aruअरु
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)
व्य- और. अते. दो शबदां नूं जोड़न वाला शबद. "माइआ फास बंध नही फारै अरु मनु सुंनि न लूके." (आसा कबीर)
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਸੰ. ਪਾਸ਼. ਸੰਗ੍ਯਾ- ਫਾਹੀ. ਫੰਧਾ. "ਜਮ ਕੀ ਕਟੀਐ ਤੇਰੀ ਫਾਸ." (ਰਾਮ ਮਃ ੫) ੨. ਅ਼. [فاس] ਕੁਹਾੜਾ. ਪਰਸ਼ੁ....
ਵਿ- ਅਧਿਕ. ਵਾਧੂ. ਜਾਦਾ. ਵੱਧ। ੨. ਸੰ. ਬੱਧ बद्घ. ਬੰਨ੍ਹਿਆ ਹੋਇਆ. ਬੰਧਨ ਵਿੱਚ ਪਿਆ। ੩. ਸੰ. ਬਧ੍ਯ. ਮਾਰਨ ਯੋਗ੍ਯ. "ਬਧੇ ਬੱਧ" (ਚੰਡੀ ੨) ੪. ਸੰ. ਵਧ. ਸੰਗ੍ਯਾ- ਵਿਸ. ਜ਼ਹਿਰ. "ਬੱਧ ਨਾਸਨੀ ਬੀਰਹਾ." (ਸਨਾਮਾ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸ੍ਫਾਰ (ਵਿਕਾਸ਼) ਕਰੈ. ਖਿੜਾਉਂਦਾ ਹੈ. "ਤਾ ਫਲਫੰਕ ਸਭੈ ਤਨ ਫਾਰੈ." (ਗਉ ਬਾਵਨ ਕਬੀਰ) ਬ੍ਰਹਮ ਫਲ ਦੀ ਫਾਂਕ ਜੀਵਾਤਮਾ, ਸਾਰੇ ਸ਼ਰੀਰਾਂ ਨੂੰ ਖਿੜਾਉਂਦਾ ਹੈ। ੨. ਪਾੜਦਾ ਹੈ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਸੁੰਨ ਵਿੱਚ. ਸ਼ੂਨ੍ਯ ਮੇ. ਭਾਵ- ਸ਼ੁੱਧ ਬ੍ਰਹਮ ਵਿੱਚ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....