ātamuआतमु
ਦੇਖੋ, ਆਤਮ ਅਤੇ ਆਤਮਾ। ੨. ਪਰਮਾਤਮਾ. ਵਾਹਗੁਰੂ। ੩. ਜੀਵਾਤਮਾ. "ਆਤਮੁ ਚੀਨੈ ਸੁ ਤਤੁ ਬੀਚਾਰੇ." (ਗਉ ਅਃ ਮਃ ੧) ੪. ਅੰਤਹਕਰਣ. "ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ." (ਗਉ ਥਿਤੀ ਮਃ ੫)
देखो, आतम अते आतमा। २. परमातमा. वाहगुरू। ३. जीवातमा. "आतमु चीनै सु ततु बीचारे." (गउ अः मः १) ४. अंतहकरण. "आतमु जीता गुरमती गुण गाए गोबिंद." (गउ थिती मः ५)
ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. आत्मन- ਆਤਮਨ. (अत- मनिन) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਤਵਾ- ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ, ਜੋ ਅਨੇਕਾ ਚੇਸ੍ਟਾ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਹੋਣ ਆਦਿ ਧਾਰਣ ਵਾਲਾ ਆਤਮਾ ਹੈ. ਅਰਥਾਤ ਜਿੱਥੇ ਇਹ ਉੱਥੇ ਸਮਝੋ ਕਿ ਆਤਮਾ ਹੈ. "इ्च्छा द्बेष प्रय सुख दुः ख ज्ञानान्यात्मनो लिङ्गमिति.च्च् (ਨ੍ਯਾਯ ਦਰ੍ਸ਼ਨ, ਅਃ, ਆਹ੍ਨਿਕ ੧, ਸੂਤ੍ਰ ੧੦)#ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ (ਅਕਸ), ਅਵਿਦ੍ਯਾ ਦਾ ਅਧਿਸ੍ਠਾਨ ਚੇਤਨ ਅਤੇ ਅਵਿਦ੍ਯਾ, ਇਨ੍ਹਾਂ ਤਿੰਨਾਂ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹ੍ਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.#ਮਾਇਆ ਵਿੱਚ ਬ੍ਰਹਮ ਦਾ ਆਭਾਸ, ਮਾਇਆ ਦਾ ਅਧਿਸ੍ਠਾਨ ਚੇਤਨ ਅਤੇ ਮਾਇਆ, ਇਨ੍ਹਾਂ ਤਿੰਨਾਂ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹ੍ਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ.#ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ (ਸਾਇਸੰਦਾਨ) ਤ੍ਵਚਮਸਤਿਸਕ (brain cortex) ਦੇ ਸ਼ਿਰਾਸ੍ਫੋਟੀ ਜੀਵਾਣੂਆਂ (ganglionic cells) ਦਾ ਗੁਣ ਮੰਨਦੇ ਹਨ.#"ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ੨. ਪਰਮਾਤਮਾ. ਪਾਰਬ੍ਰਹ੍ਮ. ਵਾਹਗੁਰੂ. "ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ." (ਵਾਰ ਸ੍ਰੀ ਮਃ ੩) ੩. ਅੰਤਹਕਰਣ. ਮਨ. ਚਿੱਤ. "ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ." (ਵਾਰ ਸ੍ਰੀ ਮਃ ੩) ੪. ਸੁਭਾਉ. ਸ੍ਵਭਾਵ। ੫. ਸ਼ਰੀਰ. ਦੇਹ। ੬. ਧੀਰਜ. ਧ੍ਰਿਤਿ। ੭. ਬੁੱਧਿ। ੮. ਸੂਰਜ। ੯. ਅਗਨਿ। ੧੦. ਪਵਨ. ਹਵਾ। ੧੧. ਪੁਤ੍ਰ....
ਸੰ. परमात्मन. ਸੰਗ੍ਯਾ- ਪਰਮ- ਆਤਮਾ. ਪਾਰਬ੍ਰਹਮ. ਵਾਹਗੁਰੂ....
ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ....
