mānakauraमानकौर
ਸਰਦਾਰ ਵਜੀਰਸਿੰਘ ਰਈਸ ਰੰਗੜ ਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ, ਜਿਸ ਦਾ ਜਨਮ ਮਾਘ ਵਦੀ ੭. ਸੰਮਤ ੧੮੮੩ ਨੂੰ ਹੋਇਆ. ਇਹ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਨੂੰ ਵਿਆਹੀ ਗਈ. ਇਸ ਦੀ ਕੁੱਖ ਤੋਂ ਰਾਜਾ ਭਰਪੂਰ ਸਿੰਘ ਅਤੇ ਭਗਵਾਨ ਸਿੰਘ ਜੀ ਜਨਮੇ. ਇਹ ਵਡੀ ਉਮਰ ਭੋਗਕੇ ੨. ਮਾਘ ਸੰਮਤ ੧੯੫੭ ਨੂੰ ਨਾਭੇ ਗੁਰਪੁਰਿ ਸਿਧਾਰੀ. ਮਹਾਰਾਜਾ ਹੀਰਾਸਿੰਘ ਜੀ ਇਸ ਦਾ ਸਨਮਾਨ ਆਪਣੀ ਸਕੀ ਮਾਤਾ ਤੋਂ ਭੀ ਵਧਕੇ ਕਰਦੇ ਸਨ.
सरदार वजीरसिंघ रईस रंगड़ नंगल (जिला गुरदासपुर) दी सुपुत्री, जिस दा जनम माघ वदी ७. संमत १८८३ नूं होइआ. इह राजा देवेंद्रसिंघ नाभापति नूं विआही गई. इस दी कुॱख तों राजा भरपूर सिंघ अते भगवान सिंघ जी जनमे. इह वडी उमर भोगके २. माघ संमत १९५७ नूं नाभे गुरपुरि सिधारी. महाराजा हीरासिंघ जी इस दा सनमान आपणी सकी माता तों भी वधके करदेसन.
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਰਾਣੀ ਚੰਦਕੌਰ ਦੇ ਉਦਰ ਤੋਂ ਰਾਜਾ ਪਹਾੜਸਿੰਘ ਫਰੀਦਕੋਟਪਤਿ ਦਾ ਸੁਪੁਤ੍ਰ. ਇਹ ਆਪਣੇ ਸਮੇਂ ਵਡਾ ਧਰਮਾਤਮਾ ਅਤੇ ਜਤੀ ਹੋਇਆ ਹੈ. ਇਸ ਨੇ ਪਰਇਸਤ੍ਰੀ ਵੱਲ ਕਦੇ ਬੁਰੀ ਨਜਰ ਨਾਲ ਨਹੀਂ ਤੱਕਿਆ ਸੀ. ਫਰੀਦਕੋਟ ਦੇ ਤੋਸ਼ੇਖ਼ਾਨੇ ਇਸ ਦੀ ਕੱਛ ਹੁਣ ਭੀ ਰੱਖੀ ਹੋਈ ਹੈ, ਜਿਸ ਦਾ ਨਾਲਾ ਪ੍ਰਸੂਤ ਦੀ ਪੀੜਾ ਵੇਲੇ ਲੋਕੀਂ ਧੋਕੇ ਪਿਆਉਂਦੇ ਹਨ. ਬਹੁਤ ਲੋਕਾਂ ਦਾ ਵਿਸ਼੍ਵਾਸ ਹੈ ਕਿ ਅਜੇਹਾ ਕਰਨ ਤੋਂ ਬੱਚਾ ਬਿਨਾ ਕਲੇਸ਼ ਦਿੱਤੇ ਪੈਦਾ ਹੋ ਜਾਂਦਾ ਹੈ. ਦੇਖੋ, ਫਰੀਦਕੋਟ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਇੱਕ ਪਿੰਡ, ਜੋ ਰਿਆਸਤ ਫਰੀਦਕੋਟ ਵਿੱਚ ਰੇਲਵੇ ਸਟੇਸ਼ਨ ਫਰੀਦਕੋਟ ਤੋਂ ਪੂਰਵ ੬. ਮੀਲ ਹੈ. ਇਸ ਪਿੰਡ ਵਿੱਚ ਭਾਈ ਭਗਵਾਨਸਿੰਘ ਦੇ ਘਰ ਇਹ ਗੁਰਵਸਤਾਂ ਹਨ-#(੧) ਚੋਲਾ, ਜਿਸ ਦਾ ਰੰਗ ਗੂੜ੍ਹਾ ਸੁਰਮਈ ਹੈ ਅਰ ਕਪੜਾ ਬਹੁਤ ਨਰਮ ਹੈ.