bhīkhamaभीखम
ਦੇਖੋ, ਭੀਸਮ। ੨. ਦੇਖੋ, ਭੀਸਮਕ. "ਭੀਖਮ ਭੂਪ ਬਿਚਾਰ ਕੀਓ, ਦੁਹਿਤਾ ਇਹ ਸ੍ਰੀ ਜਦੁਬੀਰਹਿ ਦੀਜੈ." (ਕ੍ਰਿਸਨਾਵ) ਰਾਜਾ ਭੀਸਮਕ ਨੇ ਵਿਚਾਰ ਕੀਤਾ ਕਿ ਰੁਕਮਿਣੀ ਪੁਤ੍ਰੀ ਕ੍ਰਿਸਨ ਜੀ ਨੂੰ ਦੇਵਾਂ.
देखो, भीसम। २. देखो, भीसमक. "भीखम भूप बिचार कीओ, दुहिता इह स्री जदुबीरहि दीजै." (क्रिसनाव) राजा भीसमक ने विचार कीता कि रुकमिणी पुत्री क्रिसन जी नूं देवां.
ਸੰ. ਭੀਸਮ. ਵਿ- ਭਯਾਵਨਾ. ਡਰਾਉਣਾ। ੨. ਸੰਗ੍ਯਾ- ਸ਼ਿਵ। ੩. ਮੌਤ. ਮ੍ਰਿਤ੍ਯੁ। ੪. ਰਾਜਾ ਸ਼ਾਂਤਨੁ ਦਾ ਪੁਤ੍ਰ ਦੇਵਵ੍ਰਤ, ਜੋ ਗੰਗਾ ਦੇ ਉਦਰ ਤੋਂ ਸੀ.¹ ਰਾਜਾ ਸ਼ਾਂਤਨੁ ਨੇ ਬੁਢਾਪੇ ਵਿੱਚ ਧੀਵਰਪੁਤ੍ਰੀ ਸਤ੍ਯਵਤੀ (ਮਤਸ੍ਯੋਦਰੀ) ਦੇ ਰੂਪ ਤੇ ਮੋਹਿਤ ਹੋਕੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ, ਪਰ ਸਤ੍ਯਵਤੀ ਦੇ ਮਾਪਿਆਂ ਨੇ ਆਖਿਆ ਕਿ ਰਾਜਤਿਲਕ ਤਾਂ ਦੇਵਵ੍ਰਤ ਨੂੰ ਹੀ ਮਿਲਣਾ ਹੈ, ਇਸ ਲਈ ਸਾਡੀ ਪੁਤ੍ਰੀ ਦੇ ਲੜਕਿਆਂ ਨੂੰ ਕੀ ਲਾਭ ਪ੍ਰਾਪਤ ਹੋਸਕੇਗਾ? ਪਿਤਾ ਦੀ ਮਨੋਕਾਮਨਾ ਪੂਰੀ ਕਰਨ ਲਈ ਦੇਵਵ੍ਰਤ ਨੇ ਸਤ੍ਯਵਤੀ ਦੇ ਮਾਪਿਆਂ ਨਾਲ ਪ੍ਰਤਿਗ੍ਯਾ ਕੀਤੀ ਕਿ ਨਾ ਮੈ ਰਾਜਗੱਦੀ ਤੇ ਬੈਠਾਂਗਾ ਨਾ ਆਪ ਵਿਆਹ ਕਰਕੇ ਕੋਈ ਸੰਤਾਨ ਉਤਪੰਨ ਕਰਾਂਗਾ, ਇਸ ਪੁਰ ਉਸ ਦਾ ਨਾਮ ਭੀਸਮ² ਹੋਇਆ, ਅਰ ਸ਼ਾਂਤਨੁ ਦਾ ਵਿਆਹ ਸਤ੍ਯਵਤੀ ਨਾਲ ਹੋਗਿਆ ਜਿਸ ਦੇ ਪੇਟੋਂ ਦੋ ਪੁਤ੍ਰ (ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ) ਹੋਏ. ਸ਼ਾਂਤਨੁ ਦੇ ਚਲਾਣਾ ਕਰਨ ਪਿੱਛੋਂ ਭੀਸਮ ਨੇ ਵਡੇ ਪੁਤ੍ਰ ਚਿਤ੍ਰਾਂਗਦ ਨੂੰ ਰਾਜਤਿਲਕ ਦਿੱਤਾ, ਪਰ ਉਹ ਥੋੜੇ ਦਿਨਾਂ ਵਿੱਚ ਹੀ ਇੱਕ ਲੜਾਈ ਅੰਦਰ ਮਰਗਿਆ. ਉਸ ਤੋਂ ਉਪਰੰਤ ਵਿਚਿਤ੍ਰਵੀਰਯ ਰਾਜ ਕਰਨ ਲੱਗਾ ਅਤੇ ਭੀਸਮ ਉਸ ਦਾ ਸਰਪਰਸਤ ਬਣਿਆ. ਆਪਣੀ ਭੁਜਾ ਦੇ ਬਲ ਨਾਲ ਜਿੱਤਕੇ ਭੀਸਮ ਨੇ ਕਾਸ਼ੀ ਦੇ ਰਾਜੇ ਦੀਆਂ ਦੋ ਪੁਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਦਾ ਵਿਆਹ ਵਿਚਿਤ੍ਰਵੀਰਯ ਨਾਲ ਕੀਤਾ. ਪਰ ਵਿਚਿਤ੍ਰਵੀਰਯ ਰੋਗੀ ਹੋਕੇ ਬਿਨਾ ਸੰਤਾਨ ਹੀ ਮਰਗਿਆ. ਭੀਸਮ ਨੇ ਆਪਣੀ ਭਾਈ ਕ੍ਰਿਸਨ ਦਨਐਪਾਯਨ (ਵ੍ਯਾਸ) ਨੂੰ ਸੰਦਕੇ, ਜੋ ਕਿ ਪਰਾਸ਼ਰ ਦੇ ਵੀਰਯ ਤੋਂ ਸਤ੍ਯਵੰਤੀ ਦੇ ਉਦਰੋਂ (ਵਿਆਹ ਹੋਣ ਤੋਂ ਪਹਿਲਾਂ ਹੀ) ਜੰਮਿਆ ਸੀ, ਦੋਹਾਂ ਵਿਧਵਾ ਭਰਜਾਈਆਂ ਤੋਂ ਨਿਯੋਗਰੀਤਿ ਨਾਲ ਦੋ ਪੁਤ੍ਰ ਪੈਦਾ ਕਰਾਏ. ਇਹ ਦੋ ਪੁਤ੍ਰ ਧ੍ਰਿਤਰਾਸਟ੍ਰ ਅਤੇ ਪਾਂਡੁ ਸਨ.#ਭੀਸਮ ਨੇ ਇਨ੍ਹਾਂ ਦੇ ਪਾਲਨ ਅਤੇ ਵਿਦ੍ਯਾ ਦਾ ਯੋਗ ਪ੍ਰਬੰਧ ਕੀਤਾ. ਰਾਜ ਕਾਜ ਵਿੱਚ ਪੂਰੀ ਸਹਾਇਤਾ ਦਿੱਤੀ. ਕੌਰਵਾਂ ਅਤੇ ਪਾਂਡਵਾਂ ਦੋਹਾਂ ਦੀ ਸਰਪਰਸ੍ਤੀ ਭੀ ਉੱਤਮ ਰੀਤਿ ਨਾਲ ਨਿਬਾਹੀ. ਜਦ ਦੋਹਾਂ ਕੁਲਾਂ ਵਿੱਚ ਲੜਾਈ ਹੋਣ ਲੱਗੀ, ਤਦ ਭੀਸਮ ਨੇ ਮਿਲਾਪ ਲਈ ਬਹੁਤ ਯਤਨ ਕੀਤਾ, ਜੋ ਨਿਸਫਲ ਹੋਇਆ. ਜਦ ਯੁੱਧ ਆਰੰਭ ਹੋ ਹੀ ਗਿਆ, ਤਾਂ ਇਸ ਨੇ ਕੌਰਵਾਂ ਦਾ ਪੱਖ ਲਿਆ ਅਤੇ ਉਨ੍ਹਾਂ ਦੇ ਦਲ ਦਾ ਸੈਨਾਪਤਿ ਬਣਿਆ. ਲੜਾਈ ਦੇ ਦਸਵੇਂ ਦਿਨ ਇਹ ਅਰਜੁਨ ਦੇ ਸਾਮ੍ਹਣੇ ਹੋਇਆ. ਸ਼ਿਖੰਡੀ ਨੇ ਇਸ ਨੂੰ ਧੋਖੇ ਨਾਲ ਜ਼ਖ਼ਮੀ ਕੀਤਾ ਅਤੇ ਅਰਜੁਨ ਦੇ ਅਨੰਤ ਬਣ ਇਸ ਨੂੰ ਲੱਗੇ, ਏਥੋਂ ਤਕ ਕਿ ਇਸ ਦੇ ਸ਼ਰੀਰ ਤੋਂ ਦੋ ਉਂਗਲ ਭਰ ਥਾਂ ਭੀ ਜ਼ਖ਼ਮ ਤੋਂ ਬਗੈਰ ਨਾ ਰਹੀ. ਅਰ ਜਦੋਂ ਇਹ ਰਥ ਵਿੱਚੋਂ ਡਿੱਗਾ, ਤਾਂ ਤੀਰਾਂ ਤੇ ਹੀ ਟੰਗਿਆ ਰਿਹਾ. ਇਸ ਦਸ਼ਾ ਵਿੱਚ ਹੀ ੫੮ ਦਿਨ ਹੋਰ ਜਿਉਂਦਾ ਰਿਹਾ ਅਤੇ ਯੁਧਿਸ੍ਟਿਰ ਨੂੰ ਇਸ ਨੇ ਰਾਜਧਰਮ, ਆਪਦੇ ਧਰਮ ਅਤੇ ਮੋਕ੍ਸ਼੍ਧਰਮ ਦਾ ਉਪਦੇਸ਼ ਦਿੱਤਾ, ਜੋ ਮਹਾਭਾਰਤ ਦੇ ਸ਼ਾਂਤਿ ਪਰਵ ਵਿੱਚ ਵਿਸ੍ਤਾਰ ਨਾਲ ਹੈ. ਭੀਸਮ ਨੇ ਦ੍ਰਿੜ੍ਹਤਾ, ਉਪਕਾਰ ਅਤੇ ਭਾਣਾ ਮੰਨਣ ਦਾ ਪੂਰਾ ਸਬੂਤ ਦਿੱਤਾ ਅਰ ਆਪਣੀ ਜ਼ਿੰਦਗੀ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ.#ਕ੍ਰਿਸਨ ਜੀ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਮੈਂ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਸ਼ਸਤ੍ਰ ਨਹੀਂ ਫੜਾਂਗਾ, ਕੇਵਲ ਰੱਥ ਹੱਕਾਂਗਾ, ਭੀਸਮ ਨੇ ਪ੍ਰਣ ਕੀਤਾ ਕਿ ਮੈਂ ਸ਼ਸਤ੍ਰ ਫੜਾਕੇ ਛੱਡਾਂਗਾ, ਸੋ ਭੀਸਮ ਦੀ ਪ੍ਰਤਿਗ੍ਯਾ ਸੱਚੀ ਕਰਨ ਲਈ ਕ੍ਰਿਸਨ ਜੀ ਨੇ ਚਕ੍ਰ ਫੜਿਆ....
ਸੰ. ਭੀਸਮ੍ਕ੍ਹ੍ਹ. ਵਿਦਰਭ ਦਾ ਰਾਜਾ, ਜੋ ਕ੍ਰਿਸਨ ਜੀ ਦੀ ਪਟਰਾਨੀ ਰੁਕਮਿਣੀ ਦਾ ਪਿਤਾ ਸੀ....
ਦੇਖੋ, ਭੀਸਮ। ੨. ਦੇਖੋ, ਭੀਸਮਕ. "ਭੀਖਮ ਭੂਪ ਬਿਚਾਰ ਕੀਓ, ਦੁਹਿਤਾ ਇਹ ਸ੍ਰੀ ਜਦੁਬੀਰਹਿ ਦੀਜੈ." (ਕ੍ਰਿਸਨਾਵ) ਰਾਜਾ ਭੀਸਮਕ ਨੇ ਵਿਚਾਰ ਕੀਤਾ ਕਿ ਰੁਕਮਿਣੀ ਪੁਤ੍ਰੀ ਕ੍ਰਿਸਨ ਜੀ ਨੂੰ ਦੇਵਾਂ....
