dhēuदेउ
ਸੰ. ਦੇਵ. ਸੰਗ੍ਯਾ- ਦੇਵਤਾ. "ਸਤਿਗੁਰੁ ਜਾਗਤਾ ਹੈ ਦੇਉ." (ਆਸਾ ਕਬੀਰ) "ਸਤਿਗੁਰੁ ਦੋਉ ਪਰਤਖਿ ਹਰਿਮੂਰਤਿ." (ਮਲਾ ਮਃ ੪) ੨. ਪਾਰਬ੍ਰਹਮ. ਕਰਤਾਰ. "ਸੋਈ ਨਿਰੰਜਨਦੇਉ." (ਵਾਰ ਆਸਾ) ੩. ਦੇਓ. ਦੋਵੇ. "ਦੋਉ ਸੂਹਨੀ ਸਾਧੁ ਕੈ." (ਬਿਲਾ ਮਃ ੫) ੪. ਫ਼ਾ. [دیو] ਦੇਵ. ਭੂਤ. ਜਿੰਨ. "ਹਰਿ ਸਿਮਰਤ ਦੈਤ ਦੇਉ ਨ ਪੋਹੈ." (ਭੈਰ ਮਃ ੫) ੫. ਸ਼ੈਤਾਨ.
सं. देव. संग्या- देवता. "सतिगुरु जागता है देउ." (आसा कबीर) "सतिगुरु दोउ परतखि हरिमूरति." (मला मः ४) २. पारब्रहम. करतार. "सोई निरंजनदेउ." (वार आसा) ३. देओ. दोवे. "दोउ सूहनी साधु कै." (बिला मः ५) ४. फ़ा. [دیو] देव. भूत. जिंन. "हरि सिमरत दैत देउ न पोहै." (भैर मः ५) ५. शैतान.
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮਃ ੪) "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ." (ਸ੍ਰੀ ਮਃ ੧, ਜੋਗੀਅੰਦਰਿ)...
ਸੰ. ਦੇਵ. ਸੰਗ੍ਯਾ- ਦੇਵਤਾ. "ਸਤਿਗੁਰੁ ਜਾਗਤਾ ਹੈ ਦੇਉ." (ਆਸਾ ਕਬੀਰ) "ਸਤਿਗੁਰੁ ਦੋਉ ਪਰਤਖਿ ਹਰਿਮੂਰਤਿ." (ਮਲਾ ਮਃ ੪) ੨. ਪਾਰਬ੍ਰਹਮ. ਕਰਤਾਰ. "ਸੋਈ ਨਿਰੰਜਨਦੇਉ." (ਵਾਰ ਆਸਾ) ੩. ਦੇਓ. ਦੋਵੇ. "ਦੋਉ ਸੂਹਨੀ ਸਾਧੁ ਕੈ." (ਬਿਲਾ ਮਃ ੫) ੪. ਫ਼ਾ. [دیو] ਦੇਵ. ਭੂਤ. ਜਿੰਨ. "ਹਰਿ ਸਿਮਰਤ ਦੈਤ ਦੇਉ ਨ ਪੋਹੈ." (ਭੈਰ ਮਃ ੫) ੫. ਸ਼ੈਤਾਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਕ੍ਰਿ. ਵਿ- ਦੋਨੋ. ਦੋਵੇਂ। ੨. ਵਿ- ਦੂਜਾ. ਦੂਜੀ. "ਨਹੀ ਹੋਤ ਕਛੁ ਦੋਊ ਬਾਰਾ." (ਬਾਵਨ) ੩. ਸੰਗ੍ਯਾ- ਦ੍ਵੈਤ. "ਯਯਾ ਜਾਰਉ ਦੁਰਮਤਿ ਦੋਊ." (ਬਾਵਨ)...
ਸੰ. ਪ੍ਰਤ੍ਯਕ੍ਸ਼੍. ਪ੍ਰਤਿ- ਅਕ੍ਸ਼੍ ਵਿ- ਅੱਖ ਦੇ ਸਾਮ੍ਹਣੇ. ਜਾਹਿਰ. "ਪਰਤਖਿ ਦੇਹ ਪਾਰ ਬ੍ਰਹਮ ਸੁਆਮੀ." (ਸਵੈਯੇ ਮਃ ੪. ਕੇ) "ਪਰਤਛਿ ਰਿਦੈ ਗੁਰੁ ਅਰਜਨ ਕੈ ਹਰਿ ਪੂਰਨ ਬ੍ਰਹਮ." (ਸਵੈਯੇ ਮਃ ੫. ਕੇ) "ਗੁਰੁ ਅਰਜਨ ਪਰਤਖ੍ਯ ਹਰਿ." (ਸਵੈਯੇ ਮਃ ੫. ਕੇ)...
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਕ੍ਰਿ. ਵਿ- ਦੋਨੋਂ....
