bhēdachālaभेडचाल
ਸੰਗ੍ਯਾ- ਦੇਖਾ ਦੇਖੀ ਕਰਨ ਦੀ ਰੀਤਿ. ਬਿਨਾ ਵਿਚਾਰੇ ਕਿਸੇ ਦੀ ਪੈਰਵੀ ਕਰਨੀ, ਜਿਵੇਂ- ਇੱਕ ਭੇਡ ਪਿੱਛੇ ਸਾਰੀਆਂ ਲਗਤੁਰਦੀਆਂ ਹਨ, ਦੇਖੋ, ਨ੍ਯਾਯ ੨੨.
संग्या- देखा देखी करन दी रीति. बिना विचारे किसे दी पैरवी करनी, जिवें- इॱक भेड पिॱछे सारीआं लगतुरदीआं हन, देखो, न्याय २२.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਫ਼ਾ. [پیروی] ਸੰਗ੍ਯਾ- ਅਨੁਸਰਣ. ਕਿਸੇ ਦੇ ਪੈਰ ਪਿੱਛੇ ਤੁਰਨ ਦੀ ਕ੍ਰਿਯਾ। ੨. ਆਗ੍ਯਾਪਾਲਨ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਸੰ. ਭੇਡਾ ਅਤੇ ਭ੍ਰੇਡ. ਗਾਡਰ. "ਲੇਲੇ ਕਉ ਚੂੰਘੇ ਨਿਤ ਭੇਡ." (ਗਉ ਕਬੀਰ) ਦੇਖੋ, ਲੇਲਾ. ਸੰ. ਭਯੇਡਕ. ਜੰਗਲੀ ਮੀਢਾ....
ਸੰ. ਸੰਗ੍ਯਾ- ਯੋਗ੍ਯ ਬਾਤ. ਨੀਤਿ. ਇਨਸਾਫ਼। (ਅ) ਗੌਤਮ ਦਾ ਰਚਿਆ ਸ਼ਾਸਤ੍ਰ, ਜਿਸ ਦੀ ਦਰਸ਼ਨਾਂ ਵਿੱਚ ਗਿਣਤੀ ਹੈ. ਦੇਖੋ, ਖਟ ਸ਼ਾਸਤ੍ਰ.#(ੲ) ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ ਅਤੇ ਨਿਗਮਨ, ਇਨ੍ਹਾਂ ਪੰਜਾਂ ਅੰਗਾਂ ਵਾਲਾ ਵਾਕ.#(I) ਪਰਵਤ ਅਗਨਿ ਵਾਲਾ ਹੈ- ਪ੍ਰਤਿਗ੍ਯਾ.#(II) ਧੂੰਏਂ ਵਾਲਾ ਹੋਣ ਕਰਕੇ- ਹੇਤੁ.#(III) ਧੂੰਏਂ ਵਾਲਾ ਜਰੂਰ ਅੱਗ ਸਹਿਤ ਹੁੰਦਾ ਹੈ, ਜਿਸ ਤਰਾਂ ਰਸੋਈ ਘਰ- ਉਦਾਹਰਣ.#(IV) ਨੇਮ ਨਾਲ ਅੱਗ ਸਾਥ ਰਹਿਣ ਵਾਲੇ ਧੂੰਏਂ ਹੇਤੁ ਵਾਲਾ ਇਹ ਪਰਵਤ ਹੈ- ਉਪਨਯ.#(V) ਇਸ ਲਈ ਬਿਨਾ ਸੰਸੇ ਇਹ ਪਹਾੜ ਅੱਗ ਵਾਲਾ ਹੈ- ਨਿਗਮਨ.