gudharha, gudharhuगुदड़, गुदड़ु
ਸੰਗ੍ਯਾ- ਗੋਦੜਾ. ਜੁੱਲਾ. ਪਾਟੀ ਲੀਰਾਂ ਦਾ ਬਣਿਆ ਹੋਇਆ ਭਾਰੀ ਲਿਹਾਫ਼ (ਲੇਫ) "ਜਿਨ ਪਟੁ ਅੰਦਰਿ ਬਾਹਰਿ ਗੁਦੜੁ." (ਵਾਰ ਆਸਾ) ਅੰਦਰੋਂ ਕੋਮਲ ਜਾਹਰਾ ਰੁੱਖੇ। ੨. ਕੂੜਾ ਕਰਕਟ.
संग्या- गोदड़ा. जुॱला. पाटी लीरां दा बणिआ होइआ भारी लिहाफ़ (लेफ) "जिन पटु अंदरि बाहरि गुदड़ु." (वार आसा) अंदरों कोमल जाहरा रुॱखे। २. कूड़ा करकट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰੂੰ ਭਰਿਆ ਮੋਟਾ ਅਤੇ ਭਾਰੀ ਵਸਤ੍ਰ. ਗੁੱਦੜ....
ਸੰਗ੍ਯਾ- ਪੱਟੀ ਤਖ਼ਤੀ. "ਲੈ ਪਾਟੀ ਪਾਧੇ ਕੈ ਆਇਆ." (ਭੈਰ ਅਃ ਮਃ ੩) ੨. ਮੰਜੇ ਦੀ ਬਾਹੀ. "ਪਾਟੀ ਚੋਟ ਗੋਡ ਪਰ ਲਾਗੀ." (ਗੁਪ੍ਰਸੂ) ੩. ਫਟੀ. ਦੇਖੋ, ਪਾਟਨਾ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਦੇਖੋ, ਲੇਫ....
ਅ਼. [ِلحاف] ਲਿਹ਼ਾਫ਼. ਸੰਗ੍ਯਾ- ਰੂਈਦਾਰ ਓਢਣ ਦਾ ਵਸਤ੍ਰ. ਰਜਾਈ. "ਨਾ ਜਲੁ ਲੇਫ ਤੁਲਾਈਆ." (ਵਡ ਅਲਾਹਣੀ ਮਃ ੧) "ਲੇਫੁ ਨਿਹਾਲੀ ਪਟ ਕੀ." (ਮਾਰੂ ਅਃ ਮਃ ੧)...
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਸੰਗ੍ਯਾ- ਪੱਟ. ਰੇਸ਼ਮ। ੨. ਰੇਸ਼ਮੀ ਵਸਤ੍ਰ. "ਜਿਨ ਪਟੁ ਅੰਦਰਿ, ਬਾਹਰਿ ਗੁਦੜੁ." (ਵਾਰ ਆਸਾ) "ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ." (ਸ. ਫਰੀਦ) ੩. ਸੰਜੋਆ. ਕਵਚ. "ਅਭੈ ਪਟੁ ਰਿਪੁ ਮਧ ਤਿਹ." (ਸਵੈਯੇ ਮਃ ੩. ਕੇ) ੪. ਸੰ. ਪਟੁ. ਵਿ- ਚਤੁਰ. ਹੋਸ਼ਿਆਰ। ੫. ਨਿਪੁਣ. ਪ੍ਰਵੀਣ. ਤਾਕ। ੬. ਛਲੀਆ। ੭. ਰੋਗਰਹਿਤ. ਨਰੋਆ। ੮. ਤਿੱਖਾ। ੯. ਸੁੰਦਰ। ੧੦. ਸੰਗ੍ਯਾ- ਨਮਕ. ਲੂਣ। ੧੧. ਜੀਰਾ. ਜੀਰਕ। ੧੨. ਕਰੇਲਾ। ੧੩. ਚੀਨੀ ਕਪੂਰ....
ਦੇਖੋ, ਬਾਹਰ, ੩, ੪. ਅਤੇ ੫. "ਹਰਿ, ਤੁਧਹੁ ਬਾਹਰਿ ਕਿਛੁ ਨਹੀ." (ਮਃ ੪. ਵਾਰ ਸ੍ਰੀ) ੨. ਦੇਖੋ, ਬਾਹਰ ੨. "ਕਹੁ ਕਬੀਰ ਅਬ ਬਾਹਰਿ ਪਰੀ." (ਗੌਂਡ ਕਬੀਰ) ੩. ਵਾਹ (ਵਾਹਨ- ਘੋੜਾ) ਅਰਿ (ਵੈਰੀ). ਘੋੜੇ ਦਾ ਵੈਰੀ ਸ਼ੇਰ. (ਸਨਾਮਾ)...
ਸੰਗ੍ਯਾ- ਗੋਦੜਾ. ਜੁੱਲਾ. ਪਾਟੀ ਲੀਰਾਂ ਦਾ ਬਣਿਆ ਹੋਇਆ ਭਾਰੀ ਲਿਹਾਫ਼ (ਲੇਫ) "ਜਿਨ ਪਟੁ ਅੰਦਰਿ ਬਾਹਰਿ ਗੁਦੜੁ." (ਵਾਰ ਆਸਾ) ਅੰਦਰੋਂ ਕੋਮਲ ਜਾਹਰਾ ਰੁੱਖੇ। ੨. ਕੂੜਾ ਕਰਕਟ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਅ਼. [ظاہرا] ਜਾਹਿਰਾ. ਕ੍ਰਿ. ਵਿ- ਪ੍ਰਗਟ ਰੂਪ ਕਰਕੇ. ਪ੍ਰਤ੍ਯਕ੍ਸ਼੍ ਮੇਂ. "ਨਾਨਕ ਕਾ ਪਾਤਿਸਾਹ ਦਿਸੈ ਜਾਹਰਾ." (ਆਸਾ ਮਃ ੫)...
ਸੰਗ੍ਯਾ- ਕਤਵਾਰ. ਸੰਬਰਣ। ੩. ਵਿ- ਝੂਠਾ. ਕੂਟ ਸਹਿਤ. "ਕੂੜਾ ਲਾਲਚੁ ਛੋਡੀਐ." (ਆਸਾ ਅਃ ਮਃ ੧)...
ਸੰਗ੍ਯਾ- ਕੂੜਾ. ਸੰਬਰਣ। ੨. ਸੰ. ਕਰ੍ਕਟ. ਕੇਕੜਾ, ਜੋ ਜਲ ਵਿੱਚ ਰਹਿੰਦਾ ਹੈ, ਅਤੇ ਜਿਸ ਦੀ ਸ਼ਕਲ ਬਿੱਛੂ ਜੇਹੀ ਹੁੰਦੀ ਹੈ। ੩. ਗੋਲਾਕਾਰ ਲੱਕੜ ਦਾ ਜੋੜਾ. "ਕਰਕਟ ਪਾਈ ਝੰਬੀਐ." (ਭਾਗੁ) ਖੂਹ ਦੇ ਚੱਕ ਵਾਂਙ ਗੋਲਾਕਾਰ ਲੱਕੜਾਂ ਦਾ ਘੇਰਾ ਬਣਾਕੇ ਦਾਣੇ ਝੰਬੀਦੇ ਹਨ, ਜਿਸ ਤੋਂ ਵਿਖਰਣ ਦਾ ਭੈ ਨਹੀਂ। ੪. ਕਰਕ ਰਾਸ਼ਿ. ਦੇਖੋ, ਕਰਕ ੯....