somasaruसोमसरु
ਦੇਖੋ, ਸੋਮ ੧੧.
देखो, सोम ११.
ਸੰ. ਸੰਗ੍ਯਾ- ਰਿਗਵੇਦ ਅਨੁਸਾਰ ਇਹ ਇੱਕ ਨਸ਼ੀਲੇ ਰਸ ਦਾ ਨਾਉਂ ਹੈ, ਜੋ ਸੋਮਵੱਲੀ ਵਿੱਚੋਂ ਨਿਚੋੜਕੇ ਅਤੇ ਉਬਾਲਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ. ਇਹ ਭਿੰਨੀ ਭਿੰਨੀ ਖੁਸ਼ਬੂ ਵਾਲਾ ਹੁੰਦਾ ਹੈ ਅਤੇ ਪੁਰੋਹਿਤ ਅਰ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ, ਰਿਗਵੇਦ ਵਿੱਚ ਸੋਮਰਸ ਦਾ ਹਾਲ ਵਡੇ ਵਿਸਤਾਰ ਨਾਲ ਲਿਖਿਆ ਹੈ. ਵੈਦਿਕ ਰਿਖੀ ਇਸ ਨੂੰ ਬਲ ਦੇਣ ਵਾਲਾ, ਰੋਗਾਂ ਦੇ ਨਾਸ਼ ਕਰਨ ਵਾਲਾ, ਦੌਲਤ ਦੇਣ ਵਾਲਾ ਅਤੇ ਦੇਵਤਿਆਂ ਦਾ ਗੁਰੂ ਜਾਣਨ ਲਗ ਪਏ ਸਨ. ਦੇਵਤਾ ਹੋਣ ਦੀ ਹਾਲਤ ਵਿੱਚ ਇਹ ਉਹ ਦੇਵਤਾ ਹੈ ਜੋ ਸੋਮਰਸ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਉਂਦਾ ਹੈ. ਦੇਖੋ, ਸੋਮਵੱਲੀ। ੨. ਪਿੱਛੇ ਜੇਹੇ ਆਕੇ ਚੰਦ੍ਰਮਾ ਦਾ ਨਾਉਂ "ਸੋਮ" ਰੱਖਿਆ ਗਿਆ ਅਰ ਉਸ ਨੂੰ ਸਾਰੀ ਬੂਟੀਆਂ ਦਾ ਦੇਵਤਾ ਥਾਪਿਆ ਗਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਅਤ੍ਰਿ ਰਿਖੀ ਦਾ ਪੁਤ੍ਰ ਅਨੁਸੂਯਾ ਦੇ ਉਦਰ ਵਿੱਚੋਂ ਸੀ, ਪਰ ਇਸ ਗੱਲ ਤੇ ਸਾਰਿਆਂ ਦਾ ਇੱਕ ਮਤ ਨਹੀਂ. ਕਿਤੇ ਧਰਮ ਦਾ ਪੁਤ੍ਰ, ਕਿਤੇ ਅਤ੍ਰਿ ਵੰਸ਼ ਦੇ ਪ੍ਰਭਾਕਰ ਦਾ ਪੁਤ੍ਰ ਮੰਨਿਆ ਹੈ, ਪਰ ਵ੍ਰਿਹਦਾਰਣ੍ਯਕ ਵਿੱਚ ਇਸ ਨੂੰ ਛਤ੍ਰੀ ਕਰਕੇ ਜਾਣਿਆ ਹੈ. ਇਸ ਨੇ ਦਕ੍ਸ਼੍ ਦੀਆਂ ੨੭ ਲੜਕੀਆਂ ਨਾਲ ਵਿਆਹ ਕੀਤਾ, ਪਰ ਰੋਹਿਣੀ ਨੂੰ ਇਹ ਇਤਨਾ ਪਿਆਰ ਕਰਨ ਲੱਗਾ ਕਿ ਬਾਕੀ ਦੀਆਂ ਨੇ ਗੁੱਸਾ ਖਾਕੇ ਆਪਣੇ ਪਿਤਾ ਅੱਗੇ ਸ਼ਕਾਇਤ ਕੀਤੀ. ਦਕ੍ਸ਼੍ ਨੇ ਸੁਲਹ ਕਰਾਉਣੀ ਚਾਹੀ, ਪਰ ਸੋਮ ਨੇ ਨਾ ਮੰਨਿਆ, ਤਾਂ ਦਕ੍ਸ਼੍ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬਾਲਕ ਨਾ ਹੋਵੇ ਅਰ ਤੈਨੂੰ ਖਈ ਰੋਗ ਲੱਗਾ ਰਹੇ. ਇਹ ਸੁਣਕੇ ਇਸ ਦੀਆਂ ਇਸਤ੍ਰੀਆਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਪਿਤਾ ਨੂੰ ਆਖਿਆ ਕਿ ਖਿਮਾ ਕਰੋ. ਦਕ੍ਸ਼੍ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ. ਇਸੇ ਲਈ ਚੰਦ੍ਰਮਾ ਵਧਦਾ ਅਤੇ ਘਟਦਾ ਹੈ.