japamālīजपमाली
ਸੰਗ੍ਯਾ- ਜਪ ਕਰਨ ਦੀ ਮਾਲਾ. ਦੇਖੋ, ਜਪਮਾਲਾ. "ਧੋਤੀ ਟਿਕਾ ਤੈ ਜਪਮਾਲੀ." (ਵਾਰ ਆਸਾ) ੨. ਵਿ- ਜਪਮਾਲਾ ਰੱਖਣ ਵਾਲਾ.
संग्या- जप करन दी माला. देखो, जपमाला. "धोती टिका तै जपमाली." (वार आसा) २. वि- जपमाला रॱखण वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...
ਜਪ ਕਰਨ ਦੀ ਮਾਲਾ. ਜਪਨੀ. ਸਿਮਰਨੀ. ਹਿੰਦੂਮਤ ਦੇ ਗ੍ਰੰਥਾਂ ਵਿੱਚ ਮਾਲਾ ਤਿੰਨ ਪ੍ਰਕਾਰ ਦੀ ਲਿਖੀ ਹੈ-#(ੳ) ਕਰਮਾਲਾ (ਅੰਗੁਲੀਆਂ ਉੱਪਰ ਗਿਣਤੀ ਕਰਨੀ)(ਅ) ਵਰਣਮਾਲਾ ( ਅ ਤੋਂ ਕ੍ਸ਼੍ ਤੀਕ ਅੱਖਰਾਂ ਨੂੰ ਮਾਲਾ ਕਲਪਨਾ, ਜਿਵੇਂ- ੳ ਤੋਂ ੜ ਤੀਕ ਗਿਣਤੀ ਲਈ ਅੱਖਰ ਥਾਪੀਏ).#(ੲ) ਅਕ੍ਸ਼੍ਮਾਲਾ (ਮਣਕਿਆਂ ਦੀ ਮਾਲਾ), ਜੋ ਰੁਦ੍ਰਾਕ੍ਸ਼੍, ਕਮਲ ਦੇ ਬੀਜ, ਹਾਥੀਦੰਦ, ਸ਼ੰਖ ਦੇ ਟੁਕੜੇ, ਚੰਦਨ, ਤੁਲਸੀ, ਮੋਤੀ, ਬਿਲੌਰ, ਮੂੰਗਾ, ਸੁਵਰਣ (ਸੋਨੇ) ਆਦਿ ਦੇ ਮਣਕਿਆਂ ਤੋਂ ਬਣਾਈ ਜਾਂਦੀ ਹੈ.#ਯੋਗਿਨੀਤੰਤ੍ਰ ਵਿੱਚ ਮਹਾਦੇਵ ਦਾ ਵਚਨ ਹੈ ਕਿ ਪੱਚੀ ਮਣਕਿਆਂ ਦੀ ਮਾਲਾ ਮੁਕਤਿਦਾਇਕ, ਸਤਾਈ ਦੀ ਪੁਸ੍ਟਿਕਾਰਕ, ਤੀਸ ਦੀ ਧਨਦਾਇਕ, ਪਚਾਸ ਦੀ ਮੰਤ੍ਰਸਿੱਧੀ ਕਰਨ ਵਾਲੀ ਅਤੇ ਇੱਕ ਸੌ ਅੱਠ ਮਣਕੇ ਦੀ ਸਰਵਸਿੱਧੀ ਦੇਣ ਵਾਲੀ ਹੈ.#ਤੰਤ੍ਰਸ਼ਾਸਤ੍ਰ ਵਿੱਚ ਲਿਖਿਆ ਹੈ ਕਿ-#अ आ इ ई उ ऊ ऋ ऋ लृ ऋ ए ऐ ओ औ अं अः#क ख ग घ ङ। च छ ज झ ञ। ट ठ ड ढ ण।#त थ द ध न। प फ ब भ। य र ल व शा प स ह क्ष.#ਇਨ੍ਹਾਂ ਪੰਜਾਹ ਅੱਖਰਾਂ ਦਾ ਅਨੁਲੋਮ, ਪ੍ਰਤਿਲੋਮ (ਸਿੱਧਾ ਪੁਠਾ) ਪਾਠ ਕਰਨ ਤੋਂ ਸੌ ਗਿਣਤੀ ਹੁੰਦੀ ਹੈ. ਫੇਰ ਇਨ੍ਹਾਂ ਹੀ ਅੱਖਰਾਂ ਵਿੱਚੋਂ ਵਰਗਾਂ ਦੇ ਮੁੱਢ ਦਾ ਇੱਕ ਇੱਕ ਅੱਖਰ (अ क च ट त प य श) ਲੈਣ ਤੋਂ ਅੱਠ ਦੀ ਗਿਣਤੀ ਹੁੰਦੀ ਹੈ. ਇਸ ਹਿਸਾਬ ਸਰਵਮੰਤ੍ਰਮਈ ੧੦੮ ਮਣਕੇ ਦੀ ਮਾਲਾ ਹੈ.#ਇਹ ਭੀ ਲਿਖਿਆ ਹੈ ਕਿ ਇੱਕ ਇੱਕ ਰਾਸ਼ਿ ਦੇ ਨੌ ਨੌ ਅੱਖਰ ਹਨ, ਬਾਰਾਂ ਨਾਏਂ ੧੦੮ ਗਿਣਤੀ ਹੁੰਦੀ ਹੈ. ਹੋਰ ਪ੍ਰਕਾਰ ਦੱਸਿਆ ਹੈ ਕਿ ਇੱਕ ਇੱਕ ਨਛਤ੍ਰ (ਨਕ੍ਸ਼੍ਤ੍ਰ) ਦੇ ਚਾਰ ਚਾਰ ਅੱਖਰ ਹਨ, ਸਤਾਈ ਚੌਕੇ ੧੦੮ ਬਣਦੇ ਹਨ. ਮੁਸਲਮਾਨਾਂ ਦੀ ਮਾਲਾ (ਤਸਬੀ) ਖ਼ੁਦਾ ਦੇ ੯੯ ਗੁਣਵਾਚਕ ਅਤੇ ਇੱਕ ਖਾਸ ਨਾਉਂ ਅੱਲਾ ਜਪਣ ਲਈ ੧੦੦ ਮਣਕੇ ਦੀ ਹੋਇਆ ਕਰਦੀ ਹੈ. "ਮਾਲਾ ਤਸਬੀ ਤੋੜਕੈ ਜਿਉਂ ਸਉ ਤਿਵੈ ਅਠੋਤਰ ਲਾਇਆ." (ਭਾਗੁ) ਕਈ ਮੁਸਲਮਾਨ ਮੇਰੁ ਸਮੇਤ ੧੦੧ ਮਣਕੇ ਭੀ ਤਸਬੀ ਦੇ ਰਖਦੇ ਹਨ. ਦੇਖੋ, ਤਸਬੀ.#ਈਸਾਈਆਂ ਦੇ ਮਾਲਾ "ਰੋਜ਼ਰੀ" (Rosary) ਡੇਢ ਸੌ ਕਾਠ ਦੇ ਮਣਕਿਆਂ ਦੀ ਹੁੰਦੀ ਹੈ. ਹਰੇਕ ਦਸ ਛੋਟੇ ਮਣਕਿਆਂ ਪਿੱਛੋਂ ਇੱਕ ਵਡਾ ਮਣਕਾ ਹੁੰਦਾ ਹੈ. ਇਸ ਤਰਾਂ ੧੩੫ ਛੋਟੇ ਅਤੇ ੧੫. ਵਡੇ ਮਣਕੇ ਹੁੰਦੇ ਹਨ. ਛੋਟੇ ਮਣਕਿਆਂ ਤੇ Ave Maria (ਧਨ੍ਯ ਮੇਰੀ) ਅਤੇ ਵਡੇ ਮਣਕਿਆਂ ਉਤੇ Pater Noster (ਸਾਡਾ ਪਿਤਾ) ਜਾਪ ਹੁੰਦਾ ਹੈ.#ਪਚਵੰਜਾ ਮਣਕੇ ਦੀ ਮਾਲਾ ਭੀ ਈਸਾਈ ਰਖਦੇ ਹਨ, ਜਿਸ ਦਾ ਨਾਮ ਚੈਪਲੇਟ (Chaplet) ਹੈ. ਇਸ ਵਿੱਚ ਪੰਜਾਹ ਛੋਟੇ ਅਤੇ ਪੰਜ ਵਡੇ ਮਣਕੇ ਹੁੰਦੇ ਹਨ, ਅਰ ਉਨ੍ਹਾਂ ਅਤੇ ਨਾਮਸਿਮਰਣ ਦੀ ਉਹੀ ਰੀਤਿ ਹੈ, ਜੋ ਡੇਢ ਸੌ ਮਣਕੇ ਦੀ ਮਾਲਾ ਪੁਰ ਹੈ. ਰੋਮਨ ਕੈਥੋਲਿਕ (Roman Catholic) ਮਤ ਦੇ ਈਸਾਈਆਂ ਵਿੱਚ ਜਪਮਾਲਾ ਦਾ ਵਿਸ਼ੇਸ ਪ੍ਰਚਾਰ ਹੈ.#ਜੈਨੀਆਂ ਦੀ ਮਾਲਾ ੧੧੧ ਮਣਕੇ ਦੀ ਹੋਇਆ ਕਰਦੀ ਹੈ.#ਸਿੱਖਧਰਮ ਵਿੱਚ ਗਿਣਤੀ ਨਾਲ ਨਾਮਜਪ ਵਿਧਾਨ ਨਹੀਂ. "ਹਰਿਮਾਲਾ ਉਰ ਅੰਤਰਿ ਧਾਰੈ। ਜਨਮ ਮਰਣ ਕਾ ਦੂਖ ਨਿਵਾਰੈ." (ਆਸਾ ਮਃ ੫) "ਹਿਰਦੈ ਜਪਨੀ ਜਪਉ ਗੁਣਤਾਸਾ." (ਬਿਲਾ ਮਃ ੩. ਵਾਰ ੭) "ਮਨਿ ਜਪੀਐ ਹਰਿ ਜਪਮਾਲਾ." (ਮਾਲੀ ਮਃ ੪) ਦੇਖੋ, ਚਾਰ ਮਾਲਾ....
