ਗਰਦਨ ਦੇ ਲੰਮੇ ਰੋਮ. ਅਯਾਲ। ੩. ਫੁੱਲ ਦੀ ਤਰੀ. ਇਹ ਸ਼ਬਦ ਕੇਸ਼ਰ ਭੀ ਸ਼ੁੱਧ ਹੈ। ੪. ਡਿੰਗ. ਮੌਲਸਰੀ. ਬਕੁਲ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਹਰਦੀ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਦੇਖੋ, ਰੋਰਾ ੧। ੨. ਇੱਕ ਛੰਦ. ਇਸ ਦਾ ਨਾਮ "ਕਾਵ੍ਯ" ਅਤੇ "ਬੱਥੂ" ਭੀ ਹੈ. ਲੱਛਣ ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ੧੧- ੧੩ ਪੁਰ ਵਿਸ਼੍ਰਾਮ. ਕੁੰਡਲੀਏ ਛੰਦ ਦੇ ਪਿਛਲੇ ਚਾਰ ਚਰਣ ਅਰ ਛੱਪਯ ਦੇ ਪਹਿਲੇ ਚਾਰ ਪਾਦ, ਰੋਲਾ ਛੰਦ ਦਾ ਰੂਪ ਹੈ. ਇਸ ਛੰਦ ਦੇ ਹਰੇਕ ਚਰਣ ਵਿੱਚ ਗਿਆਰਵੀਂ ਮਾਤ੍ਰਾ ਲਘੁ ਹੋਣੀ ਚਾਹੀਏ.#ਉਦਾਹਰਣ-#ਅਦਭੁਦ ਅਤਹਿ ਅਨੂਪ, ਰੂਪ ਪਾਰਸ ਕੈ ਪਾਰਸ,#ਗੁਰੁ ਅੰਗਦ ਮਿਲ ਅੰਗ, ਸੰਗ ਮਿਲ ਸੰਗ ਸੁਧਾਰਸ,#ਅਕਲ ਕਲਾ ਭਰਪੂਰ, ਸੂਤ੍ਰ ਗਤਿ ਓਤ ਪੋਤ ਮਹਿ,#ਜਗ ਮਗ ਜੋਤਿਸਰੂਪ, ਜੋਤਿ ਮਿਲ ਜੋਤਿ ਜੋਤਿ ਮਹਿ. (ਭਾਗੁ ਕ)...
ਦੇਖੋ, ਰੋਰਾ ੧। ੨. ਰੁਲਾਈ....
ਸੰ. तिलक. ਸੰਗ੍ਯਾ- ਤਿਲ ਦੇ ਫੁੱਲ ਵਾਂਙ ਜੋ ਸ਼ੋਭਾ ਦੇਵੇ, ਐਸਾ ਚੰਦਨ ਕੇਸਰ ਭਸਮ ਆਦਿ ਦਾ ਮੱਥੇ ਅਤੇ ਸ਼ਰੀਰ ਦੇ ਅੰਗਾਂ ਪੁਰ ਲਾਇਆ ਚਿੰਨ੍ਹ. ਟੀਕਾ. "ਗਲਿ ਮਾਲਾ ਤਿਲਕੁ ਲਿਲਾਟੰ." (ਵਾਰ ਆਸਾ) ਹਿੰਦੂਮਤ ਦੇ ਅਨੇਕ ਭੇਦ ਹੋਣ ਕਰਕੇ ਤਿਲਕਾਂ ਵਿੱਚ ਭੀ ਬਹੁਤ ਫ਼ਰਕ਼ ਹੈ. ਸ਼ੈਵ ਤ੍ਰਿਪੁੰਡ੍ਰ ਆੜਾ (ਟੇਢਾ) ਤਿਲਕ, ਅਤੇ ਵੈਸਨਵ ਖੜਾ ਤਿਲਕ (ਊਰਧਪੁੰਡ੍ਰ) ਲਗਾਉਂਦੇ ਹਨ. ਦੇਖੋ, ਤ੍ਰਿਪੁੰਡ੍ਰ.#ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੈਸਨਵ ਨੂੰ ੧੨. ਤਿਲਕ ਬਾਰਾਂ ਨਾਮ ਲੈਕੇ ਲਾਉਣੇ ਚਾਹੀਏ:-#ਕੇਸ਼ਵ ਨਾਮ ਲੈਕੇ ਮੱਥੇ ਉੱਪਰ, ਪੇਟ ਪੁਰ ਨਾਰਾਯਣ ਨਾਮ ਨਾਲ, ਛਾਤੀ ਪੁਰ ਮਾਧਵ, ਕੰਠ ਪੁਰ ਗੋਬਿੰਦ, ਸੱਜੀ ਕੁੱਖ ਪੁਰ ਵਿਸਨੁ, ਸੱਜੀ ਬਾਂਹ ਪੁਰ ਮਧੁਸੂਦਨ, ਸੱਜੇ ਕੰਧੇ ਪੁਰ ਤ੍ਰਿਵਿਕ੍ਰਮ, ਖੱਬੀ ਕੁੱਖ ਪੁਰ ਵਾਮਨ, ਖੱਬੀ ਬਾਂਹ ਪੁਰ ਸ੍ਰੀਧਰ, ਖੱਬੇ ਕੰਧੇ ਪੁਰ ਹ੍ਰਿਸੀਕੇਸ਼, ਪਿੱਠ ਤੇ ਪਦਮਨਾਭ ਅਤੇ ਕਮਰ ਪੁਰ ਦਾਮੋਦਰ ਨਾਮ ਉੱਚਾਰਣ ਕਰਕੇ ਤਿਲਕ ਕਰਨਾ ਚਾਹੀਏ. "ਬਾਰਹਿ ਤਿਲਕ ਮਿਟਾਇਕੈ ਗੁਰਮੁਖ ਤਿਲਕ ਨੀਸਾਣ ਚੜਾਇਆ." (ਭਾਗੁ) ੨. ਰਾਜਸਿੰਘਾਸਨ ਤੇ ਬੈਠਣ ਸਮੇਂ ਤਿਲਕ (ਟਿੱਕੇ) ਦੀ ਰਸਮ। ੩. ਵਿਆਹ ਦਾ ਸੰਬੰਧ ਪੱਕਾ ਕਰਨ ਲਈ ਵਰ ਦੇ ਮੱਥੇ ਟਿੱਕਾ ਲਾਉਣ ਦੀ ਕ੍ਰਿਯਾ। ੪. ਪੁੰਨਾਗ ਜਾਤਿ ਦਾ ਇੱਕ ਬਿਰਛ, ਜੋ ਬਸੰਤ ਰੁਤ ਵਿੱਚ ਫੁਲਦਾ ਹੈ. L. Clerodendrum phlomoides । ੫. ਮਰੂਆ। ੬. ਗ੍ਰੰਥ ਦੀ ਵ੍ਯਾਖ੍ਯਾ. ਟੀਕਾ। ੭. ਤਿਲ ਦਾ ਬੂਟਾ। ੮. ਗੜ੍ਹਸ਼ੰਕਰ ਨਿਵਾਸੀ ਭਾਈ ਤਿਲਕ, ਜੋ ਸਤਿਗੁਰੂ ਦਾ ਅਨੰਨ ਸਿੱਖ ਸੀ. ਇੱਕ ਯੋਗੀ, ਜੋ ਪ੍ਰਗਟ ਕਰਦਾ ਸੀ ਕਿ ਮੇਰੇ ਦਰਸ਼ਨ ਤੋਂ ਵੈਕੁੰਠ ਦੀ ਪ੍ਰਾਪਤੀ ਹੁੰਦੀ ਹੈ, ਭਾਈ ਤਿਲਕ ਪਾਸ ਆਇਆ, ਤਿਲਕ ਨੇ ਵਸਤ੍ਰ ਨਾਲ ਨੇਤ੍ਰ ਢਕ ਲਏ ਅਰ ਆਖਿਆ ਕਿ ਮੈਂ ਆਪਣੇ ਗੁਰਾਂ ਤੋਂ ਛੁੱਟ ਕਿਸੇ ਤੋਂ ਵੈਕੁੰਠ ਆਦਿ ਦੀ ਪ੍ਰਾਪਤੀ ਨਹੀਂ ਚਾਹੁੰਦਾ. "ਤਿਲਕ ਤਿਲੋਕਾ ਪਾਠਕਾ ਸਾਧਸੰਗਤਿ ਸੇਵਾ ਹਿਤਕਾਰਾ." (ਭਾਗੁ) ੯. ਵਿ- ਸ਼ਿਰੋਮਣਿ. ਪ੍ਰਧਾਨ. ਮੁਖੀਆ. "ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾਕੀ ਸਰਣੰ." (ਸਵੈਯੇ ਮਃ ੪. ਕੇ) ੧੦. ਤਿਲਮਾਤ੍ਰ. ਥੋੜਾ. ਤਿਲ- ਇਕ। ੧੧. ਤੁ. [تِرلیک] ਤਿਰਲੀਕ. ਸੰਗ੍ਯਾ- ਜਨਾਨਾ ਕੁੜਤਾ. ਫ਼ਰਾਖ਼ ਕੁੜਤੀ. "ਦਸ ਦਸ ਮਨ ਤਿਲਕੈਂ ਭਈ ਖਟ ਮਨ ਭਈ ਇਜਾਰ." (ਚਰਿਤ੍ਰ ੧੬੮) ਪਾਣੀ ਪੈਕੇ ਦਸ ਦਸ ਮਣ ਦੀਆਂ ਕੁੜਤੀਆਂ ਅਤੇ ਛੀ ਛੀ ਮਣ ਦੀਆਂ ਸੁੱਥਣਾਂ ਹੋ ਗਈਆਂ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਰੋੜ। ੨. ਇੱਟ ਪੱਥਰ ਆਦਿ ਦਾ ਛੋਟਾ ਟੁਕੜਾ. "ਰੋੜਾ ਹੁਇਰਹੁ ਬਾਤ ਕਾ." (ਸ. ਕਬੀਰ) ੩. ਇੱਕ ਜਾਤਿ. ਦੇਖੋ, ਅਰੋੜਾ....
ਸੰਗ੍ਯਾ- ਗੁੜ ਸ਼ੱਕਰ ਆਦਿ ਦੀ ਡਲੀ। ੨. ਰੋੜਾਂ ਵਾਲੀ ਜ਼ਮੀਨ। ੩. ਫੂਕੇ ਹੋਏ ਰੋੜ ਅਥਵਾ ਪੱਥਰ ਤੋਂ ਨਿਕਲੀ ਹੋਈ ਅਣਜਲੀ ਡਲੀ। ੪. ਰੋੜਾ ਜਾਤਿ ਦੀ ਇਸਤ੍ਰੀ ਅਰੋੜੀ। ੫. ਦੇਖੋ, ਰੋੜੀਸਾਹਿਬ...