ਸੰ. ਸਮੂਹਨੀ. ਸੰਗ੍ਯਾ- ਕੂੜਾ ਸੰਬਰਕੇ ਇਕੱਠਾ ਕਰਨ ਵਾਲੀ, ਬੁਹਾਰੀ. "ਦੇਉ ਸੂਹਨੀ ਸਾਧੁ ਕੈ." (ਬਿਲਾ ਮਃ ੫) ਸੰਸਕ੍ਰਿਤ ਵਿੱਚ "ਸ਼ੋਧਨੀ" ਨਾਉਂ ਭੀ ਝਾੜੂ ਦਾ ਹੈ....
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਅ਼. [جِّن] ਸੰਗ੍ਯਾ- ਭੂਤ. ਪ੍ਰੇਤ. ਦੇਉ. "ਜੋਰੂ ਜਿੰਨਾ ਦਾ ਸਰਦਾਰ." (ਵਾਰ ਬਿਹਾ ਮਃ ੧) ਦੇਖੋ, ਸ੍ਰਿਸ੍ਟੀਰਚਨਾ....
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਅ਼ [شیطان] ਸ਼ੈਤ਼ਾਨ (Satan) ਸੰਗ੍ਯਾ- ਬਾਈਬਲ ਅਤੇ. ਕੁਰਾਨ ਵਿੱਚ ਇਹ ਇੱਕ ਫ਼ਰਿਸ਼ਤਾ ਦੱਸਿਆ ਹੈ, ਜੋ ਆਦਮੀ ਨੂੰ ਬਦੀ ਵੱਲ ਪ੍ਰੇਰਦਾ ਹੈ. ਇਸੇ ਨੇ ਆਦਮ ਨੂੰ ਧੋਖਾ ਦੇ ਕੇ ਵਰਜਿਤ ਫਲ ਖਵਾਇਆ ਸੀ. ਕੁਰਾਨ ਅਨੁਸਾਰ ਸ਼ੈਤਾਨ ਕੇਵਲ ਅਗਨਿ ਤੱਤ ਤੋਂ ਬਣਿਆ ਹੈ. ਜਦ ਖ਼ੁਦਾ ਨੇ ਆਦਮ ਨੂੰ ਮਿੱਟੀ ਤੋਂ ਰਚਕੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਸਾਰੇ ਆਦਮ ਅੱਗੇ ਸਿਜਦਾ ਕਰੋ, ਤਦ ਸਭ ਨੇ ਹੁਕਮ ਦੀ ਤਾਮੀਲ ਕੀਤੀ, ਪਰ ਸ਼ੈਤਾਨ ਨੇ ਆਗ੍ਯਾ ਨਹੀਂ ਮੰਨੀ, ਜਦ ਖੁਦਾ ਨੇ ਇਸ ਦਾ ਕਾਰਣ ਪੁੱਛਿਆ, ਤਦ ਸ਼ੈਤਾਨ ਨੇ ਉੱਤਰ ਦਿੱਤਾ ਕਿ ਮੈ ਅਗਨਿ ਤੋਂ ਬਣਿਆ ਹਾਂ ਅਰ ਆਦਮ ਮਿੱਟੀ ਤੋਂ, ਇਸ ਲਈ ਉਹ ਮੈਥੋਂ ਘਟੀਆ ਹੈ. ਇਸ ਪੁਰ ਖੁਦਾ ਨੇ ਸ਼ੈਤਾਨ ਨੂੰ ਮਲਊਨ (ਧਿਕ੍ਰਿਤ) ਠਹਿਰਾਇਆ ਅਰ ਬਹਿਸ਼ਤ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ, ਸ਼ੈਤਾਨ ਨੇ ਰੰਜ ਵਿੱਚ ਆਕੇ ਖ਼ੁਦਾ ਨੂੰ ਆਖਿਆ ਕਿ ਅੱਛਾ! ਮੇਰੇ ਨਾਲ ਤਾਂ ਇਹ ਸਲੂਕ ਹੋਇਆ ਹੈ, ਪਰ ਮੈ ਭੀ ਆਦਮ ਦੀ ਔਲਾਦ ਨੂੰ ਤੇਰੀ ਵੱਲ ਨਹੀਂ ਆਉਣ ਦੇਵਾਂਗਾ, ਅਰ ਆਦਮੀ ਤੇਰੇ ਸ਼ੁਕਰਗੁਜ਼ਾਰ ਨਹੀਂ ਹੋਣਗੇ. ਦੇਖੋ, ਕੁਰਾਨ ਸੂਰਤ ਆਰਾਫ਼, ਆਯਤ ੧੧. ਤੋ ੧੭.। ੨. ਵਿ- ਪਾਮਰ. ਕੁਕਰਮੀ. ਫਿਸਾਦੀ. ਉਪਦ੍ਰਵੀ। ੩. ਸੰ. शितवाण ਕਾਮ. ਜਿਸਦੇ ਬਾਣ ਸ਼ਿਤ (ਤਿੱਖੇ) ਹਨ. "ਅਗਦੁ ਪੜੈ ਸੈਤਾਨ ਵੇ ਲਾਲੋ." (ਤਿਲੰ ਮਃ ੧)¹ ਕਾਜੀ ਅਤੇ ਪੁਰੋਹਿਤ ਦਾ ਕੰਮ ਕਾਮ ਕਰ ਰਹਿਆ ਹੈ. ਦੇਖੋ, ਅਗਦ....