#ਇੱਕ ਵਾਰ ਸੋਮ ਨੇ ਰਾਜਸੂਯ ਯੱਗ ਕੀਤਾ ਅਰ ਅਭਿਮਾਨ ਵਿੱਚ ਆਕੇ ਦੇਵਗੁਰੂ ਵ੍ਰਿਹਸਪਤਿ ਦੀ ਇਸਤ੍ਰੀ ਤਾਰਾ ਨੂੰ ਚੁਰਾ ਲਿਆਇਆ ਅਤੇ ਉਸ ਨੂੰ ਉਸ ਦੇ ਪਤਿ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਭੀ ਨਾ ਮੋੜਿਆ. ਇਸ ਗੱਲ ਪੁਰ ਲੜਾਈ ਹੋ ਪਈ ਅਤੇ ਸ਼ੁਕ੍ਰ ਨੇ (ਜਿਸ ਦਾ ਵ੍ਰਿਹਸਪਤਿ ਨਾਲ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਦਾਨਵ ਭੀ ਸੋਮ ਵੱਲ ਹੋਏ ਅਰ ਵ੍ਰਿਹਸਪਤਿ ਵੱਲ ਇੰਦ੍ਰ ਤੇ ਦੇਵਤੇ ਹੋਏ. ਐਸਾ ਘੋਰ ਯੁੱਧ ਮਚਿਆ ਕਿ ਸਾਰੀ ਪ੍ਰਿਥਿਵੀ ਹਿੱਲ ਗਈ. ਸ਼ਿਵ ਨੇ ਆਪਣੇ ਤ੍ਰਿਸੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ. ਏਸੇ ਲਈ ਇਸ ਨੂੰ "ਭਗਨਾਤਮਾ" ਭੀ ਆਖਦੇ ਹਨ. ਅੰਤ ਵਿੱਚ ਬ੍ਰਹਮਾ ਨੇ ਵਿੱਚ ਪੈਕੇ ਸੁਲਹ ਕਰਵਾਈ ਅਤੇ ਤਾਰਾ ਵ੍ਰਿਹਸਪਤਿ ਨੂੰ ਦਿਵਾਈ. ਚੰਦ੍ਰਮਾ ਦੇ ਵੀਰਯ ਤੋਂ ਤਾਰਾ ਦੇ ਉੱਦਰ ਵਿੱਚੋਂ ਇੱਕ ਬਾਲਕ ਹੋਇਆ, ਜਿਸ ਦਾ ਨਾਉਂ ਬੁਧ ਰੱਖਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਦੇ ਰਥ ਦੇ ਤਿੰਨ ਪਹੀਏ ਹਨ ਅਤੇ ਚੰਬੇਲੀ ਜੇਹੇ ਚਿੱਟੇ ੧੦. ਘੋੜੇ ਇਸ ਨੂੰ ਖਿਚਦੇ ਹਨ, ਜਿਨ੍ਹਾਂ ਵਿੱਚੋਂ ਪੰਜ ਇੱਕ ਪਾਸੇ ਅਤੇ ਪੰਜ ਦੂਜੇ ਪਾਸੇ ਲਗਦੇ ਹਨ। ੩. ਅਮ੍ਰਿਤ। ੪. ਕਪੂਰ। ੫. ਸ੍ਵਰਗ। ੬. ਸ਼ਿਵ। ੭. ਕੁਬੇਰ। ੮. ਯਮ। ੯. ਪਵਨ। ੧੦. ਜਲ। ੧੧. ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ, ਜਿਸ ਦਾ ਦੇਵਤਾ ਚੰਦ੍ਰਮਾ ਹੈ. "ਸੋਮ ਸਰੁ ਪੋਖਿਲੈ." (ਮਾਰੂ ਮਃ ੧) ਖੱਬੇ ਸ੍ਵਰ ਨਾਲ ਪ੍ਰਾਣਾਂ ਨੂੰ ਪੋਸਣ ਕਰ ਲੈ, ਭਾਵ- ਚੜ੍ਹਾ ਲੈ. ਦੇਖੋ, ਸੂਰਸਰੁ....