nirabāha, nirabāhuनिरबाह, निरबाहु
ਸੰ. ਨਿਰ੍ਵਾਹ. ਸੰਗ੍ਯਾ- ਸਰੰਜਾਮ. ਪ੍ਰਬੰਧ. ਇੰਤਜਾਮ। ੨. ਕਿਸੇ ਕਰਮ ਦਾ ਬਰਾਬਰ ਜਾਰੀ ਰਹਿਣ ਦਾ ਭਾਵ। ੩. ਪਾਲਨ. "ਅੰਤਿ ਕਰੈ ਨਿਰਬਾਹੁ." (ਸ. ਕਬੀਰ) ੪. ਜੀਵਿਕਾ. ਗੁਜ਼ਾਰਾ। ਪ ਪਹੁਚਣਾ. ਦੇਖੋ, ਨਿਰਬਹੀਐ.
सं. निर्वाह. संग्या- सरंजाम. प्रबंध. इंतजाम। २. किसे करम दा बराबर जारी रहिण दा भाव। ३. पालन. "अंति करै निरबाहु." (स. कबीर) ४. जीविका. गुज़ारा। प पहुचणा. देखो, निरबहीऐ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [سرانجام] ਸੰਗ੍ਯਾ- ਕਾਰਜ ਸਿੱਧ ਕਰਨ ਦਾ ਸਾਮਾਨ। ੨. ਪ੍ਰਬੰਧ. ਇੰਤਜਾਮ. "ਸਰੰਜਾਮਿ ਲਾਗੁ ਭਵਜਲ ਤਰਨ ਕੈ." (ਸੋਪੁਰਖੁ)...
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ....
ਜਲਾਈ. ਦਗਧ ਕੀਤੀ. "ਕਾਮ ਕ੍ਰੋਧ ਮਾਇਆ ਲੈ ਜਾਰੀ." (ਆਸਾ ਕਬੀਰ) ੨. ਸੰਗ੍ਯਾ- ਜਾਲੀ. ਫਾਹੀ. "ਖੈਂਚਤ ਦ੍ਵੈ ਕਰ ਝੀਵਰ ਜਾਰੀ." (ਕ੍ਰਿਸਨਾਵ) ੩. ਜਾਰਕ੍ਰਿਯਾ. "ਕਾਨ ਕਹ੍ਯੋ ਹਮ ਖੇਲਹਿਂ ਜਾਰੀ." (ਕ੍ਰਿਸਨਾਵ) ਕਾਮਕ੍ਰੀੜਾ ਕਰੀਏ। ੪. ਦੇਖੋ, ਯਾਰੀ। ੫. ਅ਼. [جاری] ਵਿ- ਚਲਦਾ. ਪ੍ਰਚਲਿਤ. "ਭਯੋ ਖੂਨ ਜਾਰੀ." (ਸਲੋਹ)...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. ਸੰਗ੍ਯਾ- ਪਰਵਰਿਸ਼. ਰਕ੍ਸ਼੍ਣ. "ਪਾਲਹਿ ਅਕਿਰਤਘਨਾ." (ਬਿਹਾ ਛੰਤ ਮਃ ੫) "ਪਾਲੇ ਬਾਲਕ ਵਾਂਗਿ." (ਵਾਰ ਰਾਮ ੨. ਮਃ ੫) ੨. ਹਿੰ. पलना. ਪਲਨਾ. ਝੂਲਾ. "ਬਾਲਕ ਪਾਲਨ ਪਉਢੀਅਲੇ." (ਰਾਮ ਨਾਮ ਦੇਵ)...
ਓੜਕ ਨੂੰ. "ਅੰਤਿ ਗਇਆ ਪਛੁਤਾਇ." (ਸ੍ਰੀ ਮਃ ੩) ੨. ਅੰਤ ਸਮੇਂ. ਮਰਨ ਵੇਲੇ....
ਸੰ. ਨਿਰ੍ਵਾਹ. ਸੰਗ੍ਯਾ- ਸਰੰਜਾਮ. ਪ੍ਰਬੰਧ. ਇੰਤਜਾਮ। ੨. ਕਿਸੇ ਕਰਮ ਦਾ ਬਰਾਬਰ ਜਾਰੀ ਰਹਿਣ ਦਾ ਭਾਵ। ੩. ਪਾਲਨ. "ਅੰਤਿ ਕਰੈ ਨਿਰਬਾਹੁ." (ਸ. ਕਬੀਰ) ੪. ਜੀਵਿਕਾ. ਗੁਜ਼ਾਰਾ। ਪ ਪਹੁਚਣਾ. ਦੇਖੋ, ਨਿਰਬਹੀਐ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. ਸੰਗ੍ਯਾ- ਜੀਵਨਵ੍ਰਿੱਤਿ. ਗੁਜ਼ਾਰਾ. ਰੋਜ਼ੀ....
ਫ਼ਾ. [گُزارہ] ਸੰਗ੍ਯਾ- ਗੁਜ਼ਰਾਨ. ਨਿਰਵਾਹ। ੨. ਨਿਰਵਾਹ ਲਈ ਮਿਲਿਆ ਧਨ ਆਦਿ ਪਦਾਰਥ....
ਕ੍ਰਿ- ਇੱਕ ਥਾਂ ਤੋਂ ਦੂਜੇ ਥਾਂ ਪੁੱਜਣਾ। ੨. ਤੁੱਲ ਹੋਣਾ. ਮੁਕਾਬਲੇ ਵਿੱਚ ਪੂਰਾ ਉਤਰਨਾ. "ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ." (ਗੂਜ ਵਾਰ ੨. ਮਃ ੫) "ਤਿਸੁ ਨਹੀਂ ਦੂਜਾ ਕੋ ਪਹੁਚਨਹਾਰਾ." (ਗਉ ਮਃ ੫)...
ਪਹੁਚੀਏ. ਦੇਖੋ, ਨਿਰਬਾਹ, "ਬਿਨੁ ਗੁਰੁ ਪੰਥੁ ਨ ਸੂਝਈ. ਕਿਤੁ ਬਿਧਿ ਨਿਰਬਹੀਐ ?" (ਗਉ ਅਃ ਮਃ ੧)...