#(੨) ਦਸ਼ਮੇਸ਼ ਜੀ ਦੇ ਚਰਣਾਂ ਦੇ ਜੋੜੇ ਦੇ ਦੋਵੇਂ ਪੈਰ, ਜਿਨ੍ਹਾਂ ਦੀ ਲੰਬਾਈ ੯ ਇੰਚ, ਚੌੜਾਈ ਪੰਜੇ ਤੋਂ ੩. ਇੰਚ ਹੈ, ਹੇਠਲਾ ਤਲਾ ਚਮੜੇ ਦਾ, ਉੱਪਰੋਂ ਕਮਖ਼ਾਬ ਦਾ, ਅੰਦਰਲੇ ਪਾਸੇ ਹਰੇ ਰੰਗ ਦਾ ਰੇਸ਼ਮੀ ਕਪੜਾ ਹੈ, ਜਿਸ ਤੇ ਪਹਿਰਣ ਦੇ ਨਸ਼ਾਨ ਨਜਰ ਔਂਦੇ ਹਨ. ਜੋੜੇ ਦੇ ਇੱਕ ਪੈਰ ਨਾਲ ਪੀਲੇ ਰੰਗ ਦਾ ਰੇਸ਼ਮੀ ਧਾਗਾ ਸਰਦਾਰ ਹਰੀਸਿੰਘ ਜੀ ਨਲੂਏ ਦਾ ਬੱਧਾਹੋਇਆ ਹੈ, ਜਦ ਕਿ ਉਨ੍ਹਾਂ ਨੇ ਦਰਸ਼ਨ ਕੀਤਾ ਸੀ.#(੩) ਬਾਟਾ, ਜਿਸ ਦਾ ਤੋਲ ਇੱਕ ਸੇਰ ਹੈ. ਡੂੰਘਾ ਦੋ ਇੰਚ, ਚੌੜਾ ਉੱਪਰੋਂ ੮ ਥੱਲਿਓਂ ੭. ਇੰਚ ਹੈ. ਇਹ ਕਈ ਧਾਤਾਂ ਦੇ ਮੇਲ ਤੋਂ ਬਣਿਆ ਹੈ.#ਇਹ ਵਸਤਾਂ ਦਸ਼ਮੇਸ਼ ਜੀ ਨੇ ਆਪਣੇ ਸਿੱਖ ਭਾਈ ਲਾਲਚੰਦ ਨੂੰ ਬਖਸ਼ੀਆਂ ਜੋ ਪਹਿਲਾਂ ਬੂੜੀਏ (ਅੰਬਾਲੇ) ਦਾ ਵਸਨੀਕ ਅਰ ਹਲਵਾਈ ਦੀ ਦੁਕਾਨ ਕੀਤਾ ਕਰਦਾ ਸੀ. ਫੇਰ ਆਨੰਦਪੁਰ ਜਾਕੇ ਗੁਰੂ ਜੀ ਦੀ ਸੇਵਾ ਵਿੱਚ ਰਿਹਾ ਅਰ ਭੰਗਾਣੀ ਦੇ ਜੰਗ ਵਿੱਚ ਵੀਰਤਾ ਦਿਖਾਈ.#ਜਦੋਂ ਗੁਰੂ ਜੀ ਮੁਕਤਸਰ ਵੱਲ ਆਏ ਤਾਂ ਉਸ ਨੇ ਘਰ ਜਾਣ ਦੀ ਆਗ੍ਯਾ ਮੰਗੀ, ਗੁਰੂ ਜੀ ਨੇ ਪ੍ਰਸੰਨ ਹੋਕੇ ਇਹ ਵਸਤਾਂ ਬਖਸ਼ੀਆਂ.#ਲਾਲਚੰਦ ਜੀ ਗੁਰੂਜੀ ਪਾਸੋਂ ਵਿਦਾ ਹੋਕੇ ਕੋਟਕਪੂਰੇ ਰਹਿਂਦੇ ਰਹੇ. ਫੇਰ ਉਨ੍ਹਾਂ ਦੀ ਸੰਤਾਨ ਨੰਗਲ ਪਿੰਡ ਆ ਵਸੀ. ਹੁਣ ਨੌਮੀ ਪੀੜ੍ਹੀ ਭਾਈ ਭਗਵਾਨਸਿੰਘ ਹੈ. ਦੇਖ, ਲਾਲਚੰਦ ੩....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਪੰਜਾਬ ਦੇ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਅੰਮ੍ਰਿਤਸਰ ਤੋਂ ਰੇਲ ਦੇ ਰਸਤੇ ੪੫ ਮੀਲ ਹੈ. ਇੱਥੇ ਬੰਦਾਬਹਾਦੁਰ ਨੂੰ ਅਬਦੁਲਸਮਦਖ਼ਾਨ ਨੇ ਵੀਹ ਹਜਾਰ ਫੌਜ ਨਾਲ ਘੇਰ ਲਿਆ ਸੀ ਅਤੇ ਫੜਕੇ ਦਿੱਲੀ ਭੇਜ ਦਿੱਤਾ ਸੀ, ਦੇਖੋ, ਬੰਦਾ ਬਹਾਦੁਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰਗ੍ਯਾ- ਮਘਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਦਾ ਮਹੀਨਾ। ੨. ਇੱਕ ਪ੍ਰਸਿੱਧ ਕਵਿ, ਜੋ ਦੱਤਕ ਦਾ ਪੁਤ੍ਰ "ਸ਼ਿਸ਼ੁਪਾਲਵਧ" ਕਾਵ੍ਯ ਦਾ ਕਰਤਾ ਹੋਇਆ ਹੈ.¹ ਦੇਖੋ, ਖਟਕਾਵ੍ਯ। ੩. ਮਗਧ ਦੇਸ਼ ਨੂੰ ਭੀ ਕਈ ਕਵੀਆਂ ਨੇ ਮਾਘ ਲਿਖਿਆ ਹੈ. "ਮਾਘ ਦੇਸ ਕੇ ਮਘੇਲੇ." (ਅਕਾਲ)...