#(ਸ) ਦ੍ਰਿਸ੍ਟਾਂਤ ਵਾਕ੍ਯ. ਮਿਸਾਲ. ਕਹਾਵਤ. ਨ੍ਯਾਯਵਾਕਯ ਸਾਰੀਆਂ ਬੋਲੀਆਂ ਵਿੱਚ ਵਰਤੇਜਾਂਦੇ ਹਨ, ਅਰ ਇਹ ਅਨੰਤ ਹਨ. ਅਸੀਂ ਇੱਥੇ ਉਹ ਲਿਖਦੇ ਹਾਂ ਜੋ ਬਹੁਤ ਪ੍ਰਸਿੱਧ ਅਤੇ ਜਾਂਦਾ ਵਰਤੇ ਜਾਂਦੇ ਹਨ-#ਉਸ੍ਟ੍ਰ ਲਗੁੜ ਨ੍ਯਾਯ. ਉੱਠ ਉੱਤੇ ਲੱਦੀਆਂ ਲੱਕੜਾਂ ਵਿੱਚੋਂ ਇੱਕ ਡੰਡਾ ਲੈਕੇ ਜਿਵੇਂ ਉੱਠ ਨੂੰ ਸਿੱਧਾ ਕਰ ਲਈਦਾ ਹੈ. ਤਿਵੇਂ ਕਿਸੇ ਦੀ ਗੱਲ ਨੂੰ ਆਪਣੇ ਪੱਖ ਦੀ ਪੁਸ੍ਟੀ ਲਈ ਵਰਤੀਏ.#(੨) ਊਖਰ ਵਰਖਾ ਨ੍ਯਾਯ. ਜਿਵੇਂ ਕੱਲਰ ਵਿੱਚ ਮੀਂਹ ਕੁਝ ਫਲ ਨਹੀਂ ਦਿੰਦਾ, ਤਿਵੇਂ ਜਿਸ ਥਾਂ ਉਪਦੇਸ਼ ਆਦਿ ਦਾ ਕੁਝ ਅਸਰ ਨਾ ਹੋਵੇ.#(੩) ਅਗਨਿ ਧੂਮ ਨ੍ਯਾਯ. ਧੂੰਆਂ ਕਾਰਯ ਦੇਖਕੇ ਜਿਸ ਤਰਾਂ ਕਾਰਣਰੂਪ ਅਗਨਿ ਦਾ ਗ੍ਯਾਨ ਹੁੰਦਾ ਹੈ, ਇਸੇ ਤਰਾਂ ਕਾਰਯ ਦ੍ਵਾਰਾ ਕਾਰਣ ਜਾਣ ਲੈਣਾ.#(੪) ਅਰਣ੍ਯ ਰੋਦਨ ਨ੍ਯਾਯ. ਜੰਗਲ ਵਿੱਚ ਰੋਣਾ ਜੈਸੇ ਨਿਸਫਲ ਹੈ, ਉਸੇ ਤਰਾਂ ਜਿਸ ਥਾਂ ਕੋਈ ਗੱਲ ਸੁਣਨ ਵਾਲਾ ਨਾ ਹੋਵੇ ਅਤੇ ਵ੍ਯਾਖ੍ਯਾਨ ਕਰਤਾ ਵ੍ਰਿਥਾ ਸਿਰ ਖਪਾਵੇ.#(੫) ਅੰਧਗਜ ਨ੍ਯਾਯ. ਕਈ ਅੰਨ੍ਹਿਆਂ ਨੇ ਹਾਥੀ ਟੋਹਕੇ ਦੇਖਿਆ, ਪੂਛ ਟਟੋਲਣ ਵਾਲੇ ਨੇ ਹਾਥੀ ਰੱਸੇ ਜੇਹਾ, ਟੰਗ ਟਟੋਲਣ ਵਾਲੇ ਨੇ ਬਮਲੇ ਜੇਹਾ, ਕੰਨ ਸਪਰਸ਼ ਕਰਨ ਵਾਲੇ ਨੇ ਛੱਜ ਜੇਹਾ ਦੱਸਿਆ. ਇਸੇ ਤਰਾਂ ਜਿੱਥੇ ਬਾਤ ਦੀ ਅਸਲੀਯਤ ਜਾਣੇ ਬਿਨਾ ਲੋਕ ਆਪਣੀ ਅਟਕਲ ਨਾਲ ਕਲਪਣਾ ਕਰਨ, ਉੱਥੇ ਇਹ ਕਹਾਵਤ ਕਹੀ ਜਾਂਦੀ ਹੈ.#(੬) ਅੰਧ ਪਰੰਪਰਾ ਨ੍ਯਾਯ. ਬਿਨਾ ਸੋਚੇ, ਇੱਕ ਨੂੰ ਕੰਮ ਕਰਦੇ ਦੇਖਕੇ ਉਸੇ ਤਰਾਂ ਕਰਨ ਲਗਣਾ, ਵਿਚਾਰ ਬਿਨਾ ਪੁਰਾਣੀ ਲੀਹ ਤੇ ਤੁਰੇ ਜਾਣਾ.#(੭) ਅੰਧ ਪੰਗੁ ਨ੍ਯਾਯ. ਅੰਨ੍ਹਾ ਦੇਖ ਨਹੀਂ ਸਕਦਾ, ਪਿੰਗਲਾ ਚਲ ਨਹੀਂ ਸਕਦਾ, ਪਰ ਜੇ ਅੰਨ੍ਹਾ ਪਿੰਗਲੇ ਨੂੰ ਚੁੱਕ ਲਵੇ, ਤਦ ਜਿੱਥੇ ਚਾਹੁਣ ਪਹੁਚ ਸਕਦੇ ਹਨ. ਇਸੇ ਤਰਾਂ ਇੱਕ ਇੱਕ ਕਾਰਯ ਨੂੰ ਕਰਨ ਵਾਲੇ ਜਿੱਥੇ ਪਰਸਪਰ ਸਹਾਈ ਹੋਣ, ਉੱਥੇ ਇਹ ਨ੍ਯਾਯ ਵਰਤੀਦਾ ਹੈ.#(੮) ਏਕਾਕ੍ਸ਼ੀ ਤ੍ਰਿਣ ਨ੍ਯਾਯ. ਇੱਕ ਅੱਖੋਂ ਕਾਣਾ ਸੀ ਦੂਜੀ ਵਿੱਚ ਤਿਨਕਾ ਪੈਗਿਆ, ਇਸੇ ਤਰਾਂ ਪਹਿਲਾਂ ਹੀ ਕਿਸੇ ਗੱਲ ਵਿੱਚ ਕਮਜ਼ੋਰੀ ਹੋਵੇ, ਉੱਤੋਂ ਹੋਰ ਵਿਘਨ ਆ ਪਵੇ, ਤਦ ਉਸ ਮੌਕੇ ਇਹ ਕਹਾਵਤ ਵਰਤੀਦੀ ਹੈ.#(੯) ਸ਼ਮਸ਼੍ਰ ਕੰਟਕ ਨ੍ਯਾਯ. ਦਾੜੀ ਮੁੱਛ ਜੋ ਮੁਨਾਉਂਦੇ ਹਨ ਉਨ੍ਹਾਂ ਦੇ ਰੋਮ ਕੰਡੇ ਜੇਹੇ ਤਿੱਖੇ ਉਗਦੇ ਹਨ, ਅਜੇਹੇ ਲੋਕ ਜਦ ਬੱਚਿਆਂ ਨੂੰ ਪ੍ਯਾਰ ਨਾਲ ਚੁੰਮਦੇ ਹਨ ਤਦ ਕੰਡਿਆਂ ਤੋਂ ਦੁਖੇ ਹੋਏ ਬੱਚੇ ਰੋ ਉਠਦੇ ਹਨ. ਜੋ ਪ੍ਯਾਰ ਦਿਖਾਕੇ ਦੁਖ ਦੇਵੇ ਉਸ ਲਈ ਇਹ ਕਹਾਵਤ ਵਰਤੀਦੀ ਹੈ.#(੧੦) ਸਮੁਦ੍ਰ ਵਰਖਾ ਨ੍ਯਾਯ. ਜੈਸੇ ਸਮੁਦ੍ਰ ਵਿੱਚ ਮੀਂਹ ਉਪਕਾਰੀ ਨਹੀਂ ਦਿਸਦਾ, ਤੈਸੇ ਜਿਸ ਥਾਂ ਕਿਸੇ ਗੱਲ ਦੀ ਜਰੂਰਤ ਨਾ ਹੋਵੇ ਉਸ ਥਾਂ ਇਹ ਨ੍ਯਾਯ ਕਿਹਾ ਜਾਂਦਾ ਹੈ.#(੧੧) ਸਿੰਘਾਵਲੋਕਨ ਨ੍ਯਾਯ. ਜੈਸੇ ਸ਼ੇਰ ਸ਼ਿਕਾਰ ਨੂੰ ਮਾਰਕੇ ਜਦ ਅੱਗੇ ਵਧਦਾ ਹੈ, ਤਦ ਫਿਰ ਫਿਰ ਪਿੱਛੇ ਵੇਖਦਾ ਹੈ, ਤੈਸੇ ਕਿਸੇ ਬਾਤ ਪੁਰ ਬਾਰ ਬਾਰ ਧ੍ਯਾਨ ਦੇਣਾ.