somavāraसोमवार
ਸੋਮ (ਚੰਦ੍ਰਮਾ) ਦਾ ਵਾਰ (ਦਿਨ).
सोम (चंद्रमा) दा वार (दिन).
ਸੰ. ਸੰਗ੍ਯਾ- ਰਿਗਵੇਦ ਅਨੁਸਾਰ ਇਹ ਇੱਕ ਨਸ਼ੀਲੇ ਰਸ ਦਾ ਨਾਉਂ ਹੈ, ਜੋ ਸੋਮਵੱਲੀ ਵਿੱਚੋਂ ਨਿਚੋੜਕੇ ਅਤੇ ਉਬਾਲਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ. ਇਹ ਭਿੰਨੀ ਭਿੰਨੀ ਖੁਸ਼ਬੂ ਵਾਲਾ ਹੁੰਦਾ ਹੈ ਅਤੇ ਪੁਰੋਹਿਤ ਅਰ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ, ਰਿਗਵੇਦ ਵਿੱਚ ਸੋਮਰਸ ਦਾ ਹਾਲ ਵਡੇ ਵਿਸਤਾਰ ਨਾਲ ਲਿਖਿਆ ਹੈ. ਵੈਦਿਕ ਰਿਖੀ ਇਸ ਨੂੰ ਬਲ ਦੇਣ ਵਾਲਾ, ਰੋਗਾਂ ਦੇ ਨਾਸ਼ ਕਰਨ ਵਾਲਾ, ਦੌਲਤ ਦੇਣ ਵਾਲਾ ਅਤੇ ਦੇਵਤਿਆਂ ਦਾ ਗੁਰੂ ਜਾਣਨ ਲਗ ਪਏ ਸਨ. ਦੇਵਤਾ ਹੋਣ ਦੀ ਹਾਲਤ ਵਿੱਚ ਇਹ ਉਹ ਦੇਵਤਾ ਹੈ ਜੋ ਸੋਮਰਸ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਉਂਦਾ ਹੈ. ਦੇਖੋ, ਸੋਮਵੱਲੀ। ੨. ਪਿੱਛੇ ਜੇਹੇ ਆਕੇ ਚੰਦ੍ਰਮਾ ਦਾ ਨਾਉਂ "ਸੋਮ" ਰੱਖਿਆ ਗਿਆ ਅਰ ਉਸ ਨੂੰ ਸਾਰੀ ਬੂਟੀਆਂ ਦਾ ਦੇਵਤਾ ਥਾਪਿਆ ਗਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਅਤ੍ਰਿ ਰਿਖੀ ਦਾ ਪੁਤ੍ਰ ਅਨੁਸੂਯਾ ਦੇ ਉਦਰ ਵਿੱਚੋਂ ਸੀ, ਪਰ ਇਸ ਗੱਲ ਤੇ ਸਾਰਿਆਂ ਦਾ ਇੱਕ ਮਤ ਨਹੀਂ. ਕਿਤੇ ਧਰਮ ਦਾ ਪੁਤ੍ਰ, ਕਿਤੇ ਅਤ੍ਰਿ ਵੰਸ਼ ਦੇ ਪ੍ਰਭਾਕਰ ਦਾ ਪੁਤ੍ਰ ਮੰਨਿਆ ਹੈ, ਪਰ ਵ੍ਰਿਹਦਾਰਣ੍ਯਕ ਵਿੱਚ ਇਸ ਨੂੰ ਛਤ੍ਰੀ ਕਰਕੇ ਜਾਣਿਆ ਹੈ. ਇਸ ਨੇ ਦਕ੍ਸ਼੍ ਦੀਆਂ ੨੭ ਲੜਕੀਆਂ ਨਾਲ ਵਿਆਹ ਕੀਤਾ, ਪਰ ਰੋਹਿਣੀ ਨੂੰ ਇਹ ਇਤਨਾ ਪਿਆਰ ਕਰਨ ਲੱਗਾ ਕਿ ਬਾਕੀ ਦੀਆਂ ਨੇ ਗੁੱਸਾ ਖਾਕੇ ਆਪਣੇ ਪਿਤਾ ਅੱਗੇ ਸ਼ਕਾਇਤ ਕੀਤੀ. ਦਕ੍ਸ਼੍ ਨੇ ਸੁਲਹ ਕਰਾਉਣੀ ਚਾਹੀ, ਪਰ ਸੋਮ ਨੇ ਨਾ ਮੰਨਿਆ, ਤਾਂ ਦਕ੍ਸ਼੍ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬਾਲਕ ਨਾ ਹੋਵੇ ਅਰ ਤੈਨੂੰ ਖਈ ਰੋਗ ਲੱਗਾ ਰਹੇ. ਇਹ ਸੁਣਕੇ ਇਸ ਦੀਆਂ ਇਸਤ੍ਰੀਆਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਪਿਤਾ ਨੂੰ ਆਖਿਆ ਕਿ ਖਿਮਾ ਕਰੋ. ਦਕ੍ਸ਼੍ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ. ਇਸੇ ਲਈ ਚੰਦ੍ਰਮਾ ਵਧਦਾ ਅਤੇ ਘਟਦਾ ਹੈ.