svarana, savaranaस्वरण, सवरण
ਸੰ. ਵਿ- ਸਾਫ ਸ੍ਵਰ ਵਾਲਾ. ਜਿਸ ਦੀ ਧੁਨਿ ਸਾਫ ਹੈ। ੨. ਸ੍ਵਰ੍ਣ. ਸੰਗ੍ਯਾ- ਸੋਨਾ. ਸੁੰਦਰ ਹੈ ਵਰ੍ਣ (ਰੰਗ) ਜਿਸ ਦਾ.
सं. वि- साफ स्वर वाला. जिस दी धुनि साफ है। २. स्वर्ण. संग्या- सोना. सुंदर है वर्ण (रंग) जिस दा.
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਸੰ. स्वर् ਵ੍ਯ- ਸ੍ਵਰਗ। ੨. ਉੱਤਮ. ਸ਼੍ਰੇਸ੍ਠ. ੩. ਸੰਗ੍ਯਾ- ਪ੍ਰਾਣ ਪਵਨ ਦਾ ਵਿਹਾਰ. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ। ੪. ਗਾਉਣ ਦੀ ਧੁਨਿ.¹ ਰਾਗ ਦੇ ਮੂਲ ਰੂਪ ਸੱਤ ਸੁਰ. ਸੜਜ. ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ.#ਰਾਗ ਦੇ, ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ਸੜਜ, ਪਪੀਹੇ (ਚਾਤ੍ਰਕ) ਦੀ ਧੁਨਿ ਤੋਂ ਰਿਸਭ (ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਸਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨਿ ਤੋਂ ਮਧ੍ਯਮ, ਕੋਇਲ (ਕੋਕਿਲਾ) ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਸਾਦ ਸੁਰ ਕਲਪਿਆ ਹੈ.²#ਜੋ ਸੁਰ ਰਿਖੀਆਂ ਨੇ ਰਾਗ ਵਿਦ੍ਯਾ ਦੇ ਆਰੰਭ ਵਿੱਚ ਥਾਪੇ, ਉਹ ਸ਼ੁੱਧ ਕਹੇ ਜਾਂਦੇ ਹਨ. ਫੇਰ ਪਿੱਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸੁਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸੁਰ ਬਣਾਏ. ਇਨ੍ਹਾਂ ਵਿੱਚੋਂ ਚਾਰ- ਰਿਸਭ, ਗਾਂਧਾਰ, ਧੈਵਤ ਅਤੇ ਨਿਸਾਦ ਵਿਕਾਰੀ ਹੋਕੇ ਕੋਮਲ ਹੋ ਜਾਂਦੇ ਹਨ ਅਤੇ ਮਧ੍ਯਮ ਵਿਕ੍ਰਿਤ ਹੋਕੇ ਤੀਵ੍ਰ (ਕੜਾ) ਹੁੰਦਾ ਹੈ. ਇਸ ਹਿਸਾਬ ਅਨੁਸਾਰ ਬਾਰਾਂ (ਸੱਤ ਸ਼ੁੱਧ ਅਤੇ ਪੰਜ ਵਿਕ੍ਰਿਤ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ. ਦੇਖੋ, ਠਾਟ.#ਕਈ ਅਞਾਣ ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਨੂੰ ਤੀਵ੍ਰ (ਚੜਿਆ), ਮਧ੍ਯਮ ਨੂੰ ਉਤਰਿਆ, ਸੜਜ ਅਤੇ ਪੰਚਮ ਨੂੰ ਅਚਲ ਆਖਦੇ ਹਨ, ਪਰ ਇਹ ਭੁੱਲ ਹੈ. ਅਸਲ ਵਿੱਚ ਆਪਣੀ ਥਾਂ ਇਸਥਿਤ ਇਹ ਸੱਤੇ ਸੁਰ ਸ਼ੁੱਧ ਕਹੇ ਜਾਂਦੇ ਹਨ. ਅਞਾਣਾਂ ਦੀ ਬੋਲੀ ਵਿੱਚ ਜੋ ਅਚਲ ਸੜਜ, ਚੜ੍ਹਿਆ ਰਿਸਭ, ਚੜ੍ਹਿਆ ਗਾਂਧਾਰ, ਕੋਮਲ ਮਧ੍ਯਮ, ਅਚਲ ਪੰਚਮ, ਚੜ੍ਹਿਆ ਧੈਵਤ ਅਤੇ ਨਿਸਾਦ ਹੈ, ਵਿਦ੍ਵਾਨਾਂ ਦੇ ਹਿਸਾਬ ਇਹ ਸੱਤੇ ਸ਼ੁੱਧ ਸੁਰ ਹਨ. ਬਾਕੀ ਪੰਜ ਵਿਕ੍ਰਿਤ ਸੁਰਾਂ ਬਾਬਤ ਉੱਪਰ ਚੰਗੀ ਤਰਾਂ ਦੱਸਿਆ ਗਿਆ ਹੈ.