#(੧੨) ਸੁੰਦੋਪਸੁੰਦ ਨ੍ਯਾਯ. ਸੁੰਦ ਅਤੇ ਉਪਸੁੰਦ ਦੋਵੇਂ ਭਾਈ ਤਿਲੋਤੱਮਾ ਅਪਸਰਾ ਨੂੰ ਵਰਣਾ ਚਾਹੁੰਦੇ ਸਨ. ਤਿਲੋਤੱਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਬਲੀ ਸਾਬਤ ਹੋਵੇਗਾ ਮੈ ਉਸ ਨੂੰ ਵਰਾਂਗੀ. ਇਸ ਪੁਰ ਆਪੋ ਵਿੱਚੀ ਵਿੱਚੀ ਲੜਕੇ ਕਟ ਮੋਏ. ਇਸੇ ਤਰਾਂ ਪਰਸਪਰ ਦੀ ਫੁੱਟ ਨਾਲ ਜਿੱਥੇ ਦੋਹਾਂ ਧਿਰਾਂ ਨੂੰ ਹਾਨੀ ਪਹੁਚੇ, ਉਸ ਥਾਂ ਇਹ ਕਹਾਵਤ ਵਰਤੀਦੀ ਹੈ.#(੧੩) ਸੂਚੀ ਕਟਾਹ ਨ੍ਯਾਯ. ਲੁਹਾਰ ਨੂੰ ਇੱਕ ਨੇ ਕੜਾਹਾ ਬਣਾਉਣ ਲਈ ਆਖਿਆ, ਦੂਜੇ ਨੇ ਆਕੇ ਸੂਈ ਬਣਾਉਣ ਲਈ ਕਿਹਾ. ਲੁਹਾਰ ਨ ਪਹਿਲਾਂ ਸੂਈ ਬਣਾਕੇ ਫੇਰ ਕੜਾਹਾ ਬਣਾਉਣਾ ਆਰੰਭਿਆ. ਇਸੇ ਤਰਾਂ ਪਹਿਲੇ ਸਹਿਜ ਕੰਮ ਨੂੰ ਕਰਕੇ ਫੇਰ ਬੜੇ ਕੰਮ ਨੂੰ ਹੱਥ ਪਾਉਣਾ ਠੀਕ ਹੁੰਦਾ ਹੈ.#(੧੪) ਸ੍ਥਾਲੀ ਤੰਡੁਲ ਨ੍ਯਾਯ. ਵਲਟੋਹੀ ਵਿੱਚੋਂ ਇੱਕ ਚਾਉਲ ਦੇਖਣ ਤੋਂ ਜਿਵੇਂ ਸਾਰੀ ਦੇਗ ਦੇ ਰਿੱਝੇ ਚਾਉਲਾਂ ਦਾ ਪਤਾ ਲਗਦਾ ਹੈ, ਤਿਵੇਂ ਕਿਸੇ ਇੱਕ ਬਾਤ ਦੇ ਗ੍ਯਾਨ ਤੋਂ ਸਾਰਾ ਹਾਲ ਜਾਣਲੈਣਾ.#(੧੫) ਸ੍ਥੂਣਾ ਨਿਖਨਨ ਨ੍ਯਾਯ. ਜੈਸੇ ਥੰਮ੍ਹੀ ਨੂੰ ਗੱਡਣ ਵੇਲ ਦ੍ਰਿੜ੍ਹ ਕਰਣ ਲਈ ਤੋਕੇ ਬਾਰ ਬਾਰ ਹਿਲਾਕੇ ਦੇਖੀਦਾ ਹੈ, ਤੈਸੇ ਆਪਣੇ ਪੱਖ ਦੀ ਯੁਕਤੀ ਉਕਤੀ ਨਾਲ ਦ੍ਰਿੜ੍ਹਤਾ ਕਰਨੀ.#(੧੬) ਕਦਲੀ ਫਲ ਨ੍ਯਾਯ. ਕੇਲਾ ਕੱਟੇ ਤੋਂ ਹੀ ਜਾਦਾ ਫਲਦਾ ਹੈ, ਤੈਸੇ ਨੀਚ ਦੰਡ ਤੋਂ ਹੀ ਲਾਭ ਦਿੰਦਾ ਹੈ.#(੧੭) ਕਰ ਕੰਕਨ ਨ੍ਯਾਯ. ਕੰਕਨ ਕਹਿਣ ਤੋਂ ਹੀ ਕਰ (ਹੱਥ) ਦਾ ਗਹਿਣਾ ਜਾਣਿਆ ਜਾਂਦਾ ਹੈ, ਇਸ ਲਈ ਕਰ ਸ਼ਬਦ ਨਿਸਫਲ ਹੈ, ਪਰ ਐਸਾ ਬੋਲਿਆ- ਜਾਂਦਾ ਹੈ. ਇਸੇ ਤਰਾਂ ਜਿੱਥੇ ਬਾਤ ਨੂੰ ਸਪਸ੍ਟ ਕਰਨ ਲਈ ਕੁਝ ਵਾਧੂ ਸ਼ਬਦ ਕਹੀਏ, ਉਸ ਥਾਂ ਇਹ ਨ੍ਯਾਯ ਵਰਤੀਦਾ ਹੈ.