ਸੰ. जीवात्मन्. ਸੰਗ੍ਯਾ- ਦੇਹ ਨੂੰ ਚੇਤਨਸੱਤਾ ਦੇਣ ਵਾਲਾ ਆਤਮਾ. ਰੂਹ. ਪ੍ਰਤ੍ਯਗਾਤਮਾ. ਦੇਖੋ, ਆਤਮਾ....
ਦੇਖੋ, ਆਤਮ ਅਤੇ ਆਤਮਾ। ੨. ਪਰਮਾਤਮਾ. ਵਾਹਗੁਰੂ। ੩. ਜੀਵਾਤਮਾ. "ਆਤਮੁ ਚੀਨੈ ਸੁ ਤਤੁ ਬੀਚਾਰੇ." (ਗਉ ਅਃ ਮਃ ੧) ੪. ਅੰਤਹਕਰਣ. "ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ." (ਗਉ ਥਿਤੀ ਮਃ ੫)...
ਸੰ. तत्त्व- ਤਤ੍ਵ. ਸੰਗ੍ਯਾ- ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅਨਾਸਿਰ. "ਪੰਚ ਤਤੁ ਮਿਲਿ ਕਾਇਆ ਕੀਨੀ." (ਗੌਡ ਕਬੀਰ) ੨. ਪਾਰਬ੍ਰਹਮ. ਕਰਤਾਰ. "ਗੁਰਮੁਖਿ ਤਤੁ ਵੀਚਾਰੁ." (ਸ੍ਰੀ ਅਃ ਮਃ ੧) ੩. ਸਾਰ. ਸਾਰਾਂਸ਼. "ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ." (ਸੁਖਮਨੀ) ੪. ਮੱਖਣ ਨਵਨੀਤ. "ਜਲ ਮਥੈ ਤਤੁ ਲੋੜੈ ਅੰਧ ਅਗਿਆਨਾ." (ਮਾਰੂ ਅਃ ਮਃ ੧) "ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ." (ਆਸਾ ਕਬੀਰ) ੫. ਅਸਲੀਅਤ. ਯਥਾਰ੍ਥਤਾ। ੬. ਕ੍ਰਿ. ਵਿ- ਤਤਕਾਲ. ਫ਼ੌਰਨ. "ਜੋ ਪਿਰੁ ਕਹੈ ਸੋ ਧਨ ਤਤੁ ਮਾਨੈ." (ਮਾਰੂ ਸੋਲਹੇ ਮਃ ੫)...
ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."...
ਜਿਉਂਦਾ. ਜੀਵਿਤ। ੨. ਜਿੱਤਿਆ. "ਨਾਨਕ ਗਿਆਨੀ ਜਗ ਜੀਤਾ, ਜਗਜੀਤਾ ਸਭੁਕੋਇ." (ਵਾਰ ਬਿਹਾ ਮਃ ੩) ਗ੍ਯਾਨੀ ਨੇ ਜਗਤ ਜਿੱਤਿਆ ਹੈ, ਅਤੇ ਸਭ ਕਿਸੇ ਨੂੰ ਜਗਤ ਨੇ ਜਿੱਤਿਆ ਹੈ....
ਸੰਗ੍ਯਾ- ਗੁਰੁਸੰਮਤਿ. ਗੁਰੂ ਦੀ ਰਾਇ। ੨. ਸਤਿਗੁਰੂ ਦੀ ਇੱਛਾ। ੩. ਗੁਰੂ ਦੀ ਨਸੀਹ਼ਤ. "ਗੁਰਮਤਿ ਲੇਹੁ ਤਰਹੁ ਭਵ ਦੁਤਰੁ." (ਮਾਰੂ ਸੋਲਹੇ ਮਃ ੧) ੪. ਗੁਰੁਮਤ ਦ੍ਵਾਰਾ. "ਗੁਰਮਤਿ ਪਾਇਆ ਸਹਜਿ ਮਿਲਾਇਆ." (ਸੂਹੀ ਛੰਤ ਮਃ ੩) "ਗੁਰਮਤੀ ਮਨੁ ਨਿਜਘਰਿ ਵਸਿਆ." (ਵਡ ਛੰਤ ਮਃ ੩)...
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....