#ਸੱਤਾਂ ਸੁਰਾਂ ਦੀਆਂ ੨੨ ਸ਼੍ਰੁਤੀਆਂ ਹਨ, ਜੋ ਸੁਰਾਂ ਦੇ ਅੰਸ਼ ਆਖਣੇ ਚਾਹੀਏ. ਦੇਖੋ, ਸ਼੍ਰੁਤਿ.#ਕਈ ਅਗ੍ਯਾਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ, ਪਰ ਐਸਾ ਨਹੀਂ ਹੈ. ਮੂਰਛਨਾ ਨਾਉਂ ਠਾਟ ਦੀ ਇਸਥਿਤੀ ਦਾ ਹੈ. ਸੁਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ, ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਆਲਾਪ ਲਈ ਠਹਿਰਾਈ ਗਈ ਹੈ.#ਇਸ ਗ੍ਰੰਥ ਵਿੱਚ ਲਿਖੇ ਸ਼ੁੱਧ, ਕੋਮਲ ਅਤੇ ਤੀਵ੍ਰ ਸੁਰ ਸਮਝਣ ਲਈ ਅਸੀਂ ਇਹ ਸੰਕੇਤ ਰੱਖਿਆ ਹੈ ਕਿ ਮੁਕਤੇ ਅੱਖਰ ਵਾਲਾ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਵ੍ਰ ਹੈ. ਯਥਾ-#ਸ਼ੁੱਧ- ਸ ਰ ਗ ਮ ਪ ਧ ਨ.#ਕੋਮਲ- ਰਾ ਗਾ ਧਾ ਨਾ.#ਤੀਵ੍ਰ- ਮੀ.#ਰਾਗਾਂ ਦੇ ਬਿਆਨ ਵਿੱਚ ਗ੍ਰਹਸ੍ਵਰ, ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ, ਇਸ ਲਈ ਇਨ੍ਹਾਂ ਬਾਬਤ ਭੀ ਚੰਗੀ ਤਰਾਂ ਸਮਝ ਲੈਣਾ ਚਾਹੀਏ.#ਗ੍ਰਹਸ੍ਵਰ ਉਹ ਹੈ ਜਿਸ ਵਿੱਚ ਰਾਗ ਦੇ ਆਲਾਪ ਦੀ ਸਮਾਪਤੀ ਹੋਵੇ.#ਵਾਦੀ ਅਥਵਾ ਅੰਸ਼ (ਜੀਵ) ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ.#ਸੰਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ.#ਅਨੁਵਾਦੀ ਉਹ ਹੈ ਜੋ ਵਾਦੀ ਸੰਵਾਦੀ ਨੂੰ ਸਹਾਇਤਾ ਦੇ ਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰ ਦੇਵੇ.#ਵਿਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ. ਇਸ ਨੂੰ ਵਰਜਿਤ ਅਤੇ ਸ਼ਤ੍ਰੁ ਸ੍ਵਰ ਭੀ ਆਖਦੇ ਹਨ।³ ੫. ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ. ਜੋ ਆਪ ਹੀ ਪ੍ਰਕਾਸ਼ੇ ਉਹ ਸ੍ਵਰ ਹੈ. ਪੰਜਾਬੀ ਵਰਣਮਾਲਾ ਵਿੱਚ ੳ ਅ ੲ ਸ੍ਵਰ ਹਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸੁਵਰ੍ਣ। ੨. ਸ਼ਯਨ. ਸੋਣਾ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...