#ਇੱਕ ਵਾਰ ਸੋਮ ਨੇ ਰਾਜਸੂਯ ਯੱਗ ਕੀਤਾ ਅਰ ਅਭਿਮਾਨ ਵਿੱਚ ਆਕੇ ਦੇਵਗੁਰੂ ਵ੍ਰਿਹਸਪਤਿ ਦੀ ਇਸਤ੍ਰੀ ਤਾਰਾ ਨੂੰ ਚੁਰਾ ਲਿਆਇਆ ਅਤੇ ਉਸ ਨੂੰ ਉਸ ਦੇ ਪਤਿ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਭੀ ਨਾ ਮੋੜਿਆ. ਇਸ ਗੱਲ ਪੁਰ ਲੜਾਈ ਹੋ ਪਈ ਅਤੇ ਸ਼ੁਕ੍ਰ ਨੇ (ਜਿਸ ਦਾ ਵ੍ਰਿਹਸਪਤਿ ਨਾਲ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਦਾਨਵ ਭੀ ਸੋਮ ਵੱਲ ਹੋਏ ਅਰ ਵ੍ਰਿਹਸਪਤਿ ਵੱਲ ਇੰਦ੍ਰ ਤੇ ਦੇਵਤੇ ਹੋਏ. ਐਸਾ ਘੋਰ ਯੁੱਧ ਮਚਿਆ ਕਿ ਸਾਰੀ ਪ੍ਰਿਥਿਵੀ ਹਿੱਲ ਗਈ. ਸ਼ਿਵ ਨੇ ਆਪਣੇ ਤ੍ਰਿਸੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ. ਏਸੇ ਲਈ ਇਸ ਨੂੰ "ਭਗਨਾਤਮਾ" ਭੀ ਆਖਦੇ ਹਨ. ਅੰਤ ਵਿੱਚ ਬ੍ਰਹਮਾ ਨੇ ਵਿੱਚ ਪੈਕੇ ਸੁਲਹ ਕਰਵਾਈ ਅਤੇ ਤਾਰਾ ਵ੍ਰਿਹਸਪਤਿ ਨੂੰ ਦਿਵਾਈ. ਚੰਦ੍ਰਮਾ ਦੇ ਵੀਰਯ ਤੋਂ ਤਾਰਾ ਦੇ ਉੱਦਰ ਵਿੱਚੋਂ ਇੱਕ ਬਾਲਕ ਹੋਇਆ, ਜਿਸ ਦਾ ਨਾਉਂ ਬੁਧ ਰੱਖਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਦੇ ਰਥ ਦੇ ਤਿੰਨ ਪਹੀਏ ਹਨ ਅਤੇ ਚੰਬੇਲੀ ਜੇਹੇ ਚਿੱਟੇ ੧੦. ਘੋੜੇ ਇਸ ਨੂੰ ਖਿਚਦੇ ਹਨ, ਜਿਨ੍ਹਾਂ ਵਿੱਚੋਂ ਪੰਜ ਇੱਕ ਪਾਸੇ ਅਤੇ ਪੰਜ ਦੂਜੇ ਪਾਸੇ ਲਗਦੇ ਹਨ। ੩. ਅਮ੍ਰਿਤ। ੪. ਕਪੂਰ। ੫. ਸ੍ਵਰਗ। ੬. ਸ਼ਿਵ। ੭. ਕੁਬੇਰ। ੮. ਯਮ। ੯. ਪਵਨ। ੧੦. ਜਲ। ੧੧. ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ, ਜਿਸ ਦਾ ਦੇਵਤਾ ਚੰਦ੍ਰਮਾ ਹੈ. "ਸੋਮ ਸਰੁ ਪੋਖਿਲੈ." (ਮਾਰੂ ਮਃ ੧) ਖੱਬੇ ਸ੍ਵਰ ਨਾਲ ਪ੍ਰਾਣਾਂ ਨੂੰ ਪੋਸਣ ਕਰ ਲੈ, ਭਾਵ- ਚੜ੍ਹਾ ਲੈ. ਦੇਖੋ, ਸੂਰਸਰੁ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....