jalēantraजलयंत्र
ਸੰਗ੍ਯਾ- ਪਾਣੀ ਦੀ ਘੜੀ. ਦੇਖੋ, ਘੜੀ ਅਤੇ ਜਲਘੜੀ। ੨. ਪਾਣੀ ਨਾਲ ਚਲਣ ਵਾਲੀ ਕਲ। ੩. ਪਾਣੀ ਕੱਢਣ ਦੀ ਕਲ. ਹਰਟ ਪੰਪ ਆਦਿ। ੪. ਫੱਵਾਰਾ (ਫੁਹਾਰਾ). ੫. ਜਲਤਰੰਗ ਵਾਜਾ.
संग्या- पाणी दी घड़ी. देखो, घड़ी अते जलघड़ी। २. पाणी नाल चलण वाली कल। ३. पाणी कॱढण दी कल. हरट पंप आदि। ४. फॱवारा (फुहारा). ५. जलतरंग वाजा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਘਟਿਕਾ. ਘਟੀ. ੨੪ ਮਿਨਟਾਂ ਦਾ ਸਮਾਂ. ਦੇਖੋ, ਕਾਲਪ੍ਰਮਾਣ. "ਏਕ ਘੜੀ ਆਧੀ ਘਰੀ." (ਸ. ਕਬੀਰ) ਦੇਖੋ, ਚਉਸਠ ਘੜੀ। ੨. ਮੱਘੀ. ਕਲਸ਼ੀ. "ਲਾਜੁ ਘੜੀ ਸਿਉ ਤੂਟਿਪੜੀ." (ਗਉ ਕਬੀਰ) ਦੇਹ ਘੜੀ, ਰੱਸੀ ਉਮਰ। ੩. ਘੜੀ ਘੰਟਾ ਆਦਿਕ ਸਮਾਂ (ਵੇਲਾ) ਮਾਪਣ ਦਾ ਯੰਤ੍ਰ. ਭਾਰਤ ਵਿੱਚ ਸਭ ਤੋਂ ਪਹਿਲਾਂ ਧੁਪਘੜੀ (Sundial) ਅਤੇ ਜਲਘੜੀ (Clepsydra) ਪੁਰਾਣੇ ਵਿਦ੍ਵਾਨਾਂ ਨੇ ਬਣਾਈ, ਜਿਨ੍ਹਾਂ ਦਾ ਜਿਕਰ 'ਗੋਲਾਧ੍ਯਾਯ' ਆਦਿ ਜੋਤਿਸ ਦੇ ਪ੍ਰਾਚੀਨ ਸੰਸਕ੍ਰਿਤਗ੍ਰੰਥਾਂ ਵਿੱਚ ਪਾਇਆ ਜਾਂਦਾ ਹੈ. ਬਾਲੂਘੜੀ (Sandglass) ਅਤੇ ਪਿੱਤਲ ਲੋਹੇ ਆਦਿਕ ਧਾਤਾਂ ਦੇ ਚਕ੍ਰਾਂ ਤੇ ਕਮਾਣੀਆਂ ਵਾਲੀ ਕਲਦਾਰ ਘੜੀ (Clock, Timepiece, Pocket watch) ਵਿਦੇਸ਼ੀਆਂ ਦੀ ਕਾਢ ਹੈ. ਇਤਿਹਾਸ ਤੋਂ ਜਾਣਿਆ ਜਾਂਦਾ ਹੈ ਕਿ ਘਟਿਕਾਯੰਤ੍ਰ ਪਹਿਲਾਂ ਹੈਨਰੀ ਡਿ ਵਿਕ (Henry de Wyck) ਨਾਮੇ ਜਰਮਨ ਨੇ ਸਨ ੧੩੧੯ ਵਿੱਚ ਈਜਾਦ ਕਰਕੇ ਪੈਰਿਸ ਵਿੱਚ, ਫਰਾਂਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਦੀ ਭੇਟਾ ਕੀਤਾ, ਇਸ ਆਦਿ ਘੜੀ ਦੀਆਂ ਸੁਧਾਰਪੂਰਿਤ ਤਬਦੀਲੀਆਂ ਤਦ ਤੋਂ ਹੁਣ ਤੱਕ ਲਗਾਤਾਰ ਹੁੰਦੀਆਂ ਆਈਆਂ ਹਨ, ਪਰ ਸ਼ਲਾਘਾ ਯੋਗ ਵਿਸ਼ੇਸ ਤਬਦੀਲੀਆਂ ਸਨ ੧੬੫੭ ਵਿੱਚ ਹਿਯੂਜਨਜ਼ (Huygens) ਨੇ, ੧੬੬੬ ਵਿੱਚ ਹੁਕ (Hooke) ਨੇ, ੧੭੧੫ ਵਿੱਚ ਗ੍ਰੈਹਮ (Graham) ਨੇ, ਅਰ ੧੭੨੬ ਵਿੱਚ ਹੈਰੀਸਨ (Harrison) ਨੇ ਕੀਤੀਆਂ. ਹੁਣ ਆਮ ਤੌਰ ਪੁਰ ਤਿੰਨ ਪ੍ਰਕਾਰ ਦੀਆਂ ਘੜੀਆਂ ਹੁੰਦੀਆਂ ਹਨ, ਅਰਥਾਤ ਜੇਬ- ਘੜੀਆਂ, ਕੰਧ ਘੜੀਆਂ, ਅਰ ਮੁਨਾਰ ਘੜੀਆਂ. ਸਭ ਪ੍ਰਕਾਰ ਦੀਆਂ ਘੜੀਆਂ ਨੂੰ ਰੋਜ਼ਾਨਾ ਯਾ ਕੁਝ ੨. ਦਿਨਾਂ ਮਗਰੋਂ ਇੱਕ ਕਲਾ ਦ੍ਵਾਰਾ ਕੋਕਣਾ ਪੈਂਦਾ ਹੈ, ਜਿਸ ਨੂੰ ਕੁੰਜੀ ਯਾ ਚਾਬੀ ਦੇਣਾ ਆਖਦੇ ਹਨ. ਐਸਾ ਕਰਨ ਨਾਲ ਵਲ੍ਹੇਟੀ ਹੋਈ ਕਮਾਣੀ, ਜੋ ਚਕ੍ਰਾਂ ਨੂੰ ਹਰਕਤ ਦੇਂਦੀ ਰਹੀ ਹੈ ਅਰ ਹੌਲੀ ਹੌਲੀ ਢਿੱਲੀ ਹੋ ਕੇ ਬਿਲਕੁਲ ਖੁਲ੍ਹ ਚੁਕੀ ਅਰ ਸੱਤਾਹੀਨ ਹੋ ਗਈ ਸੀ, ਮੁੜਕੇ ਵਲ੍ਹੇਟੀ ਜਾਂਦੀ ਹੈ. ਹੁਣ ਅਨੇਕ ਘੜੀਆਂ ਬਿਜਲੀ ਦੀ ਤਾਕਤ ਨਾਲ ਭੀ ਚਲਦੀਆਂ ਹਨ.#ਸਭ ਤੋਂ ਵਡੀਆਂ ਘੜੀਆਂ ਲੰਡਨ ਦੇ ਪਾਰਲੀਮੈਂਟ ਘਰ ਦੇ ਮੁਨਾਰੇ ਪੁਰ, ਅਤੇ ਲੰਡਨ ਦੇ ਬਿਲੌਰ ਮਹਲ (Crystal Palace) ਦੀ ਕੰਧ ਪੁਰ ਹਨ. ਕਈ ਕਾਲਗੇਟ ਫੈਕਟਰੀ, ਨ੍ਯੂਯਾਰਕ (ਅਮ੍ਰੀਕਾ) ਦੀ ਘੜੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਘੜੀ ਆਖਦੇ ਹਨ.