dhūkhanivārana, dhūkhanivāranu, dhūkhanivāranaदूखनिवारण, दूखनिवारणु, दूखनिवारन
ਵਿ- ਦੁੱਖ ਮਿਟਾਉਣ ਵਾਲਾ. "ਦੁਖਨਿਵਾਰਣੁ ਗੁਰੁ ਤੇ ਜਾਤਾ." (ਮਾਰੂ ਸੋਲਹੇ ਮਃ ੩) ੨. ਦੇਖੋ, ਜੰਬਰ ਅਤੇ ਤਰਨਤਾਰਨ.
वि- दुॱख मिटाउण वाला. "दुखनिवारणु गुरु ते जाता." (मारू सोलहे मः ३) २. देखो, जंबर अते तरनतारन.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਵਿ- ਗ੍ਯਾਤਾ. ਜਾਣਨ ਵਾਲਾ. "ਜਨਮ ਜਾਤਾ ਗ੍ਯਾਨ ਗ੍ਯਾਤਾ." (ਅਕਾਲ) ੨. ਗਮਨ ਕਰਤਾ। ੩. ਜਾਣਿਆ. "ਜਿਨੀ ਘਰੁ ਜਾਤਾ ਆਪਣਾ." (ਆਸਾ ਅਃ ਮਃ ੩) "ਜਿਨਿ ਜਾਤਾ ਸੋ ਤਿਸ ਹੀ ਜੇਹਾ." (ਓਅੰਕਾਰ) ੪. ਸੰਗ੍ਯਾ- ਯਾਤ੍ਰਾ. "ਹਰਿ ਕੀਈ ਹਮਾਰੀ ਸਫਲ ਜਾਤਾ." (ਬਿਲਾ ਮਃ ੪. ਪੜਤਾਲ) ਮਨੁੱਖ ਜਨਮ ਦੀ ਯਾਤ੍ਰਾ। ੫. ਸੰ. ਕਨ੍ਯਾ. ਪੁਤ੍ਰੀ। ੬. ਉਤਪੱਤਿ. ਪੈਦਾਇਸ਼....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਦੇਖੋ, ਜੰਬੁਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਤਰਣਤਾਰਣ। ੨. ਜਿਲਾ ਅਮ੍ਰਿਤਸਰ ਵਿੱਚ ਸ਼ਹਿਰ ਅਮ੍ਰਿਤਸਰ ਤੋਂ ੧੪. ਮੀਲ ਉੱਤਰ ਇੱਕ ਗੁਰਧਾਮ. ਰੇਲਵੇ ਸਟੇਸ਼ਨ ਖ਼ਾਸ ਤਰਨਤਾਰਨ ਹੈ. ਗੁਰੂ ਅਰਜਨ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੂਰ ਦੀ ਜ਼ਮੀਨ ਇੱਕ ਲੱਖ ਸਤਵੰਜਾ ਹਜ਼ਾਰ ਨੂੰ ਖ਼ਰੀਦਕੇ ਤਰਨਤਾਰਨ ਤਾਲ ੧੭. ਵੈਸਾਖ ਸੰਮਤ ੧੬੪੭ ਨੂੰ ਖੁਦਵਾਇਆ.