ਬੁਰਿਆਈ. ਦੇਖੋ, ਬਦੀ ੨. "ਵਦੀ ਸੁ ਵਜਗਿ ਨਾਨਕਾ." (ਵਾਰ ਆਸਾ) ੨. ਬਹੁਲ ਦਿਨ ਦਾ ਸੰਖੇਪ. ਹਨੇਰਾ ਪੱਖ. ਦੇਖੋ, ਬਦੀ ੧. "ਹਾੜ ਵਦੀ ਪ੍ਰਿਥਮੈ ਸੁਖਦਾਵਨ." (ਰਾਮਾਵ) ੩. ਸ਼ਾਹਪੁਰੀ ਪੰਜਾਬੀ ਵਿੱਚ ਵਦੀ ਦਾ ਅਰਥ ਹੈ- ਜੋ ਹੋਂਦੀ ਹੈ, What happens....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਰਾਜਾ ਜਸਵੰਤ ਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ. ਇਹ ਪਿਤਾ ਦੇ ਮਰਣ ਪਿੱਛੋਂ ਅਠਾਰਾਂ ਵਰ੍ਹੇ ਦੀ ਉਮਰ ਵਿੱਚ ੫. ਅਕਤੂਬਰ ਸਨ ੧੮੪੦ ਨੂੰ ਗੱਦੀ ਤੇ ਬੈਠਾ. ਸਨ ੧੮੪੫ ਦੇ ਸਿੱਖਜੰਗ ਸਮੇਂ ਮੇਜਰ ਬ੍ਰਾਡਫੁਟ (Major Broadfoot) ਗਵਰਨਰ ਜਨਰਲ ਦੇ ਏਜੈਂਟ ਨੂੰ ਸ਼ੱਕ ਹੋਇਆ ਕਿ ਰਾਜਾ ਦੇਵੇਂਦ੍ਰਸਿੰਘ ਲਹੌਰ ਦੇ ਘਰ ਦਾ ਮਿਤ੍ਰ. ਅਤੇ ਸਾਡਾ ਹਿਤੂ ਨਹੀਂ ਹੈ. ਉਸ ਵੇਲੇ ਦੇ ਅੰਗ੍ਰੇਜ਼ੀ ਅਹੁਦੇਦਾਰਾਂ ਨੇ ਸਮੇਂ ਦੀ ਨੀਤੀ ਅਨੁਸਾਰ ਰਾਜਾ ਦੇਵੇਂਦ੍ਰ ਸਿੰਘ ਨੂੰ ਸੰਨ ੧੮੪੬ ਵਿਚ ਪੰਜਾਹ ਹਜਾਰ ਸਾਲਾਨਾ ਪੈਨਸ਼ਨ ਦੇਕੇ ਗੱਦੀਓਂ ਲਾਹ ਦਿੱਤਾ ਅਤੇ ਉਸ ਦੇ ਪੁਤ੍ਰ ਨੂੰ ਨਾਭੇ ਦੀ ਗੱਦੀ ਤੇ ਬੈਠਾਇਆ. ਰਾਜਾ ਦੇਵੇਂਦ੍ਰਸਿੰਘ ਨੂੰ ਪਹਿਲਾਂ ਮਥੁਰਾ ਰੱਖਿਆ, ਫੇਰ ੮. ਦਿਸੰਬਰ ਸਨ ੧੮੫੫ ਨੂੰ ਲਹੌਰ ਲੈ ਆਂਦਾ ਅਤੇ ਮਹਾਰਾਜਾ ਖੜਗ ਸਿੰਘ ਦੀ ਹਵੇਲੀ ਰਹਿਣ ਲਈ ਦਿੱਤੀ, ਜਿੱਥੇ ਨਵੰਬਰ ਸਨ ੧੮੬੫ ਵਿੱਚ ਇਸ ਦਾ ਦੇਹਾਂਤ ਹੋਇਆ. ਸਸਕਾਰ ਨਾਭੇ ਕੀਤਾ ਗਿਆ. ਦੇਖੋ, ਨਾਭਾ ਅਤੇ ਫੂਲਵੰਸ਼....
ਸੰਗ੍ਯਾ- ਪੇਟ। ੨. ਕੌਂਖ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩. ਗੁਫਾ. ਕੌਦਰਾ....
ਪਰਿਪੂਰ੍ਣ. ਸਰਵਵ੍ਯਾਪਕ. ਦੇਖੋ, ਭਰਪੁਰ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)...
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਦੇਖੋ, ਮਹਾਰਾਜ....
ਸੰ. सन्मान ਸੰਗ੍ਯਾ- ਆਦਰ. ਸਤਕਾਰ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....