#ਪਾਰਲੀਮੈਂਟ ਘਰ (ਲੰਡਨ) ਦੇ ਮੁਨਾਰੇ ਦੀਆਂ ੩੬੦ ਪੌੜੀਆਂ ਹਨ, ਜਿਨ੍ਹਾਂ ਦੀ ਸ਼ਿਖਰ ਪੁਰ "ਬਿਗਬੈਨ" ਨਾਮੇ ਘੜੀ ਲੱਗੀ ਹੋਈ ਹੈ, ਇਸ ਨੂੰ ਲੱਗੇ ਕਰੀਬਨ ੫੫ ਸਾਲ ਹੋ ਚੱਲੇ ਹਨ. ਇਸ ਦੀ ਅਦਭੁਤ ਵਿਸ਼ਾਲਤਾ ਦਾ ਅੰਦਾਜ਼ਾ ਵੇਖਣ ਤੋਂ ਹੀ ਚੰਗੀ ਤਰ੍ਹਾਂ ਮਲੂਮ ਹੋ ਸਕਦਾ ਹੈ. ਇਸ ਘੜੀ ਦੇ ਚਾਰ ਮੁਖ (Dial) ਹਨ. ਪ੍ਰਤ੍ਯੇਕ ਦਾ ਕੁਤਰ ੨੩ ਫੁਟ ਹੈ. ਮਿੰਟਾਂ ਦੀਆਂ ਸੂਈਆਂ ਚੌਦਾਂ ਚੌਦਾਂ ਫੁਟ ਲੰਮੀਆਂ ਹਨ. ਇਸ ਦੇ ਲੰਗਰ (Pendulum) ਦਾ ਵਜ਼ਨ ਪੰਜ ਮਣ ਪੱਚੀ ਸੇਰ (੪੫੦ ਪੌਂਡ) ਹੈ ਹਰ ਇੱਕ ਹਿੰਦਸਾ (ਅੰਗ) ਦੋ ਫੁਟ ਲੰਮਾ ਹੈ. ਮਿੰਟਾਂ ਦੀਆਂ ਵਿੱਥਾਂ ਇੱਕ ਇੱਕ ਫੁਟ ਮੁਰੱਬਾ ਹਨ. ਇਸ ਦੇ ਘੜਿਆਲ ਦਾ ਵਜ਼ਨ ੩੭੮ ਮਣ ਪੱਕੇ (ਸਾਢੇ ੨੩ ਟਨ) ਹੈ, ਅਰ ਜਿਸ ਹਥੌੜੇ ਨਾਲ ਇਹ ਖੜਕਦੀ ਹੈ ਉਸ ਦਾ ਵਜ਼ਨ ਭੀ ਦੋ ਮਣ ਪੱਕੇ ਹੈ. ਇਸ ਨੂੰ ਹਫ਼ਤੇ ਵਿੱਚ ਤਿੰਨ ਵੇਰ ਚਾਬੀ ਲਗਾਈ ਜਾਂਦੀ ਹੈ, ਅਰ ਚਾਬੀ ਲਾਉਣ ਲਈ ਦੋ ਆਦਮੀਆਂ ਨੂੰ ਪੰਜ ਘੰਟੇ ਲਗਦੇ ਹਨ.#ਪਿਛਲੇ ਸਾਲ (੧੯੨੭ ਵਿੱਚ) ਇੱਕ ਅਤ੍ਯੰਤ ਅਦਭੁਤ ਘੜੀ, ਜਿਸ ਨੂੰ ਸੰਸਾਰ ਦਾ ਅੱਠਵਾਂ ਅਜੂਬਾ ਕਿਹਾ ਗਿਆ ਹੈ, ਆਸਟ੍ਰੀਆ ਦੀ ਰਾਜਧਾਨੀ, ਵੀਐਨਾ ਵਿਚ ਤਿਆਰ ਹੋਈ ਹੈ. ਇਹ ਸੰਗੀਤ ਘੜੀ ਹੈ, ਅਰ ਸੋਲਾਂ ਵਰ੍ਹਿਆਂ ਵਿੱਚ ਬਣੀ ਹੈ. ਇਸ ਦਾ ਹਰ ਇੱਕ ਹਿੰਦਸਾ ੬. ਫੁਟ ਉੱਚਾ ਹੈ. ਯੂਰਪ ਦੇ ਇਤਿਹਾਸ ਵਿੱਚੋਂ ਬਾਰਾਂ ਪ੍ਰਸਿੱਧ ਬਾਦਸ਼ਾਹਾਂ ਦੇ ਬੁਤ, ਇਸ ਵਿੱਚ ਅਜੇਹੇ ਢੰਗ ਨਾਲ ਗੁਪਤ ਰੱਖੇ ਹਨ ਕਿ ਜਦ ਘੰਟਾ ਪੂਰਾ ਹੁੰਦਾ ਹੈ, ਤਾਂ ਝਟ ਇੱਕ ਵਿਸ਼ੇਸ ਬੁਤ ਸਨਮੁਖ ਆ ਜਾਂਦਾ, ਅਰ ਠੀਕ ਘੰਟਾ ਭਰ ਦ੍ਰਿਸ੍ਟਿਗੋਚਰ ਰਹਿੰਦਾ ਹੈ. ਪ੍ਰਤ੍ਯੇਕ ਬੁਤ ਦੀ ਮੌਜੂਦਗੀ ਵਿੱਚ ਲਗਾਤਾਰ ਇੱਕ ਵਿਸ਼ੇਸ ਸੰਗੀਤ ਭੀ ਵਜਦਾ ਰਹਿੰਦਾ ਹੈ.