chīkāचीका
ਸੰਗ੍ਯਾ- ਦੁਤਾਰੇ ਦੀ ਸ਼ਕਲ ਦਾ ਇੱਕ ਸਾਜ਼, ਜੋ ਗਜ਼ ਨਾਲ ਵਜਾਈਦਾ ਹੈ। ੨. ਜਿਲਾ ਕਰਨਾਲ, ਤਸੀਲ ਕੈਥਲ ਥਾਣਾ ਗੂਲ੍ਹਾ ਦਾ ਇੱਕ ਪਿੰਡ, ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਮੰਦਿਰ ਬਣਿਆ ਹੋਇਆ ਹੈ, ਪਰ ਕੋਈ ਸੇਵਾਦਾਰ ਨਹੀਂ ਹੈ. ਰੇਲਵੇ ਸਟੇਸ਼ਨ ਪਟਿਆਲੇ ਤੋਂ ੨੦. ਮੀਲ ਨੈਰਤਕੋਣ ਕੱਚਾ ਰਸਤਾ ਹੈ. ਦੇਖੋ, ਗਲੌਰਾ.
संग्या- दुतारे दी शकल दा इॱक साज़, जो गज़ नाल वजाईदा है। २. जिला करनाल, तसील कैथल थाणा गूल्हा दा इॱक पिंड, जिस विॱच श्री गुरू नानक देव जी अते श्री गुरू तेगबहादुर जी दा गुरद्वारा है. मंदिर बणिआ होइआ है, पर कोई सेवादार नहीं है. रेलवे सटेशन पटिआले तों २०. मील नैरतकोण कॱचा रसता है. देखो, गलौरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਫ਼ਾ. [ساز] ਸਾਜ਼. ਵਿ- ਬਣਾਉਣ ਵਾਲਾ. ਰਚਣ ਵਾਲਾ. ਇਹ ਯੌਗਿਕ ਸ਼ਬਦਾਂ ਦੇ ਅੰਤ ਵਰਤੀਦਾ ਹੈ, ਜੈਸੇ- ਕਾਰਸਾਜ਼, ਜਾਲਸਾਜ਼ ਆਦਿ। ੨. ਸੰਗ੍ਯਾ- ਹਥਿਆਰ. ਸੰਦ।੩ ਬਾਜਾ. ਵਾਦ੍ਯ. "ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ." (ਚੰਡੀ ੧)#ਸਾਜ (ਵਾਜੇ) ਅਨੇਕ ਪ੍ਰਕਾਰ ਦੇ ਹਨ, ਪਰ ਇੱਥੇ ਉਨ੍ਹਾਂ ਸਾਜਾਂ ਦਾ ਚਿਤ੍ਰ ਦਿੱਤਾ ਜਾਂਦਾ ਹੈ, ਜੋ ਕੀਰਤਨ ਕਰਨ ਵੇਲੇ ਸਿੱਖ ਵਰਤਦੇ ਰਹੇ ਅਤੇ ਵਰਤਦੇ ਹਨ। ੪. ਲਾਭ। ੫. ਦੇਖੋ, ਸਾਜਨਾ। ੬. ਅ਼. [شاذ] ਸ਼ਾਜ. ਵ੍ਯ- ਕਿਤੇ ਕਿਤੇ. ਕਹੀਂ ਕਹੀਂ. ਵਿਰਲਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਪੰਜਾਬ ਦਾ ਇੱਕ ਜ਼ਿਲਾ, ਜੋ ਅੰਬਾਲੇ ਦੀ ਕਮਿਸ਼ਨਰੀ ਵਿੱਚ ਹੈ. ਲੋਕਾਂ ਦਾ ਇਹ ਖ਼ਿਆਲ ਹੈ ਕਿ ਇਹ ਕਰਣ ਨੇ ਵਸਾਇਆ ਹੈ (ਕਰਣਾਲਯ).#ਬੰਦਾ ਬਹਾਦੁਰ ਨੇ ਸਨ ੧੭੦੯ ਵਿੱਚ ਕਰਨਾਲ ਫ਼ਤੇ ਕੀਤਾ. ਸ਼੍ਰੀ ਗੁਰੂ ਨਾਨਕ ਦੇਵ ਇਸ ਸ਼ਹਿਰ ਦਿੱਲੀ ਨੂੰ ਜਾਂਦੇ ਹੋਏ ਵਿਰਾਜੇ ਹਨ. ਮਹੱਲਾ ਠਠੇਰਾਂ ਵਿੱਚ ਗੁਰਦ੍ਵਾਰਾ ਹੈ। ੨. ਉਹ ਬੰਦੂਕ, ਜੋ ਹੱਥ ਪੁਰ ਰੱਖਕੇ ਬਿਨਾ ਕਿਸੇ ਸਹਾਰੇ ਦੇ ਚਲਾਈ ਜਾਵੇ. ਇਸੇ ਦਾ ਨਾਉਂ "ਹਥਨਾਲ" ਹੈ....
ਦੇਖੋ, ਤਹਸੀਲ....