#(੧੮) ਕਾਕਤਾਲੀਯ ਨ੍ਯਾਯ. ਤਾਲ ਬਿਰਛ ਪੁਰ ਕਾਉਂ ਬੈਠਾ ਸੀ, ਉਸ ਦੇ ਉਡਾਉਣ ਲਈ ਤਾਲੀ ਵਜਾਈ, ਜਿਸ ਤੋਂ ਕਾਉਂ ਉਡ ਗਿਆ ਅਰ ਕਾਉਂ ਦੇ ਉਡਮ ਦੀ ਹਰਕਤ ਤੋਂ ਜੋ ਬਹੁਤ ਪੱਕਾ ਫਲ ਸੀ, ਉਹ ਸ਼ਾਖਾ ਤੋਂ ਟੁੱਟਕੇ ਡਿਗ ਪਿਆ. ਐਸੇ ਹੀ ਭਾਵੇਂ ਦੋ ਗੱਲਾਂ ਦਾ ਪਰਸਪਰ ਸਿੱਧਾ ਸੰਬੰਧ ਨਾ ਹੋਵੇ, ਪਰ ਇੱਕ ਸਮੇਂ ਵਿੱਚ ਹੋਜਾਣ, ਤਦ ਇਹ ਕਹਾਵਤ ਵਰਤੀਦੀ ਹੈ.#(੧੯) ਕੂਪ ਮੰਡੂਕ ਨ੍ਯਾਯ. ਸਮੁੰਦਰ ਦਾ ਡੱਡੂ ਕਿਸੇ ਖੂਹ ਵਿੱਚ ਡਿੱਗ ਪਿਆ, ਖੂਹ ਦੇ ਡੱਡੂ ਨੇ ਪੁੱਛਿਆ ਤੇਰਾ ਸਮੁੰਦਰ ਕਿਤਨਾ ਵਡਾ ਹੈ, ਉਸ ਨੇ ਆਖਿਆ ਬਹੁਤ ਵਡਾ ਹੈ. ਕੂਏ ਦੇ ਡੱਡੂ ਨੇ ਕਿਹਾ ਕਿ ਕੀ ਇਸ ਖੂਹ ਜਿੰਨਾ ਹੈ? ਸਮੁੰਦਰ ਦੇ ਮੇਂਡਕ ਨੇ ਇਸ ਪਰ ਖੂਹ ਦੇ ਡੱਡੂ ਨੂੰ ਕਿਹਾ ਕਿੱਥੇ ਇਹ ਤੁੱਛ ਖੂਹ ਅਰ ਕਿੱਥੇ ਮਹਾਨ ਸਮੁੰਦਰ! ਇਸ ਪੁਰ ਖੂਹ ਦੇ ਡੱਡੂ ਨੇ ਕਿਹਾ ਕਿ ਤੂੰ ਝੂਠਾ ਹੈਂ, ਇਸ ਖੂਹ ਤੋਂ ਵਡਾ ਸਮੁੰਦਰ ਕਿਸ ਤਰਾਂ ਹੋ ਸਕਦਾ ਹੈ? ਇਸੇ ਤਰਾਂ ਜਿੱਥੇ ਥੋੜੇ ਗ੍ਯਾਨ ਵਾਲਾ ਵਡੇ ਗ੍ਯਾਨੀ ਦੀ ਗੱਲ ਨਹੀਂ ਮੰਨਦਾ ਅਤੇ ਤਰਕ ਕਰਦਾ ਹੈ, ਉਸ ਥਾਂ ਇਹ ਕਹਾਵਤ ਆਖੀ ਜਾਂਦੀ ਹੈ.#(੨੦) ਕੈਮੁਤਿੱਕ ਨ੍ਯਾਯ. ਜਿਸ ਨੇ ਵਡਾ ਕੰਮ ਕਰ ਲਿਆ ਉਸ ਨੇ ਛੋਟਾ ਕਰਨ ਵਿੱਚ ਕੀ ਕਠਿਨਾਈ ਹੈ. ਐਸੀ ਕਹਾਵਤ ਜਿਸ ਥਾਂ ਆਖੀਏ, ਇਹ ਕੈਮੁਤਿੱਕ ਨ੍ਯਾਯ ਹੈ.#(੨੧) ਕੰਠ ਚਾਮੀਕਰ ਨ੍ਯਾਯ. ਕਿਸੇ ਦੇ ਗਲ ਗਹਿਣਾ ਹੋਵੇ, ਪਰ ਉਸ ਨੂੰ ਭ੍ਰਮ ਹੋਜਾਵੇ ਕਿ ਖੋਇਆ ਗਿਆ ਹੈ ਅਰ ਢੂੰਡਦਾ ਵ੍ਯਾਕੁਲ ਹੋਜਾਵੇ. ਇਸੇ ਤਰਾਂ ਵਸ੍ਤੁ ਦੇ ਪਾਸ ਹੋਣ ਪਰ ਜੋ ਅਗ੍ਯਾਨ ਕਰਕੇ ਨਾ ਹੋਣੀ ਸਮਝੇ, ਉਸ ਥਾਂ ਇਹ ਨ੍ਯਾਯ ਆਖੀਦਾ ਹੈ.