#ਚਤੁਰ ਕਾਰੀਗਰਾਂ ਨੇ ਘਟਿਕਾਯੰਤ੍ਰ (ਘੜੀਆਂ) ਵਿੱਚ ਨਵੀਂ ਤੋਂ ਨਵੀਂ ਕਾਢਾਂ ਕੱਢਕੇ ਜੋ ਸਮੇਂ ਸਮੇਂ ਸਿਰ ਇਸ ਦੀ ਕਾਇਆਂ ਪਲਟੀ ਹੈ ਉਹ ਅਨੇਕ ਰੂਪਾਂ ਵਿੱਚ ਹੁਣ ਵੇਖੀ ਜਾਂਦੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜਲਘਟਿਕਾ. ਪਾਣੀ ਦੀ ਘੜੀ. ਜਲ ਦ੍ਵਾਰਾ ਘੜੀ ਦਾ ਸਮਾ ਜਾਣਨ ਦਾ ਯੰਤ੍ਰ. Water. clock. ਦੇਖੋ, ਘੜੀ.#"ਭਾਰਤੀਯ ਨਾਟ੍ਯ ਸ਼ਾਸਤ੍ਰ" ਦੇ ਲੇਖ ਅਨੁਸਾਰ ਇਹ ਬਹੁਤ ਪੁਰਾਣੇ ਸਮੇਂ ਤੋਂ ਭਾਰਤ ਵਿੱਚ ਪ੍ਰਲਚਿਤ ਹੈ. ਉਸ ਵੇਲੇ ਇਸ ਦਾ ਨਾਉਂ "ਉਦਕ ਨਾਲਿਕਾ" ਸੀ. ਇਸ ਦੀ ਰਚਨਾ ਦੋ ਤਰ੍ਹਾਂ ਦੀ ਹੁੰਦੀ ਸੀ-#(ੳ) ਧਾਤੁ ਦੀ ਇੱਕ ਲੰਮੀ ਨਾਲੀ ਬਣਾਈ ਜਾਂਦੀ, ਜਿਸ ਦੇ ਅੰਦਰ ਅਤੇ ਬਾਹਰ ਘੜੀਆਂ ਦੇ ਅੰਗ ਲਾਏ ਜਾਂਦੇ ਅਤੇ ਥੱਲੇ ਠੀਕ ਅੰਦਾਜੇ ਦਾ ਛੇਕ ਹੁੰਦਾ, ਨਾਲੀ ਨੂੰ ਪਾਣੀ ਵਿੱਚ ਰੱਖਣ ਤੋਂ ਛੇਕ ਵਿਚਦੀਂ ਉਤਨਾ ਪਾਣੀ ਨਾਲੀ ਵਿੱਚ ਆ ਸਕਦਾ, ਜੋ ਇੱਕ ਘੜੀ ਅੰਦਰ ਇੱਕ ਅੰਗ ਤੀਕ ਪਹੁਚ ਸਕਦਾ.#(ਅ) ਧਾਤੁ ਦੀ ਇੱਕ ਹਲਕੀ ਕਟੋਰੀ ਬਣਾਈ ਜਾਂਦੀ, ਉਸ ਦੇ ਥੱਲੇ ਠੀਕ ਪ੍ਰਮਾਣ ਦਾ ਛੇਕ ਕੀਤਾ ਜਾਂਦਾ ਹੈ. ਇਸ ਕਟੋਰੀ ਨੂੰ ਜਲਭਰੇ ਭਾਂਡੇ ਵਿੱਚ ਪਾਣੀ ਤੇ ਰੱਖ ਦਿੱਤਾ ਜਾਂਦਾ ਹੈ. ਜਦ ਪਾਣੀ ਨਾਲ ਭਰਕੇ ਕਟੋਰੀ, ਡੁੱਬ ਜਾਂਦੀ, ਤਦ ਘੜੀ ਭਰ ਸਮਾ ਸਮਝਿਆ ਜਾਂਦਾ.#ਜਿਸ ਵੇਲੇ ਤੋਂ ਘੜੀ ਦੀ ਥਾਂ ਘੰਟੇ ਦਾ ਸਮਾ ਪ੍ਰਚਲਿਤ ਹੋਇਆ, ਤਦ ਤੋਂ ਇਸ ਕਟੋਰੀ ਅਤੇ ਛੇਕ ਦਾ ਆਕਾਰ ਅਜੇਹਾ ਬਣਾਇਆ ਗਿਆ ਜੋ ਢਾਈ ਘੜੀ ਅਥਵਾ ਸੱਠ ਮਿਨਟਾਂ ਵਿੱਚ ਭਰਕੇ ਡੁੱਬੇ.