¹ ਸੰਮਤ ੧੬੫੩ ਵਿੱਚ ਨਗਰ ਆਬਾਦ ਕੀਤਾ ਅਤੇ ਤਾਲ ਨੂੰ ਪੱਕਾ ਕਰਨ ਤਥਾ ਧਰਮਮੰਦਿਰ ਰਚਣ ਲਈ ਆਵੇ ਲਗਵਾਏ. ਨੂਰੁੱਦੀਨ ਦੇ ਪੁੱਤ ਅਮੀਰੁੱਦੀਨ ਨੇ ਜਬਰਨ ਇੱਟਾਂ ਖੋਹਕੇ ਸਰਾਇ ਨੂੰ ਲਾ ਲਈਆਂ ਅਤੇ ਆਪਣੇ ਮਕਾਨ ਬਣਵਾਏ.² ਸੰਮਤ ੧੮੨੩ ਵਿੱਚ ਸਰਦਾਰ ਜੱਸਾ ਸਿਘ ਰਾਮਗੜ੍ਹੀਏ ਨੇ ਇਹ ਇ਼ਮਾਰਤਾਂ ਢਾਹਕੇ ਤਾਲ ਦੇ ਦੋ ਪਾਸੇ ਬਣਵਾਏ ਅਤੇ ਦੋ ਪਾਸੇ ਮਹਾਰਾਜਾ ਰਣਜੀਤਸਿੰਘ ਨੇ ਮੋਤੀਰਾਮ ਕਾਰਕੁਨ ਦੀ ਮਾਰਫਤ ਪੱਕੇ ਬਣਵਾਏ. ਕੌਰ ਨੌਨਿਹਾਲ ਸਿੰਘ ਨੇ ਪਰਿਕ੍ਰਮਾ ਪੱਕੀ ਕਰਵਾਈ ਅਤੇ ਮੁਨਾਰਾ ਬਣਵਾਇਆ. ਸਰੋਵਰ ਦੇ ਕਿਨਾਰੇ ਸੁੰਦਰ ਹਰਿਮੰਦਿਰ ਬਣਿਆ ਹੋਇਆ ਹੈ.#ਗੁਰੂ ਅਰਜਨਦੇਵ ਦਾ ਜਾਰੀ ਕੀਤਾ ਇਸ ਥਾਂ ਕੁਸ੍ਠੀਆਂ ਦਾ ਆਸ਼੍ਰਮ ਹੈ, ਇਸੇ ਕਾਰਨ ਤਰਨਤਾਰਨ ਦੇ ਨਾਮ ਨਾਲ "ਦੂਖਨਿਵਾਰਣ" ਵਿਸ਼ੇਸਣ ਲਾਇਆ ਜਾਂਦਾ ਹੈ.³ ਇਸ ਗੁਰਦ੍ਵਾਰੇ ਨੂੰ ਸਿੱਖ ਰਾਜ ਸਮੇਂ ਦੀ (੪੬੬੪) ਸਲਾਨਾ ਜਾਗੀਰ ਹੈ ਅਤੇ ੨. ਦੁਕਾਨਾਂ ਗੁਰਦ੍ਵਾਰੇ ਦੀ ਮਾਲਕੀਯਤ ਹਨ. ਕ਼ਰੀਬ ਚਾਲੀ ਹਜ਼ਾਰ ਰੁਪਯਾ ਸਾਲ ਵਿੱਚ ਪੂਜਾ ਦੀ ਆਮਦਨ ਹੈ#ਪਰਿਕ੍ਰਮਾ ਵਿੱਚ ਇੱਕ ਅਸਥਾਨ ਮੰਜੀਸਾਹਿਬ ਨਾਮ ਦਾ ਹੈ. ਇਸ ਥਾਂ ਗੁਰੂ ਅਰਜਨਦੇਵ ਵਿਰਾਜਕੇ ਤਾਲ ਦੀ ਰਚਨਾ ਕਰਵਾਉਂਦੇ, ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀਵਾਨ ਲਾਉਂਦੇ ਰਹੇ ਹਨ. ਸ਼ਹਿਰ ਤੋਂ ਇੱਕ ਫਰਲਾਂਗ ਦੱਖਣ ਗੁਰੂ ਅਰਜਨ ਜੀ ਦਾ ਲਗਵਾਇਆ "ਗੁਰੂ ਕਾ ਖੂਹ" ਹੈ. ਇੱਥੇ ਭੀ ਗੁਰੂ ਸਾਹਿਬ ਦੇ ਵਿਰਾਜਣ ਦੀ ਥਾਂ ਮੰਜੀਸਾਹਿਬ ਹੈ. ਗੁਰੂ ਜੀ ਵੱਲੋਂ ਮਾਤਾ ਜੀ ਦੇ ਨਾਮ ਤੇ ਲਵਾਇਆ "ਬੀਬੀ ਭਾਨੀ ਵਾਲਾ ਖੂਹ" ਭੀ ਪਵਿਤ੍ਰ ਅਸਥਾਨ ਹੈ.#ਹਰ ਅਮਾਵਸ੍ਯਾ (ਮੌਸ) ਨੂੰ ਮੇਲਾ ਹੁੰਦਾ ਹੈ, ਪਰ ਭਾਦੋਂ ਬਦੀ ੩੦ ਨੂੰ ਭਾਰੀ ਉਤਸਵ ਮਨਾਇਆ ਜਾਂਦਾ ਹੈ....