ਕਰਨਾਲ ਜ਼ਿਲੇ ਦੀ ਤਸੀਲ ਦਾ ਪ੍ਰਧਾਨ ਨਗਰ, ਜੋ ਕਰਨਾਲ ਤੋਂ ੧੯. ਕੋਹ ਪੱਛਮ ਕੁਰੁਕ੍ਸ਼ੇਤ੍ਰਭੂਮਿ ਵਿੱਚ ਹੈ. ਇਹ ਸ਼ਹਿਰ ਯੁਧਿਸ੍ਠਿਰ ਨੇ ਵਸਾਇਆ. ਹਨੁਮਾਨ ਦੀ ਮਾਤਾ ਅੰਜਿਨਾ ਦਾ ਮੰਦਿਰ ਹੋਣ ਕਰਕੇ ਨਾਮ "ਕਪਿਸ੍ਥਲ" ਥਾਪਿਆ. ਭਗਤੂਵੰਸ਼ੀ ਭਾਈ ਗੁਰੁਬਖ਼ਸ਼ ਸਿੰਘ ਦੇ ਸੁਪੁਤ੍ਰ ਭਾਈ ਦੇਸੂ ਸਿੰਘ ਨੇ ਮੁਲਕ ਮੱਲਕੇ ਕੈਥਲ ਨੂੰ ਸਨ ੧੭੬੭ ਵਿੱਚ ਆਪਣੀ ਰਾਜਧਾਨੀ ਬਣਾਇਆ. ਇਸ ਦੇ ਪੁਤ੍ਰ ਲਾਲ ਸਿੰਘ ਅਤੇ ਪੋਤੇ ਭਾਈ ਉਦਯ ਸਿੰਘ ਨੇ ਰਾਜ ਚੰਗੀ ਤਰਾਂ ਕੀਤਾ. ਭਾਈ ਉਦਯ ਸਿੰਘ ਦੇ ਦਰਬਾਰ ਦੇ ਕਵੀਰਾਜ ਭਾਈ ਸੰਤੋਖ ਸਿੰਘ ਨੇ ਇਸੇ ਨਗਰ ਵਿੱਚ ਰਹਿਕੇ ਗੁਰੁਪ੍ਰਤਾਪਸੂਰਯ ਆਦਿਕ ਪੁਸਤਕ ਰਚੇ ਹਨ. ਭਾਈ ਉਦਯ ਸਿੰਘ ਦੇ ਸੰਤਾਨ ਨਹੀਂ ਹੋਈ. ਇਸ ਲਈ ੧੫. ਮਾਰਚ ਸਨ ੧੮੪੩ ਨੂੰ ਉਸ ਦੇ ਦੇਹਾਂਤ ਹੋਣ ਪੁਰ ਇਹ ਰਿਆਸਤ ਅੰਗ੍ਰੇਜ਼ੀ ਰਾਜ ਵਿੱਚ ਮਿਲ ਗਈ.¹#ਕੈਂਥਲ ਵਿੱਚ ਨੌਮੇ ਸਤਿਗੁਰੂ ਦੇ ਦੋ ਗੁਰਦ੍ਵਾਰੇ ਹਨ- ਇੱਕ ਠੰਢਾਰ ਤੀਰਥ ਪੁਰ, ਦੂਜਾ ਸ਼ਹਿਰ ਵਿੱਚ. ਬਾਹਰ ਦੇ ਗੁਰਦ੍ਵਾਰੇ ਦੇ ਨਾਲ ਦਸ ਵਿੱਘੇ ਜ਼ਮੀਨ ਹੈ. ਇਸ ਥਾਂ ਗੁਰੂ ਸਾਹਿਬ ਦੇ ਵੇਲੇ ਦਾ ਇੱਕ ਨਿੰਮ ਦਾ ਬਿਰਛ ਹੈ, ਜਿਸ ਦੇ ਪੱਤੇ ਖਵਾਕੇ ਸਤਿਗੁਰੂ ਨੇ ਰੋਗੀ ਦਾ ਤਾਪ ਦੂਰ ਕੀਤਾ ਸੀ.#ਬਾਹਰ ਦੇ ਗੁਰਦ੍ਵਾਰੇ ਨੂੰ ਸੌ ਰੁਪਯਾ ਰਿਆਸਤ ਪਟਿਆਲੇ ਤੋਂ ਅਤੇ ਸੈਂਤਾਲੀ ਰੁਪਯੇ ਰਿਆਸਤ ਜੀਂਦ ਤੋਂ ਸਾਲਾਨਾ ਮਿਲਦੇ ਹਨ. ਭਾਈ ਉਦਯ ਸਿੰਘ ਦੀ ਦਿੱਤੀ ਹੋਈ ਸੌ ਵਿੱਘੇ ਜ਼ਮੀਨ ਹੈ. ਦੋਖੇ, ਭਗਤੂ ਭਾਈ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਦੇਖੋ, ਗੁਰਦੁਆਰਾ ੩....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਕਚਾ....
ਫ਼ਾ. [رستہ] ਰਾਸ੍ਤਹ. ਸੰਗ੍ਯਾ- ਮਾਰਗ. ਰਾਹ. ਸੰ. ਰਥ੍ਯਾ....
ਚਿਹਕਾ (ਚੀਕਾ) ਪਿੰਡ ਦਾ ਵਸਨੀਕ ਇੱਕ ਮਸੰਦ. ਇਸ ਨੂੰ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਹਾਂਸੀ ਅਤੇ ਹਿਸਾਰ ਦੇ ਇਲਾਕੇ ਗੁਰਸਿੱਖੀ ਦੇ ਪ੍ਰਚਾਰ ਲਈ ਭੇਜਿਆ ਸੀ. ਨੌਮੇ ਸਤਿਗੁਰੂ ਇਸ ਦੇ ਘਰ ਇੱਕ ਵੇਰ ਵਿਰਾਜੇ ਅਤੇ ਗਲੌਰੇ ਨੂੰ ਇੱਕ ਤੀਰਾਂ ਦਾ ਭਰਿਆ ਤਰਕਸ਼ ਬਖ਼ਸ਼ਿਆ. ਦੇਖੋ, ਚੀਕਾ....