ਵਿ- ਧੌਤ. ਧੋਤੀ ਹੋਈ. "ਬਾਹਰਿ ਧੋਤੀ ਤੂੰਬੜੀ ਅੰਦਰਿ ਵਿਸੁ ਨਿਕੋਰ." (ਵਾਰ ਸੂਹੀ ਮਃ ੧) ੨. ਸੰਗ੍ਯਾ- ਅਧੋਵਸਤ੍ਰ. ਤੇੜ ਦੀ ਚਾਦਰ. "ਧੋਤੀ ਖੋਲਿ ਵਿਛਾਏ ਹੇਠਿ." (ਗਉ ਮਃ ੫) ੩. ਸੰ. ਧਤਿ. ਯੋਗਗ੍ਰੰਥਾਂ ਅਨੁਸਾਰ ਇੱਕ#ਯੋਗਕ੍ਰਿਯਾ, ਜਿਸ ਦਾ ਪ੍ਰਕਾਰ ਇਹ ਹੈ- ਦੋ ਉਂਗਲ ਚੌੜਾ ਅਤੇ ਅੱਠ ਦਸ ਹੱਥ ਲੰਮਾ ਕਪੜਾ ਗਿੱਲਾ ਕਰਕੇ ਪਾਣੀ ਦੀ ਸਹਾਇਤਾ ਨਾਲ ਨਿਗਲਣਾ ਅਰ ਥੋੜਾ ਚਿਰ ਠਹਿਰਕੇ ਬਾਹਰ ਕੱਢਣਾ. ਇਸ ਤਰ੍ਹਾਂ ਕਰਨ ਨਾਲ ਅੰਤੜੀ ਦੀ ਮੈਲ ਦੂਰ ਹੁੰਦੀ ਹੈ. ਹਠਯੋਗ ਦੇ ਅਭ੍ਯਾਸੀ ਧੋਤਿ ਵਰਤਦੇ ਹਨ। ੪. ਮੇਦਾ ਸਾਫ ਕਰਨ ਦੀ ਲੀਰ। ੫. ਸ਼ੁੱਧੀ. ਪਵਿਤ੍ਰਤਾ. ਯੋਗਮਤ ਵਿੱਚ ਚਾਰ ਪ੍ਰਕਾਰ ਦੀ ਧੋਤੀ (ਧੌਤਿ) ਹੈ- ਅੰਤ੍ਰ, ਧੌਤਿ, ਦੰਤ ਧੌਤਿ, ਰ੍ਹਿਦਯ ਧੌਤਿ ਅਤੇ ਗੁਦਾ ਧੌਤਿ....
ਸੰਗ੍ਯਾ- ਟੀਕਾ. ਤਿਲਕ. "ਸਹਿ ਟਿਕਾ ਦਿਤੋਸੁ ਜੀਵਦੈ." (ਵਾਰ ਰਾਮ ੩) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੨. ਦੇਖੋ, ਟਿੱਕਾ....
ਸੰਗ੍ਯਾ- ਜਪ ਕਰਨ ਦੀ ਮਾਲਾ. ਦੇਖੋ, ਜਪਮਾਲਾ. "ਧੋਤੀ ਟਿਕਾ ਤੈ ਜਪਮਾਲੀ." (ਵਾਰ ਆਸਾ) ੨. ਵਿ- ਜਪਮਾਲਾ ਰੱਖਣ ਵਾਲਾ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....