chhakāछॱका
ਸੰਗ੍ਯਾ- ਛੀ ਦਾ ਸਮੁਦਾਇ (ਇਕੱਠ). ੨. ਛੀ ਛੰਦਾਂ ਦਾ ਮਜਮੂਆ. ਦੇਖੋ, ਆਸਾ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਛੱਕੇ, ਜੋ ਆਸਾ ਦੀ ਵਾਰ ਨਾਲ ਮਿਲਾਕੇ ਗਾਈਦੇ ਹਨ। ੩. ਜੂਏ ਦਾ ਇੱਕ ਦਾਉ, ਜਿਸ ਵਿੱਚ ਕੌਡੀਆਂ ਸਿੱਟਣ ਤੋਂ ਛੀ ਕੌਡੀਆਂ ਚਿੱਤ ਪੈਂਦੀਆਂ ਹਨ। ੪. ਪੰਜ ਗ੍ਯਾਨਇੰਦ੍ਰੀਆਂ ਅਤੇ ਅੰਤਹਕਰਣ.
संग्या- छी दा समुदाइ (इकॱठ). २. छी छंदां दा मजमूआ. देखो, आसा राग विॱच गुरू रामदास साहिब दे छॱके, जो आसा दी वार नाल मिलाके गाईदे हन। ३. जूए दा इॱक दाउ, जिस विॱच कौडीआं सिॱटण तों छी कौडीआं चिॱत पैंदीआं हन। ४. पंज ग्यानइंद्रीआं अते अंतहकरण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸੰਗ੍ਯਾ- ਇੱਕ ਥਾਂ ਸ੍ਥਿਤ ਹੋਏ ਲੋਕ. ਹਜੂਮ. ਜੋੜ ਮੇਲ. ਮੇਲਾ....
ਅ਼. [مجموُع] - [مجموُعہ] ਮਜਮੂਅ਼ਹ. ਜਮਅ਼ ਹੋਇਆ ਹੋਇਆ. ਦੇਖੋ, ਪੰਚ ਮਜਮੀ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। ੨. ਦੇਖੋ, ਰਾਮਦਾਸ ਸਤਿਗੁਰੂ। ੩. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤੀਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. "ਰਾਮਦਾਸ ਦਿੱਲੀ ਮਹਿ ਆਇ." (ਗੁਵਿ ੧੦) ੪. ਰਾਮ ਦਾ ਦਾਸ. ਕਰਤਾਰ ਦਾ ਸੇਵਕ। ੫. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. "ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫) ੬. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. "ਜੋਗੀ ਜਤੀ ਬੈਸਨੋ ਰਾਮਦਾਸ." (ਗੌਂਡ ਮਃ ੫) ੭. ਦਬਿਸਤਾਨੇ ਮਜਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। ੮. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸਣ "ਸਮਰ੍ਥ" ਸੀ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਛੱਕਾ ਦਾ ਬਹੁ ਵਚਨ। ੨. ਦਸ਼ਮੇਸ਼ ਦੇ ਨਾਮ ਤੋਂ ਕਿਸੇ ਦੁਰਗਾਭਗਤ ਦੀ ਰਚਨਾ ਦੇ ਛੀ ਛੰਦ, ਜਿਨ੍ਹਾਂ ਦੇ ਮੁੱਢ ਪਾਠ ਹੈ- "ਨਮੋ ਉਗ੍ਰਦੰਤੀ ਅਨੰਤੀ ਸਿਵੈਯਾ." xxx ਆਦਿ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. "ਅਬ ਜੂਝਨ ਕੋ ਦਾਉ." (ਮਾਰੂ ਕਬੀਰ) ੨. ਸਮਾਂ. ਵੇਲਾ. ਅਵਸਰ. "ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ." (ਬਸੰ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."...