ਭੂ (ਪ੍ਰਿਥਿਵੀ) ਦਾ ਪਤਿ. ਪ੍ਰਿਥਿਵੀਪਾਲਕ. "ਨ ਚਿੰਤ ਭੂਪ ਚਿੱਤ ਧਾਰ, ਰਾਮਰਾਇ ਆਇਹੈਂ" (ਰਾਮਾਵ) ੨. ਸੰ. ਭੋਪ੍ਯ. ਰਾਜੇ ਦਾ ਸਿਪਾਹੀ. "ਜਹਿ ਹੁਤੀ ਸੂਪ। ਤਹਿਂ ਗਏ ਕੂਪ।।" (ਰਾਮਾਵ) ਜਿੱਥੇ ਸੁਰਪਣਖਾ ਸੀ, ਉੱਥੇ ਰਾਵਣ ਦੇ ਸਿਪਾਹੀ ਪੁੰਜੇ....
ਸੰ. ਵਿਚਾਰ. ਸੰਗ੍ਯਾ- ਵਿਵੇਕ. ਤਤ੍ਵ ਦਾ ਨਿਰਣਾ. ਅਸਲੀਯਤ ਜਾਣਨ ਦੀ ਕ੍ਰਿਯਾ....
ਕੀਤਾ. ਕਰਿਆ. "ਬੰਧਪ ਹਰਿ ਏਕ, ਨਾਨਕ ਕੀਉ." (ਮਾਰੂ ਮਃ ੫) "ਕੀਓ ਸੀਗਾਰੁ ਮਿਲਣ ਕੈ ਤਾਈ." (ਬਿਲਾ ਅਃ ਮਃ ੪) "ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ." (ਸੈਵੇਯ ਮਃ ੫. ਕੇ)...
ਸੰ. दुहितृ. ਦੁਹਿਤਿ. ਦੁਖ਼ਤਰ. ਸੰਗ੍ਯਾ- ਕੰਨ੍ਯਾ. ਪੁਤ੍ਰੀ. ਧਾਰ ਕੱਢਣ ਵਾਲੀ. ਦੋਹਨ ਕਰਨ ਵਾਲੀ. ਕਿਤਨੇ ਆਖਦੇ ਹਨ ਕਿ ਕੰਨ੍ਯਾ ਗਊ ਚੋਣ ਦਾ ਕੰਮ ਕਰਦੀਆਂ ਸਨ, ਇਸ ਲਈ ਇਹ ਨਾਮ ਹੋਇਆ. ਕਈ ਆਖਦੇ ਹਨ ਕਿ ਕੰਨ੍ਯਾ ਮਾਤਾ- ਪਿਤਾ ਨੂੰ ਸਦਾ ਦੋਹਨ ਕਰਦੀ ਹੈ, ਇਸ ਲਈ ਦੁਹਿਤਾ ਹੈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦਾਨ ਕਰੀਜੈ. "ਦੀਜੈ ਨਾਮੁ ਰਹੈ ਗੁਨ ਗਾਇ." (ਬਸੰ ਮਃ ੯)...
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਦੇਖੋ, ਬਿਚਾਰ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. रुक्मिणी. ਵਿਦਰਭ ਦੇ ਰਾਜਾ ਭੀਸਮਕ ਦੀ ਪੁਤ੍ਰੀ ਅਤੇ ਰੁਕਮੀ ਦੀ ਭੈਣ. ਜੋ ਦਮਘੋਸ ਦੇ ਪੁਤ੍ਰ ਸ਼ਿਸ਼ੁਪਾਲ ਨੂੰ ਮੰਗੀ ਗਈ ਸੀ, ਕ੍ਰਿਸਨ ਜੀ ਨੇ ਦੇਵਮੰਦਰ ਵਿੱਚ ਪੂਜਾ ਕਰਨ ਗਈ ਰੁਕਮਿਣੀ ਨੂੰ ਬਲ ਨਾਲ ਖੋਹ ਲਿਆ ਅਤੇ ਆਪਣੀ ਰਾਣੀ ਬਣਾਇਆ. ਇਸ ਦੇ ਉਦਰ ਤੋਂ ਪਦ੍ਯਮਨ ਆਦਿ ਦਸ ਪ੍ਰਤਾਪੀ ਪੁਤ੍ਰ ਜਨਮੇ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...