#(੨੨) ਗੱਡੂਰਿ ਪ੍ਰਵਾਹ ਨ੍ਯਾਯ. ਦੇਖੋ, ਭੇਡਚਾਲ.#(੨੩) ਗੁੜ ਔਖਧ ਨ੍ਯਾਯ. ਕੌੜੀ ਦਵਾ ਬਾਲਕ ਨੂੰ ਗੁੜ ਦਾ ਲਾਲਚ ਦੇਕੇ ਪਿਆਈਦੀ ਹੈ, ਤੈਸੇ ਕਿਸੇ ਨੂੰ ਕਿਸੇ ਕੰਮ ਲਈ ਰੁਚਿ ਦਿਵਾਕੇ ਤਿਆਰ ਕਰਨਾ.#(੨੪) ਘਟ ਦੀਪਕ ਨ੍ਯਾਯ. ਘੜੇ ਦਾ ਦੀਵਾ ਅੰਦਰ ਹੀ ਰੌਸ਼ਨੀ ਕਰਦਾ ਹੈ, ਤੈਸੇ ਜੋ ਆਪਣਾ ਹੀ ਭਲਾ ਚਾਹੁੰਦਾ ਹੈ ਦੂਜੇ ਨੂੰ ਵਿਦ੍ਯਾ ਆਦਿ ਨਾਲ ਲਾਭ ਨਹੀਂ ਪਹੁਚਾਉਂਦਾ, ਉਸ ਲਈ ਇਹ ਕਹਾਵਤ ਹੈ.#(੨੫) ਘਣ ਅੱਖਰਨ੍ਯਾਯ, ਘੁਣਾਕ੍ਸ਼੍ਰ ਨ੍ਯਾਯ. ਜੈਸੇ ਲੱਕੜ ਦਾ ਕੀੜਾ (ਘੁਣਾ) ਲੱਕੜ ਨੂੰ ਖਾਂਦਾ ਹੈ ਤਾਂ ਉਸ ਤੋਂ ਕਦੇ ਕਦੇ ਅਚਾਨਕ ਅੱਖਰਾਂ ਦੀ ਸ਼ਕਲ ਬਣਜਾਂਦੀ ਹੈ. ਇਸੇ ਤਰਾਂ ਕੋਈ ਕੰਮ ਬਿਨਾ ਧ੍ਯਾਨ ਸੁਤੇ ਹੀ ਹੋਜਾਵੇ, ਉੱਥੇ ਇਹ ਦ੍ਰਿਸ੍ਟਾਂਤ ਵਰਤੀਦਾ ਹੈ.#(੨੬) ਜਲ ਤਰੰਗਨ੍ਯਾਯ. ਤਰੰਗ ਨਾਮ ਜੁਦਾ ਹੋਣ ਪੁਰ ਭੀ ਉਹ ਜਲ ਤੋਂ ਭਿੰਨ ਨਹੀਂ. ਐਸੇ ਹੀ ਅਭੇਦ ਪ੍ਰਗਟ ਕਰਨ ਲਈ ਇਹ ਨ੍ਯਾਯ ਵਰਤੀਦਾ ਹੈ.#(੨੭) ਜਲ ਤੂੰਬੀ ਨ੍ਯਾਯ. ਕਿਸੇ ਨੇ ਤੂੰਬੀ ਪਾਣੀ ਵਿੱਚ ਲੁਕੋਈ, ਉਹ ਝਟ ਉੱਪਰ ਆਗਈ. ਇਸੇ ਤਰਾਂ ਜੋ ਗੱਲ ਲੁੱਕ ਨਹੀਂ ਸਕਦੀ, ਉਸ ਦੇ ਲੁਕੋਣ ਦਾ ਯਤਨ ਕਰਨਾ.#(੨੮) ਤਿਲਤੰਡੁਲ ਨ੍ਯਾਯ. ਤਿਲ ਅਤੇ ਚਾਵਲ ਮਿਲਾਕੇ ਰੱਖਣ ਪੁਰ ਭੀ ਜੁਦੇ ਭਾਸਦੇ ਹਨ, ਤੈਸੇ ਅਨਮੇਲ ਪਦਾਰਥ ਕਦੇ ਅਭਿੰਨ ਨਹੀਂ ਹੋ ਸਕਦੇ.#(੨੯) ਦੇਹਲੀ ਦੀਪਕ ਨ੍ਯਾਯ. ਦੇਹਲੀ ਉੱਪਰ ਰੱਖਿਆ ਦੀਵਾ ਅਤੇ ਬਾਹਰ ਰੌਸ਼ਨੀ ਕਰਦਾ ਹੈ, ਤੈਸੇ ਇੱਕ ਬਾਤ ਦੋ ਗੁਣਾਂ ਨੂੰ ਪ੍ਰਗਟ ਕਰੇ ਅਥਵਾ ਇੱਕ ਸ਼ਬਦ ਦੋਹੀਂ ਪਾਸੀਂ ਅਰਥ ਸਿੱਧ ਕਰੇ, ਤਦ ਇਹ ਨ੍ਯਾਯ ਬੋਲੀਦਾ ਹੈ.#(੩੦) ਦੰਡ ਚਕ੍ਰ ਨ੍ਯਾਯ. ਜੈਸੇ ਘੜਾ ਬਣਾਉਣ ਲਈਂ ਚੱਕ ਡੰਡਾ ਆਦਿ ਅਨੇਕ ਸਾਮਾਨ ਸਹਾਇਕ ਹੁੰਦੇ ਹਨ, ਤੈਸੇ ਜੋ ਬਾਤ ਅਨੇਕ ਕਾਰਣਾਂ ਤੋਂ ਸਿੱਧ ਹੋਵੇ ਉੱਥੇ ਇਹ ਮਿਸਾਲ ਆਉਂਦੀ ਹੈ.#(੩੧) ਪਿਸ੍ਟ ਪੇਸਣ ਨ੍ਯਾਯ. ਪੀਠੇ ਨੂੰ ਪੀਹਣਾ. ਨਿਰਰਥਕ ਹੈ, ਤੈਸੇ ਕੀਤੇ ਹੋਏ ਕੰਮ ਨੂੰ ਫਿਰ ਕਰਨਾ ਨਿਸਫਲ ਹੈ. ਕਿਸੇ ਬਾਤ ਨੂੰ ਬਾਰ ਬਾਰ ਦੁਹਰਾਉਣਾ ਲਾਭਦਾਇਕ ਨਹੀਂ.#(੩੨) ਮੰਡੂਕ ਤੋਲਨ ਨ੍ਯਾਯ. ਕੋਈ ਬਾਣੀਆਂ ਡੱਡੂ ਨੂੰ ਸਾਮਾਨ ਵਾਲੇ ਪਲੜੇ ਵਿੱਚ ਰੱਖਕੇ ਵਸਤੂ ਤੋਲਦਾ ਸੀ ਤਾਕਿ ਵਸਤੁ ਘੱਟ ਦਿੱਤੀਜਾਵੇ. ਡੱਡੂ ਟੱਪਕੇ ਬਾਹਰ ਚਲਾਗਿਆ ਜਿਸ ਤੋਂ ਵਸਤੁ ਦਾ ਵਜਨ ਘਟ ਗਿਆ, ਇਸੇਤਰਾਂ ਛਲ ਨਾਲ ਕੀਤੀ ਬਾਤ ਪ੍ਰਗਟ ਹੋਜਾਂਦੀ ਹੈ.#ਅਥਵਾ- ਜੈਸੇ ਡੱਡੂ ਕੱਠੇ ਕਰਕੇ ਤੋਲੀਏ ਤਦ ਤੋਲੇ ਨਹੀਂ ਜਾਂਦੇ, ਕ੍ਯੋਂਕਿ ਉਹ ਨਿਚਲੇ ਹੋਕੇ ਨਹੀਂ ਬੈਠਦੇ. ਇੱਕ ਨੂੰ ਬੈਠਾਓ ਚਾਰ ਕੁੱਦਕੇ ਬਾਹਰ ਹੋ ਜਾਂਦੇ ਹਨ. ਇਸੇ ਤਰਾਂ ਆਪਮੁਹਾਰੀ ਮੂਰਖਮੰਡਲੀ ਤੋਂ ਕੋਈ ਕਾਰਯ ਸਿੱਧਾ ਨਹੀਂ ਹੁੰਦਾ.#(੩੩) ਮ੍ਰਿਗ ਕਸਤੂਰੀ ਨ੍ਯਾਯ. ਕਸਤੂਰੀ ਮ੍ਰਿਗ ਦੀ ਨਾਭਿ ਵਿੱਚ ਹੈ, ਪਰ ਭਾਲਦਾ ਹੈ ਜੰਗਲ ਵਿੱਚ. ਇਸੇ ਤਰਾਂ ਆਪਣੇ ਪਾਸ ਹੁੰਦੇ ਆਨੰਦ ਨੂੰ ਹੋਰ ਥਾਂ ਮੰਨਣਾ.#(੩੪) ਰੱਜੂ ਸਰਪ ਨ੍ਯਾਯ. ਜਦ ਤੀਕ ਯਥਾਰਥ ਗ੍ਯਾਨ ਨਹੀਂ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ. ਇਸੇ ਤਰਾਂ ਬ੍ਰਹਮਗ੍ਯਾਨ ਬਿਨਾ ਦ੍ਰਿਸ਼੍ਯ ਜਗਤ ਨੂੰ ਸਤ੍ਯ ਜਾਣਦਾ ਹੈ. ਕਿਸੇ ਵਸ੍ਤੁ ਦੀ ਅਸਲੀਅਤ ਸਮਝੇ ਬਿਨਾ ਭ੍ਰਮ ਦੂਰ ਨਹੀਂ ਹੁੰਦਾ.#(੩੫) ਲੋਹ ਚੁੰਬਕ ਨ੍ਯਾਯ. ਲੋਹਾ ਜੜ੍ਹ ਹੋਣ ਪੁਰ ਭੀ ਚੁੰਬਕ ਦੇ ਖਿੱਚਣ ਤੋਂ ਉਸ ਪਾਸ ਜਾਂਦਾ ਹੈ, ਤੈਸੇ ਕ੍ਰਿਯਾ ਰਹਿਤ ਪੁਰੁਸ ਪ੍ਰਕ੍ਰਿਤਿ ਦੇ ਸੰਯੋਗ ਕਰਕੇ ਚੇਸ੍ਟਾ ਕਰਦਾ ਹੈ. ਇਹ ਨ੍ਯਾਯ ਸਾਂਖ੍ਯ ਵਾਲੇ ਵਰਤਦੇ ਹਨ.#(੩੬) ਵਾਰਿਧਿ ਟਿੱਟਭ ਨ੍ਯਾਯ. ਕਹਾਵਤ ਹੈ ਕਿ ਸਮੁੰਦਰ ਨੇ ਇੱਕ ਵਰਾ ਟਟੀਹਰੀ ਦੇ ਆਂਡੇ ਡੋਬਲਏ. ਟਟੀਹਰੀ ਨੇ ਸਾਰੇ ਪੰਛੀਆਂ ਨੂੰ ਸਾਥ ਮਿਲਾਕੇ ਸਮੁੰਦਰ ਦੇ ਸੁਕਾਉਣ ਦਾ ਯਤਨ ਕੀਤਾ. ਅੰਤ ਨੂੰ ਗਰੁੜ ਦੀ ਸਹਾਇਤਾ ਨਾਲ ਸਮੁੰਦਰ ਨੂੰ ਲੱਜਿਤ ਕਰਕੇ ਆਂਡੇ ਹਾਸਿਲ ਕੀਤੇ. ਇਸ ਦਾ ਭਾਵ ਹੈ ਕਿ ਪੁਰੁਸਾਰਥ ਅਤੇ ਏਕਾ ਸਾਰੇ ਕੰਮ ਕਰ ਦਿੰਦਾ ਹੈ.#(੩੭) ਵਿਲ (ਵਿਲ੍ਵ) ਖਲ੍ਵਾਟ ਨ੍ਯਾਯ. ਧੁੱਪ ਨਾਲ ਵ੍ਯਾਕੁਲ ਹੋਇਆ ਗੰਜਾ ਆਰਾਮ ਲਈ ਬਿਲ ਦੇ ਬਿਰਛ ਹੇਠ ਗਿਆ. ਉਸ ਥਾਂ ਬਿਲ ਦਾ ਫਲ ਟੁੱਟਕੇ ਟੋਟਣ ਵਿੱਚ ਲੱਗਾ. ਜਿੱਥੇ ਸੁਖ ਦਾ ਸਾਧਨ ਕਰਦੇ ਦੁਖ ਖੜਾ ਹੋ ਜਾਵੇ, ਉਸ ਥਾਂ ਇਹ ਕਹਾਵਤ ਆਖੀਦੀ ਹੈ.#(੩੮) ਵੀਜਾਂਕੁਰ ਨ੍ਯਾਯ. ਵੀਜ ਤੋਂ ਅੰਕੁਰ ਹੈ ਜਾਂ ਅੰਕੁਰ ਤੋਂ ਵੀਜ. ਜੈਸੇ ਇਹ ਠੀਕ ਨਹੀਂ ਕਿਹਾ ਜਾ ਸਕਦਾ, ਤੈਸੇ ਦੋ ਸੰਬੰਧ ਵਸਤੂਆਂ ਦੇ ਨਿਤ੍ਯਪ੍ਰਵਾਹ ਦੇ ਦਿਸ੍ਟਾਂਤ ਵਿੱਚ ਵੇਦਾਂਤੀ ਇਹ ਨ੍ਯਾਯ ਵਰਤਦੇ ਹਨ। (ਹ) ਕ੍ਰਿ. ਵਿ- ਨਾਯ. ਨਿਵਾਕੇ. ਝੁਕਾਕੇ. ਨੀਵਾਂ ਕਰਕੇ. "ਮੁਖ ਨ੍ਯਾਯ ਖਿਸਾਯ ਚਲ੍ਯੋ." (ਕ੍ਰਿਸ਼ਨਾਵ)...