#ਇਸ ਸਮੇਂ ਭੀ ਬਹੁਤ ਫੌਜਾਂ ਅਤੇ ਕਾਰਖਾਨਿਆਂ ਵਿੱਚ ਜਲਘੜੀ ਦਾ ਵਰਤਾਉ ਹੈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਚਾਲ ਚਲਨ. ਕਰਤੂਤ. Character । ੨. ਗਮਨ. ਕੂਚ. ਭਾਵ- ਮਰਣ. "ਜਿਨੀ ਚਲਣ ਜਾਣਿਆ, ਸੇ ਕਿਉ ਕਰਹਿ ਵਿਥਾਰ?" (ਵਾਰ ਸੂਹੀ ਮਃ ੨) ੩. ਰੀਤਿ ਰਿਵਾਜ। ੪. ਗਤਿ. ਚਾਲ। ੫. ਡਿੰਗ. ਚਰਨ. ਪੈਰ. ਚੱਲਣ ਦਾ ਸਾਧਨਰੂਪ ਅੰਗ. "ਚਬਣ ਚਲਣ ਰਤੰਨ." (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਦੇਖੋ, ਹਰਹਟ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਅ਼. [فّوارہ] ਫ਼ੱਵਾਰਹ. ਸੰਗ੍ਯਾ- ਜਲਯੰਤ੍ਰ (fountain)...
ਸੰਗ੍ਯਾ- ਜਲਵਾਦ੍ਯ. ਇੱਕ ਵਾਜਾ, ਜੋ ਧਾਤੁ ਅਥਵਾ ਚੀਨੀ ਦੀ ਛੋਟੀਆਂ ਵਡੀਆਂ ਬਾਈ (੨੨) ਕਟੋਰੀਆਂ ਵਿੱਚ ਜਲ ਪਾਕੇ ਬਣਾਇਆ ਜਾਂਦਾ ਹੈ. ਵਡੀ ਅਤੇ ਬਹੁਤੇ ਜਲ ਵਾਲੀ ਕਟੋਰੀ ਦਾ ਸੁਰ ਉਤਰਿਆ ਅਤੇ ਛੋਟੀ ਤਥਾ ਥੋੜੇ ਪਾਣੀ ਵਾਲੀ ਦਾ ਚੜ੍ਹਿਆ ਸੁਰ ਹੁੰਦਾ ਹੈ. ਪਾਣੀ ਵੱਧ ਘੱਟ ਕਰਨ ਤੋਂ ਸੁਰ ਠੀਕ ਕਰ ਲਈਦਾ ਹੈ. ਅਚਲ ਠਾਟ ਬਣਾਕੇ ਲਕੜੀ ਦੀ ਛੋਟੀ ਮੂੰਗਲੀ ਅਥਵਾ ਸੋਟੀ ਨਾਲ ਇਸ ਨੂੰ ਬਜਾਈਦਾ ਹੈ। ੨. ਜਲ ਦੀ ਲਹਿਰ. ਪਾਣੀ ਦੀ ਮੌਜ. "ਜਲਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ." (ਪ੍ਰਭਾ ਅਃ ਮਃ ੧) ਰਕਤ ਵੀਰਯ ਦਾ ਸੰਗਮ, ਉਸਨਤਾ ਅਤੇ ਪ੍ਰਾਣ, ਇਨ੍ਹਾਂ ਤੇਹਾਂ ਤੋਂ ਪ੍ਰਾਣੀਆਂ ਦੀ ਰਚਨਾ ਹੋਈ ਹੈ....
ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ....